ਜਲੰਧਰ ਤੋਂ ਸੰਭਾਵੀ ਉਮੀਦਵਾਰ ਚੌਧਰੀ ਸੰਤੋਖ ਫਸੇ ਸਟਿੰਗ ਆਪ੍ਰੇਸ਼ਨ ‘ਚ
– 3 ਨੇਤਾਵਾਂ ‘ਤੇ ਕੀਤਾ ਗਿਆ ਸੀ ਸਟਿੰਗ
ਜਲੰਧਰ, 20 ਮਾਰਚ (ਪੰਜਾਬ ਮੇਲ)- ਪੰਜਾਬ ‘ਚ ਕਾਂਗਰਸ ਲਈ ਉਦੋਂ ਮੁਸੀਬਤ ਪੈਦਾ ਹੋ ਗਈ, ਜਦੋਂ ਜਲੰਧਰ ਲੋਕ ਸਭਾ ਹਲਕੇ ਤੋਂ ਉਸ ਦੇ ਸੰਭਾਵੀ ਉਮੀਦਵਾਰ ਚੌਧਰੀ ਸੰਤੋਖ ਸਿੰਘ ਇਕ ਨਿੱਜੀ ਟੀ.ਵੀ. ਵੱਲੋਂ ਚੋਣ ਫੰਡ ਬਾਰੇ ਕੀਤੇ ਗਏ ਸਟਿੰਗ ਆਪ੍ਰੇਸ਼ਨ ‘ਚ ਨਕਦੀ ਦੇ ਲੈਣ-ਦੇਣ ਬਾਰੇ ਗੱਲਬਾਤ ਕਰਦੇ ਫਸ ਗਏ।
ਕਾਂਗਰਸ ਨੇ ਪੰਜਾਬ ‘ਚ ਚਾਰ ਉੁਮੀਦਵਾਰਾਂ ਦੇ ਨਾਵਾਂ ਨੂੰ ਸੂਚੀਬੱਧ ਕਰਨ ਦਾ ਐਲਾਨ ਵੀ ਕਰ ਦਿੱਤਾ ਸੀ, ਜਿਨ੍ਹਾਂ ਵਿਚ ਜਲੰਧਰ ਤੋਂ ਪਾਰਟੀ ਦੇ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਦਾ ਨਾਂ ਵੀ ਸ਼ਾਮਿਲ ਸੀ। ਉਨ੍ਹਾਂ ਤੋਂ ਇਲਾਵਾ ਗੁਰਦਾਸਪੁਰ ਤੋਂ ਪੰਜਾਬ ਕਾਂਗਰਸ ਪ੍ਰਧਾਨ ਤੇ ਮੌਜੂਦਾ ਐੱਮ.ਪੀ. ਸੁਨੀਲ ਜਾਖੜ, ਲੁਧਿਆਣਾ ਤੋਂ ਮੌਜੂਦਾ ਐੱਮ.ਪੀ. ਰਵਨੀਤ ਸਿੰਘ ਬਿੱਟੂ ਤੇ ਅੰਮ੍ਰਿਤਸਰ ਤੋਂ ਮੌਜੂਦਾ ਐੱਮ.ਪੀ. ਗੁਰਜੀਤ ਸਿੰਘ ਔਜਲਾ ਦੇ ਨਾਂ ਸੂਬਾ ਚੋਣ ਕਮੇਟੀ ਦੀ ਸੂਚੀ ‘ਚ ਦਰਜ ਕੀਤੇ ਗਏ ਹਨ। ਬਾਕੀ ਦੀਆਂ 9 ਸੀਟਾਂ ਲਈ ਉੁਮੀਦਵਾਰਾਂ ਦੀ ਚੋਣ ਅਪ੍ਰਰੈਲ ਦੇ ਦੂਜੇ ਜਾਂ ਤੀਜੇ ਹਫ਼ਤੇ ‘ਚ ਕੀਤੇ ਜਾਣ ਦੀ ਗੱਲ ਆਖੀ ਗਈ ਸੀ।
ਸੂਬਾ ਚੋਣ ਕਮੇਟੀ ਵੱਲੋਂ ਪ੍ਰਵਾਨਿਤ ਇਕ ਨਾਂ ਉਸ ਵੇਲੇ ਨਾ ਸਿਰਫ਼ ਸਵਾਲਾਂ ਦੇ ਘੇਰੇ ‘ਚ ਆ ਗਿਆ, ਬਲਕਿ ਉਸ ਨਾਲ ਪਾਰਟੀ ਦੀ ਸਾਖ ‘ਤੇ ਵੀ ਮਾੜਾ ਅਸਰ ਪੈਣ ਦੀ ਸੰਭਾਵਨਾ ਵੱਧ ਗਈ ਹੈ।
ਜਲੰਧਰ ਤੋਂ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਇਕ ਰਾਸ਼ਟਰੀ ਨਿਊਜ਼ ਚੈਨਲ ਦੇ ਸਟਿੰਗ ਆਪ੍ਰਰੇਸ਼ਨ ਦਾ ਸ਼ਿਕਾਰ ਹੋ ਗਏ ਹਨ। ਚੋਣ ‘ਚ ਭ੍ਰਿਸ਼ਟਾਚਾਰ ਤੇ ਪੈਸੇ ਦੇ ਲੈਣ-ਦੇਣ ਦੇ ਮਾਮਲੇ ਨੂੰ ਉਜਾਗਰ ਕਰਨ ਲਈ ਇਕ ਰਾਸ਼ਟਰੀ ਚੈਨਲ ਨੇ ਨਾ ਸਿਰਫ਼ ਚੌਧਰੀ ਸੰਤੋਖ ਸਿੰਘ ਦਾ ਸਟਿੰਗ ਕੀਤਾ, ਬਲਕਿ ਭਾਰਤੀ ਜਨਤਾ ਪਾਰਟੀ ਦੇ ਐੱਮ.ਪੀ. ਰਾਮਭਰ ਤੇ ਆਰ.ਐੱਸ.ਐੱਸ.ਪੀ. ਦੇ ਐੱਮ.ਪੀ. ਰਾਮ ਕੁਮਾਰ ਦਾ ਵੀ ਸਟਿੰਗ ਕੀਤਾ ਗਿਆ।
ਚੌਧਰੀ ਸੰਤੋਖ ਸਿੰਘ ਨੇ ਚੋਣ ‘ਚ ਪੈਸੇ ਦੀ ਘਾਟ ਦੀ ਗੱਲ ਕਹਿੰਦਿਆਂ ਫੰਡ ‘ਚ ਮਦਦ ਕਰਨ ਦੀ ਗੱਲ ਆਖੀ। ਉਨ੍ਹਾਂ ਪੈਸੇ ਦੀ ਘਾਟ ਲਈ ਨੋਟਬੰਦੀ ਨੂੰ ਜ਼ਿੰਮੇਵਾਰ ਠਹਿਰਾਇਆ ਤੇ ਆਖਿਆ ਕਿ ਤੁਸੀਂ ਮੇਰੀ ਚੋਣ ‘ਚ ਫੰਡਿੰਗ ਕਰੋ, ਮੈਂ ਤੁਹਾਡੇ ਸਾਰੇ ਜਾਇਜ਼-ਨਾਜਾਇਜ਼ ਕੰਮਾਂ ਨੂੰ ਨੇਪਰੇ ਚਾੜ੍ਹਾਂਗਾ।
ਕਾਂਗਰਸ ਪਾਰਟੀ ਵੱਲੋਂ ਇਸ ਸਟਿੰਗ ਆਪ੍ਰਰੇਸ਼ਨ ਨੂੰ ਲੈ ਕੇ ਅਜੇ ਤੱਕ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ ਹੈ ਪਰ ਸਪੱਸ਼ਟੀਕਰਨ ਤਾਂ ਚੌਧਰੀ ਤੋਂ ਜ਼ਰੂਰ ਮੰਗਿਆ ਜਾਣਾ ਹੈ ਅਤੇ ਪਾਰਟੀ ਦੇ ਅਕਸ ਨੂੰ ਬਚਾਉਣ ਲਈ ਚੌਧਰੀ ਨੂੰ ਇਸ ਵਾਰ ਜਲੰਧਰ ਤੋਂ ਲੋਕ ਸਭਾ ਦੀ ਚੋਣ ਲੜਨ ਲਈ ਟਿਕਟ ਦੇਣ ਤੋਂ ਇਨਕਾਰ ਵੀ ਕੀਤਾ ਜਾ ਸਕਦਾ ਹੈ।
ਪਿਛਲੀਆਂ ਲੋਕ ਸਭਾ ਚੋਣਾਂ ‘ਚ ਚੌਧਰੀ ਨੇ ਅਕਾਲੀ ਦਲ ਦੇ ਉਮੀਦਵਾਰ ਪਵਨ ਟੀਨੂ ਨੂੰ ਇਕ ਲੱਖ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ ਪਰ ਇਸ ਵਾਰ ਸਟਿੰਗ ਨੇ ਉਨ੍ਹਾਂ ਦੀਆਂ ਦੂਜੀ ਵਾਰ ਚੋਣ ਲੜਨ ਦੀਆਂ ਉਮੀਦਾਂ ‘ਤੇ ਪੂਰੀ ਤਰ੍ਹਾਂ ਨਾਲ ਪਾਣੀ ਫੇਰ ਦਿੱਤਾ ਹੈ।
ਟਿਕਟ ਨਾ ਦਿੱਤੇ ਜਾਣ ਦੀ ਸੂਰਤ ‘ਚ ਚੌਧਰੀ ਸੰਤੋਖ ਸਿੰਘ ਆਪਣੇ ਪੁੱਤਰ ਬਿਕਰਮਜੀਤ ਸਿੰਘ ਲਈ ਟਿਕਟ ਦੀ ਮੰਗ ਕਰ ਸਕਦੇ ਹਨ ਪਰ ਪਾਰਟੀ ਸ਼ਾਇਦ ਹੀ ਉਨ੍ਹਾਂ ਦੇ ਪੁੱਤਰ ਨੂੰ ਟਿਕਟ ਦੇਵੇ ਕਿਉਂਕਿ ਜਲੰਧਰ ਵਿਚ ਕਾਂਗਰਸ ਦੇ ਅਜਿਹੇ ਮਹਾਰਥੀ ਸਿਆਸਤਦਾਨ ਹਨ, ਜੋ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾ ਸਕਦੇ ਹਨ। ਇਨ੍ਹਾਂ ਵਿਚ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਤੋਂ ਵਿਧਾਨਕਾਰ ਸੁਸ਼ੀਲ ਰਿੰਕੂ ਅਤੇ ਸਾਬਕਾ ਐੱਮ.ਪੀ. ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਕੇ.ਪੀ. ਦੇ ਨਾਂ ਸ਼ਾਮਲ ਹਨ।
ਪਾਰਟੀ ਭਾਵੇਂ ਚੌਧਰੀ ਦੀ ਥਾਂ ਤੇ ਸੁਸ਼ੀਲ ਰਿੰਕੂ ਨੂੰ ਟਿਕਟ ਦੇਵੇ ਜਾਂ ਫਿਰ ਮਹਿੰਦਰ ਸਿੰਘ ਕੇ.ਪੀ. ਨੂੰ, ਇਕ ਗੱਲ ਜ਼ਰੂਰ ਹੈ ਕਿ ਚੋਣ ‘ਚ ਕਾਂਗਰਸੀ ਆਗੂਆਂ ਵੱਲੋਂ ਭ੍ਰਿਸ਼ਟਾਚਾਰ ਦੇ ਮੁੱਦੇ ‘ਤੇ ਆਪਣੇ ਵਿਰੋਧੀਆਂ ਨੂੰ ਘੇਰਨਾ ਮੁਸ਼ਕਲ ਹੋ ਜਾਵੇਗਾ।
ਭਾਜਪਾ ਦੇ ਇਸ਼ਾਰਿਆਂ ‘ਤੇ ਚੱਲ ਰਿਹੈ ਚੈਨਲ : ਚੌਧਰੀ ਸੰਤੋਖ ਸਿੰਘ
ਸਟਿੰਗ ਆਪਰੇਸ਼ਨ ਤੋਂ ਬਾਅਦ ਐੱਮ.ਪੀ. ਸੰਤੋਖ ਸਿੰਘ ਚੌਧਰੀ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਇਸ ਸਟਿੰਗ ਨੂੰ ਪੇਡ ਅਤੇ ਫੇਕ ਦੱਸਿਆ। ਉਨ੍ਹਾਂ ਕਿਹਾ ਕਿ ਇਹ ਚੈਨਲ ਭਾਜਪਾ ਦੇ ਇਸ਼ਾਰਿਆਂ ‘ਤੇ ਚੱਲ ਰਿਹਾ ਹੈ ਅਤੇ ਭਾਜਪਾ ਇਸ ਸਮੇਂ ਜਿੱਤ ਦੇ ਲਈ ਹਰ ਤਰ੍ਹਾਂ ਦੇ ਹੱਥਕੰਡੇ ਅਪਣਾ ਰਹੀ ਹੈ। ਜਿਸ ਗੱਲਬਾਤ ਨੂੰ ਉਹ ਸਟਿੰਗ ਦਾ ਨਾਂ ਦੇ ਰਹੇ ਹਨ, ਉਸ ਵਿਚ ਕੁੱਝ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਇਕ ਰੂਟੀਨ ਦੀ ਗੱਲਬਾਤ ਹੈ, ਜਿਸ ਨੂੰ ਚੈਨਲ ਆਪਣੀ ਟੀ.ਆਰ.ਪੀ. ਵਧਾਉਣ ਲਈ ਵਧਾ-ਚੜ੍ਹਾ ਕੇ ਪੇਸ਼ ਕਰ ਰਿਹਾ ਹੈ। ਇਸ ਚੈਨਲ ਨੂੰ ਭਾਜਪਾ ਫੰਡ ਦੇ ਕੇ ਆਪਣੇ ਤਰੀਕੇ ਨਾਲ ਚਲਵਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਤੋਂ ਜ਼ਿਆਦਾ ਕੁੱਝ ਨਹੀਂ ਕਹਿਣ ਚਾਹੁੰਦੇ ਕਿਉਂਕਿ ਜਲੰਧਰ ਦੀ ਜਨਤਾ ਨੂੰ ਉਨ੍ਹਾਂ ਦਾ ਬਾਰੇ ਵਿਚ ਸਭ ਕੁੱਝ ਪਤਾ ਹੈ।