ਕੈਟੇਗਰੀ

ਤੁਹਾਡੀ ਰਾਇ



ਕਿਰਪਾਲ ਸਿੰਘ ਬਠਿੰਡਾ
ਇਹ ਵਿਕਣ ਵਾਲਿਆਂ ਦੀ ਮੰਡੀ ਹੈ, ਏਥੇ ਸਭ ਗੱਦਾਰ ਬੈਠੇ ਨੇ,
ਇਹ ਵਿਕਣ ਵਾਲਿਆਂ ਦੀ ਮੰਡੀ ਹੈ, ਏਥੇ ਸਭ ਗੱਦਾਰ ਬੈਠੇ ਨੇ,
Page Visitors: 2564

ਇਹ ਵਿਕਣ ਵਾਲਿਆਂ ਦੀ ਮੰਡੀ ਹੈ, ਏਥੇ ਸਭ ਗੱਦਾਰ ਬੈਠੇ ਨੇ,
ਗਿਆਨੀ  ਗੁਰਮੁਖ ਸਿੰਘ ਨੂੰ ਪਹਿਲਾਂ ਸਜਾ ਦੇ ਤੌਰ ’ਤੇ ਅਹੁਦੇ ਤੋਂ ਹਟਾਇਆ ਜਾਣਾ ਤੇ ਹੁਣ ਬਹਾਲ ਕੀਤੇ ਜਾਣ ਪਿੱਛੇ ਛੁਪਿਆ ਸੱਚ ਆਇਆ ਸਾਹਮਣੇ
ਗਿਆਨੀ ਗੁਰਮੁਖ ਸਿੰਘ ਦੇ ਭਰਾ ਹਿੰਮਤ ਸਿੰਘ ਵੱਲੋਂ ਗਵਾਹੀ ਤੋਂ ਮੁੱਕਰ ਜਾਣ ਨਾਲ ਆਈ ਬਿੱਲੀ ਥੈਲੇ ਤੋਂ ਬਾਹਰ
ਕਿਰਪਾਲ ਸਿੰਘ ਬਠਿੰਡਾ 9855480797
  ਸੌਧਾ ਸਾਧ ਨੂੰ ਅਖੌਤੀ ਜਥੇਦਾਰਾਂ ਵੱਲੋਂ 24 ਸਤੰਬਰ 2015 ਨੂੰ ਦੋਸ਼ ਮੁਕਤ ਕਰਾਰ ਦੇਣ ਪਿੱਛੋਂ ਇਨ੍ਹਾਂ ਸਰਬਉੱਚ ਕਹਾਉਣ ਵਾਲੇ ਜਥੇਦਾਰਾਂ ਨੂੰ ਸੋਸ਼ਿਲ ਮੀਡੀਏ ਅਤੇ ਸੰਗਤ ਵਿੱਚ ਇਤਨੀਆਂ ਲਾਹਨਤਾਂ ਪੈ ਰਹੀਆਂ ਸਨ ਕਿ ਇਨ੍ਹਾਂ ਲਈ ਪਬਲਿਕ ਵਿੱਚ ਵਿਚਰਨਾ ਇਤਨਾ ਮੁਸ਼ਕਲ ਹੋ ਗਿਆ ਸੀ ਕਿ ਤਿੰਨ ਹਫਤੇ ਪਿੱਛੋਂ ਹੀ 15 ਅਕਤੂਬਰ ਨੂੰ ਇਨ੍ਹਾਂ ਨੂੰ ਮੁਆਫੀ ਵਾਲਾ ਉਹ ਹੁਕਮਨਾਮਾਂ ਵਾਪਸ ਲੈਣਾ ਪਿਆ।
    ਉਸ ਸਮੇਂ ਸਭ ਤੋਂ ਵੱਧ ਲਾਹਨਤਾਂ ਗਿਆਨੀ ਗੁਰਮੁਖ ਸਿੰਘ ਨੂੰ ਪੈ ਰਹੀਆਂ ਸਨ ਕਿਉਂਕਿ ਇਹ ਗੱਲ ਲੀਕ ਹੋ ਚੁੱਕੀ ਸੀ ਕਿ ਸੁਖਬੀਰ ਬਾਦਲ ਦੇ ਕਹਿਣ ’ਤੇ ਇਹ ਖ਼ੁਦ ਸੌਧਾ ਸਾਧ ਨੂੰ ਮਿਲਿਆ ਤੇ ਸਮਝੌਤੇ ਲਈ ਰਾਹ ਲੱਭਣ ਦੀ ਤਰਤੀਬ ਦਸਦਿਆਂ ਉਸ ਤੋਂ ਗੋਲਮੋਲ ਸ਼ਬਦਾਂ ਵਿੱਚ ਚਿੱਠੀ ਲਿਖਵਾ ਕੇ ਦਸਤਖਤ ਕਰਵਾ ਕੇ ਲਿਆਇਆ ਜਿਸ ਦੇ ਆਧਾਰ ’ਤੇ ਉਸ ਵਿਰੁੱਧ ਜਾਰੀ ਹੁਕਨਾਮਾ ਵਾਪਸ ਲੈ ਲਿਆ ਗਿਆ ਸੀ।
  ਜਦੋਂ ਮੁਆਫੀ ਵਾਲਾ ਹੁਕਮਨਾਮਾ ਵਾਪਸ ਲੈਣ ਉਪ੍ਰੰਤ ਵੀ ਜਥੇਦਾਰਾਂ ਖਾਸ ਕਰਕੇ ਗੁਰਮੁਖ ਸਿੰਘ ਪ੍ਰਤੀ ਸੰਗਤਾਂ ਦਾ ਗੁੱਸਾ ਠੰਡਾ ਨਾ ਹੋਇਆ ਤਾਂ ਉਸ ਨੇ ਸੁਖਬੀਰ ਬਾਦਲ ਅੱਗੇ ਫਰਿਆਦ ਕੀਤੀ ਕਿ ਮੈਨੂੰ ਸੰਗਤਾਂ ਦੇ ਰੋਹ ਤੋਂ ਬਚਾਉਣ ਦਾ ਕੋਈ ਉਪਾਅ ਕੀਤਾ ਜਾਵੇ।  ‘ਕੁਝ ਹੀ ਸਮੇਂ ਵਿੱਚ ਸਭ ਕੁਝ ਠੀਕ ਹੋ ਜਾਵੇਗਾ’ ਦਾ ਭਰੋਸਾ ਦੇਣ ਤੋਂ ਇਲਾਵਾ ਸੁਖਬੀਰ ਬਾਦਲ ਵੀ ਕੁਝ ਨਹੀਂ ਸੀ ਕਰ ਸਕਦਾ।
     ਇਕ ਸਾਲ ਦਾ ਸਮਾਂ ਲੰਘ ਜਾਣ ਦੇ ਬਾਵਯੂਦ ਵੀ ਜਦੋਂ ਹਾਲਾਤਾਂ ਵਿੱਚ ਬਹੁਤਾ ਅੰਤਰ ਨਾ ਆਇਆ ਤਾਂ ਆਖਰ 17 ਅਪ੍ਰੈਲ 2016 ਨੂੰ ਗਿਆਨੀ ਗੁਰਮੁਖ ਸਿੰਘ ਨੇ ਸਾਰੀ ਕਹਾਣੀ ਦਾ ਅੱਧਾ ਕੁ ਸੱਚ ਪੱਤਰਕਾਰਾਂ ਕੋਲ ਜ਼ਾਹਰ ਕਰ ਦਿੱਤਾ। ਬਾਦਲ ਇਸ ਸੱਚ ਨੂੰ ਕਿਵੇਂ ਬਰਦਾਸ਼ਤ ਕਰ ਸਕਦੇ ਸਨ ਇਸ ਲਈ ਸ਼੍ਰੋਮਣੀ ਕਮੇਟੀ ਨੇ ਤੁਰੰਤ 20 ਅਪ੍ਰੈਲ 2016 ਨੂੰ ਗਿਆਨੀ ਗੁਰਮੁਖ ਸਿੰਘ ਨੂੰ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਦੋਵੇਂ ਅਹੁੱਦਿਆਂ ਤੋਂ ਹਟਾ ਕੇ ਹਰਿਆਣਾ ਦੇ ਗੁਰਦੁਆਰਾ ਧਮਧਾਨ ਸਾਹਿਬ ਵਿਖੇ ਹੈੱਡ ਗ੍ਰੰਥੀ ਦੇ ਤੌਰ ’ਤੇ ਭੇਜ ਦਿੱਤਾ।
   ਉਸ ਸਮੇਂ ਬਾਦਲਾਂ ’ਤੇ ਦਬਾਅ ਪਾਉਣ ਲਈ ਗੁਰਮੁਖ ਸਿੰਘ ਨੇ ਕਈ ਟੀਵੀ ਚੈੱਨਲਾਂ, ਰੇਡੀਓ ਅਤੇ ਅਖਬਾਰਾਂ ਨੂੰ 17 ਅਪ੍ਰੈਲ ਨੂੰ ਦਿੱਤੇ ਆਪਣੇ ਬਿਆਨ ਦੁਹਰਾਏ ਜਿਨ੍ਹਾਂ ਦੀਆਂ ਰੀਕਾਰਡਿੰਗਜ਼ ਅੱਜ ਵੀ ਯੂਟਿਊਬ ’ਤੇ ਮੌਜੂਦ ਹਨ।  ਗੁਰਮੁਖ ਸਿੰਘ ਦੇ ਉਹ ਬਿਆਨ ਹਿੰਮਤ ਸਿੰਘ ਵੱਲੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਕੋਲ ਰੀਕਾਰਡ ਕਰਵਾਏ ਬਿਆਨ ਨਾਲ ਮਿਲਦੇ ਜੁਲਦੇ ਹਨ।
   ਜਿਹੜਾ ਹਿੰਮਤ ਸਿੰਘ ਅੱਜ ਕਹਿੰਦਾ ਹੈ ਕਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਜਸਟਿਸ ਰਣਜੀਤ ਸਿੰਘ ਨੇ ਡਰਾ ਧਮਕਾ ਕੇ ਪਹਿਲਾਂ ਤੋਂ ਲਿਖਤੀ ਬਿਆਨਾਂ ’ਤੇ ਉਸ ਤੋਂ ਦਸਤਖਤ ਕਰਵਾਏ ਸਨ, ਜਿਸ ਦੀ ਉਸ ਨੂੰ ਪੜ੍ਹਨ ਦੀ ਇਜਾਜਤ ਵੀ ਨਹੀਂ ਦਿੱਤੀ ਗਈ ਸੀ, ਜਿਸ ਦਾ ਪਤਾ ਉਸ ਨੂੰ ਅਖਬਾਰਾਂ ਵਿੱਚ ਖ਼ਬਰਾਂ ਛਪ ਜਾਣ ਦੇ ਬਾਅਦ ਹੀ ਲੱਗਾ; ਉਸ ਹਿੰਮਤ ਸਿੰਘ ਨੂੰ ਦੱਸਣਾ ਚਾਹੀਦਾ ਹੈ ਕਿ ਅਪ੍ਰੈਲ 2016 ’ਚ ਨਾ ਤਾਂ ਪੰਜਾਬ ਵਿੱਚ ਕਾਂਗਰਸ ਸਰਕਾਰ ਹੀ ਬਣੀ ਸੀ ਅਤੇ ਨਾਂ ਹੀ ਜਸਟਿਸ ਰਣਜੀਤ ਸਿੰਘ ਦੀ ਅਗਵਾਈ ਵਾਲਾ ਕਮਿਸ਼ਨ ਹੋਂਦ ਵਿੱਚ ਆਇਆ ਸੀ। ਉਸ ਵੇਲੇ ਤਾਂ ਬਾਦਲਾਂ ਦਾ ਰਾਜ ਸੀ ਤਾਂ ਕਿਸ ਦੇ ਦਬਾਅ ਹੇਠ ਤੁਹਾਡੇ ਸਮੇਤ ਤੁਹਾਡਾ ਭਰਾ ਗੁਰਮੁਖ ਸਿੰਘ ਤੋਤੇ ਵਾਙ ਹਰ ਚੈੱਨਲ ਅਤੇ ਰੇਡੀਓ ’ਤੇ ਬੋਲਣਾਂ ਸ਼ੁਰੂ ਕਰ ਦਿੰਦੇ ਸੀ?
2017 ਦੀਆਂ ਚੋਣਾਂ ਵਿੱਚ ਜਦੋਂ ਕਾਂਗਰਸ ਸਰਕਾਰ ਹੋਂਦ ਵਿੱਚ ਆਈ ’ਤੇ ਜਸਟਿਸ ਰਣਜੀਤ ਸਿੰਘ ਦੀ ਅਗਵਾਈ ਹੇਠ ਬੇਅਦਬੀ ਦੀਆਂ ਘਟਨਾਵਾਂ ਦੀ ਪੜਤਾਲ ਲਈ ਕਮਿਸ਼ਨ ਬਿਠਾ ਦਿੱਤਾ ਗਿਆ। ਬਾਦਲ ਦਲ ਨੂੰ ਕਿਉਂਕਿ ਆਪਣੇ ਪਾਪ ਡਰਾ ਰਹੇ ਸਨ ਇਸ ਲਈ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੋਵਾਂ ਨੇ ਰਣਜੀਤ ਸਿੰਘ ਕਮਿਸ਼ਨ ਨੂੰ ਰੱਦ ਕਰ ਦਿੱਤਾ ਤੇ ਪੜਤਾਲ ਵਿੱਚ ਸ਼ਾਮਲ ਹੋਣ ਤੋਂ ਸਾਫ ਇਨਕਾਰੀ ਹੋ ਗਏ। ਇਨ੍ਹਾਂ ਦੇ ਸਰਬਉੱਚ ਬਣਾਏ ਜਥੇਦਾਰਾਂ ਨੇ ਤਾਂ ਤੋਤੇ ਵਾਙ ਆਪਣੇ ਮਾਲਕਾਂ ਦੀ ਬੋਲੀ ਹੀ ਬੋਲਣੀ ਸੀ ਇਸ ਲਈ ਇਨ੍ਹਾਂ ਸਾਰਿਆਂ ਨੇ ਪੜਤਾਲ ਵਿੱਚ ਸ਼ਾਮਲ ਹੋਣ ਤੋਂ ਕੋਰੀ ਨਾਂਹ ਕਰ ਦਿੱਤੀ। ਬਾਦਲ ਪਰੀਵਾਰ ਨੂੰ ਖਤਰਾ ਭਾਂਪ ਰਿਹਾ ਸੀ ਕਿ ਨਰਾਜ਼ ਹੋਇਆ ਗੁਰਮੁਖ ਸਿੰਘ ਕਦੀ ਕਮਿਸ਼ਨ ਅੱਗੇ ਪੇਸ਼ ਹੋ ਕੇ ਬਿਆਨ ਦਰਜ ਨਾ ਕਰਵਾ ਦੇਵੇ ਇਸ ਲਈ ਉਨ੍ਹਾਂ ਨੇ ਗੁਰਮੁਖ ਸਿੰਘ ’ਤੇ ਡੋਰੇ ਪਾਉਣੇ ਸ਼ੁਰੂ ਕਰ ਦਿੱਤੇ। ਅੰਦਰਖਾਤੇ ਚੱਲ ਰਹੀ ਇਸ ਡੀਲ ਦਾ ਹੀ ਕਾਰਣ ਹੈ ਕਿ ਗੁਰਮੁਖ ਸਿੰਘ ਆਪ ਤਾਂ ਗਵਾਹੀ ਦੇਣ ਨਾ ਗਿਆ ਪਰ ਆਪਣੇ ਭਰਾ ਹਿੰਮਤ ਸਿੰਘ ਨੂੰ ਭੇਜ ਦਿੱਤਾ ਜਿਸ ਨੇ ਖ਼ੁਦ ਗਵਾਹ ਦੇ ਤੌਰ ’ਤੇ ਪੇਸ਼ ਹੋਣ ਦੀ ਇੱਛਾ ਜ਼ਾਹਰ ਕੀਤੀ ਅਤੇ ਮਿਤੀ 11 ਦਸੰਬਰ 2017 ਨੂੰ ਆਪਣੀ ਮਰਜੀ ਨਾਲ ਬਿਆਨ ਰੀਕਾਰਡ ਕਰਵਾਏ। ਹਿੰਮਤ ਸਿੰਘ ਵੱਲੋਂ ਕਮਿਸ਼ਨ ਨੂੰ ਬਿਆਨ ਦੇਣ ਉਪ੍ਰੰਤ ਸ਼੍ਰੋਮਣੀ ਕਮੇਟੀ ਨੇ ਆਪਣੀ ਫ਼ਿਤਰਤ ਅਸਾਰ ਉਸ ਨੂੰ ਵੀ ਗ੍ਰੰਥੀ ਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ।
   3 ਅਗਸਤ 2018 ਨੂੰ ਗਿਆਨੀ ਗੁਰਮੁਖ ਸਿੰਘ ਨੂੰ ਚੁੱਪ ਚੁਪੀਤੇ ਮੁੜ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਵਜੋਂ ਬਹਾਲ ਕੀਤੇ ਜਾਣ ਦੀ ਖ਼ਬਰ ਨਾਲ ਸਮਝਦਾਰ ਮਨੁੱਖ ਤਾਂ ਸਮਝ ਹੀ ਰਹੇ ਸਨ ਕਿ ਅਸਲ ਮਾਜਰਾ ਕੀ ਹੈ ਪਰ ਫਿਰ ਵੀ ਬਹੁਤ ਸਾਰੇ ਵੀਰ ਕਿਆਸ ਅਰਾਈਆਂ ਲਾ ਰਹੇ ਸਨ ਕਿ ਬਾਦਲਾਂ ਨੇ ਜਿਸ ਨੂੰ ਵੀ ਅੱਜ ਤੱਕ ਡੰਗਿਆ ਉਸ ਨੇ ਮੁੜ ਪਾਣੀ ਨਹੀਂ ਮੰਗਿਆ ਪਰ ਕੀ ਭਾਣਾ ਵਾਪਰਿਆ ਕਿ ਗਿਆਨੀ ਗੁਰਮੁਖ ਸਿੰਘ ਜਿਸ ਨੇ ਬਾਦਲਾਂ ਵੱਲੋਂ ਜਾਰੀ ਕਰਵਾਏ ਜਾ ਰਹੇ ਅਖੌਤੀ ਹੁਕਮਨਾਮਿਆਂ ਦੇ ਪਿਛੋਕੜ ਦਾ ਸੱਚ ਹੁਣ ਤੱਕ ਦੇ ਜਥੇਦਾਰਾਂ ਵਿੱਚੋਂ ਸਭ ਤੋਂ ਵੱਧ ਬਿਆਨ ਕੀਤਾ ਉਸ ਨੂੰ ਬਹਾਲ ਕੀਤੇ ਜਾਣ ਦੇ ਕੀ ਕਾਰਨ ਹੋ ਸਕਦੇ ਹਨ?
    ਅੱਜ ਹਿੰਮਤ ਸਿੰਘ ਦੇ ਗਵਾਹੀ ਤੋਂ ਮੁਕਰ ਜਾਣ ਦੇ ਬਿਆਨ ਨਾਲ ਬਿੱਲੀ ਥੈੱਲੇ ਵਿੱਚੋਂ ਬਾਹਰ ਆ ਗਈ ਹੈ ਕਿ ਪੜਤਾਲੀਆ ਕਮਿਸ਼ਨ ਦੀ ਰੀਪੋਰਟ ਪੰਜਾਬ ਵਿਧਾਨ ਸਭਾ ਦੇ ਸਦਨ ਵਿੱਚ ਪੇਸ਼ ਹੋਣ ਤੋਂ ਐਨ ਪਹਿਲਾਂ ਗਵਾਹੀ ਤੋਂ ਮੁਕਰਾਉਣ ਲਈ ਹੀ ਗਿਆਨੀ ਗੁਰਮੁਖ ਸਿੰਘ ਨੂੰ ਮੁੜ ਬਹਾਲ ਕੀਤਾ ਗਿਆ ਸੀ ਤੇ ਹੁਣ ਹਿੰਮਤ ਸਿੰਘ ਨੂੰ ਵੀ ਕਿਸੇ ਨਾ ਕਿਸੇ ਰੂਪ ਵਿੱਚ ਕੋਈ ਵੱਡਾ ਤੋਹਫਾ ਜਰੂਰ ਮਿਲੇਗਾ। ਇੱਕ ਅਖਬਾਰ ਨੇ ਤਾਂ ਫਰੰਟ ਪੇਜ਼ ’ਤੇ ਮੋਟੀ ਸੁਰਖੀ ਹੇਠ ਹਿੰਮਤ ਸਿੰਘ ਦਾ ਬਿਆਨ ਛਾਪਦਿਆਂ ਇੱਕ ਵਿਸ਼ੇਸ਼ ਲਾਲ ਡੱਬੀ ਵਿੱਚ ਲਿਖਿਆ ਹੈ : “ਜਾਂਚ ਕਮਿਸ਼ਨ ਦੀ ਖੁੱਲ੍ਹੀ ਪੋਲ” । ਅਸਲ ਵਿੱਚ ਇਸ ਖ਼ਬਰ ਦਾ ਇੱਕ ਇੱਕ ਸ਼ਬਦ ਧਿਆਨ ਸਹਿਤ ਪੜ੍ਹਦਿਆਂ ਹਿੰਮਤ ਸਿੰਘ ਵੱਲੋਂ ਗਵਾਹੀ ਤੋਂ ਮੁਕਰਨ ਵਾਲਾ ਬਿਆਨ ਝੂਠਾ ਹੋਣ ਅਤੇ ਬਾਦਲ ਦਲ ਦੇ ਕਰਤੇ ਧਰਤਿਆਂ ਤੇ ਇਨ੍ਹਾਂ ਦੇ ਕਠਪੁਤਲੀ ਜਥੇਦਾਰਾਂ ਦੇ ਘਟੀਆ ਕਿਰਦਾਰ ਦੀ ਪੋਲ ਖੋਲ੍ਹਦਾ ਨਜ਼ਰ ਆ ਰਿਹਾ ਸੀ।
    ਇਸ ਅਖ਼ਬਾਰ ਵਿੱਚ ਛਪੇ ਬਿਆਨ ਵਿੱਚ ਆਪਣੇ ਆਪ ਨੂੰ ਪੰਥਕ ਭਾਵਨਾਵਾਂ ਦਾ ਕਦਰਦਾਨ ਹੋਣ ਦਾ ਡਰਾਮਾ ਰਚਣ ਵਾਲੇ ਹਿੰਮਤ ਸਿੰਘ ਦੇ ਸ਼ਬਦ ਹਨ : “ਮੈਂ ਜਸਟਿਸ ਰਣਜੀਤ ਸਿੰਘ ਨੂੰ ਕਿਹਾ ਕਿ ਇਕੱਲੇ ਬਰਗਾੜੀ ਕਾਂਡ ਦੀ ਜਾਂਚ ਨਹੀਂ ਕਰਨੀ ਚਾਹੀਦੀ ਬਲਕਿ 1984 ਵਿੱਚ ਸਿੱਖ ਰੈਫਰੈਂਸ ਲਾਇਬ੍ਰੇਰੀ ਵਿਖੇ ਹੋਈ ਢਾਈ ਹਜਾਰ ਪਾਵਨ ਸਰੂਪਾਂ ਦੀ ਬੇਅਦਬੀ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਅਤੇ ਪੰਜਾਬ ਵਿੱਚ ਹੋਏ 36000 ਵਿਅਕਤੀਆਂ ਦੇ ਕਤਲਾਂ ਦੀ ਜਾਂਚ ਦੀ ਮੰਗ ਵੀ ਮੈਂ ਕਮਿਸ਼ਨ ਅੱਗੇ ਰੱਖੀ।”
   ਕੌਣ ਨਹੀਂ ਜਾਣਦਾ ਕਿ ਜਿਹੜੀਆਂ ਮੰਗਾਂ ਉਠਾਉਣ ਦੀ ਗੱਲ ਇਸ ਹਿੰਮਤ ਸਿੰਘ ਨੇ ਕੀਤੀ; ਕੀ ਉਹ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਅਧਿਕਾਰ ਖੇਤਰ ਵਿੱਚ ਹਨ?
 ਜਿਹੜੀ ਪੜਤਾਲ ਰਣਜੀਤ ਸਿੰਘ ਦੇ ਅਧਿਕਾਰ ਖੇਤਰ ਵਿੱਚ ਹੀ ਨਹੀਂ ਉਸ ਦਾ ਭਰੋਸਾ ਉਨ੍ਹਾਂ ਨੇ ਹਿੰਮਤ ਸਿੰਘ ਨੂੰ ਕਿਵੇਂ ਦੇ ਦਿੱਤਾ?
  1984 ਤੋਂ ਬਾਅਦ ਤਿੰਨ ਵਾਰ ਪੰਜਾਬ ਵਿੱਚ ਬਾਦਲ ਸਰਕਾਰ ਅਤੇ ਤਿੰਨ ਵਾਰ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਬਣੀ ਜਿਸ ਵਿੱਚ ਬਾਦਲ ਪਰੀਵਾਰ ਦੇ ਮੈਂਬਰ ਮੰਤਰੀ ਰਹੇ ਹਨ ਤੇ ਹੁਣ ਵੀ ਹੈ। ਕੀ ਉਨ੍ਹਾਂ ਨੇ ਇਸ ਦੀ ਪੜਤਾਲ ਲਈ ਕਦੀ ਵੀ ਵਿਧਾਨ ਸਭਾ, ਲੋਕ ਸਭਾ ਜਾਂ ਕੈਬਨਿਟ ਮੀਟਿੰਗ ਵਿੱਚ ਮੰਗ ਉਠਾਈ ਜਾਂ ਪੜਤਾਲੀਆ ਕਮਿਸ਼ਨ ਬਿਠਾਉਣ ਦੀ ਲੋੜ ਸਮਝੀ ਜਾਂ ਕਦੀ ਹਿੰਮਤ ਸਿੰਘ ਨੇ ਇਹ ਮੰਗ ਬਾਦਲ ਸਰਕਾਰ ਅੱਗੇ ਵੀ ਰੱਖੀ?
 ਜੇ ਨਹੀਂ ਤਾਂ ਕਿਉਂ ਨਹੀਂ ਰੱਖੀ?
 ਸਿੱਖਾਂ ਨੂੰ ਭਾਵਕ ਕਰਕੇ ਆਪਣੇ ਆਪ ਲਈ ਹਮਦਰਦੀ ਲੈਣਾ ਚਾਹ ਰਹੇ ਹਿੰਮਤ ਸਿੰਘ ਨੂੰ ਤਾਂ ਇਹ ਵੀ ਨਹੀਂ ਪਤਾ ਕਿ 1984 ਵਿੱਚ ਸਿੱਖ ਰੈਫਰੈਂਸ ਲਾਇਬਰੇਰੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਗਾੜੀ ਕਾਂਡ ਵਾਙ ਬੇਅਦਬੀ ਨਹੀਂ ਹੋਈ ਸੀ ਸਗੋਂ ਹੋਰ ਬਹੁਤ ਸਾਰੇ ਵਡਮੁੱਲੇ ਹੱਥ ਲਿਖਤ ਸਿੱਖ ਇਤਿਹਾਸ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੱਥ ਲਿਖਤ ਬੀੜਾਂ ਸਮੇਤ ਸਮੁੱਚਾ ਰੀਕਾਰਡ ਫੌਜ ਚੁੱਕ ਕੇ ਲੈ ਗਈ ਸੀ ਜਿਸ ਨੂੰ ਵਾਜਪਾਈ ਸਰਕਾਰ ਆਸਾਨੀ ਨਾਲ ਵਾਪਸ ਕਰ ਸਕਦੀ ਸੀ ਪਰ ਬਾਦਲ ਦਲ ਨੇ ਸਰਕਾਰ ਵਿੱਚ ਹੋਣ ਦੇ ਬਾਵਜੂਦ ਕਦੀ ਵੀ ਉਹ ਕੀਮਤੀ ਖਜਾਨਾ ਵਾਪਸ ਲੈਣ ਦਾ ਗੰਭੀਰ ਯਤਨ ਹੀ ਨਹੀਂ ਕੀਤਾ ।
   ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਖਿਲਾਰਨ ਵਾਲਿਆਂ ਅਤੇ ਵੋਟਾਂ ਦੇ ਲਾਲਚ ਅਧੀਨ ਬਾਦਲ ਦਲ ਨੇ ਉਨ੍ਹਾਂ ਦੀ ਪੁਸ਼ਤਪਨਾਹੀ  ਕਰਕੇ ਮੂਰਖਤਾ ਭਰਿਆ ਕੰਮ ਤਾਂ ਕੀਤਾ ਹੀ ਹੈ ਪਰ ਗੁਰੂ ਸਾਹਿਬ ਜੀ ਅਤੇ ਉਨ੍ਹਾਂ ਦੇ ਸਿੱਖਾਂ ਵੱਲੋਂ ਖੂਨ ਨਾਲ ਸਿੰਜੇ ਸਿੱਖ ਇਤਿਹਾਸ ਅਤੇ ਸਿਧਾਂਤਾਂ ਦੀ ਅਸਲ ਬੇਅਦਬੀ ਤਾਂ ਬਾਦਲ ਦਲ ਖਾਸ ਕਰਕੇ ਬਾਦਲ ਪ੍ਰੀਵਾਰ, ਹਿੰਮਤ ਸਿੰਘ ਵਰਗੇ ਗ੍ਰੰਥੀ ਅਤੇ ਬਾਦਲ ਦਲ ਦੇ ਇਸ਼ਾਰਿਆਂ ’ਤੇ ਨੱਚਣ ਵਾਲੇ ਕਠਪੁਤਲੀ ਜਥੇਦਾਰ ਕਰ ਰਹ ਹਨ ਜਿਹੜੇ ਆਪਣੇ ਲਈ ਸੁੱਖ ਸਹੂਲਤਾਂ ਤੇ ਉੱਚ ਤਨਖਾਹਾਂ ਵਾਲੇ ਅਹੁੱਦਿਆ ਦੇ ਲਾਲਚ ਤੇ ਆਪਣੇ ਹੋਰ ਸੁਆਰਥ ਪੂਰੇ ਕਰਨ ਦੇ ਲਾਲਚ ਅਧੀਨ ਆਪਣੇ ਬਿਆਨ ਬਦਲਦੇ ਗਿਰਗਟ ਦੇ ਰੰਗ ਬਦਲਣ ਨੂੰ ਵੀ ਮਾਤ ਪਾ ਰਹੇ ਹਨ।
   ਕਿੱਥੇ ਮਾਣ ਮਹਿਸੂਸ ਹੁੰਦਾ ਸੀ ਕਿ ਅਸੀਂ ਉਨ੍ਹਾਂ ਦੇ ਵਾਰਸ ਹਾਂ ਜਿਨ੍ਹਾਂ ਦੇ ਗੁਰੂ ਸਾਹਿਬਾਨਾਂ ਨੇ ਸੱਚ ਅਤੇ ਸਿਧਾਂਤਾਂ ’ਤੇ ਪਹਿਰਾ ਦਿੰਦਿਆਂ ਆਪਣਾ ਸਮੁੱਚਾ ਪਰੀਵਰ ਤੱਕ ਕੁਰਬਾਨ ਕਰ ਦਿੱਤਾ; ਤੱਤੀਆਂ ਤਵੀ ’ਤੇ ਬੈਠ ਕੇ ਵੀ “ਤੇਰਾ ਕੀਆ, ਮੀਠਾ ਲਾਗੈ ॥” ਦਾ ਜਾਪ ਉਚਾਰਨ ਕਰਦੇ ਰਹੇ; 6 ਤੇ 9 ਸਾਲ ਦੇ ਸਾਹਿਜ਼ਾਦਿਆਂ ਨੇ ਆਪਣੇ ਆਪ ਨੂੰ ਕੰਧਾਂ ਵਿੱਚ ਤਾਂ ਚਿਣਵਾ ਲਿਆ ਪਰ ਕਿਸੇ ਤਰ੍ਹਾਂ ਦੇ ਲਾਲਚ ਜਾਂ ਡਰ ਅਧੀਨ ਵੀ ਆਪਣੇ ਨਿਸਚੇ ਤੋਂ ਡੋਲੇ ਨਹੀਂ ਸਨ, ਹੋਰ ਅਨੇਕਾਂ ਸਿੰਘਾਂ ਸਿੰਘਣੀਆਂ ਨੇ ਰੌਂਗਟੇ ਖੜ੍ਹੇ ਕਰਨ ਵਾਲੇ ਤਸੀਹੇ ਝੱਲੇ ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਪਰ ਫਿਰ ਵੀ ‘ਚਾਰ ਪਹਿਰ ਸੁੱਖਾਂ ਦੀ ਬਤੀਤ ਹੋਈ ਹੈ’ ਦੀਆਂ ਅਰਦਾਸਾਂ ਕਰਦੇ ਰਹੇ।
   ਪਰ ਅੱਜ ਕੱਲ ਗੁਰਮੁਖ ਸਿੰਘ ਤੇ ਹਿੰਮਤ ਸਿੰਘ ਵਰਗਿਆਂ ਦੇ ਸਮਰਥਕ ਸੋਸ਼ਿਲ ਮੀਡੀਏ ਪੰਥ ਨੂੰ ਉਲਾਂਭੇ ਦਿੰਦੇ ਦਿੱਸ ਰਹੇ ਹਨ ਕਿ  “ਅੱਜ ਗੁਰਮੁਖ ਸਿੰਘ ਤੇ ਹਿੰਮਤ ਸਿੰਘ ਤੇ ਕਿੰਤੂ ਕਰਨ ਵਾਲਿਆਂ ਨੇ ਕੀ ਕਦੀ ਧਮਧਾਨ ਸਾਹਿਬ ਜਾ ਕੇ ਉਨ੍ਹਾਂ ਨੂੰ ਪੁੱਛਿਆ ਸੀ ਕਿ ਉਨ੍ਹਾਂ ਦੀ ਜਿੰਦਗੀ ਕਿਵੇਂ ਬਤੀਤ ਹੋ ਰਹੀ ਹੈ?
   ਪਿੱਛੇ ਪਰੀਵਾਰ ਦਾ ਗੁਜਾਰਾ ਕਿਵੇਂ ਚੱਲ ਰਿਹਾ ਹੈ?”
   ਇਨ੍ਹਾਂ ਸਮਰਥਕਾਂ ਦੀਆਂ ਲਿਖਤਾਂ ਅਤੇ ਬਾਦਲ ਦਲ ਦੇ ਨੇਤਾਵਾਂ ਤੇ ਜਥੇਦਾਰਾਂ ਦੇ ਕਿਰਦਾਰ ਨੇ ਸਾਬਤ ਕਰ ਦਿੱਤਾ ਹੈ ਕਿ ਬੰਦ ਬੰਦ ਕਟਵਾਉਣ ਵਾਲੇ ਖ਼ਾਲਸੇ ਦੇ ਵਾਰਸ ਕਹਾਉਣ ਵਾਲੇ ਕਿਤਨਾ ਵਿਕਾਊ ਮਾਲ ਹੋ ਚੁੱਕੇ ਹਨ ਕਿ ਕੋਈ ਚੰਦ ਵੋਟਾਂ ਪਿੱਛੇ, ਕੋਈ ਗ੍ਰੰਥੀ/ਜਥੇਦਾਰ ਦਾ ਅਹੁੱਦਾ ਬਹਾਲ ਕਰਵਾਉਣ ਲਈ ਅਤੇ ਕੋਈ ਸ਼ਰਾਬ ਦੀਆਂ ਬੋਤਲਾਂ ਤੇ ਭੁੱਕੀ ਦੇ ਪੈਕਟਾਂ ਪਿੱਛੇ ਅਤੇ ਕੋਈ ਆਟੇ ਦਾਲ ਲਈ ਨੀਲੇ ਕਾਰਡ ਲੈਣ ਪਿੱਛੇ ਆਪਣੀ ਜ਼ਮੀਰ ਵੇਚ ਕੇ ਵੋਟਾਂ ਪਾ ਕੇ ਅਕ੍ਰਿਤਘਨ ਆਗੂਆਂ ਨੂੰ ਚੁਣ ਕੇ ਪੰਥ ਦੇ ਸਿਰ ’ਤੇ ਬਿਠਾ ਕੇ ਉਨ੍ਹਾਂ ਨੂੰ ਪੰਥਕ ਹੋਣ ਦੇ ਸਰਟੀਫਿਕੇਟ ਜਾਰੀ ਕਰ ਰਹੇ ਹਨ। ਜਦੋ ਸਾਡੇ ਪੁੱਤ ਪੋਤੇ ਅੱਜ ਦਾ ਇਤਿਹਾਸ ਪੜ੍ਹਨਗੇ ਤਾਂ ਉਹ ਸਿੱਖਾਂ ਵਾਰੇ ਕੀ ਸੋਚਣਗੇ?
…………………………………….
ਟਿੱਪਣੀ:-         ਇਹ ਵਿਕਣ ਵਾਲਿਆਂ ਦੀ ਮੰਡੀ ਹੈ, ਏਥੇ ਸਭ ਗੱਦਾਰ ਬੈਠੇ ਨੇ,
                   ਕੁਝ ਵਿਕ ਗਏ, ਕੁਝ ਵਿਕ ਰਹੇ, ਕੁਝ ਵਿਕਣ ਲਈ ਤਿਆਰ ਬੈਠੇ ਨੇ।
                                     ਅਮਰ ਜੀਤ ਸਿੰਘ ਚੰਦੀ                          

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.