ਤੱਤ ਗੁਰਮਤਿ ਪਰਿਵਾਰ ਦੇ ਲੇਖ ਦੀ ਤੱਥਾਂ ਅਤੇ ਗੁਰਮਤਿ ਤੋਂ ਉਲਟ ਪੜਚੋਲ ?
ਕੁੱਝ ਸਮਾਂ ਪਹਿਲਾਂ ਅਸੀਂ ਟੀਮ ਰੇਡਿਉ ਵਿਰਸਾ ਦੇ ਵਿਵਹਾਰ ਵਿਚਲੀਆਂ ਕਮਜ਼ੋਰੀਆਂ ਦਾ ਵਿਸ਼ਲੇਸ਼ਨ ਕਰਦਾ ਇਕ ਲੇਖ ਪ੍ਰਕਾਸ਼ਿਤ ਕੀਤਾ ਸੀ। ਇਸ ਲੇਖ ਦੇ ਕੁੱਝ ਹਿੱਸੇ ਦੀ ਵਿਚਾਰ ਰੇਡਿਉ ਵਿਰਸਾ ਤੇ ਹਰਨੇਕ ਸਿੰਘ ਜੀ ਵਲੋਂ ਆਪਣੇ ਸਾਥੀ ਨਾਲ ਕੀਤੀ ਗਈ। ਬਾਕੀ ਬਚਦੇ ਹਿੱਸੇ ਬਾਰੇ ਵੀ ਸਮੇਂ/ਲੋੜ ਅਨੁਸਾਰ ਪੜਚੋਲ ਕਰਨ ਦੀ ਗੱਲ ਉਸ ਪ੍ਰੋਗਰਾਮ ਵਿਚ ਕਹੀ ਗਈ। ਅਸੀਂ ਇੰਤਜ਼ਾਰ ਕਰ ਰਹੇ ਸੀ ਕਿ ਉਹ ਇਸ ਲੜੀ ਨੂੰ ਪੂਰਾ ਕਰ ਲੈਂਦੇ ਤਾਂ ਲੋੜ ਅਨੁਸਾਰ ਅਸੀਂ ਆਪਣੀ ਗੱਲ ਕਰਦੇ। ਪਰ ਅੱਜ 15-20 ਦਿਨ ਬਾਅਦ ਵੀ ਸ਼ਾਇਦ ਉਨ੍ਹਾਂ ਨੇ ਇਸ ਨੂੰ ਪੂਰਾ ਨਹੀਂ ਕੀਤਾ ਜਾਂ ਫੇਰ ਸਾਡੀ ਨਜ਼ਰ ਵਿਚ ਨਹੀਂ ਆਇਆ। ਅਸੀਂ ਇਸ ਲਈ ਖਾਸ ਵੀਰ ਹਰਨੇਕ ਸਿੰਘ ਨੂੰ ਫੇਸਬੁਕ ਆਈ ਡੀ ਤੇ ਨਿੱਜੀ ਸੁਨੇਹੇ ਰਾਹੀਂ ਬੇਨਤੀ ਵੀ ਕੀਤੀ ਸੀ, ਪਰ ਕੋਈ ਜਵਾਬ ਨਹੀਂ ਆਇਆ। ਜੇ ਕਿਸੇ ਵੀਰ ਦੀ ਨਜ਼ਰ ਵਿਚ ਇਸ ਲੜੀ ਦੇ ਬਾਕੀ ਬਚਦੇ ਹਿੱਸੇ ਦੀ ਪੜਚੋਲ ਆਈ ਹੋਵੇ ਤਾਂ ਕਿਰਪਾ ਕਰਕੇ ਉਹ ਕਲਿੱਪ ਸਾਡੀ ਈ-ਮੇਲ ਵਿਚ ਭੇਜ ਦੇਵੇ।
ਸਾਡੇ ਲੇਖ ਦੇ ਜਿਤਨੇ ਹਿੱਸੇ ਦੀ ਰੇਡਿਉ ਤੋਂ ਪੜਿਆ ਗਿਆ, ਉਸ ਵਿਚ ਜ਼ਿਆਦਾਤਰ ਬਿਨਾ ਵਿਚਾਰੇ ਹੀ ਅੱਗੇ ਵਧਿਆ ਗਿਆ। ਹਾਂ, ਦੋ-ਤਿੰਨ ਨੁਕਤਿਆਂ ਤੇ ਹੀ ਹਰਨੇਕ ਸਿੰਘ ਜੀ ਨੇ ਵਿਚਾਰ ਕੀਤੀ। ਇਨ੍ਹਾਂ ਨੁਕਤਿਆਂ ਤੇ ਉਨ੍ਹਾਂ ਦੀ ਪੜਚੋਲ ਤੱਥਾਂ ਅਤੇ ਗੁਰਮਤਿ ਦੇ ਕਿਤਨੀ ਉਲਟ ਸੀ, ਉਸ ਬਾਰੇ ਗੱਲ ਕਰਨੀ ਵਾਜ਼ਿਬ ਹੈ ਤਾਂ ਕਿ ਨਿਰਪੱਖ ਪਾਠਕਾਂ ਦੇ ਭੁਲੇਖੇ ਦੂਰ ਹੋ ਜਾਣ।
ਪਹਿਲਾ ਨੁਕਤਾ
ਸਾਡੀ ਹਾਂ-ਪੱਖੀ ਆਲੋਚਣਾ ਤੋਂ ਨਰਾਜ਼ ਹਰਨੇਕ ਸਿੰਘ ਜੀ ਨੇ ਕੁਰਖੱਤ/ਫਿੱਕੀ /ਗਾਲੀ-ਗਲੌਚ/ਭੈੜੀ ਸ਼ਬਦਾਵਲੀ ਦੀ ਥਾਂ ਸਹਿਜ/ਮਿਠਬੌਲੜਾ ਦੀ ਗੁਰਬਾਣੀ ਸੇਧ ਅਪਨਾਉਣ ਦੇ ਨੁਕਤੇ ਦੀ ਪੜਚੋਲ ਵੇਲੇ ‘ਭਾਪਾ-ਜੱਟ’ (ਵਿਸ਼ੇ ਨਾਲੋਂ ਹਟਵਾਂ) ਵਿਤਕਰੇ ਦਾ ਸਮਰਥਨ ਕਰਦਾ ਵਿਚਾਰ ਦਿਤਾ। ਗੁਰਮੱਤ ਤਾਂ ਸਾਨੂੰ ਜਾਤ/ਗੋਤ/ਲਿੰਗ ਆਦਿ ਸੌੜੀ ਅਤੇ ਗਲਤ ਮਾਨਸਿਕਤਾ ਤੋਂ ਉਪਰ ਉਠ ਕੇ ‘ਸਰਬ ਸਾਂਝੀਵਾਲਤਾ’ ਦੀ ਸੋਚ ਅਪਨਾਉਣ ਦਾ ਹੋਕਾ ਦਿੰਦੀ ਹੈ। ਪਰ ਆਪਣੇ ਆਪ ਨੂੰ ਮੌਜੂਦਾ ਸਮੇਂ ਵਿਚ ਗੁਰਮਤਿ ਦਾ ਝੰਡਾ-ਬਰਦਾਰ ਹੋਣ ਦਾ ਭਰਮ ਪਾਲਣ ਵਾਲੇ ‘ਅਪਗ੍ਰੇਡ ਕਹਾਉਂਦੇ’ ਧੜੇ ਦੇ ਆਗੂ ਸੱਜਣ ਦੀ ਮਾਨਸਿਕਤਾ ਜੇ ‘ਜੱਟ-ਭਾਪੇ’ ਦੀ ਤੰਗ-ਦਿੱਲੀ ਤੋਂ ਉਪਰ ਨਹੀਂ ਉਠ ਸਕੀ ਤਾਂ ਅਫਸੋਸਜਨਕ ਅਤੇ ਤਰਸਯੋਗ ਗੱਲ ਹੀ ਹੈ। ਇਸ ‘ਜੱਟ-ਭਾਪਾ’ ਵਾਲੀ ਵਿਤਕਰੇ ਭਰਪੂਰ ਭਟਕੀ ਮਾਨਸਿਕਤਾ ਨੇ ਪਿੱਛਲੀ ਸਦੀ ਵਿਚ ਰਾਜਨੀਤਕ ਅਤੇ ਸਮਾਜਿਕ ਤੌਰ ਤੇ ਸਿੱਖ ਸਮਾਜ ਦਾ ਕਿਤਨਾ ਨੁਕਸਾਨ ਕੀਤਾ ਹੈ, ਹਰ ਚੇਤੰਨ ਮਨੁੱਖ ਜਾਣਦਾ ਹੈ।
ਇਸ ਨੁਕਤੇ ਤੇ ਵਿਸ਼ਲੇਸ਼ਨ ਦੌਰਾਣ ਇਕ ਕੱਚੀ ਦਲੀਲ ਦਿੰਦਿਆਂ ਵੀਰ ਹਰਨੇਕ ਸਿੰਘ ਨੇ ਕਿਸੇ ਤਬਕੇ ਵਲੋਂ ਮਾਸੀ/ਮਾਮੇ ਆਦਿ ਨਜ਼ਦੀਕੀ ਰਿਸ਼ਤੇਦਾਰੀ ਦੇ ਬੱਚਿਆਂ ਨਾਲ ਕੀਤੇ ਜਾਂਦੇ ਵਿਆਹ ਸੰਬੰਧਾਂ ਨੂੰ ਗਲਤ ਦਰਸਾ ਕੇ, ਬ੍ਰਾਹਮਣੀ ਮੱਤ ਦੀ ਬਣਾਈ ‘ਜਾਤ-ਗੋਤ’ ਦੀ ਵੰਡ ਨੂੰ ਸਹੀ ਐਲਾਣਿਆ। ਆਲੋਚਣਾ ਤੋਂ ਚਿੜ੍ਹ ਕੇ ਕੋਈ ਗੁਰਮਤਿ ਦੇ ਇਤਨਾ ਖਿਲਾਫ ਹੋ ਸਕਦਾ ਹੈ? ਜੇ ਸਿਰਫ ਨਜ਼ਦੀਕੀ ਰਿਸ਼ਤੇਦਾਰੀ ਵਿਚ ਵਿਵਾਹ ਸੰਬੰਧ ਬਣਾਉਣ ਕਰਕੇ ਕੇ ਹੀ ਕੋਈ ਤਬਕਾ ਗਲਤ ਹੋ ਗਿਆ ਤਾਂ ਸਾਰਾ ਮੁਸਲਿਮ ਸਮਾਜ ਹੀ ਗਲਤ ਮੰਨਿਆ ਜਾਵੇਗਾ। ਪਰ ਖੈਰ! ਆਲੋਚਣਾ ਤੋਂ ਨਰਾਜ਼ ਹੋ ਜਾਣ ਵਾਲੇ ਸੱਜਣਾਂ ਤੋਂ ਸਹੀ ਅਤੇ ਗੰਭੀਰ ਸਮਝ ਦੀ ਆਸ ਰੱਖਣੀ ਮੂਰਖਤਾ ਹੀ ਹੈ। ਫੇਰ ਵੀਰ ਹਰਨੇਕ ਸਿੰਘ ਤੋਂ ਕਾਹਦੀ ਆਸ?
ਦਿਲਚਸਪ ਤੱਥ ਇਹ ਵੀ ਹੈ ਕਿ ਜਿਸ ਤਬਕੇ ਨੂੰ ਅੱਜ ਵੀਰ ਹਰਨੇਕ ਸਿੰਘ ‘ਜੱਟ-ਭਾਪਾ’ ਵਿਵਾਦ ਦੇ ਉਬਾਰ ਰਾਹੀਂ ਮਜ਼ਾਕਿਆ ਬਣਾ ਰਹੇ ਹਨ, ਲਗਭਗ ਸਾਰੇ ‘ਨਾਨਕ ਸਰੂਪ’ ਉਸੇ ਸਮਾਜਿਕ ਸ਼੍ਰੇਣੀ ਦਾ ਪਿਛੋਕੜ ਰੱਖਦੇ ਹਨ। ਅਸੀਂ ਇਹ ਸਪਸ਼ਟ ਕਰ ਦੇਈਏ ਕਿ ਸਾਡੀ ਸਮਝ ਅਨੁਸਾਰ ਨਾਨਕ ਸਰੂਪ ਐਸੀਆਂ ਸਮਾਜਿਕ ਵੰਡਾਂ ਤੋਂ ਆਜ਼ਾਦ ਅਤੇ ਖਿਲਾਫ ਸਨ। ਦੂਜਾ ਇਥੇ ਨੁਕਤਾ ਗਾਲੀ-ਗਲੌਚ/ਭੈੜੀ ਸ਼ਬਦਾਵਲੀ ਦੀ ਥਾਂ ਸਹਿਜ-ਠਰੰਮੇ ਨਾਲ ਆਪਣੀ ਗੱਲ ਰੱਖਣ ਦਾ ਸੀ, ਪਰ ਹਰਨੇਕ ਸਿੰਘ ਬੌਖਲਾਹਟ ਵਿਚ ਜਾਣ-ਬੁਝ ਕੇ ਉਸ ਨੂੰ ਦੂਜੇ ਪਾਸੇ ਲੈ ਗਏ।
ਦੂਜਾ ਨੁਕਤਾ
ਆਪਣੇ ਲੇਖ ਵਿਚ ਅਸੀਂ ਇਹ ਨੁਕਤਾ ਦਿੱਤਾ ਸੀ ਕਿ ਸਮਾਜ ਦੀ ਬਹੁਤੀਆਂ ਸਮੱਸਿਆਵਾਂ ਦਾ ਮੂਲ ਕਾਰਨ ਭ੍ਰਿਸ਼ਟ ‘ਪੁਜਾਰੀ-ਹਾਕਮ’ ਗਠਜੋੜ ਦੀ ਗੁਲਾਮ ਮਾਨਕਿਸਤਾ ਹੀ ਹੈ। ਸੋ ਲੋਕਾਈ ਨੂੰ ਇਸ ਮਾਨਿਸਕਤਾ ਤੋਂ ਆਜ਼ਾਦ ਕਰਾਉਣ ਦੇ ਯਤਨ ਹੋਣੇ ਚਾਹੀਦੇ ਨੇ।
ਇਸ ਨੁਕਤੇ ਦੀ ਪੜਚੋਲ ਵੇਲੇ ਵੀਰ ਹਰਨੇਕ ਸਿੰਘ ਨੇ ਕਿਹਾ ਕਿ ‘ਪੁਜਾਰੀ –ਹਾਕਮ ਗਠਜੋੜ’ ਦੀ ਗੱਲ ਬਾਬਾ ਨਾਨਕ ਵੇਲੇ ਦੇ ਸਮਕਾਲੀ ਸਮਾਜ ਤੇ ਤਾਂ ਢੁਕਦੀ ਹੈ, ਅੱਜ ਦੇ ਸਮੇਂ ਤੇ ਨਹੀਂ ਢੁਕਦੀ ਹੈ। ਹਰਨੇਕ ਸਿੰਘ ਜੀ ਦੀ ਇਹ ਸਮਝ ਵੀ ਕੱਚ-ਘਰੜ ਅਤੇ ਤੱਥਾਂ ਤੋਂ ਉਲਟ ਹੈ।
ਗੱਲ ਪੰਜਾਬ ਦੇ ਸਿੱਖ ਸਮਾਜ ਤੋਂ ਹੋ ਹੀ ਸ਼ੁਰੂ ਕਰ ਲੈਂਦੇ ਹਾਂ। ਸ਼੍ਰੋਮਣੀ ਕਮੇਟੀ/ਜਥੇਦਾਰੀ ਸਿਸਟਮ (ਪੁਜਾਰੀ ਧਿਰ) ਜਿਸ ਤਰਾਂ ਅਕਾਲੀ ਦਲ (ਹਾਕਮ) ਦਾ ਮੋਹਰਾ ਬਣ ਕੇ ਸਮਾਜ ਨੂੰ ‘ਧਰਮ’ ਦੇ ਨਾਂ ਤੇ ਗੁੰਮਰਾਹ ਕਰ ਰਿਹਾ ਹੈ, ਇਸ ਤੋਂ ਕੌਣ ਮੁਨਕਰ ਹੋ ਸਕਦਾ ਹੈ? ਅਜੌਕੇ ਭਾਰਤ ਵਿਚ ਬੀ ਜੇ ਪੀ (ਹਾਕਮ) ਅਤੇ ਆਰ ਐਸ ਐਸ (ਪੁਜਾਰੀ ਧਿਰ) ਦਾ ਘਿਉ-ਖਿਚੜੀ ਹੋਣਾ ਕਿਸ ਤੋਂ ਛੁਪਿਆ ਹੈ? ਸੰਸਾਰ ਦਾ ਇਕ ਬਹੁਤ ਵੱਡਾ ਹਿੱਸਾ ਇਸਲਾਮੀ ਰਾਜ ਦੇ ਘੇਰੇ ਵਿਚ ਹੈ। ਇਨ੍ਹਾਂ ਰਾਜਾਂ ਵਿਚ ਹਾਕਮ ਧਿਰ ਤੇ ਪੁਜਾਰੀ ਧਿਰ (ਸ਼ਰੀਆ ਕਾਨੂੰਨ) ਆਦਿ ਦਾ ਗਠਜੋੜ ਅੱਜ ਵੀ ਪ੍ਰਭਾਵੀ ਹੈ। ਈਸਾਈ ਦੇਸ਼ਾਂ ਵਲੋਂ ਅੱਜ ਵੀ ‘ਪੋਪ’ ਦੀ ਨਗਰੀ ਨੂੰ ਇਕ ਵੱਖਰੇ ਦੇਸ਼ ਵਜੋਂ ਮਾਨਤਾ ਦੇਣਾ ਕੀ ਇਸ ਗਠਜੋੜ ਦੀ ਇਕ ਹੋਰ ਜ਼ਿੰਦਾ ਮਿਸਾਲ ਨਹੀਂ ਹੈ?
ਅੰਤ ਵਿਚ ਤੱਤ ਗੁਰਮਤਿ ਪਰਿਵਾਰ ਵੀਰ ਹਰਨੇਕ ਸਿੰਘ , ਵੀਰ ਪ੍ਰਭਦੀਪ ਸਿੰਘ ਸਮੇਤ ਸਾਰਿਆਂ ਨੂੰ ਇਹ ਬੇਨਤੀ ਕਰਦਾ ਹੈ ਕਿ ਅਸੀਂ ਆਲੋਚਣਾ ਨੂੰ ਸਮਝਣ ਅਤੇ ਸਹਿਣ ਕਰਨ ਦਾ ਮਾਦਾ ਪੈਦਾ ਕਰੀਏ। ਆਪਣੀ ( ਜਾਂ ਪਸੰਦੀਦਾ ਸ਼ਖਸੀਅਤ ਦੀ) ਆਲੋਚਣਾ/ ਅਸਹਿਮਤੀ ਤੋਂ ਬੌਖਲਾ ਕੇ ਅਸੀਂ ਇਤਨੇ ਵੀ ਮੱਤ-ਹੀਨ ਨਾ ਹੋ ਜਾਈਏ ਕਿ ਸਹੀ-ਗਲਤ ਦੀ ਸਮਝ ਹੀ ਗੁਆ ਦੇਈਏ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
tatgurmat@gmail.com
ਤਤ ਗੁਰਮਤਿ ਪਰਿਵਾਰ
ਤੱਤ ਗੁਰਮਤਿ ਪਰਿਵਾਰ ਦੇ ਲੇਖ ਦੀ ਤੱਥਾਂ ਅਤੇ ਗੁਰਮਤਿ ਤੋਂ ਉਲਟ ਪੜਚੋਲ ?
Page Visitors: 2619