ਦੇਹ ਸ਼ਿਵਾ ਬਰ ਮੋਹਿ ?
ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ
ਨੋਟ: ਇਹ ਲੇਖ 1999 ਵਿੱਚ ਲਿਖਿਆ ਗਿਆ ਸੀ।
- ਕਬੀਰ ਕਸਉਟੀ ਰਾਮ ਕੀ-
(ੳ) 'ਦੇਹ ਸ਼ਿਵਾ ਬਰ ਮੁਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋ ।'
ਉਪ੍ਰੋਕਤ ਵਿਚਾਰੇ ਚੌਹਾਂ ਹੀ ਚੰਡੀ ਚਰਿਤ੍ਰਾਂ ਵਿਚ ਗ੍ਰੰਥ ਕਰਤਾ ਨੇ ਸ਼ਿਵਾ ਪਦ ਚੰਡਿਕਾ ਲਈ ਅਥਵਾ ਸ਼ਿਵ ਜੀ ਦੀ ਅਰਧਾਂਗਣੀ ਗਿਰਜਾ-ਪਾਰਬਤੀ ਦੁਰਗਾ ਲਈ ਹੀ ਵਰਤਿਆ ਹੈ।
ਲਿਖਾਰੀ ਨੇ ਦੁਰਗਾ ਪਦ ਰੱਬ ਲਈ ਕਿਤੇ ਨਹੀਂ ਵਰਤਿਆ।
ਪਰਮਾਤਮਾ ਸ਼ਿਵਾ ਲਫ਼ਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੀ ਕਿਸੇ ਥਾਂ ਨਹੀਂ ਆਇਆ ।
ਅਕਾਲਪੁਰਖ-ਪਰਮਾਤਮਾ ਦੇ ਕਲਿਆਨ ਕਾਰੀ ਗੁਣ-ਰੂਪ ਦਾ ਲਖਾਇਕ "ਸਿਵ" ਸ਼ਬਦ ਗੁਰਬਾਣੀ ਵਿਚ ਜ਼ਰੂਰ ਆਇਆ ਹੈ। ਪਰ ਕਥਿਤ ਤੌਰੇ 'ਤੇ ਕੈਲਾਸ਼ ਪਰਬਤ ਤੇ ਵਸੇਬੇ ਵਾਲੇ, ਧੌਲੇ ਬਲਦ ਦੇ ਅਸਵਾਰ ਸ਼ਿਵ ਨੂੰ ਰੱਬ ਕਿਸੇ ਥਾਂ ਨਹੀਂ ਮੰਨਿਆਂ । ਸਗੋਂ ਉਸ ਨੂੰ ਪੂਜ ਦੇਵਤਾ ਸਮਝਣ ਦਾ ਭੋਗ ਇਨ੍ਹਾਂ ਬਚਨਾਂ ਨਾਲ ਪਾਇਆ---"
ਸਿਵ ਸਿਵ ਕਰਤੇ ਜੋ ਨਰੁ ਧਿਆਵੈ ।। ਬਰਦ ਚਢੇ ਡਉਰੂ ਢਮਕਾਵੈ ।। 2 ।।-ਅਤੇ-
-ਪਾਂਡੇ ਤੁਮਰਾ ਮਹਾਦੇਉ ਧਉਲੇ ਬਲਦ ਚੜਿਆ ਆਵਤ ਦੇਖਿਆ ਥਾ ।।
ਮੋਦੀ ਕੇ ਘਰਿ ਖਾਣਾ ਪਾਕਾ ਵਾ ਕਾ ਲੜਕਾ ਮਾਰਿਆ ਥਾ ।। 2 ।। {874}
ਸੋ ਸ਼ਿਵ ਅਤੇ ਉਸ ਦੀ ਘਰਦੀ ਸ਼ਿਵਾ ਦਾ ਸਿੱਖੀ ਵਿਚ ਆ ਵੜਨਾ ਖ਼ਾਲਸਾ ਪੰਥ ਦੇ ਨਿਆਰੇ ਸਿੱਖੀ ਸਿਧਾਂਤ ਦਾ ਮੌਜੂ ਉਡਾਉਣਾ ਹੈ। ਦਾਸ ਨੇ ਕਈ ਵਿਦਵਾਨਾ ਕੋਲ ਅਤੇ ਸਰਬ-ਉੱਚ ਪਦਵੀਆਂ ਸਾਂਭੀ ਬੈਠੇ ਪੰਥ ਦੇ ਸਾਰੇ ਜਥੇਦਾਰ ਸਾਹਿਬਾਨ ਕੋਲ ਅਥਵਾ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ, ਸਿੰਘ ਸਾਹਿਬ ਮੋਹਨ ਸਿੰਘ ਜੀ ਦੀ ਸੇਵਾ ਵਿਚ ਆਪਣੇ ਵਿਚਾਰ ਲਿਖ ਭੇਜੇ, ਪਰ ਚੰਗਾ ਜਾਂ ਮਾੜਾ, ਕਿਸੇ ਧਿਰੋਂ ਵੀ,ਕੋਈ ਉੱਤਰ ਨਾ ਬਹੁੜਿਆ ।
(ਅ) ਅਤੇ ਫਿਰ ਕਿਸੇ ਵੀ ਸ਼ਕਤੀ ਕੋਲੋਂ ਕੋਈ ਉਚੇਚਾ ਵਰ ਮੰਗਣਾ ਗੁਰਮਤਿ ਵਿਰੋਧੀ ਕਰਮ ਹੈ । ਵਰਾਂ ਸਰਾਪਾਂ ਨੂੰ ਗੁਰਮਤਿ ਨੇ ਇਕ ਦਮ ਰੱਦ ਕਰ ਦਿੱਤਾ ਹੋਇਆ ਹੈ। ਜੀਵਾਂ ਦੀਆਂ ਸਾਰੀਆਂ ਲੋੜਾਂ ਸਿਰਜਣਹਾਰ ਆਪਣੇ ਪੱਕੇ ਨਿਯੱਮ ਰੂਪੀ ਹੁਕਮ ਦੁਆਰਾ ਆਪ ਹੀ ਪੂਰੀਆਂ ਕਰ ਰਿਹਾ ਹੈ। ਸ਼ਿਵਾ ਆਦਿ ਕਿਸੇ ਵੀ ਹੋਰ ਕਥਿਤ ਸ਼ਕਤੀ ਦਾ ਉਸ ਸਿਰਜਣ-ਹਾਰ ਦੀ ਸਚੀ ਕਾਰ ਵਿਚ ਕੋਈ ਦਖ਼ਲ ਜਾਂ ਪਹੁੰਚ ਨਹੀਂ ਹੈ। ਪੁਸਤਕ "ਬਿੱਪ੍ਰਨ ਕੀ ਰੀਤ ਤੋਂ ਸੱਚੁ ਦਾ ਮਾਰਗ ਦੇ ਪਹਿਲੇ ਭਾਗ ਦੇ ਤੀਜੇ ਕਾਂਡ ਦੇ ਪੰਜਵੇ ਲੇਖ ਵਿਚ ਵਰਾਂ ਸਰਾਪਾਂ ਅਤੇ ਅਸੀਸਾਂ--ਨੂੰ ਗੁਰਮਤਿ ਵਿਰੋਧੀ ਇੱਕ ਭਰਮ ਸਿੱਧ ਕੀਤਾ ਜਾ ਚੁੱਕਿਆ ਹੈ।
(ੲ) ਸ਼ੁਭ ਕਰਮਨ ਤੇ ਕਬਹੂੰ ਨਾ ਟਰੋਂ:---ਗੁਰੂ ਬਾਣੀ ਅਨੁਸਾਰ ਕੋਈ ਵੀ ਕਰਮ ਆਪਣੇ ਆਪ ਵਿਚ ਨਾ ਸ਼ੁਭ ਹੈ ਅਤੇ ਨਾ ਅਸ਼ੁੱਭ। ਉਹੀ ਕਰਮ ਕਦੇ ਚੰਗਾ ਅਤੇ ਕਦੇ ਮੰਦਾ ਬਣ ਰਿਹਾ ਹੁੰਦਾ ਹੈ। ਫਿਰ, ਏਥੇ ਕਿਸੇ ਪ੍ਰਕਾਰ ਦੇ ਸ਼ੁੱਭ ਕਰਮਾਂ ਤੇ ਡਟੇ ਰਹਿਣ ਦੀ ਸਮਰਥਾ ਮੰਗ ਕੀਤੀ ਗਈ ਹੈ ? ਗੁਰੂ ਗ੍ਰੰਥ ਸਾਹਿਬ ਜੀ ਤਾਂ ਸਾਨੂੰ ਕਰਤਾਰ ਸੁਆਮੀ ਕੋਲੋਂ ਬਿਬੇਕ ਬੁੱਧ ਦੀ ਮੰਗ ਕਰਨੀ ਸਿਖਾਉਂਦੇ ਹਨ-
-ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ ।।-
-ਚੰਗੇ ਮੰਦੇ ਕਰਮਾਂ ਦੇ ਹਿਸਾਬ ਦੇ ਗੇੜ ਵਿਚ ਪੈਣਾ ਬ੍ਰਾਹਮਣਵਾਦ ਹੈ। ਗੁਰਮਤਿ ਦੇ ਅਨੁਸਾਰ ਜੀਵਨ ਜੀਊਣ ਵਾਲੀ ਬਿਬੇਕ ਬੁੱਧੀ ਹੀ ਮਨੁੱਖ ਨੂੰ ਸ੍ਰੈਸ਼ਟ ਬਣਾਉਂਦੀ ਹੈ। ਸਾਡੇ ਲਈ ਗੁਰਬਾਣੀ ਬਣ ਖਲੋਤੀ ਚੰਡੀ ਚ੍ਰਿਤਰ ਵਿਚਲੀ ਇਸ ਚੌਪਈ ਦੀ ਪਹਿਲੀ ਪੰਗਤੀ ਗੁਰਮਤਿ ਦੀ ਕਸਵੱਟੀ ਦੀ ਪਰਖ ਵਿਚ ਪੂਰੀ ਨਹੀਂ ਉਤਰਦੀ।
(2) ਨ ਡਰੋ ਅਰਿ ਸੇ ਜਬ ਜਾਇ ਲਰੋ ਨਿਸਚੈ ਕਰ ਆਪਨੀ ਜੀਤ ਕਰੋ ।
ਕਿਥੇ ਜਾ ਕੇ ਕਿਸ ਵੈਰੀ ਨਾਲ ਲੜਨਾ ਹੈ ?
ਕਿਸ ਪ੍ਰਕਾਰ ਦੀ ਜਿੱਤ ਦੀ ਲੋਚਨਾ ਹੈ ?
ਜਿਸ ਸ਼ਿਵਾ ਤੋਂ ਇਹ ਵਰ ਮੰਗਿਆ ਜਾ ਰਿਹਾ ਹੈ ਉਹ ਤਾਂ ਕੇਵਲ ਉੁਨ੍ਹਾਂ ਨੂੰ ਹੀ ਆਪਣੇ ਵੈਰੀ ਸਮਝਦੀ ਹੈ ਜਿਹੜੇ ਕਥਿਤ ਤੌਰ ਤੇ ਅਸਮਾਨੀ ਵੱਸਦੇ ਦੇਵਤਿਆਂ ਨੂੰ ਤੰਗ ਕਰਕੇ ਕਥਿਤ ਦੇਵਰਾਜ ਇੰਦ੍ਰ ਦਾ ਰਾਜ ਖੋਹ ਲੈਂਦੇ ਹਨ। ਨਿਰਵੈਰ ਸਤਿਗੁਰਾਂ ਦਾ ਵੈਰੀ ਤਾਂ ਹੈ ਹੀ ਕੋਈ ਨਹੀਂ-
ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗ ਹਮ ਕਉ ਬਨ ਆਈ ।। ਅਤੇ-
ਨਾ ਕੋ ਮੇਰਾ ਦੁਸਮਨੁ ਰਹਿਆ ਨਾ ਹਮ ਕਿਸ ਕੇ ਬੈਰਾਈ ।।
ਬ੍ਰਹਮੁ ਪਸਾਰੁ ਪਸਾਰਿਓ ਭੀਤਰਿ ਸਤਿਗੁਰ ਤੇ ਸੋਝੀ ਪਾਈ ।।{671}
-3 ਗੁਰੂ ਬਾਣੀ ਦੇ ਏਸੇ -- ਦੇਹ ਸ਼ਿਵਾ। ਕਰੋਂ ਤੁਕ ਦੇ ਪਾਠ ਨੇ ਹੀ ਖ਼ਾਲਸਾ ਜੀ ਨੂੰ ਬੇਅਸੂਲਾਅਤੇ ਅਜੇਹਾ ਘਟੀਆ ਜੰਗਜੂ ਬਣਾ ਦਿੱਤਾ ਕਿ- ਗੁਰੂ ਘਰਾਂ ਵਿਚ, ਗੁਰੂ ਦਰਬਾਰਾਂ ਵਿਚ, ਵਿਦਿਆ ਦੇ ਕੇਂਦਰਾਂ ਵਿਚ, ਰੇਲਾਂ, ਮੋਟਰਾਂ, ਹਵਾਈ ਜਹਾਜ਼ਾਂ ਵਿਚ, ਵਪਾਰਕ ਅਦਾਰਿਆਂ ਵਿਚ, ਆਪਣੇ ਪਰਵਾਰਾਂ ਵਿਚ, ਗੱਲ ਕੀ ਜ਼ਿੰਦਗੀ ਦੀ ਹਰ ਰੌਣਕ ਵਿਚ, ਸੰਸਾਰ ਦੇ ਹਰ ਦੇਸ਼ ਵਿਚ ਜਿੱਥੇ ਹੀ ਵਿਚਰੇ ਲੱਗ ਪਗ ਹਰ ਥਾਂ, ਗੋਲੀਆਂ ਚਲਾਉਂਦਿਆਂ, ਕੇਸੋ ਕੇਸੀ ਹੁੰਦਿਆਂ, ਛਿਤਰ-ਪਤਾਨ, ਹੂਰੋ ਮੁੱਕੀ ਹੋਣ ਦੇ ਨਾਲ ਬੜੀ ਉੱਚੀ ਸੁਰ ਵਿਚ ਗਾਹਲੋ ਗਾਹਲੀ ਹੁੰਦਿਆਂ ਨੂੰ ਧੂਈ ਫਿਰਦੀ ਪੁਲਸ ਦੇ ਫੋਟੋ, ਵਿਦੇਸ਼ੀ ਅਖ਼ਬਾਰਾਂ ਵਿਚ ਕਈ ਵਾਰੀ ਛਪੇ। ਸਾਡੀ ਕੌਮ, ਸੰਤਾਂ ਵਾਲੇ ਗੁਣਾ ਤੋਂ ਸੱਖਣੀ, ਕੇਵਲ ਬੇਦਲੀਲੇ ਜੰਗਜੂਆਂ ਦੀ ਕੋਮ ਸਮਝੀ ਜਾਣ ਲੱਗ ਪਈ। ਖ਼ਾਲਸਾ ਸੋ ਕਰੇ ਨਿਤ ਜੰਗ ਕਿਸੇ ਪੰਥ ਵਿਰੋਧੀ ਦੀ ਲਿਖੀ ਪੰਗਤੀ ਆਪਣੇ ਜੀਵਨ ਵਿਚ ਘਟਾ ਲਈ ਪਰ ਅਸਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ 143੦ ਅੰਕਾਂ ਵਿਚੋਂ ਕੋਈ ਇੱਕ ਪੰਗਤੀ ਵੀ ਕੌਮੀ ਤੌਰ 'ਤੇ ਨਹੀਂ ਅਪਣਾਈ ।
(3) ਅਰ ਸਿੱਖ ਹੌ ਆਪਨੇ ਹੀ ਮਨ ਕੌ ਇਹ ਲਾਲਚ ਹਉ ਗੁਨ ਤਉ ਉਚਰੋ --
-ਮਹਾਂ ਦੇਉ ਦੀ ਧਰਮਪੱਤਣੀ ਇਸ ਸ਼ਿਵਾ ਦਾ ਪਤੀ-ਬ੍ਰਤਾ ਵਾਲਾ ਗੁਣ ਤਾਂ ਅਸਾਂ ਪਿੱਛੇ ਪੜ੍ਹ ਹੀ ਲਿਆ ਸੀ। ਜਿਹੜਾ ਸੂਰਮਾਂ ਵੀ ਉਸ ਨੂੰ ਲੜਾਈ ਵਿਚ ਜਿੱਤ ਲੈਂਦਾ ਉਸੇ ਦੀ ਹੋਣ ਲਈ ਤਿਆਰ ਬੈਠੀ ਸੀ। ਵਰ ਜਾਂ ਸਰਾਪ, ਦੇਣ ਨੂੰ ਕਾਹਲੀ, ਲਹੂ ਪੀ ਕੇ ਜੀਊਂਦਿਆਂ ਜੀਆਂ ਨੂੰ ਚੱਬ ਕੇ ਖਾ ਜਾਣ ਵਾਲੀ, ਝੋਟੇ ਦੀ ਬਲੀ ਮੰਗਦੀ ਰਹਿਣ ਵਾਲੀ ਦੈਂਤਾਂ ਨਾਲੋਂ ਵੀ ਵੱਧ ਨਿਰਦਈ ਇਸ ਸ਼ਿਵਾ ਦੇ ਪਤਾ ਨਹੀਂ ਕਿਹੜੇ ਗੁਣ ਉਚਾਰਦੇ ਰਹਿਣ ਦੇ ਲਾਲਚ ਨੇ ਕਵੀ ਨੂੰ ਘੇਰਿਆ ਹੋਇਆ ਹੈ ?
ਪਿੱਛੇ ਅਸੀਂ ਪੜ੍ਹ ਆਏ ਹਾਂ ਕਿ ਇਹ ਸ਼ਿਵਾ ਕਿਵੇਂ ਸਦਾ ਕ੍ਰੋਧਵਾਨ ਹੋਈ ਵਿਚਰਦੀ ਦਰਸਾਈ ਹੋਈ ਹੈ। ਅਜੇਹੇ ਕ੍ਰੋਧੀ ਦੇ ਤਾਂ ਸਤਿਗੁਰਾਂ ਨੇ ਨੇੜੇ ਜਾਣੋ ਵੀ ਵਰਜਿਆ ਹੋਇਆ ਹੈ-
-ਓਨਾ ਪਾਸਿ ਦੁਆਸਿ ਨ ਭਿਟੀਐ ਜਿਨ ਅੰਤਰਿ ਕ੍ਰੋਧੁ ਚੰਡਾਲ ।। 3 ।। {4੦}-
ਇਹ ਚੰਡਾਲ ਕ੍ਰੋਧ ਅਕਲ ਦਾ ਵੈਰੀ ਹੋਣ ਬਾਰੇ ਸਤਿਗੁਰਾਂ ਦਾ ਫ਼ੁਰਮਾਨ:----31-
ਕਠਨ ਕਰੋਧ ਘਟ ਹੀ ਕੇ ਭੀਤਰਿ ਜਿਹ ਸੁਧਿ ਸਭ ਬਿਸਰਾਈ ॥
{ਹਿਰ ਲੀਨਾ=ਚੁਰਾ ਲਿਆ, ਅਕਲ ਮਾਰ ਲਈ}
ਰਤਨੁ ਗਿਆਨੁ ਸਭ ਕੋ ਹਿਰਿ ਲੀਨਾ ਤਾ ਸਿਉ ਕਛੁ ਨ ਬਸਾਈ ॥1॥ {219}-4
ਅਜੇਹੀ ਭਿਅੰਕਰ ਸ਼ਿਵਾ ਦੇ ਗੁਣ ਗਾਉਣ ਦਾ ਲਾਲਚ ਕੁਟਲ-ਪ੍ਰੋਹਿਤ ਨੂੰ ਤਾਂ ਬੇਸ਼ੱਕ ਹੋਵੇ ਪਰ, ਸ਼ਿਵਾ ਨਾਮ ਵਾਲੀ ਅਜੇਹੀ ਲੱਖਾਂ ਦੇਵੀਆਂ ਤਾਂ ਦਸ਼ਮ ਸਤਿਗੁਰੂ ਨਾਨਕ ਸਾਹਿਬ ਜੀ ਦੇ ਚਰਣਾਂ ਦੀ ਧੂੜ ਲਈ ਫਿਰਦੀਆਂ ਹੋਣਗੀਆਂ। ਜਿਸ ਸ਼ਿਵਾ ਨੂੰ ਸਰਬ ਸਾਂਝੀ ਗੁਰੂ ਬਾਣੀ ਵਿਚ ਥਾਂ ਨਹੀਂ ਮਿਲਿਆ ਦਸ਼ਮੇਸ਼ ਜੀ ਦੇ ਪਾਵਨ ਨਾਮਣੇ ਨਾਲ ਉਸ ਦਾ ਜੋੜ ਕਿਉਂ ਬਣੇ ? ਪਰਮਾਤਮ ਦੀ ਮੌਜ ਨਾਲ ਪ੍ਰਗਟੇ ਹੇ ਦੂਲੇ ਖ਼ਾਲਸਾ ਜੀਓ ! ਆਪਣਾ ਅਸਲਾ ਪਛਾਣੋਂ ਅਤੇ ਨਿਕਲ ਆਉ ਬ੍ਰਾਹਮਣੀ ਮਾਇਆ ਜਾਲ ਦੀ ਘਾਤਕ ਜਕੜ ਵਿਚੋਂ । 4)
ਜਬ ਆਵ ਕੀ ਅਉਧ ਨਿਦਾਨ ਬਨੈ ਅਤ ਹੀ ਰਨ ਮੈ ਤਬ ਜੂਝ ਮਰੋ ।
(ੳ) ਕਮਾਲ ਦੀ ਕਲਾ ਬਾਜ਼ੀ ? ਮੌਤ ਸਮੇ ਦੇ ਤ੍ਰਾਸ ਤੋਂ ਘਾਬਰੇ ਜਿਹੜੇ ਲਿਖਾਰੀ ਜੀ ਸ੍ਰੀ ਅਸਿਧੁਜ ਜੀ ਦੇ ਦਰਬਾਰ ਵਿਚ ਰਖਿਆ ਲਈ ਗਿੜਗੜਾਉਂਦੇ ਸਨ ਏਥੇ ਇਉਂ ---
ਆਪ ਹਾਥ ਦੈ ਮੁਝੈ ਉਬਰਿਯੈ । ਮਰਨ ਕਾਲ ਕਾ ਤ੍ਰਾਸ ਨਿਵਰਿਯੈ ।
ਹੂਜੋ ਸਦਾ ਹਮਾਰੇ ਪੱਛਾ । ਸ੍ਰੀ ਅਸਿਧੁਜ ਜੂ ਕਰਿਯਹੁ ਰੱਛਾ ।
ਲਿਖਣ ਵਾਲੇ ਲਿਖਾਰੀ ਜੀ ਏਥੇ ਹੀ ਜੂਝ ਕੇ ਮਰਨ ਲਈ ਤਿਆਰ ?
ਮੌਤ ਵੀ ਕਿਹੜੀ ?
ਜੰਗ ਕਰਦੇ ਸਮੇ ਘੋਰ ਯੁੱਧ ਵਿਚ ਜੂਝ ਕੇ ਮਰਨ ਦੀ ਸੱਧਰ ?
ਕੀ, ਇਹ ਬਚਨ ਪਰਮ ਸਤਿਕਾਰਯੋਗ ਦਸਮ ਸਤਿਗੁਰੂ ਨਾਨਕ ਜੀ ਦੇ ਹੀ ਹਨ ?
ਜਿਸ ਅਨੂਪਮ ਗੁਰੂ ਬਾਣੀ ਨੂੰ ਉਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੀ ਗੁਰਿਆਈ ਸੌਂਪੀ ਸੀ,
ਨਿਰਭਉ ਜਪੈ ਸਗਲ ਭਉ ਮਿਟੈ-
-ਦਾ ਉਪਦੇਸ਼ ਦ੍ਰਿੜ ਕਰਾ ਰਹੇ ਉਨ੍ਹਾਂ ਦੇ ਬੇਅੰਤ ਫ਼ੁਰਮਾਨ ਤਾਂ ਸਾਰੇ ਡਰ ਝੰਜਟਾਂ ਤੋਂ ਰਹਿਤ ਹੋ ਕੇ, ਜੰਗ ਵਿਚ ਜੂਝ ਮਰਨ ਦੀ ਨਹੀਂ ਸਗੋਂ ਸਦਾ ਪ੍ਰਭੂ ਦੀ ਯਾਦ ਵਿਚ ਜੁੜੇ ਰਹਿਣ ਦੀ ਸੱਧਰ ਦਰਸਾ ਰਹੇ ਹਨ। ਕੇਵਲ ਵਣਗੀ ਮਾਤ੍ਰ 5 ਗੁਰੂ ਫ਼ੁਰਮਾਨ ਇਉਂ ਹਨ --
(1) ਗੁਰਮਤਿ ਪਤਿ ਸਾਬਾਸਿ ਤਿਸੁ ਤਿਸ ਕੈ ਸੰਗਿ ਮਿਲਾਉ ।।
ਤਿਸੁ ਬਿਨੁ ਘੜੀ ਨ ਜੀਵਉ ਬਿਨੁ ਨਾਵੈ ਮਰਿ ਜਾਂਉ ।।
ਮੈ ਅੰਧੁਲੇ ਨਾਮੁ ਨ ਵੀਸਰੈ ਟੇਕ ਟਿਕੀ ਘਰਿ ਜਾਉ ।। 2 ।।{58}-8
(2) ਮੇਰੈ ਮਨਿ ਐਸੀ ਭਗਤਿ ਬਨਿ ਆਈ ।।
ਹਉ ਹਰਿ ਬਿਨੁ ਖਿਨੁ ਪਲੁ ਰਹਿ ਨ ਸਕਉ ਜੈਸੇ ਜਲ ਬਿਨੁ ਮੀਨ ਮਰਿ ਜਾਈ ।। 1 ।। ਰਹਾਉ ।। {368}-1੦-62
(3) ਤਿਸੁ ਬਿਨੁ ਘੜੀ ਨ ਜੀਵੀਐ ਭਾਈ ਸਰਬ ਕਲਾ ਭਰਪੂਰਿ ।।
ਸਾਸਿ ਗਿਰਾਸਿ ਨ ਵਿਸਰੈ ਭਾਈ ਪੇਖਉ ਸਦਾ ਹਜੂਰਿ ।।
ਜਿਨਾ ਪ੍ਰੀਤਿ ਨ ਲਗੀਆ ਭਾਈ ਸੇ ਨਿਤ ਨਿਤ ਮਰਦੇ ਝੂਰਿ ।। 8 ।। {64੦}-1
(4) ਹਉ ਇਕੁ ਖਿਨੁ ਤਿਸੁ ਬਿਨੁ ਰਹਿ ਨ ਸਕਉ ਜਿਉ ਚਾਤ੍ਰਿਕੁ ਜਲ ਕਉ ਬਿਲਲਾਤਾ ।।
ਹਉ ਕਿਆ ਗੁਣ ਤੇਰੇ ਸਾਰ ਸਮਾਲੀ ਮੈ ਨਿਰਗੁਣ ਕਉ ਰਖਿ ਲੇਤਾ ।। 2 ।,। {564}-9
(5) ਕਰਿ ਕਿਰਪਾ ਗੋਬਿੰਦ ਪ੍ਰਭ ਪ੍ਰੀਤਮ ਦੀਨਾ ਨਾਥ ਸੁਨਹੁ ਅਰਦਾਸਿ ।।
ਕਰੁ ਗਹਿ ਲੇਹੁ ਨਾਨਕ ਕੇ ਸੁਆਮੀ ਜੀਉ ਪਿੰਡੁ ਸਭੁ ਤੁਮਰੀ ਰਾਸਿ ।। 2 ।। 3 ।। 12੦ ।। {ਪੰਨਾ 2੦4}
ਅਜੇਹੀ ਲੋਚਨਾ ਦੇ ਥਾਂ ---ਅਤਿ ਹੀ ਰਨ ਮੈਂ ਜੂਝ ਮਰਾ ਦਾ ਵਰ ਮੰਗਣਾ ?
ਜੇ ਆਪਣੀ ਮੰਗ ਦਾ ਸਿਧਾਂਤ ਇਸ ਪ੍ਰਕਾਰ ਬਦਲ ਲੈਣਾ ਸੀ ਤਾਂ ਉਪ੍ਰੋਕਤ ਪੰਗਤੀਆਂ ਵਾਲੀ ਗੁਰੂ ਬਾਣੀ ਨੂੰ ਸੀਸ ਝੁਕਾ ਕੇ ਗੁਰਿਆਈ ਸੌਂਪ ਦੇਣ ਦਾ ਅਰਥ ਕੀ ਬਚਿਆ?
(ਅ) ਪਿਛਲੇ ਚਰਿਤ੍ਰਾਂ ਤੋਂ ਅਸੀ ਚੰਗੀ ਤਰ੍ਹਾਂ ਸਮਝ ਆਏ ਹਾਂ ਕਿ ਕੇਵਲ, ਦੈਂਤਾਂ ਅਤੇ ਦੇਵਤਿਆਂ ਦੀ ਜੰਗ ਹੀ ਜਦੋ ਮਰਜ਼ੀ ਹੈ ਅਤੇ ਜਿੱਥੇ ਮਰਜ਼ੀ ਹੈ ਛੇੜੀ ਜਾ ਸਕਦੀ ਹੈ । ਉਂਜ ਸੰਸਾਰ ਦੇ ਕਿਸੇ ਵੀ ਦੇਸ਼ ਵਿਚ ਅਜੇਹੀ ਜੰਗ ਸਦਾ ਨਹੀਂ ਲੱਗੀ ਰਹਿੰਦੀ ਜਿਸ ਵਿਚ ਜੂਝ ਕੇ ਮਰਨ ਦੀ ਗੱਲ ਵਿਚਾਰੀ ਜਾ ਸਕਦੀ ਹੋਵੇ । ਇਸ ਜ਼ਰੂਰੀ ਪੱਖ ਵੱਲ ਵੀ ਧਿਆਨ ਮਰੀਏ। ਸਤਿਗੁਰਾਂ ਦਾ ਫ਼ੁਰਮਾਨ ਹੈ ਕਿ, ਪ੍ਰਭੂ ਦੇ ਸੱਚੇ ਭਗਤ ਦਾ ਕਹਿਆ ਬਚਨ ਲੋਕ ਪ੍ਰਲੋਕ, ਦੋਹੀ ਥਾਂਈ ਸੱਚ ਸਿੱਧ ਹੁੰਦਾ ਹੈ-
-ਨਾਨਕ ਦਾਸੁ ਮੁਖ ਤੇ ਜੋ ਬੋਲੈ ਈਹਾ ਊਹਾ ਸਚੁ ਹੋਵੈ ।। 2 ।। ਅਤੇ
ਸਤਿਗੁਰਾਂ ਦੇ ਇਸ ਪਾਵਨ ਫ਼ੁਰਮਾਨ ਤੋਂ ਵੀ ਅਸੀਂ ਭਲੀ-ਭਾਂਤ ਜਾਣੂੰ ਹਾਂ -
- ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸ ।।
ਭਾਵ, ਪ੍ਰਭੂ ਦੇ ਜਨ ਦੀ ਅਰਦਾਸ ਕਦੇ ਵੀ ਬਿਰਥੀ ਨਹੀਂ ਜਾਂਦੀ । ਕੀ, ਕਦੇ ਅਸਾਂ ਇਹ ਵਿਚਾਰਿਆ ਹੈ ਕਿ ਜੇ ਵਾਕਿਆ ਹੀ ਸਤਿਗੁਰਾਂ ਨੇ ਆਪਣੇ ਅਕਾਲਪੁਰਖ ਦੇ ਚਰਨਾ ਵਿਚ ਘੋਰ ਯੁੱਧ ਵਿਚ ਜੂਝ ਕੇ ਮਰਨ ਦੀ ਮੰਗ ਅਥਵਾ ਅਰਦਾਸ ਕੀਤੀ ਹੁੰਦੀ ਤਾਂ ਉਹ ਜ਼ਰੂਰ ਪੂਰੀ ਹੋਣੀ ਸੀ ? ਪਰ ਦਸ਼ਮ ਪਿਤਾ ਜੀ ਨੂੰ ਤਾਂ ਆਪਣੇ ਸਿੰਘਾਸਣ ਤੇ ਆਰਾਮ ਕਰਦੇ ਸਮੇ ਵਿਸ਼ਵਾਸ਼ ਘਾਤੀ ਪਠਾਣ ਨੇ ਜਾਨ ਲੇਵਾ ਘਾਉ ਲਾ ਦਿੱਤਾ ਸੀ। ਅਤੇ ਜਿਸ ਦਿਨ ਉਨ੍ਹਾਂ ਨਿਜ ਧਾਮ ਨੂੰ ਪਿਆਣਾ ਕੀਤਾ ਸੀ ਉਸ ਦਿਨ ਵੀ ਘਰ ਯੁੱਧ ਕੋਈ ਨਹੀਂ ਸੀ ਹੋਇਆ। ਆਪਣੇ ਸਤਿਗੁਰੂ ਜੀ ਨਾਲ ਸੱਚਾ ਪਿਆਰ ਕਰਨ ਵਾਲੇ ਸੂਝਵਾਨ ਗੁਰਸਿੱਖਾਂ ਲਈ ਏਹੀ ਸਚਾਈ ਕਾਫ਼ੀ ਹੋਣੀ ਚਾਹੀਦੀ ਸੀ । ਹੁਣ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ । ਆਉ ਉਚੇ ਚੜ੍ਹ ਕੇ ਦੁਹਾਈ ਦੇਈਏ ਕਿ, ਇਹ ਉਪ੍ਰੋਕਤ ਸਵੈਯਾ ਦਸਮੇਸ਼ ਜੀ ਦੇ ਪਾਵਨ ਨਾਮਣੇ ਨਾਲ ਜੋੜ ਰਹੇ ਭਾਈਓ ਅਸੀਂ ਅਗਿਆਨਤਾ ਵੱਸ ਹੋਏ ਬੜਾ ਵਡਾ ਪਾਪ ਖੱਟ ਰਹੇ ਹਾਂ। ਅਕਾਲ ਪੁਰਖ ਨਾਲ ਇੱਕ ਰੂਪ ਹੋ ਚੁੱਕੇ, ਅਕਾਲ-ਰੂਪ ਦਸਮ ਸ੍ਰੀ ਗੁਰੂ ਨਾਨਕ ਜੀ ਦੇ ਪਾਵਨ ਨਾਮਣੇ ਨਾਲ ਅਜੇਹੇ ਕੱਚੇ ਬਚਨ ਜੋੜ ਕੇ ਅਸੀਂ ਮਹਾਂ ਬਲੀ ਜੀ ਦੀ ਘੋਰ ਨਿੰਦਿਆ ਕਰ ਰਹੇ ਹਾਂ।
(ੲ) ਨੇਕ ਹਿਰਦੇ ਵਾਲਾ ਕੋਈ ਵੀ ਮਨੁੱਖ, ਜੰਗ ਦੀ ਮੰਗ ਕਦੇ ਨਹੀਂ ਕਰਦਾ ਸਗੋਂ ਸਦਾ ਸਰਬੱਤ ਦੇ ਭਲੇ ਦੀ ਹੀ ਲੋਚਨਾ ਕਰਦਾ ਹੈ। ਦਸ਼ਮੇਸ਼ ਜੀ ਨੇ ਆਪਣੀ ਜ਼ਿੰਗਦੀ ਵਿਚ ਕਿਸੇ ਥਾਂ ਵੀ ਆਪ ਜੰਗ ਨਹੀਂ ਸੀ ਸਹੇੜੀ । ਹਥਿਆਰ ਚੁੱਕਣ ਦੀ ਲੋੜ ਵੀ ਉਸੇ ਸਥਿਤੀ ਵਿਚ ਹੀ ਸਮਝੀ, ਜਦੋ ਸੁਲਾਹ ਸਫ਼ਾਈ ਦਾ ਦੂਜਾ ਹੋਰ (ਕਰਬਾਨੀਆਂ ਦੇਣ ਸਮੇਤ) ਕੋਈ ਚਾਰਾ ਨਹੀਂ ਸੀ ਰਿਹਾ ਹੁੰਦਾ। ਫਿਰ ਕਿਵੇਂ ਮਨ ਲਿਆ ਜਾਵੇ ਕਿ ਉਪ੍ਰੋਕਤ ਵਰ ਦਸ਼ਮੇਸ਼ ਜੀ ਨੇ ਹੀ ਮੰਗਿਆ ਸੀ?
(ਸ) ਦਾਸ ਦੀ ਉਮਰ 78 ਸਾਲ ਦੀ ਹੋ ਗਈ ਹੈ । ਸਾਰੀ ਉਮਰ ਕਦੇ ਵੀ ਕਿਸੇ ਥਾਂ ਕੋਈ ਅਜੇਹਾ ਧਰਮ-ਯੁੱਧ ਲੱਗਾ ਨਹੀਂ ਸੁਣਿਆਂ ਜਿਸ ਵਿਚ ਲੜ ਕੇ ਮਰ ਮਿਟਨ ਦਾ ਚਾਉ, ਕਿਸੇ ਸਿੰਘ ਜੀ ਦੇ ਹਿਰਦੇ ਵਿਚ ਠਾਠਾਂ ਮਾਰ ਉਠਿਆ ਹੋਵੇ ? ਗੁਰੂ ਕੇ ਬਾਗ਼ ਦਾ, ਗੁਰੂ ਦੁਆਰਿਆਂ ਨੂੰ ਮਹੰਤਾਂ ਕੋਲੋਂ ਛੁਡਵਾਉਣ ਦਾ, ਜੈਤੋ ਦਾ ਮੋਰਚਾ, ਆਦਿ ਅੱਜ ਤੱਕ ਸਿੰਘਾਂ ਦੇ ਸਾਰੇ ਮੋਰਚੇ ਧਰਮ ਯੁੱਧ ਸਿੱਧ ਨਹੀਂ ਹੋਏ। ਇਹ ਸਾਰੇ ਮੋਰਚੇ ਕੇਵਲ ਅਤੇ ਕੇਵਲ ਤੱਦ ਧਰਮ-ਯੁੱਧ ਸਮਝੇ ਜਾ ਸਕਦੇ ਸਨ, ਜੇ ਅਸਾਂ ਆਪਣੇ ਧਰਮ ਅਸਥਾਨਾਂ ਨੂੰ, ਪਦਾਰਥਕ ਮੰਗਾਂ ਵਾਲੀਆਂ ਸੁਖਣਾ ਤੋਂ ਅਰੰਭ ਹੋ ਕੇ, ਪੂਜਾ ਪਾਠ ਨਾਲ ਸੰਬਧਤ ਸਾਰੀਆਂ ਬ੍ਰਾਹਮਣੀ ਰੀਤਾਂ ਤੋਂ ਪਾਕ-ਸਾਫ਼ ਕਰਕੇ, ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਵਾਲਾ ਗਿਆਨ ਮੰਦਰ ਅਥਵਾ ਸਤਿਗੁਰੂ ਨਾਨਕ ਜੀ ਵਾਲੀ ਧਰਮ-ਸ਼ਾਲ (=ਧਰਮ ਸਿੱਖਣ ਦੀ ਥਾਂ) ਹੀ ਬਣਾ ਲਿਆ ਹੁੰਦਾ । ਪਰ ਅੱਜ ਪਾਵਨ ਪਵਿੱਤਰ ਹਰਿਮੰਦਰ ਸਾਹਿਬ ਸਮੇਤ, ਸਿਆਸਤ ਦੇ ਅਖਾੜੇ ਬਣ ਚੁੱਕੇ ਗੁਰੂ ਦੁਆਰਿਆਂ ਵਿਚ ਜੋ ਹੋ ਰਿਹਾ ਹੈ ਉਹ ਨਰੈਣੂੰ ਮਹੰਤਾਂ ਦੇ ਟੋਲੇ ਦੇ ਵੀ ਕੰਨ ਕੁਤਰ ਰਿਹਾ ਹੈ। ਅਜੇਹੇ ਤੱਥਾਂ ਦੇ ਕੱਚੇ ਚਿੱਠੇ ਦਾ ਵੇਰਵਾ ਲਿਖ ਕੇ ਦਾਸ ਨੇ ਕਈ ਵਾਰੀ ਸ਼੍ਰੋਮਣੀ ਜਥੇਦਾਰ ਸਾਹਿਬਾਨ ਦੀ ਸੇਵਾ ਵਿਚ ਭੇਜਿਆ ਹੈ। ਪਰ ਉਨ੍ਹਾਂ ਵੱਲ ਧਿਆਨ ਤਾਂ ਤਦ ਹੀ ਦਿੱਤਾ ਜਾਵੇ ਜੇ ਅਗਲੇ ਬੰਨੇ ਸੱਚ ਦਾ ਮੁਤਲਾਸ਼ੀ, ਕੋਈ ਸੁਹਿਰਦ ਗੁਰਮੁਖਿ ਪਿਆਰਾ ਅਜੇਹੀ ਸੂਚਨਾਂ ਦੀ ਉਡੀ ਕਰ ਰਿਹਾ ਹੋਵੇ ? ਕਦੋਂ ਬਣੇ ਪੰਥ ਦਾ ਅਜੇਹਾ ਆਗੂ ਜਿਸ ਦੇ ਹਿਰਦੇ ਵਿਚ, ਪੰਥ ਵਿਚੋਂ ਕੁਰੀਤੀਆਂ ਨੂੰ ਦੂਰ ਕਰਨ ਦੀ ਅਪਾਰ ਸੱਧਰ ਪੈਦਾ ਹੋ ਚੁੱਕੀ ਹੋਵੇ ?
(ਹ) ਆਪਣੀ ਜਿੰਦਗੀ ਵਿਚ ਕਈ ਧਰਮ ਆਗੂ--ਸੰਤ ਅਤਰ ਸਿੰਘ, ਰਾੜੇ ਵਾਲੇ ਸੰਤ, ਕਲੇਰਾਂ ਵਾਲੇ ਸਾਰੇ ਸੰਤ, ਸੰਤ ਹਰਨਾਮ ਸਿਘੰ ਗੜ੍ਹਦੀ ਵਾਲਾ, ਰਮਾਦਾਸ ਦਾ ਸੰਤ, ਭਿੰਡਰਾਂ ਵਾਲੇ ਸੰਤ ਗੁਰਬਚਨ ਸਿੰਘ ਅਤੇ ਸੰਤ ਕਰਤਾਰ ਸਿੰਘ, ਭਾਈ ਵੀਰ ਸਿੰਘ ਆਦਿ ਵੱਡੇ ਤੋਂ ਵੱਡੇ ਧਰਮਾਤਮਾਂ ਦੀ ਅਥਵਾ ਕਿਸੇ ਵੀ ਮਹਾਂਪੁਰਖ ਦੀ ਮੌਤ--ਅਤਿ ਹੀ ਰਣ ਮੈ ਤਬ ਜੂਝ ਮਰੋਣ ਦੀ ਮੰਗ ਵਾਲੀ ਸੱਧਰ, ਪੂਰੀ ਨਹੀਂ ਕਰ ਸਕੀ। ਕੋਈ ਬਿਮਾਰੀ ਨਾਲ, ਕੋਈ ਦੁਘਟਨਾਂ ਦਾ ਸ਼ਿਕਾਰ--ਸਭ ਦੇ ਸਭ ਮੰਜੀ ਤੇ ਅੱਡੀਆਂ ਰਗੜਦੇ ਹੀ ਮੁਲਕੇ ਅਦਮ ਨੂੰ ਰੁਖ਼ਸਤ ਹੁੰਦੇ ਰਹੇ। ਫਿਰ ਕੀ ਇਹ ਕਵਿਤਾ ਕਿਤੇ ਸਾਨੂੰ ਕੌਮੀ ਤੌਰ ਤੇ ਮੂਰਖ ਬਨਾਉਣ ਲਈ ਹੀ ਤਾਂ ਨਹੀਂ ਰਚੀ ਗਈ ਹੋਈ? ਇਸ ਗੱਲ ਵਿਚ ਸਰਕਾਰ ਦਾ ਕੀ ਭੇਤ ਹੈ ਕਿ ਜਦੋਂ ਵੀ ਪਾਕਿਸਤਾਨ ਸਰਕਾਰ ਨਾਲ ਜੰਗ ਛਿੜੀ ਰੇਡੀਓ ਅਥਵਾ ਟੀ ਵੀ ਦੇ ਪ੍ਰੋਗਰਾਮਾਂ ਵਿਚ ਦੇਹ ਸ਼ਿਵਾ ਬਰ ਮੋਹਿ ।।। ਉਪ੍ਰੋਕਤ ਸ੍ਵੈਯਾ ਬੜੀ ਪ੍ਰਧਾਨ ਥਾਂ ਮਲ ਰਿਹਾ ਹੁੰਦਾ ਹੈ ਪਰ ਅੱਗੇ ਪਿੱਛੇ ਲੱਗ-ਪਗ ਅਲੋਪ ?
(ਕ) ਅਜੇਹਾ ਕੱਚਾ ਅਤੇ ਕੁਰਾਹੇ ਪਾਉਣ ਵਾਲਾ ਉਪਦੇਸ਼ ਸੁਆਰਦਾ ਕੁਝ ਨਹੀਂ ਪਰ ਵਿਗਾੜਦਾ ਬੜਾ ਕੁਝ ਹੈ-- ਜੈਸਾ ਸੇਵੇ ਤੈਸੋ ਹੋਇ ਗੁਰਮਤਿ ਸਿਧਾਂਤ ਨੇ ਆਪਣਾ ਰੰਗ ਵਿਖਾਇਆ। ਸਿੱਖਾਂ ਬਾਰੇ ਅਖਾਣ ਬਣ ਗਿਆ ਕਿ, ਜੇ ਇਨ੍ਹਾਂ ਨੂੰ ਬਾਹਰ ਦਾ ਕੋਈ ਨਾ ਮਿਲੇ, ਤਾਂ ਘਰਦਿਆਂ ਨਾਲ ਹੀ ਲੜਾਈ ਸਹੇੜ ਕੇ ਵੱਢ ਟੁੱਕ ਕਰਨ ਵਾਲਾ ਆਪਣਾ ਝੱਸ ਪੂਰਾ ਕਰ ਲੈਂਦਾ ਹਨ । ਸੂਰਬੀਰ, ਨਿਰਭੈ, ਸਰਬੱਤ ਦੇ ਸੱਚੇ ਮਿੱਤਰ ਹਰ ਪੱਖੋਂ ਨਿਰਵੈਰ, ਅਤੇ ਖਿਮਾ ਦੇ ਪੁਤਲੇ, ਜਿਸ ਸੰਤ ਸੂਰਮੇ ਖ਼ਾਲਸਾ ਨੂੰ, ਕਦੇ, ਸਿਵਾਏ
(1) ਆਪਣੇ ਅੰਦਰ ਬੈਠੇ ਪ੍ਰਭੂ ਰਾਜੇ
(ਅੰਦਰਿ ਰਾਜਾ ਤਖਤੁ ਹੈ ਆਪੇ ਕਰੇ ਨਿਆਉ ।।
ਗੁਰ ਸਬਦੀ ਦਰੁ ਦਰੁ ਜਾਣੀਐ ਅੰਦਰਿ ਮਹਲੁ ਅਸਰਾਉ ।।
ਖਰੇ ਪਰਖਿ ਖਜਾਨੈ ਪਾਈਅਨਿ ਖੋਟਿਆ ਨਾਹੀ ਥਾਉ ।।) ਤੋਂ ਦੂਰੀ ਪੈ ਜਾਣ ਦੇ ਡਰ ਤੋਂ, ਅਤੇ ਆਪਣੇ ਸਤਿਗੁਰਾਂ ਦੀ ਨਰਾਜਗੀ ਖੱਟ ਬੈਹਣ ਦੇ ਭੈ ਤੋਂ, ਹੋਰ ਦੂਜੇ ਕਿਸੇ ਦਾ ਕੋਈ ਡਰ ਭੈ ਕਦੇ ਨੇੜੇ ਆਇਆ ਹੀ ਨਹੀਂ ਸੀ, ਅੱਜ ਉਹੀ ਸਿੰਘ ਆਪਣੇ ਆਚਰਨ ਦੀ ਕਮਜ਼ੋਰੀ ਤੋਂ ਭੈ ਭੀਤ ਬਿੱਪ੍ਰ ਦੇ ਰਲਾਏ ਘਾਤਕ ਮਹੁਰੇ ਨੂੰ ਅੰਮ੍ਰਿਤ ਦੇ ਘੁੱਟ ਸਮਝ ਕੇ ਪੀਂਦੇ ਰਹਿਣ ਵਿਚ ਆਪਣੀ ਕਲਿਆਣ ਮੰਨ ਬੈਠਾ ਹੋਇਆ ਹੈ। ਸਿੱਖੀ ਦੇ ਵੈਰੀ ਨੇ ਜਿਸ ਯੋਜਨਾ ਅਧੀਨ, ਗੁਰਮਤਿ ਵਿਰੋਧੀ ਇਹ ਸਾਰਾ ਕੁਝ ਪੰਥਕ ਮਰਯਾਦਾ ਵਿਚ ਲਿਆ ਵਾੜਿਆ ਸੀ, ਉਸ ਦੀ ਉਹ ਕੁਟਲ ਯੋਜਨਾਂ ਪੂਰੀ ਤਰ੍ਹਾਂ ਸਫ਼ਲ ਰਹੀ। ਭਾਵੇਂ, ਗੁਰੂ ਨਾਨਕ ਜੀ ਦੀ ਸੱਖੀ ਵੀ ਸਤਿਗੁਰਾਂ ਵਲ ਪਿੱਠ ਕਰਕੇ ਭਾਰਤੀ ਬੋਧੀਆਂ ਵਾਲੇ ਰਾਹੇ ਪੈ ਚੁੱਕੀ ਹੈ, ਅਤੇ ਜ਼ਾਹਰਾ ਤੌਰ ਦੇ ਹੁਣ ਮੋੜਾ ਖਾ ਲੈਣ ਦੀ ਸੰਭਾਵਣਾ ਦੇ ਸਾਰੇ ਰਸਤੇ ਬੰਦ ਹੋ ਚੁੱਕੇ ਅਨੁਭਵ ਹੋ ਰਹੇ ਹਨ, ਪਰ, ਫਿਰ ਵੀ ਭਰੋਸਾ ਬੱਝਾ ਹੋਇਆ ਹੈ ਕਿ, ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਦਾਸ ਕੋਲੋਂ ਇਹ ਸਭ ਕੁਝ ਨਿਸਫ਼ਲ ਕਦੇ ਨਹੀਂ ਲਿਖਾਇਆ। ਪੱਥਰ ਤੇ ਲਕੀਰ ਵਰਗਾ ਯਕੀਨ ਬਣ ਰਿਹਾ ਹੈ ਕਿ, ਚਮਤਕਾਰੀ ਸਤਿਗੁਰੂ ਬਾਬਾ ਜੀ ਦੇ ਦਰੋਂ ਖ਼ੈਰ ਜ਼ਰੂਰ ਪੈ ਜਾਣੀ ਹੈ। ਸਵੇਰ ਦੇ ਭੁੱਲੇ ਸਿੰਘ ਸਹਿਬ ਜੀ ਨੇ, ਪੂਰੀ ਤਰ੍ਹਾਂ ਸੂਰਜ ਡੁੱਬਣ ਤੋਂ ਪਹਿਲਾਂ, ਆਪਣੇ ਮੂਲ ਵੱਲ ਜ਼ਰੂਰ ਮੋੜਾ ਖਾ ਲੈਣਾ ਹੈ। ਅਤੇ ਫਿਰ ਉਸੇ ਫ਼ਤਹਿ ਦੇ ਨਗਾਰੇ ਨੇ ਗੜਗੱਜ ਪਾ ਦੇਣੀ ਹੈ :--- 32-
- ਸਲੋਕੁ ॥ ਫਾਹੇ ਕਾਟੇ ਮਿਟੇ ਗਵਨ ਫਤਿਹ ਭਈ ਮਨਿ ਜੀਤ ॥
ਨਾਨਕ ਗੁਰ ਤੇ ਥਿਤ ਪਾਈ ਫਿਰਨ ਮਿਟੇ ਨਿਤ ਨੀਤ ॥1॥ {258}-38
ਅਰਥ:-ਸਤਿਗੁਰੂ ਜੀ ਫ਼ੁਰਮਾਨ ਕਰਦੇ ਹਨ ਕਿ, ਜੇ ਆਪਣੇ ਮਨ ਨੂੰ ਜਿੱਤ ਲਈਏ, (ਵੱਸ ਵਿਚ ਕਰ ਲਈਏ) ਤਾਂ (ਵਿਕਾਰਾਂ ਉਤੇ) ਜਿੱਤ ਪ੍ਰਾਪਤ ਹੋ ਜਾਂਦੀ ਹੈ, ਮਾਇਆ ਦੇ ਮੋਹ ਦੇ ਬੰਧਨ ਕੱਟੇ ਜਾਂਦੇ ਹਨ, ਤੇ (ਮਾਇਆ ਪਿੱਛੇ) ਭਟਕਣਾ ਮੁੱਕ ਜਾਂਦੀ ਹੈ । ਜਿਸ ਮਨੁੱਖ ਨੂੰ ਗੁਰੂ ਪਾਸੋਂ ਮਨ ਦੀ ਅਡੋਲਤਾ ਮਿਲ ਜਾਂਦੀ ਹੈ, ਉਸ ਦੇ ਜਨਮ ਮਰਨ ਦੇ ਗੇੜ ਸਦਾ ਲਈ ਮੁੱਕ ਜਾਂਦੇ ਹਨ । 1 ।
ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ
ਦੇਹ ਸ਼ਿਵਾ ਬਰ ਮੋਹਿ ?
Page Visitors: 2587