“ਅੱਥ ਜਿਉਣਵਾਲ ਕਥਿਯਤੇ॥” ਬਾਰੇ
ਕੁਝ ਦਿਨ ਪਹਿਲਾਂ ਇਸ ਸਾਇਟ ਤੇ ਇਕ ਲੇਖ ਛਪਿਆ ਸੀ “ਅੱਥ ਜਿਉਣਵਾਲ ਕਥਿਯਤੇ॥”
ਲੇਖ/ਪੱਤਰ ਵਿੱਚ ਕੁਝ ਹਵਾਲੇ ਦੇ ਕੇ ਇਕ ਸੱਜਣ ਨੂੰ ਕੁਝ ਸਵਾਲ ਕੀਤੇ ਗਏ ਹਨ।ਸਵਾਲ ਬੇਸ਼ੱਕ ਕਿਸੇ ਹੋਰ ਸੱਜਣ ਜੀ ਦੇ ਨਾਮ ਕੀਤੇ ਗਏ ਹਨ, ਪਰ ਕਿਉਂਕਿ ਸਵਾਲ ਸਿੱਖ ਜਗਤ ਨਾਲ ਸੰਬੰਧਤ ਹਨ ਇਸ ਲਈ ਕੋਈ ਵੀ ਸਿੱਖ ਇਸ ਬਾਰੇ ਵਿਚਾਰ ਵਟਾਂਦਰਾ ਕਰਨ ਦਾ ਹੱਕ ਰੱਖਦਾ ਹੈ।ਸੋ ਮੈਂ ਲੇਖਕ ਨਾਲ ਵਿਚਾਰ ਵਟਾਂਦਰਾ ਕਰਨ ਦੀ ਇੱਛਾ ਰੱਖਦਾ ਹਾਂ।
ਲੇਖ ਵਿੱਚ ਸਿੱਖ ਰਹਿਤ ਮਰਯਾਦਾ ਵਿੱਚੋਂ ਹਵਾਲਾ ਦਿੱਤਾ ਗਿਆ ਹੈ- “ਜੋ ਇਸਤਰੀ ਜਾਂ ਪੁਰਸ਼ ਇਕ ਅਕਾਲ ਪੁਰਖ, ਦਸ ਗੁਰੂ ਸਾਹਿਬਾਨ (ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ) ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਤੇ ਸਿੱਖਿਆ ਅਤੇ ਦਸ਼ਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ ਹੈ ਅਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ”।
ਸਵਾਲ 2 - “ਜੇ ਇਹ ਰਹਿਤ ਮਰਯਾਦਾ ਠੀਕ ਹੈ ਤਾਂ ਇਹ ਦੱਸਣਾ ਕਿ ਛੇਵੇਂ ਸੱਤਵੇਂ ਅਤੇ ਅੱਠਵੇਂ ਗੁਰੂ ਸਾਹਿਬ ਦੀ ਬਾਣੀ ਕਿਹੜੀ ਗੀਤਾ ਵਿੱਚ ਦਰਜ਼ ਹੈ?” ਵਿਚਾਰ- ਲੇਖਕ ਸਿੱਖ ਰਹਿਤ ਮਰਯਾਦਾ ਵਿੱਚੋਂ ਪੇਸ਼ ਕੀਤੇ ਹਵਾਲੇ ਨੂੰ ਪਹਿਲਾਂ ਗ਼ੌਰ ਨਾਲ ਪੜ੍ਹਨ ਦੀ ਖੇਚਲ ਕਰੇ।ਪੰਗਤੀ ਇਸ ਤਰ੍ਹਾਂ ਹੈ- “ਦਸ ਗੁਰੂ ਸਾਹਿਬਾਨ ਦੀ ਬਾਣੀ **ਤੇ ਸਿੱਖਿਆ** ..” ਅਤੇ ਦਸ਼ਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ ਹੈ…”।
ਦਸਾਂ ਹੀ ਗੁਰੂ ਸਾਹਿਬਾਂ ਦੇ ਜੀਵਨ ਤੋਂ ਸਾਨੂੰ ਸਹੀ ਜੀਵਨ ਸੇਧ ਮਿਲਦੀ ਹੈ।ਇਸ ਲਈ ਜਰੂਰੀ ਨਹੀਂ ਕਿ ਸਾਰੇ ਗੁਰੂ ਸਾਹਿਬਾਨ ਨੇ ਆਪਣੀ ਬਾਣੀ ਉਚਾਰ ਕੇ ਹੀ ਸਾਨੂੰ ਸਿਖਿਆ ਦੇਣੀ ਸੀ।ਸਾਂਝੇ ਤੌਰ ਤੇ ਲਫਜ “ਬਾਣੀ **ਤੇ ਸਿਖਿਆ**” ਵਰਤੇ ਗਏ ਹਨ।ਦਸ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਇੱਕ ਹੈ, ਬਾਣੀ ਇਕ ਹੈ।ਸਿਖਿਆ ਇੱਕ ਹੈ।ਇਸ ਲਈ ਇਸ ਨੂੰ ਦਸ ਗੁਰੂ ਸਾਹਿਬਾਨ ਦੀ ਬਾਣੀ ਹੀ ਕਿਹਾ ਜਾਵੇਗਾ, ਅਤੇ ਕਿਹਾ ਗਿਆ ਹੈ।
ਸਵਾਲ ਕੀਤਾ ਗਿਆ ਹੈ ਕਿ “ਜੇ ਇਹ ਰਹਿਤ ਮਰਯਾਦਾ ਠੀਕ ਹੈ ਤਾਂ’ ਇਹ ਦੱਸਣਾ ਕਿ ਛੇਵੇਂ ਸੱਤਵੇਂ ਅਤੇ ਅੱਠਵੇਂ ਗੁਰੂ ਸਾਹਿਬ ਦੀ ਬਾਣੀ ਕਿਹੜੀ ਗੀਤਾ ਵਿੱਚ ਦਰਜ਼ ਹੈ?”
ਸਵਾਲ ਪੈਦਾ ਹੁੰਦਾ ਹੈ ਕਿ “ਛੇ ਗੁਰੂ ਸਾਹਿਬਾਨ ਦੀ ਬਾਣੀ” ਜਾਂ “ਦਸ ਗੁਰੂ ਸਾਹਿਬਾਨ ਦੀ ਬਾਣੀ” ਲਿਖੇ ਹੋਣ ਨਾਲ ਰਹਿਤ ਮਰਯਾਦਾ ਦੇ ਠੀਕ ਜਾਂ ਗ਼ਲਤ ਹੋਣ ਦਾ ਕੀ ਸੰਬੰਧ ਹੈ? “ਛੇ ਗੁਰੂ ਸਾਹਿਬਾਨ” ਲਿਖਣ ਨਾਲ ਵੀ ਅਤੇ “ਦਸ ਗੁਰੂ ਸਾਹਿਬਾਨ” ਲਿਖਣ ਨਾਲ ਵੀ, ਬਾਣੀ ਵੀ ਓਹੀ ਰਹਿਣੀ ਹੈ ਅਤੇ ਰਹਿਤ ਮਰਯਾਦਾ ਵੀ ਓਹੀ ਰਹਿਣੀ ਹੈ।
ਸਵਾਲ 3- “ਕੀ ਗੁਰੂ ਸਾਹਿਬ ਜੀ ਦੀ ਬਾਣੀ ਮੁਤਾਬਕ ਅੰਮ੍ਰਿਤ ਬਣਾਇਆ ਜਾ ਸਕਦਾ ਹੈ?”
ਵਿਚਾਰ- ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਅਧਿਆਤਮਿਕਤਾ ਦੀ ਸੇਧ ਦਿੰਦੀ ਹੈ।ਗੁਰਬਾਣੀ ਵਿੱਚ ਆਇਆ ਲਫਜ਼ “ਅੰਮ੍ਰਿਤ” ਅਧਿਆਤਮਿਕਤਾ ਨਾਲ ਸੰਬੰਧਤ ਹੈ। ਪਰ ਸਿੱਖ ਨੇ **ਸਿੱਖ-ਪੰਥ** ਰੂਪ ਵਿੱਚ ਵਿਚਰਨਾ ਹੈ।ਅਤੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਜੋ “ਅੰਮ੍ਰਿਤ” ਦੀ ਰੀਤ ਚਲਾਈ ਗਈ ਹੈ ਇਹ *ਸਿੱਖ-ਪੰਥ* ਨਾਲ ਜੁੜਿਆ ਵਿਸ਼ਾ ਹੈ।
ਸੋ ਤੀਸਰੇ ਸਵਾਲ ਦਾ ਜਵਾਬ ਹੈ- “ਹਾਂ ਦਸਮ ਪਾਤਸ਼ਾਹ ਦੁਆਰਾ ਚਲਾਇਆ ਗਿਆ ਅੰਮ੍ਰਿਤ ਵੀ ਠੀਕ ਹੈ ਅਤੇ ਬਣਾਇਆ ਜਾ ਸਕਦਾ ਹੈ”। ਲੇਖਕ, ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ‘ਅਧਿਆਤਮਿਕਤਾ ਵਾਲੇ ਅੰਮ੍ਰਿਤ’ ਅਤੇ ਦਸਮ ਪਾਤਸ਼ਾਹ ਦੁਆਰਾ ਚਲਾਏ ਗਏ ‘ਪੰਥਕ ਜੱਥੇਬੰਦੀ ਵਾਲੇ ਅੰਮ੍ਰਿਤ’ ਦੇ ਫਰਕ ਨੂੰ
ਸਮਝਣ ਦੀ ਖੇਚਲ ਕਰੇ।
ਸਵਾਲ 4 ਬਾਰੇ ਵਿਚਾਰ- ਚੌਥੇ ਸਵਾਲ ਦਾ ਜਵਾਬ ਉੱਪਰ ਲਿਖ ਦਿੱਤਾ ਗਿਆ ਹੈ।ਜੇ ਲੇਖਕ ਨੂੰ ਜਵਾਬ ਨਾਲ ਤਸੱਲੀ ਨਹੀਂ ਤਾਂ ਹੋਰ ਵਿਸਥਾਰ ਨਾਲ ਸਮਝਾਣ ਲਈ ਲੇਖਕ ਪਹਿਲਾਂ ਇਸ ਗੱਲ ਦਾ ਜਵਾਬ ਦੇਣ ਦੀ ਖੇਚਲ ਕਰੇ:-
ਗੁਰਬਾਣੀ ਫੁਰਮਾਨ ਹੈ- “ਮਨੁ ਹਾਲੀ ਕਿਰਸਾਣੀ ਕਰਨੀ …॥”(595) ਕੀ ਗੁਰਬਾਣੀ ਦੇ ਇਸ ਫੁਰਮਾਨ ਦੇ ਹੁੰਦਿਆਂ ਖੇਤਾਂ ਵਿੱਚ ਜ਼ਮੀਨ ਤੇ ਲੱਕੜ ਜਾਂ ਲੋਹੇ ਆਦਿ ਦੇ ਹਲ਼ ਨਾਲ ਖੇਤੀ ਵਾਹੀ ਦਾ ਕੰਮ ਕੀਤਾ ਜਾ ਸਕਦਾ ਹੈ? ਸ਼ਾਇਦ ਇਸ ਗੱਲ ਦਾ ਜਵਾਬ ਆਣ ਨਾਲ ਇਸ ਗੱਲ ਦਾ ਜਵਾਬ ਵੀ ਆਪੇ ਆ ਜਾਵੇ ਕਿ- “ਕੀ ਗੁਰੂ ਸਾਹਿਬ ਜੀ ਦੀ ਬਾਣੀ ਮੁਤਾਬਕ ਅੰਮ੍ਰਿਤ ਬਣਾਇਆ ਜਾ ਸਕਦਾ ਹੈ?”
“ਕੀ ਗੁਰੂ ਸਾਹਿਬ ਜੀ ਦੀ ਬਾਣੀ ਮੁਤਾਬਕ ਖੇਤਾਂ ਵਿੱਚ ਜ਼ਮੀਨ ਤੇ ਲੱਕੜ ਜਾਂ ਲੋਹੇ ਆਦਿ ਦੇ ਹਲ਼ ਨਾਲ ਖੇਤੀ ਵਾਹੀ ਦਾ ਕੰਮ ਕੀਤਾ ਜਾ ਸਕਦਾ ਹੈ? ਲੇਖਕ ਨੇ ਆਪਣੇ ਲਿਖੇ ਕਬਿਤ ਵਿੱਚ ਜੋ ਸ਼ਬਦਾਵਲੀ ਵਰਤੀ ਹੈ ਉਸ ਤਰ੍ਹਾਂ ਦੀ ਸ਼ਬਦਾਵਲੀ ਦਸਮ ਗ੍ਰੰਥ ਵਿੱਚ ਵਰਤੀ ਹੋਣ ਕਰਕੇ ਲੇਖਕ ਨੇ ‘ਦਸਮ ਗ੍ਰੰਥ’ ਦੇ ਵਿਰੋਧ ਦਾ ਬੀੜਾ ਚੁੱਕਿਆ ਹੋਇਆ ਹੈ।ਪਰ ਇਸ ਦੀਆਂ ਖੁਦ ਦੀਆਂ ਲਿਖਤਾਂ ਵਿੱਚੋਂ ਜਿਹੜੇ ਅੰਮ੍ਰਿਤ-ਵਚਨਾ ਦਾ ਰਸ ਟਪਕਦਾ ਹੈ ਸਾਰੇ ਜਾਣਦੇ ਹਨ।
ਦਸਮ ਗ੍ਰੰਥ ਦਾ ਵਿਰੋਧ ਕਰਨਾ ਤਾਂ ਲੇਖਕ ਦਾ ਸ਼ੁਗਲ ਅਤੇ ਬਹਾਨਾ ਲੱਗਦਾ ਹੈ, ਅਸਲ ਵਿੱਚ ਦਸਮ ਗ੍ਰੰਥ ਦੀਆਂ ਲਿਖਤਾਂ ਦੇ ਬਹਾਨੇ ਲੇਖਕ ਆਪਣਾ ਠਰਕ ਪੂਰਾ ਕਰਦਾ ਹੈ।ਜੇ ਇਹ ਦਸਮ ਗ੍ਰੰਥ ਦੀ ਸ਼ਬਦਾਵਲੀ ਨੂੰ ਅਸ਼ਲੀਲ ਦੱਸਦਾ ਹੈ ਤਾਂ ਖੁਦ ਅਸ਼ਲੀਲ ਲਫਜ ਵਰਤ ਕੇ ਕਬਿਤ ਕਿਵੇਂ ਲਿਖ ਸਕਦਾ ਹੈ? ਦਰਅਸਲ ਇਹ ਆਪਣੀ ਬੋਲ ਬਾਣੀ ਦੇ ਜਰੀਏ ਦੁਸਰਿਆਂ ਨੂੰ ਚੁਪ ਕਰਾਣ ਵਿੱਚ ਮਾਹਰ ਹੈ, ਕਿਉਂਕਿ ਹਰ ਕੋਈ ਇਸ ਜਿੰਨੀ ਘਟੀਆ ਸ਼ਬਦਾਵਲੀ ਦਾ ਇਸਤੇਮਾਲ ਨਹੀਂ ਕਰ ਸਕਦਾ, ਇਸ ਲਈ ਹਰ ਬੰਦਾ ਚਿੱਕੜ ਵਿੱਚ ਇੱਟ ਸਿੱਟਣ ਤੋਂ ਟਲਦਾ ਹੈ।
ਪਾਠਕਾਂ ਲਈ ਨੋਟ- ਮੈਂ ਕੋਈ ਦਸਮ ਗ੍ਰੰਥ ਦਾ ਹਮਾਇਤੀ ਨਹੀਂ, ਇੱਥੇ ਜੋ ਵੀ ਲਿਖਿਆ ਹੈ ਇਹ ਜਵਾਬ ਵਜੋਂ ਹੀ ਲਿਖਿਆ ਹੈ।
ਸੰਪਾਦਕ ਜੀ! ਬੇਨਤੀ ਹੈ ਕਿ ਇਸ ਸਾਇਟ ਦਾ ਮਹੌਲ ਠੀਕ ਰੱਖਣ ਲਈ ਲੇਖਕ ਦੁਆਰਾ ਵਰਤੀ ਗਈ ਸ਼ਬਦਾਵਲੀ ਦਾ ਨੋਟਿਸ ਲਿਆ ਜਾਵੇ ਜੀ।ਧੰਨਵਾਦ।
ਜਸਬੀਰ ਸਿੰਘ ਵਿਰਦੀ (ਕੈਲਗਰੀ)