ਪਾਕਿ ‘ਚ ਕਰਤਾਰਪੁਰ ਲਾਂਘੇ ‘ਤੇ ਇਤਿਹਾਸਿਕ ਗੁਰਦੁਆਰਾ ਸਾਹਿਬ ਨੇੜੇ 500 ਸਾਲ ਪੁਰਾਣੇ ਖੂਹ ਦਾ ਪਤਾ ਲੱਗਿਆ
ਲਾਹੌਰ, 28 ਅਪ੍ਰੈਲ (ਪੰਜਾਬ ਮੇਲ)- ਪਾਕਿਸਤਾਨ ‘ਚ ਕਰਤਾਰਪੁਰ ਲਾਂਘੇ ‘ਤੇ ਇਤਿਹਾਸਿਕ ਗੁਰਦੁਆਰਾ ਸਾਹਿਬ ਨੇੜੇ 500 ਸਾਲ ਪੁਰਾਣੇ ਖੂਹ ਦਾ ਪਤਾ ਲੱਗਿਆ ਹੈ। ਮੰਨਿਆ ਜਾਂਦਾ ਹੈ ਕਿ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਕਾਲ ‘ਚ ਇਸ ਦਾ ਨਿਰਮਾਣ ਹੋਇਆ ਸੀ।
ਗੁਰਦੁਆਰਾ ਸਾਹਿਬ ਦੇ ਸੇਵਾਦਾਰ ਸਰਦਾਰ ਗੋਵਿੰਦ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਲਾਹੌਰ ਤੋਂ ਕਰੀਬ 125 ਕਿਲੋਮੀਟਰ ਦੂਰ ਕਰਤਾਰਪੁਰ ਲਾਂਘੇ ‘ਤੇ ਗੁਰਦੁਆਰਾ ਡੇਰਾ ਸਾਹਿਬ ਕਰਤਾਰਪੁਰ ਦੇ ਵਿਹੜੇ ਦੀ ਖੁਦਾਈ ਦੌਰਾਨ ਖੂਹ ਦਾ ਪਤਾ ਲੱਗਿਆ ਹੈ। ਉਨ੍ਹਾਂ ਦੱਸਿਆ ਕਿ 20 ਫੁੱਟ ਦਾ ਖੂਹ ਛੋਟੀਆਂ ਲਾਲ ਇੱਟਾਂ ਨਾਲ ਬਣਿਆ ਹੈ ਤੇ ਮੰਨਿਆ ਜਾਂਦਾ ਹੈ ਕਿ ਗੁਰੂ ਨਾਨਕ ਜੀ ਦੇ ਜੀਵਨ ਕਾਲ ਦੌਰਾਨ ਇਸ ਦਾ ਨਿਰਮਾਣ ਹੋਇਆ ਸੀ। ਮੁਰੰਮਤ ਤੋਂ ਬਾਅਦ ਇਸ ਨੂੰ ਸ਼ਰਧਾਲੂਆਂ ਲਈ ਖੋਲਿਆ ਜਾਵੇਗਾ।
ਸਿੰਘ ਨੇ ਕਿਹਾ ਕਿ ਖੂਹ (ਖੂਹ ਸਾਹਿਬ) ਸਿੱਖ ਸ਼ਰਧਾਲੂਆਂ ਦੇ ਲਈ ਵਰਦਾਨ ਹੋਵੇਗਾ ਜੋ ਕਿ ਵਿਸਾਖੀ ਤੇ ਹੋਰ ਮੌਕਿਆਂ ‘ਤੇ ਇਸ ਦਾ ਮਿੱਠਾ ਜਲ ਛੱਕ ਸਕਣਗੇ। ਖੂਹ ਦੇ ਜਲ ‘ਚ ਬਹੁਤ ਸਾਰੇ ਗੁਣ ਹਨ। ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਦੀ 550ਵੀਂ ਜੈਅੰਤੀ ਦਾ ਇਹ ਸਾਲ ਹੈ। ਉਨ੍ਹਾਂ ਦਾ ਜਨਮਸਥਾਨ ਪਾਕਿਸਤਾਨ ‘ਚ ਸ਼੍ਰੀ ਨਨਕਾਨਾ ਸਾਹਿਬ ‘ਚ ਹੈ। ਪਿਛਲੇ ਸਾਲ ਭਾਰਤ ਤੇ ਪਾਕਿਸਤਾਨ ਇਤਿਹਾਸਿਕ ਗੁਰਦੁਆਰਾ ਦਰਬਾਰ ਸਾਹਿਬ ਨੂੰ ਜੋੜਨ ਲਈ ਕਰਤਾਰਪੁਰ ਲਾਂਘਾ ਬਣਾਉਣ ‘ਤੇ ਰਾਜ਼ੀ ਹੋਏ ਸਨ।