ਚੋਣਾਂ ਦੇ ਐਲਾਨ ਤੋਂ ਬਾਅਦ ਟਿਕਟਾਂ ਨੂੰ ਲੈ ਕੇ ਜਾਖੜ ਤੇ ਬਾਜਵਾ ਵਿਚਕਾਰ ਤਿੱਖੀ ਖਹਿਬਾਜ਼ੀ ਆਈ ਸਾਹਮਣੇ
ਜਲੰਧਰ, 11 ਮਾਰਚ (ਪੰਜਾਬ ਮੇਲ)- ਲੋਕ ਸਭਾ ਚੋਣਾਂ 2019 ਦੇ ਮੱਦੇਨਜ਼ਰ ਚੋਣ ਕਮਿਸ਼ਨ ਦੇ ਐਲਾਨ ਤੋਂ ਬਾਅਦ ਚੋਣਾਂ ਦਾ ਬਿਗੁਲ ਜ਼ੋਰ ਸ਼ੋਰ ਨਾਲ ਵੱਜ ਚੁਕਾ ਹੈ। ਇਸ ਦੌਰਾਨ ਜਿਥੇ ਪਾਰਟੀਆਂ ਵਲੋਂ ਆਪਣੇ ਧਾਕੜ ਉਮੀਦਵਾਰ ਚੋਣ ਮੈਦਾਨ ‘ਚ ਉਤਾਰੇ ਜਾ ਰਹੇ ਹਨ, ਉਥੇ ਹੀ ਕੁੱਝ ਸੀਟਾਂ ‘ਤੇ ਪਾਰਟੀ ਦੇ ਉਮੀਦਵਾਰਾਂ ਦੀਆਂ ਟਿਕਟਾਂ ਨੂੰ ਲੈ ਕੇ ਤਿੱਖੀਆਂ ਖਹਿਬਾਜ਼ੀਆਂ ਸਾਹਮਣੇ ਆਉਣ ਲੱਗੀਆਂ ਹਨ। ਇਸ ਤਰ੍ਹਾਂ ਦਾ ਹੀ ਮਾਮਲਾ ਗੁਰਦਾਸਪੁਰ ਸੀਟ ਨੂੰ ਲੈ ਕੇ ਵੀ ਸਾਹਮਣੇ ਆ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਸੀਟ ‘ਤੇ ਜਿਥੇ ਇਕ ਪਾਸੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਪੱਬਾਂ ਭਾਰ ਹੋ ਚੁਕੇ ਹਨ ਉਥੇ ਹੀ ਇਸ ਸੀਟ ਨੂੰ ਹਾਸਲ ਕਰਨ ਲਈ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਵੀ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ। ਇਥੇ ਹੀ ਬਸ ਨਹੀਂ ਇਨ੍ਹਾਂ ਦੋਹਾਂ ਉਮੀਦਵਾਰਾਂ ਵਿਚਕਾਰ ਖਹਿਬਾਜ਼ੀਆਂ ਦੀਆਂ ਖਬਰਾਂ ਵੀ ਆ ਰਹੀਆਂ ਹਨ।
ਮੌਜੂਦਾ ਮੌਕੇ ਦੀ ਗੱਲ ਕਰੀਏ ਤਾਂ ਪ੍ਰਤਾਪ ਸਿੰਘ ਬਾਜਵਾ ਸੀਟ ਹਾਸਲ ਕਰਨ ਦੀ ਖਾਤਰ ਅੱਜ ਕਾਂਗਰਸ ਸਕਰੀਨਿੰਗ ਕਮੇਟੀ ਕੋਲ ਪੁੱਜੇ ਹੋਏ ਸਨ। ਗੌਰਤਲਬ ਹੈ ਕਿ ਬਾਜਵਾ ਨੇ ਮੀਡੀਆ ‘ਚ ਪਹਿਲਾਂ ਵੀ ਇਸ ਗੱਲ ਦਾ ਖੁਲ੍ਹਾਸਾ ਕੀਤਾ ਸੀ ਕਿ 2017 ਵਿਧਾਨ ਚੋਣਾਂ ਦੌਰਾਨ ਪਾਰਟੀ ਹਾਈ ਕਮਾਂਡ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ ਆਉਣ ਵਾਲੀਆਂ ਚੋਣਾਂ ਦੌਰਾਨ ਗੁਰਦਾਸਪੁਰ ਸੀਟ ’ਤੇ ਟਿਕਟ ਉਨ੍ਹਾਂ ਨੂੰ ਦਿੱਤੀ ਜਾਵੇਗੀ ਪਰ ਲੋਕ ਸਭਾ ਮੈਂਬਰ ਵਿਨੋਦ ਖੰਨਾ ਦੇ ਦੇਹਾਂਤ ਤੋਂ ਬਾਅਦ ਇੱਥੇ ਜਿਮਨੀ ਚੋਣ ਕਰਵਾਉਣੀ ਪਈ ਸੀ। ਇਸ ਚੋਣ ਦੌਰਾਨ ਵੀ ਬਾਜਵਾ ਨੇ ਕਾਂਗਰਸ ਹਾਈਕਮਾਂਡ ਕੋਲੋਂ ਇਸ ਸੀਟ ’ਤੇ ਆਪਣੀ ਪਤਨੀ ਲਈ ਇਸ ਸੀਟ ਦੀ ਮੰਗ ਕੀਤੀ ਸੀ। ਉਸ ਮੌਕੇ ਵੀ ਪਾਰਟੀ ਨੇ ਉਨ੍ਹਾਂ ਨੂੰ ਜਿਵੇਂ-ਕਿਵੇਂ ਰਾਜੀ ਕਰ ਲਿਆ ਅਤੇ ਜ਼ਿਮਨੀ ਚੋਣ ਵਿਚ ਸੁਨੀਲ ਜਾਖੜ ਨੂੰ ਥਾਪੜਾ ਦੇ ਦਿੱਤਾ ਸੀ।
ਦੂਜੇ ਪਾਸੇ ਹੁਣ ਸੁਨੀਲ ਜਾਖੜ ਦੇ ਸਿਟਿੰਗ ਮੈਂਬਰ ਪਾਰਲੀਮੈਂਟ ਹੋਣ ਕਾਰਨ ਕੈਪਟਨ ਅਮਰਿੰਦਰ ਸਿੰਘ ਜਾਖੜ ਨੂੰ ਇਸ ਸੀਟ ਤੋਂ ਚੋਣ ਲੜਾਉਣ ਦੀ ਥਾਪੀ ਦੇ ਚੁਕੇ ਹਨ। ਇਸ ਸੀਟ ਨੂੰ ਲੈ ਕੇ ਸੁਨੀਲ ਜਾਖੜ ਵੀ ਇਹ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਨੇ ਜਿਸ ਤਰ੍ਹਾਂ ਜ਼ਿਮਨੀ ਚੋਣ ਜਿੱਤ ਕੇ ਪਾਰਟੀ ਦੀ ਝੋਲੀ ਪਾਈ ਸੀ ਇਸੇ ਤਰ੍ਹਾਂ ਇਸ ਵਾਰ ਵੀ ਉਹ ਵੱਡੀ ਜਿੱਤ ਹਾਸਲ ਕਰਨਗੇ।
ਇਸ ਦੇ ਉਲਟ ਕੈਪਟਨ ਵਲੋਂ ਜਾਖੜ ਨੂੰ ਦਿੱਤੇ ਗਏ ਥਾਪੜੇ ਬਾਰੇ ਪ੍ਰਤਾਪ ਸਿੰਘ ਬਾਜਵਾ ਦਾ ਇਹ ਕਹਿਣਾ ਹੈ ਕਿ ਸੀਟਾਂ ਦਾ ਐਲਾਨ ਕੈਪਟਨ ਅਮਰਿੰਦਰ ਸਿੰਘ ਨਹੀਂ ਬਲਕਿ ਹਮੇਸ਼ਾ ਤੋਂ ਪਾਰਟੀ ਹਾਈਕਮਾਂਡ ਹੀ ਕਰਦੀ ਆਈ ਹੈ। ਉਨ੍ਹਾਂ ਕਿਹਾ ਕਿ ਇਸ ਬਾਰ ਵੀ ਇਸ ਸੀਟ ਦਾ ਫੈਸਲਾ ਸਕਰੀਨਿੰਗ ਕਮੇਟੀ ਹੀ ਕਰੇਗੀ। ਉਨ੍ਹਾਂ ਕਿਹਾ ਕਿ ਉਸ ਨੂੰ ਆਸ ਹੈ ਕਿ ਸਕਰੀਨਿੰਗ ਕਮੇਟੀ ਜ਼ਰੂਰ ਢੁੱਕਵਾਂ ਫੈਸਲਾ ਕਰੇਗੀ ਅਤੇ ਉਹ ਗੁਰਦਾਸਪੁਰ ਤੋਂ ਹੀ ਚੋਣ ਲੜਨਗੇ। ਇਸ ਸਭ ਦੇ ਮੱਦੇਨਜ਼ਰ ਕੈਪਟਨ ਤੇ ਜਾਖੜ ਵਿਚਕਾਰ ਸੀਟ ਨੂੰ ਲੈ ਕੇ ਖਹਿਬਾਜ਼ੀ ਦਿਨ ਪ੍ਰਤੀ ਦਿਨ ਤੇਜ਼ ਹੁੰਦੀ ਜਾ ਰਹੀ ਹੈ।