ਖ਼ਬਰਾਂ
ਦਿਹਾੜੀਦਾਰ ਦੀ ਬੇਟੀ ਨੇ ਦਸਵੀਂ ‘ਚੋਂ ਪੰਜਾਬ ਭਰ ‘ਚੋਂ ਤੀਜਾ ਸਥਾਨ ਹਾਸਲ ਕਰ ਕੇ ਮਾਰਿਆ ਮੋਰਚਾ
Page Visitors: 2460
ਦਿਹਾੜੀਦਾਰ ਦੀ ਬੇਟੀ ਨੇ ਦਸਵੀਂ 'ਚੋਂ ਪੰਜਾਬ ਭਰ 'ਚੋਂ ਤੀਜਾ ਸਥਾਨ ਹਾਸਲ ਕਰਕੇ ਮਾਰਿਆ ਮਾਅਰਕਾ
ਮਿਹਨਤ ਅਤੇ ਲਗਨ ਹਮੇਸ਼ਾਂ ਰੰਗ ਲਿਆਉਂਦੀ ਹੈ: ਪ੍ਰਿੰਸੀਪਲ
ਵੱਡੀ ਹੋ ਕੇ ਜੱਜ ਬਣਾਂਗੀ-ਸੋਨੀ ਕੌਰ
By : ਬਾਬੂਸ਼ਾਹੀ ਬਿਊਰੋ
Wednesday, May 08, 2019 10:20 PM
ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਮਿਲਰਗੰਜ ਢੋਲੇਵਾਲ ਲੁਧਿਆਣਾ ਦੀ ਵਿਦਿਆਰਥਣ ਸੋਨੀ ਕੌਰ ਜਿਸਨੇ 10ਵੀਂ ਦੀ ਸਾਲਾਨਾ ਪ੍ਰੀਖਿਆ ਦੌਰਾਨ ਪੰਜਾਬ ਭਰ 'ਚੋਂ ਤੀਜਾ ਸਥਾਨ ਹਾਸਿਲ ਕੀਤਾ ਹੈ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਸਵਰਨਜੀਤ ਕੌਰ, ਨਾਲ ਪ੍ਰਿੰਸੀਪਲ ਗੁਰਵਿੰਦਰ ਕੌਰ, ਸਟੇਟ ਐਵਾਰਡੀ ਸੁਖਦੇਵ ਸਿੰਘ ਤੇ ਹੋਰ ਅਧਿਆਪਕ।
ਲੁਧਿਆਣਾ, 08 ਮਈ 2019: ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ ਦੌਰਾਨ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਮਿਲਰਗੰਜ, ਢੋਲੇਵਾਲ ਲੁਧਿਆਣਾ ਦੀ ਵਿਦਿਆਰਥਣ ਸੌਨੀ ਕੌਰ ਪੁੱਤਰੀ ਸ: ਬਲਵਿੰਦਰ ਸਿੰਘ ਨੇ ਪੰਜਾਬ ਭਰ ਵਿਚੋਂ ਤੀਸਰਾ ਸਥਾਨ ਹਾਸਲ ਕਰਕੇ ਸਰਕਾਰੀ ਸਕੂਲਾਂ ਦਾ ਅਤੇ ਜਿਲ੍ਹਾ ਲੁਧਿਆਣਾ ਦਾ ਨਾਮ ਰੌਸ਼ਨ ਕੀਤਾ ਹੈ। ਸੋਨੀ ਕੌਰ ਵਲੋਂ 644/650 ਅੰਕ ਪ੍ਰਾਪਤ ਕੀਤੇ ਹਨ। ਸੌਨੀ ਕੌਰ ਜਿਸਦੇ ਪਿਤਾ ਇਕ ਦਿਹਾੜੀਦਾਰ ਹਨ, ਜੋ ਮਿਹਨਤ ਕਰਕੇ ਘਰ ਦਾ ਗੁਜਾਰਾ ਕਰਦੇ ਹਨ ਨੇ ਦੱਸਿਆ ਕਿ ਉਹ ਵੱਡੀ ਹੋ ਕੇ ਜੱਜ ਬਣਨਾ ਚਾਹੁੰਦੀ ਹੈ। ਉਸ ਅਨੁਸਾਰ ਕਦੇ ਵੀ ਅੱਜ ਦਾ ਕੰਮ ਕੱਲ੍ਹ ਤੇ ਨਾ ਛੱਡੋ। ਉਸ ਨੇ ਆਪਣੀ ਇਸ ਸਫ਼ਲਤਾ ਦਾ ਸਿਹਰਾ ਸਕੂਲ ਪ੍ਰਿੰਸੀਪਲ, ਸਮੂਹ ਸਟਾਫ਼ ਅਤੇ ਆਪਣੇ ਮਾਤਾ ਪਿਤਾ ਦੀ ਪ੍ਰੇਰਣਾ ਨੂੰ ਦਿੱਤਾ। ਸੌਨੀ ਕੌਰ ਦੇ ਪਿਤਾ ਅਨੁਸਾਰ ਉਨ੍ਹਾਂ ਦੀ ਬੇਟੀ ਹਮੇਸ਼ਾਂ ਦਿਨ ਰਾਤ ਹੀ ਪੜ੍ਹਦੀ ਰਹਿੰਦੀ ਸੀ। ਉਹ ਸੋਸ਼ਲ ਮੀਡੀਆ ਤੋਂ ਦੂਰ ਰਹਿੰਦੀ ਹੈ। ਇਸ ਮੌਕੇ ਸੋਨੀ ਕੌਰ ਨੂੰ ਵਧਾਈ ਦੇਣ ਲਈ ਜਿਲ੍ਹਾ ਸਿੱਖਿਆ ਅਫ਼ਸਰ ਸਵਰਨਜੀਤ ਕੌਰ ਉਚੇਚੇ ਤੌਰ 'ਤੇ ਪਹੁੰਚੇ ਅਤੇ ਵਿਦਿਆਰਥਣ ਨੂੰ ਸਨਮਾਨ ਚਿੰਨ੍ਹ ਦਿੱਤਾ। ਜਿਲ੍ਹਾ ਸਿੱਖਿਆ ਅਫਸਰ ਅਨੁਸਾਰ ਸਰਕਾਰੀ ਸਕੂਲਾਂ ਵਿਚ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਆਈ.ਏ.ਐਸ ਵਲੋਂ ਦਿੱਤੇ ਜਾਂਦੇ ਦਿਸ਼ਾ ਨਿਰਦੇਸ਼ਾਂ ਦੇ ਕਾਰਨ ਬਹੁਤ ਸੁਧਾਰ ਦੇਖਣ ਨੂੰ ਮਿਲ ਰਹੇ ਹਨ। ਸਕੂਲ ਪ੍ਰਿੰਸੀਪਲ ਸ੍ਰੀਮਤੀ ਗੁਰਵਿੰਦਰ ਕੌਰ ਨੇ ਵਿਦਿਆਰਥਣ ਦਾ ਹੌਂਸਲਾ ਵਧਾਉਂਦੇ ਹੋਏ ਉਸ ਦੇ ਉੱਜਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਸੁਖਦੇਵ ਸਿੰਘ ਸਟੇਟ ਅਵਾਰਡੀ, ਡੀ.ਐਮ. ਜਸਵੀਰ ਸਿੰਘ, ਸਕੂਲ ਅਧਿਆਪਕ ਸਰਬਜੀਤ ਸਿੰਘ, ਇੰਦਰਜੀਤ ਸਿੰਘ, ਰਜਵਿੰਦਰ ਕੌਰ, ਆਸ਼ੂ ਰਤਨ, ਗੁਰਮੇਲ ਕੌਰ, ਸ੍ਰੀਮਤੀ ਅਰਚਨਾ, ਕੁਸਮ ਰਾਣੀ, ਬਿੰਦੀਆ ਕੌਸ਼ਲ, ਮੋਨਿਕਾ ਚਾਵਲਾ ਸਮੇਤ ਸਮੂਹ ਅਧਿਆਪਕ ਹਾਜਰ ਸਨ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਸਵਰਨਜੀਤ ਕੌਰ ਅਤੇ ਪ੍ਰਿੰਸੀਪਲ ਸ੍ਰੀਮਤੀ ਗੁਰਵਿੰਦਰ ਕੌਰ ਵਲੋਂ ਸੋਨੀ ਕੌਰ ਨੂੰ 2100-2100 ਰੁਪਏ ਨਕਦ ਇਨਾਮ ਸਮੇਤ ਹੋਰ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ।
-
ਖਬਰ ਦੀ ਡੱਬੀ
ਛੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਆਏ ਮੈਰਿਟ 'ਚ-ਜ਼ਿਲ੍ਹਾ ਸਿੱਖਿਆ ਅਫ਼ਸਰ
ਜਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਸਵਰਨਜੀਤ ਕੌਰ ਨੇ ਦੱਸਿਆ ਕਿ 10ਵੀਂ ਜਮਾਤ ਦੇ ਸਾਲਾਨਾ ਨਤੀਜੇ ਦੌਰਾਨ ਸਰਕਾਰੀ ਸਕੂਲਾਂ ਦਾ ਇਕ ਬੱਚਾ ਪੰਜਾਬ 'ਚੋ ਤੀਸਰੇ ਨੰਬਰ ਸਮੇਤਸੋਨੀ ਕੌਰ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਮਿਲਰ ਗੰਜ, ਪਰਮਜੀਤ ਕੌਰ ਸਰਕਾਰੀ ਹਾਈ ਸਕੂਲ ਰੁੜਕਾ, ਕੌਮਲ ਕੁਮਾਰੀ ਸਰਕਾਰੀ ਕੰਨਿਆ ਹਾਈ ਸਕੂਲ ਰਾਮਗੜ, ਹਰਸ਼ ਅਗਰਵਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਾਂਦਰਾ, ਕਿਰਨਦੀਪ ਕੌਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਹਰਗੋਬਿੰਦਪੁਰ, ਮਿਹਕਪ੍ਰੀਤ ਕੌਰ ਸਰਕਾਰੀ ਹਾਈ ਸਕੂਲ ਕੋਟਲਾ ਸ਼ਮਸ਼ਪੁਰ ਉਪਰੋਕਤ ਵਿਦਿਆਰਥੀਆਂ ਨੇ ਮੈਰਿਟ ਵਿਚ ਥਾਂ ਬਣਾਈ ਹੈ।