ਸਿਆਸੀ ਤੌਰ ‘ਤੇ ਕਮਜੋਰ ਕੌਣ !
- ਜਸਬੀਰ ਸਿੰਘ ਪੱਟੀ 09356024684
ਵੱਖ ਵੱਖ ਸਿਆਸੀ ਪਾਰਟੀਆਂ ਨੇ 2014 ਦੀਆਂ ਲੋਕ ਸਭਾ ਚੋਣਾਂ ਦਾ ਬਿਗਲ ਪੂਰੇ ਜ਼ੋਰ ਸ਼ੋਰ ਨਾਲ ਵਜਾ ਦਿੱਤਾ ਹੈ ਅਤੇ ਇਸ ਵਾਰੀ ਫਿਰ ਮੁੱਖ ਮੁਕਾਬਲਾ ਹਾਕਮ ਧਿਰ ਕਾਂਗਰਸ ਤੇ ਮੁੱਖ ਵਿਰੋਧੀ ਧਿਰ ਭਾਜਪਾ ਵਿਚਕਾਰ ਹੀ ਹੋਵੇਗਾ, ਜਦ ਕਿ ਵੱਖ ਵੱਖ ਸੂਬਿਆਂ ਦੀਆਂ ਸੂਬਾਈ ਪਾਰਟੀਆਂ ਦਾ ਕੋਈ ਵੀ ਸਾਂਝਾ ਗਠਜੋੜ ਬਣਦਾ ਹਾਲੇ ਤੱਕ ਨਜਰ ਨਹੀਂ ਆ ਰਿਹਾ। 1977 ਵਿੱਚ ਕਾਂਗਰਸ ਦੇ ਵਿਰੋਧ ਵਿੱਚ ਭਾਂਵੇ ਸਾਂਝੇ ਰੂਪ ਵਿੱਚ ਜਨਤਾ ਪਾਰਟੀ ਬਣੀ ਸੀ, ਪਰ ਕਾਂਗਰਸ ਦੀ ਤੱਤਕਾਲੀ ਆਗੂ ਬੀਬੀ ਇੰਦਰਾ ਗਾਂਧੀ ਨੇ ਇਸ ਦੇ ਅਜਿਹੇ ਤੱਪੜ ਰੋਲੇ, ਕਿ ਮੁੜ ਇਸ ਦਾ ਨਾਮੋ ਨਿਸ਼ਾਨ ਹੀ ਨਾ ਰਿਹਾ ਤੇ ਇਸ ਦੀ ਮੁੱਖ ਧਿਰ ਜਨ ਸੰਘ ਨੇ ਆਪਣਾ ਨਵਾਂ ਨਾਮ ਜਰੂਰ ਜਨਤਾ ਪਾਰਟੀ ਦੇ ਨਾਮ ਨੂੰ ਪਰਮੋਟ ਕਰਕੇ ਭਾਰਤੀ ਜਨਤਾ ਪਾਰਟੀ ਰੱਖ ਲਿਆ। ਰਾਜਸੀ ਟਿੱਪਣੀਕਾਰ ਵੀ ਆਪਣੀਆ ਰੀਪੋਰਟ੍ਯਾਂ ਵਿੱਚ ਬਾਰ ਬਾਰ ਜਿਕਰ ਕਰ ਰਹੇ ਹਨ ਕਿ ਅਗਲੇ ਸਾਲ 2014 ਵਿੱਚ ਹੋਣ ਵਾਲੀਆਂ ਲੋਕ ਸਭਾ ਉਪਰੰਤ ਕਾਂਗਰਸ ਤੇ ਭਾਜਪਾ ਦੋਵੇ ਹੀ ਆਪਣੇ ਆਪਣੇ ਬਲਬੂਤੇ ਤੇ ਸਰਕਾਰ ਨਹੀਂ ਬਣਾ ਸਕਣਗੀਆਂ ਅਤੇ ਦੋਵਾਂ ਨੂੰ ਹੀ ਆਪਣੇ ਆਪਣੇ ਕੀਤੇ ਗਠਜੋੜਾਂ ਯੂ.ਪੀ.ਏ ਤੇ ਐਨ ਡੀ.ਏ ਦੀਆ ਫੌੜੀਆਂ ਦਾ ਹੀ ਸਹਾਰਾ ਲੈਣਾ ਪਵੇਗਾ। ਵੈਸੇ ਮੌਕਾਪ੍ਰਸਤ ਵਜੋਂ ਜਾਣੇ ਜਾਂਦੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਸ੍ਰੀ ਮੁਲਾਇਮ ਸਿੰਘ ਯਾਦਵ ਵੀ ਤੀਜਾ ਮੋਰਚਾ ਬਣਾ ਕੇ ਪ੍ਰਧਾਨ ਮੰਤਰੀ ਬਣਨ ਦੇ ਰੰਗੀਨ ਸੁਫਨੇ ਲੈ ਰਹੇ ਹਨ।
ਪ੍ਰਧਾਨ ਮੰਤਰੀ ਦੇ ਵਕਾਰੀ ਆਹੁਦੇ ਲਈ ਕਾਂਗਰਸ ਨੇ ਤਾਂ ਮੁੜ ਡਾ. ਮਨਮੋਹਨ ਸਿੰਘ ਨੂੰ ਪੇਸ਼ ਕਰਨ ਦਾ ਫੈਸਲਾ ਕਰ ਲਿਆ ਹੈ, ਜਦ ਕਿ ਭਾਜਪਾ ਨੇ ਆਪਣੇ ਗੁਜਰਾਤੀ ਮਹਾਰਥੀ ਨਰਿੰਦਰ ਮੋਦੀ ਦਾ ਨਾਮ ਪ੍ਰਧਾਨ ਮੰਤਰੀ ਦੇ ਆਹੁਦੇ ਲਈ ਉਛਾਲ ਕੇ ਵੇਖ ਲਿਆ ਹੈ, ਉਸ ਦੀ ਫਿਰਕਾਪ੍ਰਸਤੀ ਵਾਲੀ ਸੋਚ ਨੂੰ ਕਿਸੇ ਨੇ ਵੀ ਪਸੰਦ ਨਹੀਂ ਕੀਤਾ। ਐਨ.ਡੀ.ਏ ਦੇ ਭਾਈਵਾਲ ਤੇ ਬਿਹਾਰ ਦੇ ਮੁੱਖ ਮੰਤਰੀ ਸ੍ਰੀ ਨਿਤੀਸ਼ ਕੁਮਾਰ ਨੇ ਤਾਂ ਇਥੋਂ ਤੱਕ ਐਲਾਨ ਕਰ ਦਿੱਤਾ ਸੀ, ਜੇਕਰ ਐਨ.ਡੀ.ਏ ਮੋਦੀ ਨੂੰ ਪ੍ਰਧਾਨ ਮੰਤਰੀ ਵਜੋ ਪੇਸ਼ ਕਰਦੀ ਹੈ, ਤਾਂ ਉਹਨਾਂ ਨੂੰ ਪ੍ਰਵਾਨ ਨਹੀਂ ਹੋਵੇਗਾ ਤੇ ਉਹ ਖੁਦ ਪ੍ਰਧਾਨ ਮੰਤਰੀ ਦੇ ਆਹੁਦੇ ਲਈ ਉਮੀਦਵਾਰ ਹੋਣਗੇ ਤਾਂ ਭਾਜਪਾ ਦੇ ਕੌਮੀ ਪਰਧਾਨ ਸ੍ਰੀ ਰਾਜਨਾਥ ਨੂੰ ਬਿਆਨ ਦੇਣਾ ਪਿਆ, ਕਿ ਐਨ.ਡੀ. ਏ ਪ੍ਰਧਾਨ ਮੰਤਰੀ ਦੇ ਉਮੀਦਵਾਰ ਦਾ ਫੈਸਲਾ ਸਮਾਂ ਆਉਣ ਤੇ ਕਰੇਗਾ। ਮੋਦੀ ਵੱਲੋ ਆਪਣੀ ਮਸ਼ਹੂਰੀ ਲਈ ਕਰੀਬ 30 ਮਿਲੀਅਨ ਖਰਚ ਕੀਤੇ ਵਿਅਰਥ ਗਏ।
ਕਾਂਗਰਸ ਪਾਰਟੀ ਅਜਿਹੀ ਸਬਰ ਸੰਤੋਖ ਵਾਲੀ ਲੰਮੀ ਦੌੜ ਦੀ ਪਾਰੀ ਖੇਡਣ ਵਾਲੀ ਪਾਰਟੀ ਕਹੀ ਜਾਂਦੀ ਹੈ, ਕਿ ਹਾਰ ਜਾਣ ਦੀ ਸੂਰਤ ਵਿਚ ਉਹ ਹਮੇਸ਼ਾ ਜਦੋਂ ਹਾਰ ਦਾ ਮੁਲਾਂਕਣ ਕਰਦੀ ਹੈ, ਤਾਂ ਇਹ ਹੀ ਫੈਸਲਾ ਕਰਦੀ ਹੈ ਕਿ ਅਗਲੀ ਵਾਰੀ ਦੀਆਂ ਤਿਆਰੀਆਂ ਹੁਣ ਤੋ ਹੀ ਆਰੰਭ ਕਰ ਦਿੱਤੀਆਂ ਜਾਣ। ਇਸੇ ਤਰ੍ਹਾਂ ਭਾਜਪਾ ਜਿਸ ਨੂੰ ਵਧੇਰੇ ਕਰਕੇ ਵਪਾਰੀਆਂ, ਅਮੀਰਜਾਂਦਿਆਂ ਤੇ ਹਿੰਦੂਤਵੀ ਪਾਰਟੀ ਕਿਹਾ ਜਾਂਦਾ ਹੈ ਲਗਾਤਾਰ ਦੋ ਵਾਰ ਪਾਰਲੀਮੈਂਟ ਦੀਆ ਚੋਣਾਂ ਹਾਰ ਚੁੱਕੀ ਹੈ, ਅਤੇ ਵਿਆਕੁਲ ਹੋ ਕੇ ਕਬੀਰ ਜੀ ਦਾ ਇਹ ਦੋਹਰੇ ਦਾ ਜਾਪ ਕਰ ਰਹੀ ਹੈ:-
‘‘ਪੱਤਾ ਟੂਟਾ ਡਾਲ ਸੇ, ਲੇ ਗਈ ਪਵਨ ਉਡਾਇ। ਅਬ ਬਿਛੁੜੇ ਕਬ ਮਿਲੇਂਗੇ, ਦੂਰ ਪੜੇਂਗੇ ਜਾਇ! ’’
ਅਰਥਾਤ, ਇਸ ਵਾਰ ਵੀ ਹਾਰ ਗਏ ਤਾਂ ਸਮਝੋ ਭਾਜਪਾ ਤੇ ਉਸ ਦੇ ਐਨ.ਡੀ.ਏ ਦਾ ਭੋਗ ਪੈ ਜਾਵੇਗਾ ਤੇ ਸਿਆਸੀ ਮੰਝਧਾਰ ਉਹਨਾਂ ਦੇ ਸਾਥੀਆ ਨੂੰ ਰੋੜ੍ਹ ਕੇ ਲੈ ਜਾਵੇਗਾ ਜਿਸ ਵਿੱਚ ਪੰਜਾਬ ਦੀ ਹਾਕਮ ਧਿਰ ਬਾਦਲਕੇ ਵੀ ਸ਼ਾਮਲ ਹਨ।
ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਬਾਰੇ ਵਿਰੋਧੀ ਧਿਰ ਜੋ ਮਰਜੀ ਕਾਵਾਂਰੌਲੀ ਪਾਉਦੀ ਰਹੇ, ਪਰ ਉਹਨਾਂ ਦੀ ਮਿੱਠ ਬੋਲਣੀ, ਸ਼ਰਾਫ਼ਤ ਤੇ ਨਿੱਜੀ ਇਮਾਨਦਾਰੀ ਦਾ ਲੋਹਾ ਸਾਰੇ ਹੀ ਮੰਨਦੇ ਹਨ। ਉਹਨਾਂ ਦੀ ਅਗਵਾਈ ਹੇਠ ਬਣੀ ਯੂ.ਪੀ.ਏ ਸਰਕਾਰ ਸਮੇਂ ਅਨੇਕਾਂ ਘੋਟਾਲੇ ਸਾਹਮਣੇ ਆਏ ਹਨ ਜਿਹਨਾਂ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਬੌਂਦਲਾ ਕੇ ਰੱਖ ਦਿੱਤਾ ਅਤੇ ਕਈ ਪ੍ਰਕਾਰ ਦੇ ਦਾਗ਼ ਸਰਕਾਰ ਨੂੰ ਵੀ ਲੱਗੇ, ਪਰ ਉਹਨਾਂ ਦੀ ਨਿੱਜੀ ਸਖਸ਼ੀਅਤ ਫਿਰ ਵੀ ਪਾਕਿ ਪਵਿੱਤਰ ਰਹੀ। ਇਸ ਕਰਕੇ ਭਾਜਪਾ ਨੇ ਫ਼ੈਸਲਾ ਕੀਤਾ ਕਿ ਜਿੰਨਾ ਚਿਰ ਤੱਕ ਡਾ. ਮਨਮੋਹਨ ਸਿੰਘ ਨੂੰ ਹੀ ਭੰਡਿਆ ਨਹੀਂ ਜਾਂਦਾ, ਉਨਾ ਚਿਰ ਤੱਕ ਕੁਝ ਨਹੀਂ ਬਣਨਾ। ਬਾਹਰ ਤਾਂ ਬਿਆਨਬਾਜੀ ਕਰਕੇ ਕੋਈ ਜੋ ਮਰਜੀ ਕਹੇ, ਪਰ ਉਹਨਾਂ ਦੀ ਸ਼ਰਾਫਤ ਦਾ ਨਜਾਇਜ ਫਾਇਦਾ ਉਠਾਉਂਦੇ ਹੋਏ, ਵਿਰੋਧੀ ਧਿਰ ਨੇ ਸੰਸਦ ਵਿਚ ਵੀ ਡਾ. ਮਨਮੋਹਨ ਸਿੰਘ ਨੂੰ ਕਮਜੋਰ, ਨਿਕੰਮਾ, ਗੂੰਗਾ, ਮੇਮਣਾ, ਸੋਨੀਆ ਦਾ ਥਾਪਿਆ ਹੋਇਆ, ਰਾਹੁਲ ਦੇ ਤਿਆਰ ਹੋਣ ਤੱਕ ਕੁਰਸੀ ਨਿੱਘੀ ਰੱਖਣ ਵਾਲਾ ਅਤੇ ਹੋਰ ਪਤਾ ਨਹੀਂ ਕਿਹੜੇ ਲਕਬਾ ਨਾਲ ਸੰਬੋਧਨ ਕਰਨਾ ਸ਼ੁਰੂ ਕਰ ਦਿੱਤਾ ਤੇ ਕਈ ਸਾਲਾਂ ਤੋਂ ਲਗਾਤਾਰ ਅਜਿਹਾ ਕਰਦੇ ਆ ਰਹੇ ਹਨ। ਵੱਖ ਵੱਖ ਟੀ ਵੀ ਚੈਨਲਾਂ ਵੱਲੋ ਸੰਸਦ ਦੀ ਕਾਰਵਾਈ ਦਾ ਸਿੱਧਾ ਪ੍ਰਸਾਰਣ ਵਿਖਾਇਆ ਜਾਂਦਾ ਹੈ ਅਤੇ ਭਾਜਪਾ ਤੇ ਹੋਰ ਵਿਰੋਧੀ ਧਿਰਾਂ ਵੱਲੋ ਜਿਹੜਾ ਡਾ. ਮਨਮੋਹਨ ਸਿੰਘ ਦਾ ਪਿੱਟ ਸਿਆਪਾ ਦਿਖਾਇਆ ਜਾਂਦਾ ਹੈ, ਉਸ ਨੂੰ ਵੇਖ ਸੁਣ ਕੇ ਵੀ ਡਾ. ਮਨਮੋਹਨ ਸਿੰਘ ਨੂੰ ਸ਼ਾਂਤ, ਅਭਿੱਜ ਤੇ ਬੇਪਰਵਾਹ ਬੈਠਾ ਦੇਖ ਕੇ ਲੋਕ ਹੈਰਾਨ ਤਾਂ ਹੁੰਦੇ ਹੀ ਨਾਲ ਪ੍ਰੇਸ਼ਾਨ ਵੀ ਹੁੰਦੇ ਹਨ ਅਤੇ ਆਪਣੇ ਘਰਾਂ ਵਿੱਚ ਹੀ ਬੈਠੇ ਕਚੀਚੀਆਂ ਵੱਟੀ ਜਾਂਦੇ ਕਹਿੰਦੇ ਹਨ, ਕਿ ਇਹ ਵੀ ਕੋਈ ਧੀਰਜ ਹੈ, ਜਵਾਬ ਕਿਉਂ ਨਹੀਂ ਦਿੱਤਾ ਜਾਂਦਾ।
ਵਿਰੋਧੀ ਧਿਰ ਭਾਜਪਾਈਆਂ ਦੀ ਜਦੋਂ ਡਾ. ਮਨਮੋਹਨ ਸਿੰਘ ਦੇ ਖਿਲਾਫ ਕੀਤੀ ਜਾਂਦੀ ਭੰਡੀ ਸੁਨਿਆਰੇ ਟੱਕ-ਟੱਕ ਦੀ ਗਿਣਤੀ ਪੂਰੀ ਸੌ ਹੋ ਗਈ, ਤਾਂ ਪਰਧਾਨ ਮੰਤਰੀ ਦੇ ਸਬਰ ਦਾ ਪਿਆਲਾ ਵੀ ਭਰ ਗਿਆ ਤਾਂ ਮਈ 2009 ਵਿਚ ਲੋਕ ਸਭਾ ਵਿਚ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਭਾਜਪਾ ਸਰਕਾਰ ਵਿਚ ਉਪ-ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਰਹੇ ਅਡਵਾਨੀ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਸੁਨਿਆਰੇ ਦੀ ਟੱਕ ਟੱਕ ਦੀ ਬਜਾਏ ਲੁਹਾਰ ਦੇ ਹਥੌੜੇ ਵਾਂਗ ਜਦੋਂ ਇਕੋ ਵਾਰ ਕਰਦਿਆਂ ਕਿਹਾ ਕਿ ‘‘ਅਡਵਾਨੀ ਸਾਹਿਬ ਅੱਤਵਾਦੀਆਂ ਨੂੰ ਜਹਾਜ਼ ‘ਤੇ ਚੜ੍ਹਾ ਕੇ ਕੰਧਾਰ ਛੱਡ ਕੇ ਆਓ ਤੁਸੀਂ, ਭਾਰਤੀ ਸਭਿਆਚਾਰ ਤੇ ਇਤਿਹਾਸ ਦਾ ਪ੍ਰਤੀਕ ਲਾਲ ਕਿਲ਼ਾ, ਲੋਕਤੰਤਰ ਦੀ ਪ੍ਰਤੀਕ ਸੰਸਦ ਤੇ ਜੰਮੂ-ਕਸ਼ਮੀਰ ਦੀ ਵਿਧਾਨ ਸਭਾ, ਧਰਮ ਦਾ ਪ੍ਰਤੀਕ ਅਕਸ਼ਰਧਾਮ, ਸਭ ‘ਤੇ ਹਮਲੇ ਹੋਣ ਤੁਹਾਡੇ ਨੱਕ ਹੇਠ; ਪਾਕਿਸਤਾਨ ਦੀਆ ਫੌਜਾਂ ਕਾਰਗਿਲ ਵਿਚ ਮਹੀਨਿਆਂ-ਬੱਧੀ ਮੋਰਚੇ ਬਣਾਉਂਦੀਆ ਰਹਿਣ ਤੇ ਤੱਤਕਾਲੀ ਪ੍ਰਧਾਨ ਮੰਤਰੀ ਸ੍ਰੀ ਅਟੱਲ ਬਿਹਾਰੀ ਵਾਜਪਈ ਜੀ ਲਾਹੌਰ ਵਿੱਚ ਵੋਲਵੋ ਬੱਸ ਵਿਚ ਘੁੰਮਦੇ ਰਹਿਣ ਤਾਂ ਸੰਸਦ ਹੀ ਇਸ ਨੂੰ ਸਪੱਸ਼ਟ ਕਰੇ ਕਿ ਕਮਜ਼ੋਰ ਡਾ. ਮਨਮੋਹਨ ਸਿੰਘ ਹੈ ਜਾਂ ਫਿਰ ਤੁਸੀਂ।’’
ਡਾ. ਮਨਮੋਹਨ ਸਿੰਘ ਦੇ ਇਹ ਕਰਾਰੇ ਬੋਲ ਸੁਣ ਕੇ ਭਾਜਾਪਾ ਦੇ ਲੋਹ ਪੁਰਸ਼ ਵਜੋਂ ਜਾਣੇ ਜਾਂਦੇ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਨੇ ਅੱਖਾਂ ਮਲ-ਮਲ ਕੇ ਅਤੇ ਕਈ ਵਾਰੀ ਆਪਣੀ ਨਜ਼ਰ ਦੀ ਐਨਕ ਠੀਕ ਕਰ ਕਰਕੇ ਕਦੇ ਐਨਕਾਂ ਲਗਾ ਤੇ ਕਦੇ ਐਨਕ ਲਾਹ ਕੇ ਝਾਕੇ ਕਿ ਇਹ ਸਾਹਮਣੇ ਖਲੋਤਾ ਬੰਦਾ ਮਨਮੋਹਨ ਸਿੰਘ ਹੀ ਹੈ ਜਾਂ ਕੋਈ ਹੋਰ ਬੋਲ ਰਿਹਾ ਹੈ। ਡਾ. ਮਨਮੋਹਨ ਸਿੰਘ ਦੇ ਕਰਾਰੇ ਬੋਲ ਸੁਣ ਕੇ ਕੁਝ ਸਮਾਂ ਤਾਂ ਬੌਂਦਲੀ ਹੋਈ ਭਾਜਪਾ ਇਸ ਤਰ੍ਹਾਂ ਚੁੱਪ ਕਰਕੇ ਬੈਠ ਗਈ, ਜਿਵੇਂ ਕੋਈ ਸੱਪ ਸੁੰਘ ਗਿਆ ਹੋਵੇ ਪਰ ਫੇਰ ਸੋਚਿਆ, ਇਉਂ ਤਾਂ ਬਿਲਕੁਲ ਹੀ ਮਾਰੇ ਜਾਵਾਂਗੇ ਅਤੇ ਅਡਵਾਨੀ ਵਿਚਲੇ ਲੋਹ-ਪੁਰਸ਼ ਨੇ ਡਾ. ਮਨਮੋਹਨ ਸਿੰਘ ਦੇ ਕਮਜ਼ੋਰ ਹੋਣ ਦੇ ਨਾਲ ਨਾਲ ਹੋਰ ਕਈ ਤਰ੍ਹਾਂ ਦਾ ਰਾਗ ਫਿਰ ਅਲਾਪਨਾ ਸ਼ੁਰੂ ਕਰ ਦਿੱਤਾ। ਡਾ. ਮਨਮੋਹਨ ਸਿੰਘ ਫੇਰ ਚੁੱਪ ਕਰਕੇ ਭਾਜਪਾ ਦੀ ਸੁਨਿਆਰਾ ਟੱਕ-ਟੱਕ ਗਿਣਦਾ ਰਿਹਾ ਤੇ ਜਦੋਂ ਫਿਰ ਗਿਣਤੀ ਪੂਰੀ ਸੌ ਹੋ ਗਈ ਤਾਂ 6 ਮਾਰਚ ਨੂੰ ਲੋਕ ਸਭਾ ਵਿਚ ਉਹਨਾਂ ਨੇ ਇਸ ਵਾਰੀ ਲੁਹਾਰ ਦੇ ਹਥੌੜੇ ਵਾਲਾ ਨਹੀਂ ਦੀ ਸਗੋਂ ਵਦਾਨ ( ਭਾਰੀ ਹਥੌੜਾ) ਦੀ ਸੱਟ ਮਾਰਦਿਆਂ ਕਿਹਾ ਕਿ ‘‘ਤੁਸੀਂ ਨੀਤੀਆਂ ਦੀ ਗੱਲ ਕਰਨ ਦੀ ਥਾਂ ਲੱਭ-ਲੱਭ ਕੇ, ਚੁਣ-ਚੁਣ ਕੇ ਮੈਨੂੰ ਗਾਲ਼ਾਂ ਦੇਣਾ ਆਪਣਾ ਧੰਦਾ ਬਣਾ ਛੱਡਿਆ ਹੈ। 2009 ਵਿਚ ਇਸੇ ਮੇਮਣੇ ਨੇ ਤੁਹਾਡੇ ਏਸ ਲੋਹਪੁਰਸ਼ ਦੀ ਪਿੱਠ ਲਾਈ ਸੀ, 2014 ਵਿਚ ਫੇਰ ਲਾਵਾਂਗੇ, ਜਰਾਂ ਤਿਆਰ ਹੋ ਕੇ ਆਉਣਾ।’’ ਅਡਵਾਨੀ ਸਾਹਿਬ ਇੱਕ ਵਾਰੀ ਫਿਰ ਸੋਚਣ ਲਈ ਮਜਬੂਰ ਹੋ ਗਏ ਕਿ ਹੁਣ ਕਿਹੜਾ ਪੈਂਤੜਾ ਲਿਆ ਜਾਵੇ। ਖੈਰ ਇਹ ਤਾਂ ਅਡਵਾਨੀ ਸਾਹਿਬ ਜਾਨਣ ਜਾਂ ਫਿਰ ਭਾਜਪਾ ਜਾਣੇ।
ਸਰਕਾਰ ਦੇ ਕਿਸੇ ਵੀ ਚੰਗੇ ਕੰਮ ਨੂੰ ਚੰਗਾ ਨਾ ਕਹਿਣ ਦੀ ਭਾਜਪਾ ਦੀ ਨੀਤੀ ਬਾਰੇ ਭਾਜਪਾ ਦੀ ਪਲੇਠੀ ਮਹਿਲਾਂ ਆਗੂ ਬੀਬੀ ਸੁਸ਼ਮਾ ਸਵਰਾਜ ਨੂੰ ਵੀ ਬੜੇ ਪਿਆਰ ਨਾਲ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਹੁੰਦਿਆਂ ਡਾ. ਮਨਮੋਹਨ ਸਿੰਘ ਨੇ ਆਪਣੀ ਪਾਵਰ ਵਾਲੀ ਐਨਕ ਜਰਾ ਉਪਰ ਥੱਲੇ ਕਰਕੇ ਜਦੋਂ ਅੱਖਾਂ ਵਿੱਚ ਅੱਖਾਂ ਪਾ ਕੇ ਕਿਹਾ ਕਿ:-
‘‘ਹਮਕੋ ਉਨਸੇ ਵਫ਼ਾ ਕੀ ਹੈ ਉਮੀਦ, ਜੋ ਨਹੀਂ ਜਾਨਤੇ ਵਫ਼ਾ ਕਿਆ ਹੈ।’’
ਡਾ. ਮਨਮੋਹਨ ਸਿੰਘ ਦੇ ਇਸ ਟੋਟਕੇ ਨੂੰ ਲੈ ਕੇ ਵਿਚਾਰੀ ਸੁਸ਼ਮਾ ਸੰਗ ਕੇ, ਸ਼ਰਮਾ ਕੇ ਤੇ ਵਲ ਖਾ ਕੇ ਬੋਲੀ, ਪ੍ਰਧਾਨ ਮੰਤਰੀ ਸਾਹਿਬ ਆਪਣੇ ਸ਼ੇਅਰ ਦਾ ਜਵਾਬ ਜਰਾ ਸ਼ੇਅਰ ਦੇ ਅੰਦਾਜ ਵਿੱਚ ਹੀ ਲੈਂਦੇ ਜਾਣਾ ਤਾਂ ਬੀਬੀ ਸ਼ੁਸ਼ਮਾ ਨੇ ਕਿਹਾ ਕਿ:-
‘‘ਕੁਛ ਤੋ ਮਜਬੂਰੀਆਂ ਰਹੀ ਹੋਂਗੀ, ਕੋਈ ਯੂੰ ਹੀ ਬੇਵਫ਼ਾ ਨਹੀਂ ਹੋਤਾ।’’
ਬੀਬੀ ਸ਼ੁਸ਼ਮਾ ਦੇ ਇਸ ਨਿਵੇਕਲੇ ਅੰਦਾਜ ਭਰੇ ਜਵਾਬ ਦਾ ਸੁਆਗਤ ਇਕੱਲੇ ਕਾਂਗਰਸੀਆਂ ਨੇ ਹੀ ਨਹੀਂ, ਸਗੋਂ ਸਾਰੇ ਭਾਜਪਾਈਆਂ ਨੇ ਵੀ ਮੇਜ ਥਪਥਪਾ ਕੇ ਕਰਦਿਆਂ ਕਿਹਾ ਕਿ ਇਸ ਨੂੰ ਕਹਿੰਦੇ ਨੇ ‘ਨਹਿਲੇ ਪੈ ਦਹਿਲਾ’।
ਇਸੇ ਤਰ੍ਹਾਂ ਡਾ. ਮਨਮੋਹਨ ਸਿੰਘ ਦੀ 100 ਸੁਨਿਆਰ ਤੇ ਇੱਕ ਲੁਹਾਰ ਦੀ ਲੜ੍ਹੀ ਤਹਿਤ ਇੱਕ ਹੋਰ ਕਮਾਲ ਤੀਜੇ ਦਿਨ, 8 ਮਾਰਚ ਨੂੰ ਰਾਜ ਸਭਾ ਵਿਚ ਹੋਇਆ। ਭਾਜਪਾ ਦੇ ਕਨੂੰਨਦਾਨ ਵਜੋਂ ਜਾਣੇ ਜਾਂਦੇ ਸਾਬਕਾ ਕੇਂਦਰੀ ਮੰਤਰੀ ਸ੍ਰੀ ਅਰੁਣ ਜੇਤਲੀ ਨੇ ਵਾਜਪਈ ਰਾਜ ਦੇ ਸੋਹਲੇ ਗਾਉਂਦਿਆਂ ਅਤੇ ਮਨਮੋਹਨ ਸਰਕਾਰ ਨੂੰ ਆਰਥਿਕਤਾ ਦਾ ਭੱਠਾ ਬਿਠਾਉਣ ਵਾਲੀ ਆਖਦਿਆਂ, ਦੂਜੀ ਸਦੀ ਦੇ ਰੋਮਨ ਬੁਲਾਰੇ, ਇਤਿਹਾਸਕਾਰ ਤੇ ਸਿਆਸਤਦਾਨ ਟੈਸੀਟਸ ਦਾ ਹਵਾਲਾ ਦਿੰਦਿਆਂ ਆਪਣੀ ਜਿਸਮਾਨੀ ਤੇ ਬੌਧਿਕ ਸਮੱਰਥਾ ਅਨੁਸਾਰ ਬਹੁਤ ਕੁਝ ਕਿਹਾ। ਜਦੋਂ ਜੇਤਲੀ ਸਾਹਿਬ ਦਾ ਸਿਆਸੀ ਤੇ ਬੌਧਿਕੀ ਬਾਣਾ ਵਾਲਾ ਭੱਥਾ ਪੂਰੀ ਤਰ੍ਹਾਂ ਖਾਲੀ ਹੋ ਗਿਆ, ਤਾਂ ਡਾ. ਮਨਮੋਹਨ ਸਿੰਘ ਕਿਹਾ ਕਿ, ਜੇਤਲੀ ਸਾਹਿਬ ਨੇ ਮੇਰੀ ਸਰਕਾਰ ਦੇ ਕੰਮਾਂ ਨੂੰ ਨਿੰਦਦਿਆਂ ਟੈਸੀਟਸ ਚੇਤੇ ਕੀਤਾ ਹੈ, ਪਰ ਟੈਸੀਟਸ ਇਹ ਵੀ ਕਹਿੰਦਾ ਹੈ :--
‘‘ਜਦੋਂ ਬੰਦਾ ਸਾੜੇ ਨਾਲ ਅੰਨ੍ਹਾ ਹੋਇਆ ਹੋਵੇ, ਉਹ ਹਰ ਗੱਲ ਨੂੰ ਨਿੰਦਦਾ ਹੈ, ਭਾਂਵੇ ਉਹ ਚੰਗੀ ਹੋਵੇ ਭਾਂਵੇ ਮਾੜੀ!’’
ਆਰਥਿਕ ਪੱਖੋਂ ਵਾਜਪਈ ਦੇ ਸਤਿਜੁਗ ਅਤੇ ਕਾਂਗਰਸ ਦੇ ਕਲਜੁਗ ਦੇ ਮਿਹਣੇ ਦੇ ਜਵਾਬ ਵਿਚ ਡਾ. ਮਨਮੋਹਨ ਸਿੰਘ ਨੇ ਸਾਲਾਨਾ ਆਰਥਿਕ ਵਾਧੇ ਦੇ ਅੰਕੜੇ ਪੇਸ਼ ਕਰ ਦਿੱਤੇ। ਇਹ ਵਾਜਪਈ ਦੇ ਸਾਲਾਂ ਲਈ 6.7, 7.6, 4.3, 5.5, 4 ਤੇ 8.1 ਅਤੇ ਡਾ. ਮਨਮੋਹਨ ਸਿੰਘ ਦੇ ਸਾਲਾਂ ਲਈ 7, 9.5, 9.6, 9.3, 6.7, 8.6, 9.3 ਤੇ 6.2 ਸਨ। ਫੇਰ ਉਹਨਾਂ ਨੇ ਹੈਰਾਨੀ-ਪ੍ਰੇਸ਼ਾਨੀ ਵਿਚ ਮੂੰਹ ਖੋਲ੍ਹੀਂ ਬੈਠੇ ਸ੍ਰੀ ਅਰੁਣ ਜੇਤਲੀ ਨੂੰ ਵਿਦੇਸ਼ ਨੀਤੀ, ਬੱਜਟ, ਅੰਦਰੂਨੀ ਸੁਰੱਖਿਆ, ਆਦਿ ਇੱਕ ਇੱਕ ਨੁਕਤੇ ‘ਤੇ ਘੇਰ-ਘੇਰ ਲਿਤਾੜਿਆ ਤੇ ਭਾਜਪਾ ਦੇ ਇਸ ਕਨੂੰਨਦਾਨ ਦੀ ਬੋਲਤੀ ਬੰਦ ਹੋ ਗਈ। ਲੋਕ ਤਾਂ ਡਾ. ਮਨਮੋਹਨ ਸਿੰਘ ਦੀਆਂ ਭਾਜਪਾ ਨੂੰ ਲਾਈਆਂ ਲੁਹਾਰੀ ਸੱਟਾਂ ਦਾ ਆਨੰਦ ਮਾਣਦੇ ਹੀ ਰਹੇ, ਭਾਜਪਾ ਦਾ ਰਾਗ-ਨਿੰਦਿਆ ਦੁਹਰਾਉਂਦੇ ਰਹਿਣ ਵਾਲੇ ਟੀ.ਵੀ ਅਤੇ ਅਖ਼ਬਾਰ ਵੀ ਇਕ ਦਮ ਉਲਟਬਾਜੀ ਮਾਰ ਕੇ ਡਾ. ਮਨਮੋਹਨ ਸਿੰਘ ਦੇ ਤਾਬੜਤੋੜ ਵਾਰਾਂ ਦੀਆਂ ਅਤੇ ਭਾਜਪਾ ਦੇ ਨੇਤਾਵਾਂ ਦੀ ਕੈਮਰੇ ਸਾਹਮਣੇ ਆਉਣ ਤੋਂ ਝਿਜਕ ਦੀਆਂ ਕਹਾਣੀਆਂ ਪਾਉਣ ਲੱਗ ਪਏ।
ਇਉਂ ਮਨਮੋਹਨ ਸਿੰਘ ਨੇ ਤਾਂ 2014 ਦੇ ਚੋਣ ਅਖਾੜੇ ਵਿਚ ਛਾਲ ਲਾਉਂਦਿਆਂ ‘‘ਜੱਟ’’ ਵਾਲੀ ਥਾਪੀ ਮਾਰ ਕੇ ਹਾਕਰ ਵੀ ਲਗਾ ਦਿੱਤੀ ਹੈ, ‘‘ਆ ਜੋ ਜਿਹਨੇ ਨੱਚਣਾ ਖੰਡੇ ਦੀ ਧਾਰ 'ਤੇ’’ ਹੁਣ ਦੇਖਣਾ ਇਹ ਹੈ, ਕਿ ਹੱਥ ਮਲਦੇ ਰਹਿਣ ਦਾ ਆਦੀ ਭਾਜਪਾਈ ਲੋਹ-ਪੁਰਸ਼ ਅਡਵਾਨੀ ਵੰਗਾਰ ਪਰਵਾਨ ਕਰਦਾ ਹੈ, ਜਾਂ ਹੱਥ ਮਲਦਾ ਹੀ ਰਹਿ ਜਾਵੇਗਾ, ਕਿਉਂਕਿ ਨਰਿੰਦਰ ਮੋਦੀ ਨੂੰ ਪਰਧਾਨ ਮੰਤਰੀ ਵਜੋ ਅਪਰਵਾਨ ਕਰਕੇ ਮੁਸਲਮਾਨ ਭਾਈਚਾਰੇ ਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਜਿਹੜਾ ਭਾਜਪਾ ਨੂੰ ਝਟਕਾ ਦਿੱਤਾ ਹੈ, ਉਸ ਨੇ ਤਾਂ ਭਾਜਪਾ ਦੀਆ ਭੁਆਟਲੀਆਂ ਭੁਆਂ ਦਿੱਤੀਆਂ ਹਨ। ਹੁਣੇ ਹੁਣੇ ਕਰਨਾਟਕ ਦੀਆਂ ਵਿਧਾਨ ਸਭਾ ਦੀਆਂ ਹੋਈਆਂ ਚੋਣਾਂ ਵਿੱਚ ਹੋਈ ਹਾਰ ਤੋਂ ਵੀ ਭਾਜਪਾਈ ਲੋਹ ਪੁਰਸ਼ ਚਿੰਤੁਤ ਹੀ ਨਹੀਂ, ਸਗੋਂ ਪਰੇਸ਼ਾਨ ਵੀ ਹੈ, ਅਤੇ ਉਸ ਨੂੰ ਹੁਣ ਦਿੱਲੀ ਦੂਰ ਲੱਗਣ ਲੱਗ ਪਈ ਹੈ! ਅਡਵਾਨੀ ਸਾਹਿਬ ਬਾਰੇ ਤਾਂ ਉਸ ਦੀ ਆਪਣੀ ਪਾਰਟੀ ਦੇ ਲੀਡਰ ਹੀ ਹੁਣ ਦੱਬਵੀਂ ਅਵਾਜ ਵਿੱਚ ਕਹਿਣ ਲੱਗ ਪਏ ਹਨ ਕਿ:-
‘‘ਪਿੱਪਲ ਦਾ ਪੱਤਿਆ ਵੇ , ਕੀ ਖੜ ਖੜ ਲਾਈ ਏ, ਪੱਤ ਪੁਰਾਣੇ ਝੜੇ, ਹੁਣ ਰੁੱਤ ਨਵਿਆ ਦੀ ਆਈ ਏ’’