ਸਭਿੱਅਤ ਸਮਾਜ ਦੇ ਮੱਥੇ ਤੇ ਕਲੰਕ ਹਨ ਬੱਚੀਆਂ ਨਾਲ ਹੁੰਦੇ ਬਲਾਤਕਾਰ
ਇਤਿਹਾਸਿਕ ਤੱਥ ਦੱਸਦੇ ਹਨ ਕਿ ਪਹਿਲਾਂ ਮਨੁੱਖ ਇੰਨਾ ਗਿਆਨਵਾਨ ਅਤੇ ਸੂਝਵਾਨ ਨਹੀਂ ਸੀ, ਜਿੰਨਾਂ ਹੁਣ ਹੈ।ਸ਼ਰੀਰ ਨੂੰ ਪੱਤਿਆਂ ਨਾਲ ਢੱਕ ਕੇ ਜਿੰਦਗੀ ਗੁਜ਼ਾਰਦੇ ਇਸ ਇਨਸਾਨ ਨੂੰ ਅੱਗ ਬਾਲ਼ ਕੇ ਖਾਣਾ ਬਣਾਉਣ ਦੀ ਵੀ ਜਾਂਚ ਨਹੀਂ ਸੀ।ਹੌਲ਼ੀ ਹੌਲ਼ੀ ਸੱਭਿਅਤ ਹੁੰਦੇ ਮਨੁੱਖ ਨੇ ਇਹ ਸਾਰਾ ਕੁੱਝ ਸਿੱਖ ਲਿਆ ਅਤੇ ਸਮਾਜ ਵਿੱਚ ਰਹਿਣ ਦਾ ਉਸ ਨੂੰ ਢੰਗ ਆ ਗਿਆ।ਸਕਰਾਤਮਕ ਤਰੀਕੇ ਨਾਲ ਵਿਕਸਤ ਹੁੰਦੀ ਸੋਚ ਸੱਭਿਅਤ ਹੋਣ ਦਾ ਪ੍ਰਮਾਣ ਹੁੰਦੀ ਹੈ।ਪਰ ਅਫਸੋਸ, ਸੱਭਿਅਤ ਕਹਾਉਣ ਵਾਲ਼ਾ ਇਨਸਾਨ ਆਪਣੀ ਅਮੀਰ ਸੱਭਿਅਤਾ ਨੂੰ ਸਾਂਭ ਕੇ ਨਾ ਰੱਖ ਸਕਿਆ ਅਤੇ ਅਸੱਭਿਅਤ ਸੋਚ ਦਾ ਧਾਰਨੀ ਬਣ ਗਿਆ।
ਮਰਦ ਪ੍ਰਧਾਨ ਸਮਾਜ ਵਿੱਚ ਸਮਾਜਿਕ ਤਾਕਤ ਮਰਦ ਦੇ ਹੱਥ ਵਿੱਚ ਆ ਗਈ ਅਤੇ ਔਰਤ ਸਿਰਫ ਸਿਰ ਹਿਲਾ ਕੇ ਕਹਿਣਾ ਮੰਨਣ ਤੱਕ ਸੀਮਤ ਹੋ ਗਈ।ਇੱਕ ਲੇਖਕ ਨੇ ਬਹੁਤ ਵਧੀਆ ਲਿਖੀਆ ਹੈ ਕਿ, ਜੇਕਰ ਕਿਸੇ ਮਨੁੱਖ ਦਾ ਕਿਰਦਾਰ ਦੇਖਣਾ ਹੈ ਤਾਂ ਉਸ ਦੇ ਹੱਥ ਤਾਕਤ ਦੇ ਦਿਉ।ਮਰਦ ਪ੍ਰਧਾਨ ਸਮਾਜ ਵਿੱਚ ਰੋਜ਼ਾਨਾ ਹੁੰਦੇ ਬਲਾਤਕਾਰ ਮਨੁੱਖ ਦੇ ਸੱਭਿਅਤ ਹੋਣ 'ਤੇ ਪ੍ਰਸ਼ਨ ਚਿੰਨ ਖੜਾ ਕਰਦੇ ਹਨ।ਛੋਟੀਆਂ ਬੱਚੀਆਂ ਨਾਲ ਹੁੰਦੇ ਜਬਰਜਨਾਹਾਂ ਨੇ ਅਜੋਕੇ ਸਮਾਜ ਦੇ ਸੱਭਿਅਤ ਹੋਣ ਦੇ ਤੱਥਾਂ ਦੀਆਂ ਧੱਜੀਆਂ ਉੱਡਾ ਦਿੱਤੀਆਂ ਹਨ।ਜਿੰਦਗੀ ਨੂੰ ਦੇਖਣ ਅਤੇ ਮਾਨਣ ਤੋਂ ਪਹਿਲਾਂ ਹੀ ਪਤਾ ਨਹੀਂ ਕਿੰਨੀਆਂ 'ਕ ਬਾਲੜੀਆਂ ਨੂੰ ਦਰਿੰਦੇ ਇਨਸਾਨਾਂ ਨੇ ਮੌਤ ਦੀ ਨੀਂਦ ਸੁਲ਼ਾ ਦਿੱਤਾ।
ਮਾਸੂਮ ਬੱਚੀਆਂ ਦਾ ਬਚਪਣ ਖੋਹ ਕੇ, ਉਹਨਾਂ ਦੀ ਮਾਨਸਿਕਤਾ ਨੂੰ ਸਦਾ ਲਈ ਜਖ਼ਮੀ ਕਰਨ ਵਾਲ਼ਿਆਂ ਦੀ ਇਸ ਸੱਭਿਅਤ ਸਮਾਜ ਵਿੱਚ ਕੋਈ ਘਾਟ ਨਹੀਂ।ਅਖ਼ਬਾਰਾਂ ਵਿੱਚ ਬੱਚੀਆਂ ਨਾਲ ਹੁੰਦੇ ਜਬਰਜਨਾਹ ਦੀਆਂ ਖ਼ਬਰਾਂ ਅਕਸਰ ਪੜਨ ਨੂੰ ਮਿਲਦੀਆਂ ਹਨ, ਜੋ ਕਿ ਸੱਭਿਅਤ ਸਮਾਜ ਦੇ ਮੱਥੇ 'ਤੇ ਕਲੰਕ ਹਨ। ਪਿਛਲੇ ਸਾਲ ਜੁਲਾਈ ਦੇ ਮਹੀਨੇ ਵਿੱਚ, ਚੰਡੀਗੜ ਦੇ ੩੨ ਸੈਕਟਰ ਸਥਿਤ ਸਰਕਾਰੀ ਹਸਪਤਾਲ਼ ਵਿਖੇ ਇੱਕ ਦਸ ਸਾਲ ਦੀ ਬੱਚੀ ਨੂੰ ਦਾਖਲ ਕਰਵਾਇਆ ਗਿਆ।ਇਹ ਪਰਿਵਾਰ ਨੇਪਾਲ ਤੋਂ ਚੰਡੀਗੜ ਮਿਹਨਤ ਕਰਕੇ ਢਿੱਡ ਪਾਲ਼ਣ ਲਈ ਆਇਆ ਸੀ। ਪਰ ਹੋਣਾ ਕੁੱਝ ਹੋਰ ਹੀ ਸੀ।ਇਹ ਬੱਚੀ ਕਈ ਦਿਨਾਂ ਤੋਂ ਪੇਟ ਦਰਦ ਦੀ ਸ਼ਿਕਾਇਤ ਕਰ ਰਹੀ ਸੀ।ਜਦੋਂ ਡਾਕਟਰਾਂ ਨੇ ਇਸ ਬੱਚੀ ਦਾ ਚੈਕਅੱਪ ਕੀਤਾ ਤਾਂ ਪਤਾ ਲੱਗਿਆ ਕਿ ਇਹ ਬੱਚੀ ਗਰਭਵਤੀ ਹੈ।ਖ਼ਬਰ ਸੁਨਣ ਅਤੇ ਪੜਨ ਵਾਲ਼ਿਆਂ ਦੇ ਹੋਸ਼ ਉੱਡ ਗਏ। ਮਾਣਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਉੱਤੇ ਪੀ.ਜੀ.ਆਈ ਦੇ ਡਾਕਟਰਾਂ ਦਾ ਇੱਕ ਪੈਂਨਲ ਬਣਾ ਕੇ ਦਸ ਸਾਲਾਂ ਦੀ ਇਸ ਬੱਚੀ ਦੀ ਦੁਬਾਰਾ ਸ਼ਰੀਰਕ ਜਾਂਚ ਕਰਵਾਈ ਗਈ ਅਤੇ ਲੜਕੀ ਨੂੰ ਹਸਪਤਾਲ ਦਾਖਲ ਰੱਖਣ ਦਾ ਫੈਸਲਾ ਕੀਤਾ ਗਿਆ।ਖ਼ਬਰਾਂ ਅਨੁਸਾਰ ਇਹ ਬੱਚੀ ਆਪਣੇ ਨੇੜੇ ਦੇ ਹੀ ਇੱਕ ਰਿਸ਼ਤੇਦਾਰ ਦੀ ਹਵਸ ਦਾ ਸ਼ਿਕਾਰ ਹੋਈ ਸੀ।ਉਸਰਨ ਤੋਂ ਪਹਿਲਾਂ ਹੀ ਇਸ ਬੱਚੀ ਦੀ ਦੁਨੀਆਂ ਢਾਹ ਦਿੱਤੀ ਗਈ।ਇਹ ਸਭ ਦੇਖ ਕੇ ਕਿਵਂੇ ਕਿਹਾ ਜਾ ਸਕਦਾ ਹੈ, ਕਿ ਕਿਸੇ ਦੇ ਬਚਪਨ ਨੂੰ ਪੈਰਾਂ ਵਿੱਚ ਰੋਲਣ ਵਾਲਾ ਇਨਸਾਨ ਸੱਭਿਅਤ ਹੈ।
ਬੱਚੀਆਂ ਨਾਲ ਹੁੰਦੇ ਜਬਰਜਨਾਹ ਪਸ਼ੂ ਮਾਨਸਿਕਤਾ ਦੀਆਂ ਉਦਾਹਰਣਾਂ ਹਨ। ਇਸੇ ਸਾਲ, ਜੰਮੂ ਕਸ਼ਮੀਰ ਸੂਬੇ ਦੇ ਕਠੂਆ ਜਿਲ਼ੇ ਦੇ ਪਿੰਡ ਰਸਾਨਾਂ ਦੀ ਰਹਿਣ ਵਾਲੀ ਅੱਠ ਸਾਲਾ ਬੱਚੀ ਅਸਿਫਾ ਬਾਨੋ ਨਾਲ ਹੋਈ ਹੈਵਾਨੀਅਤ ਨੇ ਇਕੱਲੇ ਭਾਰਤ ਦੇ ਲੋਕਾਂ ਨੂੰ ਹੀ ਨਹੀਂ ਬਲਕਿ ਪੂਰੀ ਦੁਨੀਆਂ ਨੂੰ ਝਜੋੜ ਕੇ ਰੱਖ ਦਿੱਤਾ।ਇੱਕ ਮੰਦਿਰ ਵਿੱਚ ਕੀਤੇ ਇਸ ਦੁਸ਼ਕਰਮ ਨੇ ਸ਼ਾਇਦ ਭਗਵਾਨ ਨੂੰ ਵੀ ਸੋਚਣ ਲਈ ਮਜਬੂਰ ਕਰ ਦਿੱਤਾ ਹੋਵੇਗਾ, ਕਿ ਉਸ ਦਾ ਬਣਾਇਆ ਹੋਇਆ ਇਨਸਾਨ ਅੱਜ ਕਿਸੇ ਸ਼ੈਤਾਨ ਨਾਲ਼ੋ ਘੱਟ ਨਹੀਂ ਰਿਹਾ।ਖ਼ਬਰਾਂ ਦੇ ਅਨੁਸਾਰ ਜਬਰਜਨਾਹ ਕਰਨ ਤੋਂ ਬਾਅਦ ਇਸ ਮਾਸੂਮ ਲੜਕੀ ਦੇ ਸ਼ਰੀਰ ਨੂੰ ਜੰਗਲ ਦੇ ਵਿੱਚ ਹੀ ਦਫਨਾ ਦਿੱਤਾ ਗਿਆ।ਆਪਣੀ ਧੀ ਅਤੇ ਪੋਤੇ ਦੀ ਉਮਰ ਦੀ ਬੱਚੀ ਨਾਲ ਦਿਖਾਈ ਹੈਵਾਨੀਅਤ ਮਨੁੱਖ ਦੇ ਸੱਭਿਅਤ ਹੋਣ ਦਾ ਪ੍ਰਮਾਣ ਨਹੀਂ ਦਿੰਦੀ।ਸਮਾਜਿਕ ਸੋਚ ਵਿੱਚ ਆਈ ਵੱਡੀ ਗਿਰਾਵਟ ਨੇ ਅੱਜ ਧੀਆਂ ਭੈਣਾਂ ਦੀ ਇੱਜ਼ਤ ਅਤੇ ਸੁੱਰਖਿਆ ਲਈ ਖਤਰਾ ਖੜਾ ਕਰ ਦਿੱਤਾ ਹੈ।ਅਸੁਰੱਖਿਆ ਦੇ ਇਸ ਮਹੌਲ ਵਿੱਚ ਹੁਣ ਪਿੰਡਾਂ ਵਿੱਚ ਤੀਆਂ ਦੇ ਤਿਉਹਾਰ ਸਮੇਂ ਲੱਗਦੀਆਂ ਰੌਣਕਾਂ ਅਤੇ ਛੋਟੀ ਉਮਰ ਦੀਆਂ ਬੱਚੀਆਂ ਇੱਕਠੀਆਂ ਹੋ ਕੇ ਹੱਸਦੀਆਂ ਖੇਡਦੀਆਂ ਘੱਟ ਹੀ ਨਜ਼ਰ ਆਉਦੀਆਂ ਹਨ।
ਗੂਰੁ ਨਾਨਕ ਜੀ ਨੇ ਇਸਤਰੀ ਨੂੰ ਉੱਚਾ ਦਰਜਾ ਦਿੰਦੇ ਹੋਏ ਇਹ ਇਲਾਹੀ ਬਚਨ ਉਚਾਰੇ ਸਨ,
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥
ਪਰ ਉਹਨਾਂ ਦੀ ਇਸ ਉੱਚੀ ਅਤੇ ਸੱਚੀ ਸਿੱਖੀਆ ਦੇ ਅੱਜ ਇਨਸਾਨ ਨੇੜੇ ਤੇੜੇ ਵੀ ਖੜਦਾ ਨਜ਼ਰ ਨਹੀਂ ਆਉਂਦਾ। ਨੈਤਿਕ ਕਦਰਾਂ ਕੀਮਤਾਂ ਅਤੇ ਇਨਸਾਨੀਅਤ ਤੋਂ ਅੱਜ ਇਨਸਾਨ ਦੂਰ ਹੁੰਦਾ ਜਾ ਰਿਹਾ ਹੈ।ਆਪਣਾ ਘਰ ਸੁਰੱਖਿਅਤ ਰੱਖਣ ਵਾਲ਼ੇ ਨੂੰ ਦੂਜੀਆਂ ਦੀ ਸੁਰੱਖਿਆ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।ਕਿਸੇ ਦੂਜੇ ਦੀ ਹੁੰਦੀ ਬੇਇਜ਼ਤੀ ਜਾਂ ਬਰਬਾਦੀ ਕੱਲ ਨੂੰ ਸਾਡੇ ਵੱਲ ਵੀ ਮੋੜ ਕੱਟ ਸਕਦੀ ਹੈ, ਇਸ ਗੱਲ ਦਾ ਧਿਆਨ ਰੱਖ ਕੇ ਸਾਨੂੰ ਇੱਕ ਸੰਤੁਲਿਤ ਸਮਾਜ ਦੀ ਸਿਰਜਣਾਂ ਕਰਨੀ ਚਾਹੀਦੀ ਹੈ।ਅਜੋਕੇ ਮਨੁੱਖ ਨੂੰ ਸਭਿੱਅਤ ਸਮਾਜ ਵਿੱਚ ਰਹਿੰਦੇ ਹੋਏ ਆਪਣੇ ਆਪ ਨੂੰ 'ਸੱਭਿਅਤ' ਕਰਨਾ ਸਮੇਂ ਦੀ ਵੱਡੀ ਲੋੜ ਹੈ।
ਕੇਂਦਰ ਸਰਕਾਰ ਦਵਾਰਾ ਨਵੇਂ ਸੋਧੇ ਹੋਏ ਕਾਨੁੰਨ ਅਨੁਸਾਰ ਬੱਚੀ ਨਾਲ ਜਬਰਜਨਾਹ ਕਰਨ ਵਾਲੇ ਨੂੰ ਮੌਤ ਦੀ ਸਜ਼ਾ ਦੇਣਾ, ਇੱਕ ਇਤਿਹਾਸਿਕ ਫੈਸਲ਼ਾ ਹੈ।ਇਸ ਨਾਲ ਬੱਚੀਆਂ ਵਿੱਚ ਸੁਰੱਖਿਆ ਦੀ ਭਾਵਨਾ ਵਧੇਗੀ। ਇਹ ਸਾਡੀ ਸਭ ਦੀ ਸਾਂਝੀ ਜਿੰਮੇਵਾਰੀ ਬਣਦੀ ਹੈ ਕਿ ਇੱਕ ਨਰੋਈ ਸੋਚ ਵਾਲ਼ਾ ਸਮਾਜ ਸਿਰਜੀਆ ਜਾਵੇ ਅਤੇ ਬੱਚੀਆਂ ਦੇ ਭਵਿੱਖ ਨੂੰ ਸੁਰੱਖਿਅਤ ਬਣਾਇਆ ਜਾਵੇ।
ਪ੍ਰੋ: ਡਾ: ਧਰਮਜੀਤ ਸਿੰਘ ਮਾਨ,
9478460084
ਪ੍ਰੋ: ਡਾ: ਧਰਮਜੀਤ ਸਿੰਘ ਮਾਨ,
ਸਭਿੱਅਤ ਸਮਾਜ ਦੇ ਮੱਥੇ ਤੇ ਕਲੰਕ ਹਨ ਬੱਚੀਆਂ ਨਾਲ ਹੁੰਦੇ ਬਲਾਤਕਾਰ
Page Visitors: 2598