-: ਰਹਿਤ ਮਰਯਾਦਾ ਬਾਰੇ ਵਿਵਾਦ ਕਿਉਂ? :-
(ਲੇਖ ਖਾਸ ਕਰਕੇ; ਰਹਿਤ ਮਰਯਾਦਾ, ਪੰਥ ਦੇ ਗਲ਼ ਮੜ੍ਹੀ ਗਈ ਕਹਿਣ ਵਾਲੇ ਅਤੇ ਇਹ ਪ੍ਰਚਾਰਨ ਵਾਲੇ ਸੱਜਣਾਂ ਦੇ ਧਿਆਨ ਹਿਤ ਹੈ, ਜੋ ਕਹਿੰਦੇ ਹਨ ਕਿ ਰਹਿਤ ਮਰਯਾਦਾ ਜਦੋਂ ਦੀ ਬਣੀ, ਉਸੇ ਦਿਨ ਤੋਂ ਵਿਵਾਦ ਵਿੱਚ ਰਹੀ ਹੈ)
‘ਸਿੱਖ ਰਹਿਤ ਮਰਯਾਦਾ’ ਅਥਵਾ ਸਿੱਖ ਵਿਧਾਨ ਵਿੱਚ ਗੁਰਬਾਣੀ, ਇਤਿਹਾਸ, ਅਤੇ ਪ੍ਰੰਪਰਾਵਾਂ ਅਨੁਸਾਰ ਸਾਦੇ ਢੰਗ ਨਾਲ ਉਨ੍ਹਾਂ ਉਚੇ-ਸੁਚੇ ਨਿਯਮਾਂ ਦਾ ਸੰਗ੍ਰਹ ਕੀਤਾ ਗਿਆ ਹੈ, ਜਿਸ ਅਨੁਸਾਰ ਅਜੋਕੇ ਸਮੇਂ ਵਿੱਚ ਨਾਨਕ ਨਿਰਮਲ ਪੰਥ ਦਾ ਨਰੋਆ ਅੰਗ ਬਣਕੇ ਗੁਰੂ ਪੰਥ ਦੇ ਸੁਪਨਿਆਂ ਨੂੰ ਸਾਕਾਰ ਕੀਤਾ ਜਾ ਸਕਦਾ ਹੈ।
ਦਸਮੇਸ਼ ਜੀ ਦੇ ਜੋਤੀ ਜੋਤਿ ਸਮਾਉਣ ਉਪਰੰਤ ਬਿਪਰਵਾਦੀ ਲੋਕ ‘ਸਿੱਖ ਰਹਿਤ’ ਵਿੱਚ ਘੂਸਪੈਠ ਕਰਨ ਵਿੱਚ ਕਾਮਜਾਬ ਹੋ ਗਏ। ਸਮੇਂ ਦੀਆਂ ਹਕੂਮਤੀ ਟੱਕਰਾਂ, ਜ਼ੁਲਮ ਅਤੇ ਗੁੱਝੀਆਂ ਚਾਲਾਂ ਦੇ ਸਾਹਮਣੇ ਖਾਲਸਾ ਪੰਥ ਬਿਪਰਵਾਦੀ ਢਾਹ ਤੋਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਬਚਾ ਨਾ ਸਕਿਆ।ਦਸਮੇਸ਼ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ, 1920 ਈ: ਤੱਕ ਲਗਭਗ 200 ਸਾਲ ਦੇ ਸਮੇਂ ਵਿੱਚ ਨਿਰਮਲ ਪੰਥ ਦੀ ਨਿਰਾਲੀ ਭਾਹ ਘਟ ਚੁੱਕੀ ਸੀ ਅਤੇ ਇਸ ਦੀ ਚਾਲ ਆਮ ਤੌਰ ਤੇ ਖਾਲਸਾਈ ਨਾ ਰਹਿ ਗਈ। ਇਸ ਦੇ ਨਿਜੀ ਜੀਵਨ ਅਤੇ ਗੁਰਦੁਆਰਿਆਂ ਵਿੱਚ ਬਿਪਰਵਾਦ ਦਾ ਬੋਲਬਾਲਾ ਹੁੰਦਾ ਗਿਆ।ਧਰਮ ਅਸਥਾਨਾ ਦੇ ਕਰਤਾ ਧਰਤਾ ਉਹ ਲੋਕ ਹੋ ਗਏ, ਜੋ ਖਾਲਸਾ ਪੰਥ ਦੇ ਅੰਗ ਹੀ ਨਹੀਂ ਸਨ ਬਣੇ ਹੋਏ।ਜਿਨ੍ਹਾਂ ਦਾ ਮੁਖ ਉਦੇਸ਼, ਸਮੇਂ ਦੀਆਂ ਸਰਕਾਰਾਂ ਅਤੇ ਬਹੁ-ਗਿਣਤੀ ਦੀ ਖੁਸ਼ੀ ਪ੍ਰਾਪਤ ਕਰਨਾ ਸੀ।
ਸੋ ਬਿਪਰਵਾਦੀ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਵਾਉਣ ਤੋਂ ਬਾਅਦ, ਹੁਣ ਪੰਥ ਸਾਹਮਣੇ ਮਹਤਵ ਪੂਰਣ ਕੰਮ, ਬੀਤੇ ਤਕਰੀਬਨ 200 ਸਾਲਾਂ ਦੇ ਸਮੇਂ ਦੌਰਾਨ ਸਿੱਖ-ਜੀਵਨ ਵਿੱਚ ਪਏ ਰੋਲ ਘਚੋਲੇ ਨੂੰ ਕੱਢਣਾ ਸੀ।
15 ਮਾਰਚ 1927 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਨਰਲ ਇਕੱਤਰਤਾ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਈ, ਜਿਸ ਦੀ ਪ੍ਰਧਾਨਗੀ ਮਾ: ਤਾਰਾ ਸਿੰਘ ਜੀ ਮੀਤ ਪ੍ਰਧਾਨ ਸ਼੍ਰੋ: ਕਮੇਟੀ ਨੇ ਪ੍ਰਧਾਨ ਬਾਬਾ ਖੜਕ ਸਿੰਘ ਜੀ ਦੇ ਜੇਲ੍ਹ ਵਿੱਚ ਹੋਣ ਕਾਰਨ ਕੀਤੀ।ਗੁਰਦੁਆਰਾ ਸੁਧਾਰ ਲਹਿਰ ਦੇ ਮੁਖੀਆਂ ਵਿੱਚੋਂ ਭਾਈ ਤੇਜਾ ਸਿੰਘ ਜੀ, ਜੋ ਉਸ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਨ, ਦੀ ਤਜਵੀਜ਼’ਤੇ ਸਰਬ-ਸੰਮਤੀ ਨਾਲ ਗੁਰਮਤਾ ਹੋਇਆ ਕਿ ਹੇਠ ਲਿਖੇ 28 ਵਿਦਵਾਨਾਂ ਦੀ ਕਮੇਟੀ ਬਣਾਈ ਜਾਵੇ, ਜੋ ਗੁਰਬਾਣੀ, ਇਤਿਹਾਸ, ਪ੍ਰੰਪਰਾਵਾਂ ਤੇ ਆਧਾਰਿਤ ਅਤੇ ਸਿੱਖ ਮੁਖੀਆਂ ਦੀ ਰਾਏ ਨਾਲ ਗੁਰਮਤਿ ਦੀ ਰਹੁਰੀਤ ਦਾ ਖਰੜਾ ਤਿਆਰ ਕਰਕੇ ਸ਼੍ਰੋਮਣੀ ਕਮੇਟੀ ਦੇ ਪੇਸ਼ ਕਰੇ।
ਸਬ-ਕਮੇਟੀ ਦੇ ਮੈਂਬਰ ਸਨ:-
………।(ਨੋਟ- ਲੇਖ ਲੰਬਾ ਹੋਣ ਦੇ ਡਰੋਂ, 28+1 ਮੈਂਬਰਾਂ ਦੀ ਲਿਸਟ ਇਥੇ ਨਹੀਂ ਦਿੱਤੀ ਜਾ ਰਹੀ)
ਚੁਣੀ ਗਈ 28+1 ਮੈੰਬਰੀ ਰਹੁਰੀਤ ਸਬ-ਕਮੇਟੀ ਨੇ ਰਹਿਤ ਮਰਯਾਦਾ ਦਾ ਖਰੜਾ ਸ਼ਰੋਮਣੀ ਕਮੇਟੀ ਨੂੰ ਪੇਸ਼ ਕੀਤਾ ਜੋ ਕਿ ਗੁਰਦੁਆਰਾ ਗਜ਼ਟ ਦੀ ਜਿਲਦ 3 (ਨੰਬਰ 3) ਦੇ ਅਪਰੈਲ 1931 ਈਸਵੀ ਅੰਕ ਵਿੱਚ ਛਾਪ ਕੇ ਵੰਡਿਆ ਗਿਆ, ਤਾਂ ਜੋ ਰਾਵਾਂ ਆਉਣ ਉਪਰੰਤ ਤਖਤ ਸਾਹਿਬ ਤੇ ਅਗਲੀ ਵਿਚਾਰ ਲਈ ਇਕੱਤਰਤਾ ਬੁਲਾਈ ਜਾ ਸਕੇ।
ਆਈਆਂ ਰਾਵਾਂ ਤੇ ਵਿਚਾਰ ਕਰਨ ਹਿੱਤ ਰਹੁਰੀਤ ਸਬ-ਕਮੇਟੀ ਦੇ ਸਮਾਗਮ 4-5 ਅਕਤੂਬਰ 1931, 3 ਜਨਵਰੀ 1932 ਅਤੇ 31 ਜਨਵਰੀ 1932 ਨੂੰ ਅਕਾਲ ਤਖਤ ਸਾਹਿਬ ਤੇ ਹੋਏ।
1 ਮਾਰਚ 1932 ਨੂੰ ਸ਼੍ਰੋ: ਗੁ: ਪ੍ਰ: ਕ: ਵੱਲੋਂ ਪ੍ਰਵਾਨ ਹੋਇਆ ਕਿ ਸਬ-ਕਮੇਟੀ ਖਰੜੇ ਬਾਬਤ ਹੋਰ ਵਿਚਾਰ ਕਰੇ। ਰਹੁਰੀਤ ਤੇ ਮੁੜ ਵਿਚਾਰ ਕਰਨ ਲਈ, ਪਹਿਲਾਂ ਬਣੀ ਸਬ-ਕਮੇਟੀ ਵਿੱਚੋਂ ਕੁਝ ਮੈਂਬਰਾਂ ਦੇ ਨਾਮ ਹਟਾਏ ਗਏ ਅਤੇ ਕੁਝ ਹੋਰ ਦਾ ਵਾਧਾ ਕੀਤਾ ਗਿਆ।
ਕਮੇਟੀ ਨੇ ਖਰੜੇ ਤੇ ਗੰਭੀਰਤਾ ਨਾਲ ਵਿਚਾਰ ਕੀਤੀ ਅਤੇ ਯਥਾਯੋਗ ਸੋਧਕੇ 9 ਅਕਤੂਬਰ 1932 ਨੂੰ ਸ਼੍ਰੋ: ਗੁ: ਪ੍ਰ: ਕ: ਦੀ ਪ੍ਰਵਾਨਗੀ ਲਈ ਪੇਸ਼ ਕੀਤਾ।ਜਿਸ ਨੂੰ ਅਜੇ ਵੀ ਅੰਤਿਮ ਰੂਪ ਨਾ ਦਿੱਤਾ ਜਾ ਸਕਿਆ।
29 ਅਕਤੂਬਰ 1933 ਦੇ ਜਨਰਲ ਸਮਾਗਮ ਵਿੱਚ ਸਿੱਖ ਰਹਿਤ ਮਰਯਾਦਾ ਦੇ ਖਰੜੇ ਸੰਬੰਧੀ ਵਿਚਾਰ ਕਰਨ ਲਈ, ਰਹੁਰੀਤ ਕਮੇਟੀ ਦੇ ਸਾਰੇ ਮੈਂਬਰਾਂ ਸਮੇਤ ‘ਸਿੱਖ ਆਲ ਪਾਰਟੀਜ਼ ਕਾਨਫਰੰਸ’ ਬੁਲਾਉਣ ਦੀ ਤਜਵੀਜ਼ ਪ੍ਰਵਾਨ ਹੋਈ।
30 ਦਸੰਬਰ 1933 ਸ਼ਨੀਵਾਰ ਦੁਪਿਹਰ ਇਕ ਵਜੇ ਸ੍ਰੀ ਅਕਾਲ ਤਖਤ ਸਾਹਿਬ ਤੇ ਭਾਰੀ ਪੰਥਕ ਇਕੱਠ ਹੋਇਆ, ਜਿਸ ਦੀ ਪ੍ਰਧਾਨਗੀ ਸ: ਪ੍ਰਤਾਪ ਸਿੰਘ ਸ਼ੰਕਰ ਜੀ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਕੀਤੀ। ਇਸ ਵਿੱਚ ਜਿਨ੍ਹਾਂ 91 ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਹਿੱਸਾ ਲਿਆ, ਉਹਨਾਂ ਦੇ ਨਾਵਾਂ ਦੀ ਲਿਸਟ ਸ਼੍ਰੋਮਣੀ ਕਮੇਟੀ ਦੇ ਪੰਜਾਹ ਸਾਲਾ ਇਤਿਹਾਸਕ ਐਡੀਸ਼ਨ ਦੇ ਪੰਨੇ 96-100 ਤੇ ਵੇਖੀ ਜਾ ਸਕਦੀ ਹੈ।ਇਹਨਾ ਤੋਂ ਇਲਾਵਾ 79 ਹੋਰ ਪ੍ਰਤਿਸ਼ਠਤ ਸੱਜਣ, ਹੋਰ ਪੰਥਕ ਜੱਥਿਆਂ ਦੇ ਸਦੱਸ ਸਭਾਵਾਂ ਵੱਲੋਂ ਹਾਜਰ ਹੋਏ।
ਇਸ ਰੂਪ ਵਿੱਚ ਪੰਥ ਦੇ ਮੁਖੀਆਂ ਅਥਵਾ ਸਰਬੱਤ ਖਾਲਸੇ ਦਾ ਆਪਣੀ ਮਰਯਾਦਾ ਦੀ ਇਕਸਾਰਤਾ ਲਈ ਹੋਇਆ ਇਹ ਇਕ ਮਹਾਨ ਇਕੱਠ ਸੀ।
(ਨੋਟ: ਨਾਵਾਂ ਦੀ ਲਿਸਟ ਲੰਬੀ ਹੋਣ ਕਰਕੇ, ਲੇਖ ਲੰਬਾ ਹੋਣ ਦੇ ਡਰੋਂ ਇੱਥੇ ਦਰਜ ਨਹੀਂ ਕੀਤੀ ਜਾ ਰਹੀ)
ਪਰ ਕੁਝ ਮਤਭੇਦ ਪੈਦਾ ਹੋਣ ਕਰਕੇ ਖਰੜਾ ਅਜੇ ਵੀ ਪਾਸ ਨਾ ਹੋ ਸਕਿਆ ਅਤੇ ਵਿਚਾਰ ਅਨਿਸ਼ਚਿਤ ਸਮੇ ਲਈ ਮੁਲਤਵੀ ਕਰ ਦਿੱਤੀ ਗਈ।
ਇਸੇ ਹੀ ਸਮੇਂ ਇਸ ਇਕੱਠ ਨੇ ਸਰਬ ਸੰਮਤੀ ਨਾਲ ਰਹਿਤ ਮਰਯਾਦਾ ਲਈ ਲੋੜੀਂਦੀ ਅਗਲੀ ਕਾਰਵਾਈ ਦਾ ਅਧਿਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪ ਦਿੱਤਾ।
ਖਰੜੇ ਵਿੱਚ ਹੋਰ ਲੋੜੀਂਦੀਆਂ ਤਬਦੀਲੀਆਂ ਕਰਕੇ ਅਤੇ ਛਪਵਾ ਕੇ ਇਸ ਨੂੰ ਪੰਥਕ ਜੱਥਿਆਂ ਅਤੇ ਮੁਖੀ ਸਿੱਖਾਂ ਦੀਆਂ ਰਾਵਾਂ ਲਈ ਫਿਰ ਭੇਜਿਆ। ਪਹਿਲਾਂ ਵਾਂਗ ਇਸ ਸੋਧੇ ਹੋਏ ਖਰੜੇ ਬਾਰੇ ਵੀ ਦੇਸ਼-ਵਿਦੇਸ਼ਾਂ ਵਿੱਚ ਵਸਦੇ ਗੁਰ ਸਿੱਖਾਂ ਨੇ ਨਿਜੀ ਅਤੇ ਜੱਥੇਬੰਦਕ ਰੂਚੀ ਲੈ ਕੇ ਆਪਣੀਆਂ ਆਪਣੀਆਂ ਰਾਵਾਂ ਤੋਂ ਰਹੁ-ਰੀਤ ਸਬ-ਕਮੇਟੀ ਨੂੰ ਜਾਣੂ ਕਰਾਇਆ।
30 ਦਸੰਬਰ 1933 ਦੀ ਇਕੱਤ੍ਰਤਾ ਦੌਰਾਨ ਸਾਹਮਣੇ ਆਏ ਵਿਚਾਰਾਂ ਨੂੰ ਧਿਆਨ ਵਿੱਚ ਰੱਖ ਕੇ ਪਹਿਲੇ ਖਰੜੇ ਵਿੱਚ ਸੋਧਾਂ, ਹੋਰ ਰਾਵਾਂ ਲਈ ਇਸ ਦੀਆਂ ਕਾਪੀਆਂ ਦੀ ਵੰਡ, ਰਾਵਾਂ ਦੀ ਪ੍ਰਾਪਤੀ ਉਪਰੰਤ ਰਹੁ-ਰੀਤ ਸਬ-ਕਮੇਟੀ ਦੀਆਂ ਵਿਚਾਰਾਂ ਆਦਿ ਤੇ ਲਗਭਗ ਪੌਣੇ ਤਿੰਨ ਸਾਲ ਦਾ ਸਮਾਂ ਹੋਰ ਲੱਗ ਗਿਆ।
ਇਸ ਸੋਧੇ ਹੋਏ ਖਰੜੇ ਨੂੰ ਸਰਬ-ਹਿੰਦ ‘ਸਿੱਖ ਮਿਸ਼ਨ ਬੋਰਡ’ ਨੇ ਆਪਣੀ ਇਕੱਤ੍ਰਤਾ 1-8-36 ਦੇ ਮਤਾ ਨੰ: 1 ਰਾਹੀਂ ਇਸ ਨੂੰ ਪਾਸ ਕਰ ਦਿੱਤਾ।ਇਸ ਤੋਂ ਬਾਅਦ ਸ਼੍ਰੋ: ਗੁ: ਪ੍ਰ: ਕ: ਨੇ ਆਪਣੀ ਇਕੱਤ੍ਰਤਾ 12-10-36 ਨੂੰ ਮਤਾ ਨੰ: 149 ਰਾਹੀਂ ਇਸ ਦੀ ਪ੍ਰਵਾਨਗੀ ਦੇ ਦਿੱਤੀ।
12-ਅਕਤੂਬਰ 1936 ਨੂੰ ਪ੍ਰਵਾਨਗੀ ਉਪਰੰਤ ਸ਼੍ਰੋ: ਗੁ: ਪ੍ਰ: ਕ: ਦੇ ਪ੍ਰਬੰਧ ਹੇਠਲੇ (ਨਨਕਾਣਾ ਸਾਹਿਬ, ਹਰਿਮੰਦਰ ਸਾਹਿਬ, ਅਕਾਲ ਤਖਤ ਸਾਹਿਬ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਆਦਿ) ਸਭਨਾ ਅਸਥਾਨਾ ਤੇ ਇਹ ਮਰਯਾਦਾ ਲਾਗੂ ਹੋ ਗਈ।
ਪਰ ਕੁਝ ਸਿੱਖ ਸੰਪ੍ਰਦਾਵਾਂ ਅਤੇ ਜੱਥਿਆਂ ਦੀ ਅਜੇ ਵੀ ਇਸ ਨਾਲ ਆਮ ਸਹਿਮਤੀ ਨਹੀਂ ਸੀ ਜਾਪਦੀ।ਇਸ ਨੂੰ ਧਿਆਨ ਵਿੱਚ ਰੱਖਕੇ 28 ਜੁਲਾਈ 1944 ਨੂੰ ਬਾਹਰਵੀਂ ਇਕੱਤ੍ਰਤਾ ਵਿੱਚ ਰਹਿਤ ਮਰਯਾਦਾ ਵਿੱਚ ਕੁਝ ਵਾਧੇ ਘਾਟੇ ਕਰਨ ਸੰਬੰਧੀ ਵਿਚਾਰ ਕੀਤੀ।
7 ਜੁਲਾਈ 1945 ਦੀ ਤੇਰ੍ਹਵੀਂ ਇਕੱਤ੍ਰਤਾ ਵਿੱਚ ਧਾਰਮਿਕ ਸਲਾਹਕਾਰ ਕਮੇਟੀ ਨੇ ਇਹਨਾਂ ਨੂੰ ਫਿਰ ਵਿਚਾਰਿਆ। ਅਤੇ 17 ਨੁਕਤਿਆਂ ਬਾਰੇ ਸੋਧ ਸੁਧਾਈ ਕੀਤੀ।
{{ਨੋਟ: 17 ਨੁਕਤਿਆਂ ਬਾਰੇ ਇਹ ਸੋਧ ਸੁਧਾਈ, ਮੁਖ ਤੋਰ ਤੇ ਪਹਿਲੀ ਪਾਸ ਕੀਤੀ ਗਈ ਰਹਿਤ ਮਰਯਾਦਾ ਵਿੱਚ ਵਰਤੇ ਗਏ ਕੁਝ ਲਫਜ਼ਾਂ ਸੰਬੰਧੀ ਹੀ ਸੀ। ਲੇਖ ਲੰਬਾ ਹੋਣ ਦੇ ਡਰੋਂ ਇਹ 17 ਨੁਕਤੇ ਵੱਖਰੇ ਲੇਖ ਵਿੱਚ ਦਰਸਾਏ ਜਾਣਗੇ।}}
3 ਫਰਵਰੀ 1945 ਦੇ ਮਤਾ ਨੰ: 97 ਰਾਹੀਂ ਵਿਚਾਰ ਕੇ ਰਹਿਤ ਮਰਯਾਦਾ ਨੂੰ ਪ੍ਰਵਾਨਗੀ ਦੇ ਦਿੱਤੀ।
ਇਸ ਤੋਂ ਬਾਅਦ ਜਦੋਂ ਜਦੋਂ ਵੀ ਧਾਰਮਿਕ ਸਲਾਹਕਾਰ ਕਮੇਟੀ ਨੇ ਕਿਸੇ ਸੋਧ ਲਈ ਸਿਫਾਰਿਸ਼ ਕੀਤੀ, ਉਸ ਨੂੰ ਸ਼੍ਰੋ: ਗੁ: ਪ੍ਰ: ਕ: ਦੀ ਜਨਰਲ ਇਕੱਤ੍ਰਤਾ ਨੇ ਹੀ ਵਿਚਾਰ ਕੇ ਪ੍ਰਵਾਨਗੀ ਦਿੱਤੀ।
ਪਾਠਕ ਧਿਆਨ ਦੇਣ ਕਿ ਰਹਿਤ ਮਰਯਾਦਾ ਜਦੋਂ ਦੀ ਬਣੀ ਹੈ, ਓਦੋਂ ਤੋਂ ਹੀ ਵਿਵਾਦਿਤ ਨਹੀਂ ਹੈ।ਹਾਂ ਇਸ ਨੂੰ ਅੰਤਿਮ ਰੂਪ ਦੇਣ ਲਈ ਕਾਫੀ ਅੜਚਣਾਂ ਦਾ ਸਾਹਮਣਾ ਕਰਨਾ ਪਿਆ।
------- -
ਨੋਟ: ਇਹ ਲੇਖ ਮੁਖ ਤੌਰ ਤੇ ਗੁਰਬਖਸ਼ ਸਿੰਘ ਗੁਲਸ਼ਨ ਜੀ ਦੇ ਧੰਨਵਾਦ ਸਹਿਤ ਉਨ੍ਹਾਂ ਦੀ ਕਿਤਾਬ ‘ਦਰਪਣ ਸਿੱਖ ਰਹਿਤ ਮਰਯਾਦਾ (2005), ਵਿੱਚੋਂ ਕੌਪੀ ਕੀਤੇ ਗਏ ਵਿਚਾਰ ਹਨ।
ਨੋਟ: ਜਿਹੜੇ ਸੱਜਣ ਇਸ ਰਹਿਤ ਮਰਯਾਦਾ ਨੂੰ ਪੰਥ ਦੇ ਗਲ ਮੜ੍ਹੀ ਗਈ ਦੱਸ ਰਹੇ ਹਨ, ਉਹ ਨੋਟ ਕਰਨ ਕਿ- ਪ੍ਰਿੰ: ਸਤਿਬੀਰ ਸਿੰਘ ਜੀ ਮੁਤਾਬਕ ਰਹਤ ਮਰਯਾਦਾ ਸੰਬੰਧੀ ਲਿਖਾ-ਪੜ੍ਹੀ ਅਤੇ ਚਿੱਠੀ ਪੱਤਰਾਂ ਦੀਆਂ ਫਾਇਲਾਂ ਦਾ ਭਾਰ ਇਕ ਮਣ ਤੋਂ ਵੀ ਵੱਧ ਸੀ (ਇਸ ਦੀ ਤਸਦੀਕ ਸ਼੍ਰੋ: ਕਮੇਟੀ ਦੇ ਸਾਬਕਾ ਪ੍ਰਧਾਨ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਵੀ ਕੀਤੀ) ਜੋ ਜੂਨ 1984 ਸ੍ਰੀ ਦਰਬਾਰ ਸਾਹਿਬ ਤੇ ਹੋਏ ਫੌਜੀ ਹਮਲੇ ਦੌਰਾਨ ਸਰਕਾਰੀ ਹੰਕਾਰ ਦਾ ਸ਼ਿਕਾਰ ਹੋ ਗਿਆ)
ਜਸਬੀਰ ਸਿੰਘ ਵਿਰਦੀ