ਬਰਗਾੜੀ ਰੋਸ ਮਾਰਚ ਦੇ ਆਗੂ ਬਾਦਲਾਂ ਦੇ ਬੂਹੇ ਅੱਗੇ ਮਾਈਕ ‘ਤੇ ਤਕਰੀਰ ਨੂੰ ਲੈ ਕੇ ਭਿੜੇ
* ਮੰਚ ਤੋਂ ਬੋਲਣ ਲਈ ਦਾਦੂਵਾਲ ਅਤੇ ਖੋਸਾ ਧੜਿਆਂ ਵਿਚਾਲੇ ਖਿੱਚ-ਧੂਹ
ਲੰਬੀ, 10 ਮਈ (ਪੰਜਾਬ ਮੇਲ)-ਲੋਕ ਸਭਾ ਚੋਣਾਂ ‘ਚ ਬਾਦਲਾਂ ਨੂੰ ਹਰਾਉਣ ਦੇ ਸੱਦੇ ਲਈ ਬਰਗਾੜੀ ਤੋਂ ਪਿੰਡ ਬਾਦਲ ਤੱਕ ਆਰੰਭਿਆ ਰੋਸ ਮਾਰਚ ਬਾਦਲਾਂ ਦੇ ਬੂਹੇ ਮੂਹਰੇ ਆਪਸੀ ਤਕਰਾਰ ਕਾਰਨ ਬੱਝਵਾਂ ਪ੍ਰਭਾਵ ਨਾ ਛੱਡ ਸਕਿਆ। ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਅਤੇ ਸਤਿਕਾਰ ਕਮੇਟੀ ਦੇ ਮੁਖੀ ਸੁਖਜੀਤ ਸਿੰਘ ਖੋਸਾ ਦੇ ਧੜੇ ਬਾਦਲਾਂ ਦੀ ਰਿਹਾਇਸ਼ ਮੂਹਰੇ ਆਪਸ ‘ਚ ਭਿੜ ਗਏ। ਇਹ ਵਿਵਾਦ ਮਾਈਕ ‘ਤੇ ਤਕਰੀਰਾਂ ਨੂੰ ਲੈ ਕੇ ਛਿੜਿਆ। ਇਸ ਉਪਰੰਤ ਦੋਵੇਂ ਧੜਿਆਂ ਵਿਚਕਾਰ ਕਾਫ਼ੀ ਖਿੱਚ-ਧੂਹ ਹੋਈ। 7-8 ਮਿੰਟ ਦੇ ਕਾਟੋ-ਕਲੇਸ਼ ‘ਚ ਹਾਲਾਤ ਕਿਰਪਾਨਾਂ ਕੱਢਣ ਤੱਕ ਪੁੱਜ ਗਏ। ਦੋਵੇਂ ਪਾਸਿਓਂ ਕੁੱਝ ਸੂਝਵਾਨਾਂ ਵੱਲੋਂ ਵਿਚਕਾਰ ਆਉਣ ਨਾਲ ਹਾਲਾਤ ਖੂਨੀ ਹੋਣੋਂ ਬਚ ਗਏ। ਉਂਜ ਸੁਖਜੀਤ ਸਿੰਘ ਖੋਸਾ ਦੇ ਹੱਥ ‘ਤੇ ਹਲਕੀ ਸੱਟ ਲੱਗੀ ਹੈ।
ਆਖਿਆ ਜਾ ਰਿਹਾ ਹੈ ਕਿ ਦੋਵੇਂ ਧਿਰਾਂ ‘ਚ ਮਨ-ਮੁਟਾਵ ਕਾਫ਼ੀ ਪੁਰਾਣਾ ਹੈ। ਮੌਕੇ ‘ਤੇ ਵਾਪਰੇ ਸਮੁੱਚੇ ਘਟਨਾਕ੍ਰਮ ਨਾਲ ਰੋਸ ਮਾਰਚ ਆਪਣੇ ਅਸਲ ਮੰਤਵ ਤੋਂ ਲਾਂਭੇ ਚਲੇ ਗਿਆ। ਇਸ ਮੌਕੇ ਵੱਡੀ ਤਾਦਾਦ ‘ਚ ਹਾਜ਼ਰ ਪੁਲਿਸ ਪ੍ਰਸ਼ਾਸਨ ਮੂਕ-ਦਰਸ਼ਕ ਬਣਿਆ ਰਿਹਾ। ਇਸ ਦੌਰਾਨ ਸਾਬਕਾ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੀ ਰਿਹਾਇਸ਼ ‘ਚ ਮੌਜੂਦ ਸਨ। ਜਾਣਕਾਰੀ ਅਨੁਸਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ ਮੂਹਰੇ ਲਗਾਏ ਧਰਨੇ ਮੌਕੇ ਸਿੱਖ ਆਗੂਆਂ ਦੀਆਂ ਤਕਰੀਰਾਂ ਚੱਲ ਰਹੀਆਂ ਸਨ ਅਤੇ ਬਾਦਲਾਂ ਨੂੰ ਬੇਅਦਬੀ ਲਈ ਜ਼ਿੰਮੇਵਾਰ ਦੱਸ ਕੇ ਪੰਥਕ ਅਤੇ ਰਾਜਸੀ ਤਾਕਤਾਂ ਤੋਂ ਦੂਰ ਕਰਨ ਦਾ ਸੱਦਾ ਦਿੱਤਾ ਜਾ ਰਿਹਾ ਸੀ। ਇਸ ਦੌਰਾਨ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਸਟੇਜ ਤੋਂ ਐਲਾਨ ਕੀਤਾ ਕਿ ਬੇਅਦਬੀਆਂ ਦਾ ਮਸਲਾ ਗੰਭੀਰ ਹੈ। ਇਸ ਬਾਰੇ ਸਾਰੇ ਬੁਲਾਰੇ ਹੀ ਤਕਰੀਰਾਂ ਕਰਨਗੇ। ਜਦੋਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਸੁਖਜੀਤ ਸਿੰਘ ਖੋਸਾ ਨੇ ਆਖਿਆ ਕਿ ਸਮਾਂ ਘੱਟ ਹੈ ਸਿਰਫ ਮੁੱਖ ਆਗੂਆਂ ਦੀਆਂ ਤਕਰੀਰਾਂ ਕਰਵਾਈਆਂ ਜਾਣ।
ਇਸ ਮੌਕੇ ਯੂਨਾਈਟਿਡ ਅਕਾਲੀ ਦਲ ਦੇ ਮੁਖੀ ਮੋਹਕਮ ਸਿੰਘ, ਧਿਆਨ ਸਿੰਘ ਮੰਡ, ਭਾਈ ਗੁਰਦੀਪ ਸਿੰਘ, ਬਲਦੇਵ ਸਿੰਘ ਸਿਰਸਾ, ਭਾਈ ਸਤਨਾਮ ਸਿੰਘ, ਬਾਪੂ ਮਹਿੰਦਰ ਸਿੰਘ ਖਾਲਸਾ ਸਮੇਤ ਸਿੱਖ ਆਗੂਆਂ ਅਤੇ ਲੱਖਾ ਸਿਧਾਣਾ ਨੇ ਧਰਨੇ ਨੂੰ ਸੰਬੋਧਨ ਕੀਤਾ। ਇਸ ਤੋਂ ਪਹਿਲਾਂ ਸਿੱਖ ਜਥੇਬੰਦੀਆਂ ਦੇ ਕਾਰਕੁਨਾਂ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਮੁੱਖ ਸੜਕ ‘ਤੇ ਬਾਦਲਾਂ ਦੀ ਰਿਹਾਇਸ਼ ਤੱਕ ਨਾ ਪੁੱਜਣ ਦੇਣ ਲਈ ਲਗਾਈਆਂ ਰੋਕਾਂ ਅਤੇ ਨਾਕੇਬੰਦੀ ਨੂੰ ਤੋੜ ਦਿੱਤਾ। ਇਸ ਮੌਕੇ ਪੁਲਿਸ ਨਾਲ ਤਲਖ਼ੀ ਵਾਲਾ ਮਾਹੌਲ ਬਣ ਗਿਆ। ਇਸ ਬਾਅਦ ਬਾਦਲਾਂ ਦੀ ਰਿਹਾਇਸ਼ ਮੂਹਰੇ ਧਰਨਾ ਲਗਾ ਦਿੱਤਾ ਗਿਆ। ਇਸ ਮੌਕੇ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਆਖਿਆ ਕਿ ਪੰਥ ਨੇ ਬਾਦਲਾਂ ਨੂੰ ਦਸ ਸਾਲ ਦਾ ਰਾਜ ਦਿੱਤਾ। ਬਾਦਲਾਂ ਨੇ ਕਾਂਗਰਸ ਨਾਲ ਅੰਦਰੂਨੀ ਗੰਢ-ਤੁੱਪ ਕਰਕੇ ਪੰਥ ਦਾ ਨੁਕਸਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਬਾਦਲ ਬਠਿੰਡਾ ਅਤੇ ਫਿਰੋਜ਼ਪੁਰ ਤੋਂ ਉਮੀਦਵਾਰੀ ਵਾਪਸ ਲੈਣ ਅਤੇ ਆਪਣੇ ਘਰ ਆ ਕੇ ਬੈਠ ਜਾਣ। ਬਾਦਲ ਆਪਣੇ ਫਰਜ਼ ਨਿਭਾਉਣ ‘ਚ ਫੇਲ੍ਹ ਸਾਬਤ ਹੋਏ ਹਨ। ਦਾਦੂਵਾਲ ਨੇ ‘ਬਾਦਲਾਂ ਨੂੰ ਭਜਾਓ, ਪੰਥ-ਪੰਜਾਬ ਬਚਾਓ’ ਦਾ ਸੱਦਾ ਦਿੰਦਿਆਂ ਆਖਿਆ ਕਿ ਪਹਿਲਾਂ ਵਿਧਾਨ ਸਭਾ ‘ਚ ਬਾਦਲਾਂ ਨੂੰ ਹਰਾਇਆ ਹੈ, ਹੁਣ ਲੋਕ ਸਭਾ ਅਤੇ ਫਿਰ ਸ਼੍ਰੋਮਣੀ ਕਮੇਟੀ ਤੋਂ ਇਨ੍ਹਾਂ ਦਾ ਕਬਜ਼ਾ ਹਟਾਇਆ ਜਾਵੇਗਾ। ਬਾਅਦ ਵਿਚ ਧਰਨੇ ਮੌਕੇ ਵਾਪਰੇ ਘਟਨਾਕ੍ਰਮ ਬਾਰੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਆਖਿਆ ਕਿ ਸੁਖਜੀਤ ਸਿੰਘ ਖੋਸਾ ਅਤੇ ਲੱਖਾ ਸਿਧਾਣਾ ਵਗੈਰਾ ਸਟੇਜ ‘ਤੇ ਕਬਜ਼ਾ ਕਰਨਾ ਚਾਹੁੰਦੇ ਸਨ। ਦੂਜੇ ਪਾਸੇ ਸੁਖਜੀਤ ਸਿੰਘ ਖੋਸਾ ਦਾ ਕਹਿਣਾ ਸੀ ਕਿ ਬਲਜੀਤ ਸਿੰਘ ਦਾਦੂਵਾਲ ਮਾਹੌਲ ਨੂੰ ਵਿਗਾੜ ਰਹੇ ਸਨ।
ਸੁਖਬੀਰ ਦੇ ਹਲਕੇ ‘ਚ ਰੋਸ ਮਾਰਚ 14 ਨੂੰ
ਭਾਈ ਧਿਆਨ ਸਿੰਘ ਮੰਡ ਨੇ 10 ਮਈ ਨੂੰ ਫ਼ਿਰੋਜ਼ਪੁਰ ਤੋਂ ਜਲਾਲਾਬਾਦ ਤੱਕ ਹੋਣ ਵਾਲੇ ਪ੍ਰਸਤਾਵਿਤ ਰੋਸ ਮਾਰਚ ਦੀ ਰੂਪ-ਰੇਖ਼ਾ ਵਿਚ ਤਰਮੀਮ ਦਾ ਐਲਾਨ ਵੀ ਕੀਤਾ। ਉਨ੍ਹਾਂ ਦੱਸਿਆ ਕਿ ਹੁਣ ਇਹ ਮਾਰਚ 14 ਮਈ ਨੂੰ ਮੁੱਦਕੀ ਤੋਂ ਸ਼ੁਰੂ ਹੋ ਕੇ ਵਾਇਆ ਫ਼ਿਰੋਜ਼ਪੁਰ, ਮਮਦੋਟ, ਗੁਰੂਹਰਸਹਾਇ, ਜਲਾਲਾਬਾਦ ਹੁੰਦਾ ਹੋਇਆ ਫ਼ਾਜ਼ਿਲਕਾ ਪਹੁੰਚ ਕੇ ਸਮਾਪਤ ਹੋਵੇਗਾ।