ਪੰਜਾਬ ’ਚ ਹਰ ਸੀਟ ’ਤੇ ਅਕਾਲੀ-ਭਾਜਪਾ ਅਤੇ ਕਾਂਗਰਸ ਦੇ ਵਿਰੋਧ ’ਚ ਸਰਬ ਸਾਂਝਾ ਕੇਵਲ ਇੱਕ ਉਮੀਵਾਰ ਖੜ੍ਹਾ ਕਰਨ ਦੇ ਅਰੰਭੇ ਯਤਨ ਸ਼ਾਲਾਘਾਯੋਗ :
ਕਿਰਪਾਲ ਸਿੰਘ ਬਠਿੰਡਾ 98554-80797
ਕਾਂਗਰਸ ਹਾਈ ਕਮਾਂਡ ਵੱਲੋਂ ਪੰਜਾਬ ਨਾਲ ਹਰ ਖੇਤਰ ਵਿੱਚ ਕੀਤੇ ਮਤਰੇਈ ਮਾਂ ਵਾਲੇ ਸਲੂਕ ਤੋਂ ਹਰ ਪੰਜਾਬੀ ਭਲੀ ਭਾਂਤ ਜਾਣੂ ਹੈ ਇਸ ਲਈ ਇਸ ਦੇ ਵਿਸਥਾਰ ਵਿੱਚ ਜਾਣ ਦੀ ਬਹੁਤੀ ਲੋੜ ਨਹੀਂ ਭਾਸਦੀ। ਕੇਂਦਰ ਦੀ ਕਾਂਗਰਸ ਸਰਕਾਰ ਦੀਆਂ ਨੀਤੀਆਂ ਖਾਸ ਕਰਕੇ 1984 ਦੇ ਤੀਜੇ ਘੱਲੂਘਾਰੇ ਉਪਰੰਤ ਪੰਥ ਨੇ ਇੱਕ ਵਾਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਨੂੰ ਵੱਡੀ ਸਫਲਤਾ ਦਿਵਾਈ। ਉਸ ਦੇ ਫੇਲ੍ਹ ਹੋ ਜਾਣ ਜਾਂ ਉਸ ਨੂੰ ਫੇਲ੍ਹ ਕੀਤੇ ਜਾਣ ਉਪਰੰਤ ਪੰਥ ਦੇ ਨਾਮ ’ਤੇ ਸਿੱਖਾਂ ਦਾ ਵੱਡਾ ਹਿੱਸਾ ਪ੍ਰਕਾਸ਼ ਸਿੰਘ ਬਾਦਲ ਦੇ ਮਗਰ ਹੋ ਤੁਰਿਆ ਪਰ ਉਹ ਵੀ 1984 ਦਾ ਨਾਮ ਲੈ ਕੇ ਭਾਵੇਂ ਵਾਰ ਵਾਰ ਚੋਣਾਂ ਜਿੱਤਣ ਅਤੇ ਪੰਜਾਬ ਤੇ ਕੇਂਦਰ ਸਰਕਾਰਾਂ ਵਿੱਚ ਸੱਤਾ ਦਾ ਸੁੱਖ ਤਾਂ ਮਾਣਦਾ ਰਿਹਾ ਪਰ ਸਮੁੱਚੇ ਪੰਜਾਬੀਆਂ ਤੇ ਖਾਸ ਕਰਕੇ ਸਿੱਖਾਂ ਦੀਆਂ ਉਮੀਦਾਂ ’ਤੇ ਖਰਾ ਨਹੀਂ ਉੱਤਰ ਸਕਿਆ। ਦੋਵਾਂ ਮੁੱਖ ਪਾਰਟੀਆਂ ਤੋਂ ਨਿਰਾਸ਼ ਹੋ ਕੇ ਪੰਜਾਬੀਆਂ ਨੇ 2014 ਦੀਆਂ ਲੋਕ ਸਭਾ ਦੀਆਂ ਚੋਣਾਂ ਦੌਰਾਨ ਕੇਜ਼ਰੀਵਾਲ ਵੱਲ ਰੁੱਖ ਕੀਤਾ ਅਤੇ ਪਹਿਲੇ ਹੀ ਹੱਲੇ ਬਿਨਾਂ ਕਿਸੇ ਆਰਗੇਨਾਈਜੇਸ਼ ਢਾਂਚੇ ਦੇ ਪੰਜਾਬ ’ਚੋਂ ਚਾਰ ਲੋਕ ਸਭਾ ਮੈਂਬਰ ਬਹੁਤ ਹੀ ਸ਼ਾਨ ਨਾਲ ਜਿਤਾਏ ਤੇ ਬਾਕੀ ਉਮੀਦਵਾਰਾਂ ਨੂੰ ਵੀ ਚੰਗੀਆਂ ਵੋਟਾਂ ਪਈਆਂ। ਪੰਜਾਬ ’ਚ ਆਪ ਦੀ ਪਹਿਲੀ ਸ਼ਾਨਦਾਰ ਜਿੱਤ ਨੇ ਤੀਜੇ ਬਦਲ ਦੀਆਂ ਸੰਭਾਵਨਾਵਾਂ ਉਜਾਗਰ ਕੀਤੀਆਂ ਪਰ ਉਨ੍ਹਾਂ ਦੇ ਸਾਹਮਣੇ ਪਈ ਸੱਤਾ ਦੀ ਕੁਰਸੀ ਦੀ ਲਾਲਸਾ, ਹਊਂਮੈ ਅਤੇ ਆਪ ਆਗੂਆਂ ਦੇ ਅਨਾੜੀਪੁਣੇ ਤੇ ਸੁਆਰਥ ਨੇ ਆਪਣੇ ਰੰਗ ਵਖੇਰਨੇ ਸ਼ਰੂ ਕੀਤੇ ਜਿਸ ਕਾਰਨ 2017 ਦੀ ਵਿਧਾਨ ਸਭਾ ਚੋਣ ਨਤੀਜੇ ਆਸ ਤੋਂ ਬਹੁਤ ਹੀ ਥੱਲੇ ਰਹੇ ਗਏ। 2017 ਦੀਆਂ ਗਲਤੀਆਂ ਤੋਂ ਸਬਕ ਸਿੱਖਣ ਤੋਂ ਪੂਰੀ ਤਰ੍ਹਾਂ ਪਿੱਠ ਮੋੜੀ ਆਗੂਆਂ ਕਾਰਨ ਹੁਣ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਨਤੀਜੇ 2017 ਤੋਂ ਵੀ ਬਹੁਤ ਹੀ ਥੱਲੇ ਆਉਣ ਦੇ ਅਸਾਰ ਪੂਰੀ ਤਰ੍ਹਾਂ ਵਿਖਾਈ ਦੇ ਰਹੇ ਹਨ।
ਬਾਦਲ ਸਾਹਿਬ ਤਾਂ ਸੱਤਾ ’ਤੇ ਆਪਣੇ ਪੁੱਤ ਪੋਤਰਿਆਂ ਨੂੰ ਸਦਾ ਲਈ ਸਥਾਪਤ ਕਰਨ ਦੇ ਇਤਨੇ ਮੋਹਜਾਲ ਵਿੱਚ ਫਸ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਘੱਟ ਗਿਣਤੀ ਵਿਰੋਧੀ ਭਾਜਪਾ ਦੀ ਝੋਲ਼ੀ ਵਿੱਚ ਸਿੱਟ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਜੂਦ ਤੇ ਸਰੂਪ ਨੂੰ ਵੀ ਢਾਹ ਲਾਉਣ ਤੋਂ ਪਿੱਛੇ ਨਹੀਂ ਹਟਿਆ। ਬਰਗਾੜੀ, ਬਹਿਬਲ ਕਲਾਂ ਅਤੇ ਕੋਟਕਪੂਰਾ ਕਾਂਡਾਂ ਨੇ ਤਾਂ ਬਾਦਲ ਪਰਿਵਾਰ ਦੇ ਕਿਰਦਾਰ ਦਾ ਪ੍ਰਦਾ ਹੀ ਫ਼ਾਸ਼ ਕਰ ਕੇ ਰੱਖ ਦਿੱਤਾ ਹੈ ਕਿ ਜਿਹੜਾ ਪਰਿਵਾਰ ਸੌਦਾ ਸਾਧ ਦੀਆਂ ਚੰਦ ਵੋਟਾਂ ਦੀ ਖ਼ਾਤਰ ਆਪਣੇ ਇਸ਼ਟ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜਾਵਾਂ ਦਿਵਾਉਣ ਦੇ ਰਾਹ ਪੈਣ ਦੀ ਥਾਂ ਆਪਣੇ ਗੁਰ-ਭਾਈਆਂ ’ਤੇ ਹੀ ਪੁਲਿਸ ਦੀਆਂ ਡਾਂਗਾਂ ਤੇ ਗੋਲ਼ੀਆਂ ਵਰ੍ਹਾਹੁਣ ਤੋਂ ਵੀ ਗੁਰੇਜ ਨਹੀਂ ਕਰਦਾ ਉਹ ਪੰਜਾਬ ਤੇ ਪੰਜਾਬੀਆਂ ਲਈ ਹੋਰ ਕੀ ਕਰੁਬਾਨੀ ਕਰ ਸਕਦਾ ਹੈ ? ਬਰਗਾੜੀ ਕਾਂਡ ਨੇ ਹਾਲੀ ਪਿੱਛਾ ਨਹੀਂ ਛੱਡਿਆ ਕਿ ਨਕੋਦਰ ਬੇਅਦਬੀ ਕਾਂਡ ਦੀਆਂ ਪਰਤਾਂ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ ਹਨ। ਭ੍ਰਿਸ਼ਟਾਚਾਰ ਪੱਖ ਤੋਂ ਤਾਂ ਭਾਵੇਂ ਕੋਈ ਵੀ ਮੁੱਖ ਪਾਰਟੀ ਪਿੱਛੇ ਨਹੀਂ ਪਰ ਬੇਅਦਬੀ ਕਾਂਡਾਂ ਪੱਖੋਂ ਬਾਦਲ ਦਲ ਅਤੇ ਭਾਜਪਾ ਵੱਲੋਂ ਚੋਣਾਂ ਜਿੱਤਣ ਲਈ ਜਿਸ ਤਰ੍ਹਾਂ ਫ੍ਰਿਕਾਪ੍ਰਸਤੀ ਦੀ ਜ਼ਹਿਰ ਫੈਲਾ ਕੇ ਅਖੌਤੀ ਰਾਸ਼ਟਰਤਾ, ਗਊ ਰਖਸ਼ਾ ਤੇ ਗਊਮਾਸ ਦੀਆਂ ਅਫਵਾਹਾਂ ਫੈਲਾ ਕੇ ਮੌਬ ਲਿੰਚਿੰਗ ਰਾਹੀਂ ਦਲਿਤਾਂ ਤੇ ਘੱਟ ਗਿਣਤੀਆਂ ਖਾਸ ਕਰਕੇ ਮੁਸਲਮਾਨਾਂ ਦੇ ਕਤਲ ਕੀਤੇ ਜਾ ਰਹੇ ਹਨ, ਦੇਸ਼ ਦਾ ਸੰਵਿਧਾਨ, ਅਤੇ ਨਿਆਪਾਲਿਕਾ, ਸੀ.ਬੀ.ਆਈ., ਆਰ.ਬੀ.ਆਈ. ਜਿਹੀਆਂ ਸਵਤੰਤਰ ਸੰਵਿਧਾਨਕ ਸੰਸਥਾਵਾਂ ਨੂੰ ਲਾਈ ਜਾ ਰਹੀ ਢਾਹ ਨੇ ਲੋਕਾਂ ਨੂੰ ਇਹ ਕਹਿਣ ਲਈ ਮਜਬੂਰ ਕਰ ਦਿੱਤਾ ਹੈ ਕਿ ਅਕਾਲੀ-ਭਾਜਪਾ ਨਾਲੋਂ ਤਾਂ ਕਾਂਗਰਸ ਹੀ ਚੰਗੀ ਹੈ।
ਸਾਰੀਆਂ ਪਾਰਟੀਆਂ ਭਲੀਭਾਂਤ ਸਮਝਦੀਆਂ ਹਨ ਕਿ ਪੰਜਾਬ ’ਚ ਤੀਜੇ ਬਦਲ ਦੇ ਕਈ ਤਜਰਬੇ ਫੇਲ੍ਹ ਹੋ ਜਾਣ ਦੇ ਬਾਵਜੂਦ ਪੰਜਾਬੀਆਂ ਦਾ ਰੌਂ ਹਾਲੀ ਵੀ ਸੰਕੇਤ ਦੇ ਰਿਹਾ ਹੈ ਕਿ ਤੀਜੇ ਬਦਲ ਦੀਆਂ ਸੰਭਾਵਨਾਵਾਂ ਮੌਜੂਦ ਹਨ। ਇਸ ਲਈ ਚੋਣਾਂ ਦੇ ਐਲਾਨ ਹੋਣ ਤੋਂ ਪਹਿਲਾਂ ਹੀ ਆਪ ਦੀ ਟੁੱਟ ਭੱਜ ’ਚੋਂ ਵੱਖ ਹੋਏ ਆਗੂ ਸੁਖਪਾਲ ਸਿੰਘ ਖਹਿਰਾ, ਧਰਮਵੀਰ ਗਾਂਧੀ, ਪੰਜਾਬ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ, ਬਸਪਾ, ਖੱਬੀਆਂ ਧਿਰਾਂ, ਅਕਾਲੀ ਦਲ ਟਕਸਾਲੀ ਅਤੇ ਆਪ ਵੱਲੋਂ ਮਹਾਂਗਠਜੋੜ ਬਣਾ ਕੇ ਅਕਾਲੀ-ਭਾਜਪਾ ਅਤੇ ਕਾਂਗਰਸ ਦੇ ਵਿਰੋਧ ’ਚ ਕੇਵਲ ਇੱਕੋ ਇੱਕ ਸਾਂਝਾ ਉਮੀਦਵਾਰ ਖੜ੍ਹਾ ਕਰਨ ਦੀਆਂ ਸੰਭਾਵਨਾਵਾਂ ਪੈਦਾ ਕਰਨ ਦੀਆਂ ਮਸ਼ਕਾਂ ਚਲਦੀਆਂ ਰਹੀਆਂ ਪਰ ਕੁਝ ਆਗੂਆਂ ਦੇ ਨਿਜੀ ਸੁਆਰਥਾਂ, ਹਊਂਮੈ ਤੇ ਅਨਾੜੀਪੁਣੇ ਕਾਰਨ ਸਾਰੀਆਂ ਸੰਭਾਵਨਾਵਾਂ ’ਤੇ ਪਾਣੀ ਫਿਰ ਚੁੱਕਾ ਹੈ।
ਪੰਜਾਬ ’ਚ ਤੀਸਰੇ ਫਰੰਟ ਦੀ ਉਸਾਰੀ ਲਈ ਸਾਰੀਆਂ ਸੰਭਾਵਨਾਵਾਂ ਤਕਰੀਬਨ ਖਤਮ ਹੋ ਜਾਣ ਤੋਂ ਬਾਅਦ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਢੁਕਵੀਆਂ ਸਜਾਵਾਂ ਦਿਵਾਉਣ ਲਈ ਪਿਛਲੇ ਸਾਢੇ ਤਿੰਨ ਦਹਾਕਿਆਂ ਤੋਂ ਲਗਾਤਾਰ ਕਾਨੂੰਨੀ ਲੜਾਈ ਲੜ ਰਹੇ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਵੱਲੋਂ ਪੰਜਾਬ ’ਚ ਹਰ ਸੀਟ ’ਤੇ ਅਕਾਲੀ-ਭਾਜਪਾ ਅਤੇ ਕਾਂਗਰਸ ਦੇ ਵਿਰੋਧ ’ਚ ਕੇਵਲ ਇੱਕ ਸਰਬ ਸਾਂਝਾ ਉਮੀਵਾਰ ਖੜ੍ਹਾ ਕਰਨ ਦੇ ਅਰੰਭੇ ਯਤਨ ਸ਼ਾਲਾਘਾਯੋਗ ਹਨ ਅਤੇ ਪੰਜਾਬ ਪੱਖੀ ਹਰ ਵਿਅਕਤੀ ਅਤੇ ਪਾਰਟੀ ਵੱਲੋਂ ਉਨ੍ਹਾਂ ਨੂੰ ਪੂਰਨ ਸਹਿਯੋਗ ਸਮਰਥਨ ਮਿਲਣ ਦੀ ਉਮੀਦ ਕੀਤੀ ਜਾਣੀ ਚਾਹੀਦੀ ਹੈ। ਜੇਕਰ ਹਾਲੀ ਵੀ ਸੰਭਾਵਤ ਗਠਜੋੜ ਵਿੱਚ ਸ਼ਾਮਲ ਕੀਤੇ ਜਾਣ ਵਾਲੀਆਂ ਪਾਰਟੀਆਂ ਦੇ ਆਗੂ ਪਹਿਲਾਂ ਦੀ ਤਰ੍ਹਾਂ ਆਪਣੇ ਨਿਜੀ ਵਿਰੋਧ ਭਾਵਨਾਂ ਤੇ ਹਊਂਮੈ ’ਤੇ ਕਾਬੂ ਪਾਉਣ ਤੋਂ ਖੁੰਝ ਗਏ ਤਾਂ ਉਮੀਦ ਹੈ ਕਿ ਇਨ੍ਹਾਂ ਵਿੱਚੋਂ ਕੋਈ ਵੀ ਆਗੂ ਆਪਣੀ ਸੀਟ ਬਚਾ ਨਾ ਸਕੇ। ਇਸ ਸੂਰਤ ਵਿੱਚ ਜਿੱਥੇ ਤੀਜੇ ਬਦਲ ਦੀਆਂ ਸੰਭਾਵਨਾਵਾਂ ਤਾਂ ਹੋਰ ਲੰਬੇ ਸਮੇਂ ਲਈ ਕੋਲਡ ਸਟੋਰ ਵਿੱਚ ਲੱਗ ਹੀ ਜਾਣਗੀਆ ਪਰ ਇਸ ਦਾ ਲਾਭ ਕਾਂਗਰਸ ਅਤੇ ਕਈ ਥਾਂਈ ਬਾਦਲ ਦਲ ਨੂੰ ਵੀ ਮਿਲ ਸਕਦਾ ਹੈ।
ਪੰਜਾਬ ਪ੍ਰਤੀ ਸੁਹਿਰਦ ਲੋਕਾਂ ਦੀ ਚਾਹਤ ਹੈ ਕਿ ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਘੱਟੋ ਘੱਟ ਬੀਬੀ ਪਰਮਜੀਤ ਕੌਰ ਖਾਲੜਾ, ਇੰਜ: ਮਨਵਿੰਦਰ ਸਿੰਘ ਗਿਆਸਪੁਰਾ, ਬੀਰਦਵਿੰਦਰ ਸਿੰਘ, ਧਰਮਵੀਰ ਗਾਂਧੀ, ਭਗਵੰਤ ਮਾਨ, ਸੁਖਪਾਲ ਸਿੰਘ ਖਹਿਰਾ, ਸਿਮਰਜੀਤ ਸਿੰਘ ਬੈਂਸ ਅਤੇ ਬਸਪਾ ਦੇ ਅਵਤਾਰ ਸਿੰਘ ਕਰੀਮਪੁਰੀ ਜਾਂ ਇੱਕ ਦੋ ਹੋਰ ਜਿਨ੍ਹਾਂ ਸਬੰਧੀ ਮੈਂ ਬਹੁਤੀ ਜਾਣਕਾਰੀ ਨਹੀਂ ਰੱਖਦਾ, ਨੂੰ ਮਿਲ ਕੇ ਜਿਤਾ ਲਿਆ ਜਾਵੇ ਤਾਂ ਤੀਜੇ ਬਦਲ ਦੀਆਂ ਸੰਭਾਵਨਾਵਾਂ ਬਣ ਸਕਦੀਆਂ ਹਨ। ਇਨ੍ਹਾਂ ’ਤੋਂ ਇਲਾਵਾ ਬੁੱਧੀਜੀਵੀ ਵਰਗ ’ਚੋਂ ਗੁਰਤੇਜ ਸਿੰਘ ਸਾਬਕਾ ਆਈ.ਏ.ਐੱਸ. ਜਾਂ ਪ੍ਰੋ: ਗੁਰਦਸ਼ਨ ਸਿੰਘ ਢਿੱਲੋਂ (ਡਾ:) ਵਿੱਚੋਂ ਕਿਸੇ ਇੱਕ ਨੂੰ ਸਾਂਝੇ ਉਮੀਦਵਾਰ ਦੇ ਤੌਰ ’ਤੇ ਚੁਣ ਲਿਆ ਜਾਵੇ ਤਾਂ ਸੋਨੇ ’ਤੇ ਸੁਹਾਗੇ ਵਾਲਾ ਕੰਮ ਹੋ ਸਕਦਾ ਹੈ।
ਉੱਕਤ ਵਿਅਕਤੀਆਂ ਦੇ ਨਾਮ ਇਸ ਆਧਾਰ ’ਤੇ ਲੋਕਾਂ ਦੀ ਚਰਚਾ ਵਿੱਚ ਹਨ ਕਿਉਂਕਿ ਇਨ੍ਹਾਂ ਦੀ ਹੁਣ ਤੱਕ ਦੀ ਕਾਰਗੁਜਾਰੀ ਵੇਖੀ ਜਾਵੇ ਤਾਂ ਇਨ੍ਹਾਂ ਦੇ ਕਾਫੀ ਸਾਰੇ ਗਿਣਨਯੋਗ ਕੰਮ ਅਤੇ ਐਕਸ਼ਨ ਅਜਿਹੇ ਹਨ ਜਿਨ੍ਹਾਂ ਕਾਰਨ ਲੋਕਾਂ ਵਿੱਚ ਇਨ੍ਹਾਂ ਦੀ ਪਹਿਚਾਣ ਬਣੀ ਹੋਈ ਹੈ ਅਤੇ ਜੇਕਰ ਇਹ ਲੋਕ ਸਭਾ ਵਿੱਚ ਪਹੁੰਚ ਜਾਂਦੇ ਹਨ ਤਾਂ ਇਹ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਤੇ ਲੋੜਾਂ ਸਬੰਧੀ ਬੋਲਣ ਦੀ ਸਮਰੱਥਾ ਰੱਖਦੇ ਹਨ। ਬਾਕੀ ਦੇ ਉਮੀਦਵਾਰ ਆਪਣੀਆਂ ਆਪਣੀਆਂ ਪਾਰਟੀਆਂ ਦੀਆਂ ਟਿਕਟਾਂ ਤੇ ਵਫਾਦਾਰੀਆਂ ਭਾਵੇਂ ਜਿੰਨੀ ਮਰਜੀ ਚੁੱਕੀ ਫਿਰਨ ਪਰ ਉਹ ਜਿੱਤ ਦੇ ਨੇੜੇ ਤੇੜੇ ਪਹੁੰਚ ਸਕਣ ਤੋਂ ਬਹੁਤ ਦੂਰ ਜਾਪਦੇ ਹਨ ਜਿਵੇਂ ਕਿ 2014 ਦੀਆਂ ਚੋਣਾਂ ਵਿੱਚ ਉਮੀਦਵਾਰ ਤਾਂ ਆਪ ਨੇ ਵੀ ਸਾਰੇ ਭਾਰਤ ’ਚ 432 ਖੜ੍ਹੇ ਕੀਤੇ ਸਨ ਪਰ ਪੰਜਾਬ ਦੀਆਂ ਚਾਰ ਸੀਟਾਂ ਤੋਂ ਬਿਨ੍ਹਾਂ ਬਾਕੀਆਂ ’ਚੋਂ ਹੱਥ ਪੱਲੇ ਕਿਸੇ ਦੇ ਕੱਖ ਨਹੀਂ ਪਿਆ ਇੱਥੋਂ ਤੱਕ ਕਿ ਦਿੱਲੀ ਤੋਂ ਬਿਨਾਂ ਬਾਕੀ ਦੇ ਸਾਰੇ ਸੂਬਿਆਂ ਵਿੱਚ ਤਾਂ ਕੋਈ ਵੀ ਉਮੀਦਵਾਰ ਆਪਣੀ ਜਮਾਨਤ ਵੀ ਬਚਾ ਨਹੀਂ ਸਕਿਆ। ਪੰਜਾਬ ਵਿੱਚ ਜੋ ਸਥਿਤੀ ਇਸ ਵੇਲੇ ਹੈ ਉਸ ਮੁਤਾਬਕ ਆਪ ਲਈ ਬਹੁਤੀ ਆਸ ਦੀ ਕਿਰਨ ਵਿਖਾਈ ਨਹੀਂ ਦਿੰਦੀ, ਇਸੇ ਤਰ੍ਹਾਂ ਬਸਪਾ ਵੀ ਹਰ ਵਾਰ 13 ਉਮੀਦਵਾਰ ਖੜ੍ਹੇ ਕਰਦੀ ਹੈ ਪਰ ਕਦੀ ਵੀ ਇਕੱਲੇ ਤੌਰ ’ਤੇ ਜਿੱਤ ਦੇ ਨੇੜੇ ਤੇੜੇ ਨਹੀਂ ਪਹੁੰਚ ਸਕੀ ਇਸ ਲਈ ਸਾਰੀਆਂ ਹੀ ਪਾਰਟੀਆਂ ਨੂੰ 13 ਦੀਆਂ 13 ਸੀਟਾਂ ਜਿੱਤਣ ਦੇ ਦਾਅਵੇ ਕਰਨ ਜਾਂ ਅੜੇ ਰਹਿਣ ਦੀ ਜਿੱਦ ਛੱਡ ਕੇ ਸ: ਫੂਲਕਾ ਦੇ ਸੁਝਾਵਾਂ ਨੂੰ ਪ੍ਰਵਾਨ ਕਰਕੇ ਤੀਜੇ ਬਦਲ ਦੀਆਂ ਸੰਭਾਵਨਾਵਾਂ ਨੂੰ ਮਜਬੂਤ ਕਰਨ ਲਈ ਅੱਗੇ ਆਉਣ ਤਾਂ ਇਸ ਵਿੱਚ ਉਨ੍ਹਾਂ ਦਾ ਆਪਣਾ ਹੀ ਭਲਾ ਹੋਵੇਗਾ।
ਕਿਰਪਾਲ ਸਿੰਘ ਬਠਿੰਡਾ
ਪੰਜਾਬ ’ਚ ਹਰ ਸੀਟ ’ਤੇ ਅਕਾਲੀ-ਭਾਜਪਾ ਅਤੇ ਕਾਂਗਰਸ ਦੇ ਵਿਰੋਧ ’ਚ ਸਰਬ ਸਾਂਝਾ ਕੇਵਲ ਇੱਕ ਉਮੀਵਾਰ ਖੜ੍ਹਾ ਕਰਨ ਦੇ ਅਰੰਭੇ ਯਤਨ ਸ਼ਾਲਾਘਾਯੋਗ :
Page Visitors: 2562