ਕੈਟੇਗਰੀ

ਤੁਹਾਡੀ ਰਾਇ



ਗੁਰਪ੍ਰੀਤ ਸਿੰਘ ਮੰਡਿਆਣੀ
ਪੰਜਾਬ ਦੇ ਪਾਣੀ ਦੀ ਲੁੱਟ ਖਾਤਰ ਝੂਠ ਦੀ ਦੁਹਾਈ ਤੇ ਸੱਚ ਤੇ ਪਰਦਾ
ਪੰਜਾਬ ਦੇ ਪਾਣੀ ਦੀ ਲੁੱਟ ਖਾਤਰ ਝੂਠ ਦੀ ਦੁਹਾਈ ਤੇ ਸੱਚ ਤੇ ਪਰਦਾ
Page Visitors: 2587

ਨਿਤਿਨ ਗਡਕਰੀ ਦੇ ਬਿਆਨ ਦੀ ਰੋਸ਼ਨੀ ਵਿੱਚ
ਪੰਜਾਬ ਦੇ ਪਾਣੀ ਦੀ ਲੁੱਟ ਖਾਤਰ ਝੂਠ ਦੀ ਦੁਹਾਈ ਤੇ ਸੱਚ ਤੇ ਪਰਦਾ
ਪੰਜਾਬੀ ਸਿਆਸਦਾਨਾਂ ਦੀ ਚੁੱਪ: ਜਦ ਆਪਦਾ ਰੁਪੱਈਆ ਖੋਟਾ ਤਾਂ ਹਣਬਾਣੀਏ ਨੂੰ ਕੀ ਦੋਸ
By : ਗੁਰਪ੍ਰੀਤ ਸਿੰਘ ਮੰਡਿਆਣੀ

  • ਗੁਰਪ੍ਰੀਤ ਸਿੰਘ ਮੰਡਿਆਣੀ
              ਪੰਜਾਬ ਦਾ ਪਾਣੀ ਲੁੱਟਣ ਖਾਤਰ ਇੱਕ ਝੂਠੀ ਘਾੜਤ ਲਗਾਤਾਰ ਕਈ ਦਹਾਕਿਆਂ ਤੋਂ ਤੋਤੇ ਵਾਂਗੂ ਰਟੀ ਜਾ ਰਹੀ ਹੈ ਕਿ ਪੰਜਾਬ ਦੇ ਹਿੱਸੇ ਦਾ ਪਾਣੀ ਮੁਫਤੋ ਮੁਫਤੀ ਹੀ ਪਾਕਿਸਤਾਨ ਨੂੰ ਜਾ ਰਿਹਾ ਹੈ। ਐਸ. ਵਾਈ. ਐਲ ਨਹਿਰ ਨਾਲ ਪੰਜਾਬ ਨੂੰ ਪੈਣ ਵਾਲੇ ਘਾਟੇ ਨੂੰ ਪਾਕਿਸਤਾਨ ਜਾ ਰਹੇ ਪਾਣੀ ਨੂੰ  ਰੋਕ ਕੇ ਪੂਰਾ ਕਰਨ ਦੀ ਗੱਲ ਇਸ ਤੋਤਾ ਰਟਨ ਵਿੱਚ ਵਾਰ ਵਾਰ ਆਖੀ ਜਾ ਰਹੀ ਹੈ। 26 ਮਾਰਚ ਨੂੰ ਨਹਿਰੀ ਪਾਣੀਆਂ ਬਾਰੇ ਕੇਂਦਰੀ ਵਜ਼ੀਰ ਨਿਤਿਨ ਗਡਕਰੀ ਨੇ ਰੋਹਤਕ ਵਿੱਚ ਇਹੀ ਰਟ ਇੱਕ ਵਾਰ ਫੇਰ ਦੁਹਰਾਈ।
    ਕੇਂਦਰੀ ਵਜ਼ੀਰਾਂ ਸਣੇ ਪ੍ਰਧਾਨ ਮੰਤਰੀਆਂ ਵੱਲੋਂ ਇਹ ਰਟ ਅਲਾਪਣ ਵੇਲੇ ਕਦੇ ਇਹ ਨਹੀਂ ਦੱਸਿਆ ਗਿਆ ਕਿ ਕਿਹੜੇ ਥਾਂ ਤੋਂ ਪੰਜਾਬ ਨੂੰ ਮਿਲ ਸਕਣ ਵਾਲਾ ਪਾਣੀ ਪਾਕਿਸਤਾਨ 'ਚ ਦਾਖਲ ਹੁੰਦਾ ਹੈ ਜਾਂ ਇਹ ਪਾਣੀ ਪੰਜਾਬ ਖਾਤਰ ਕਿਵੇਂ ਵਰਤਿਆ ਜਾ ਸਕਦਾ ਹੈ।
    ਇਹਦੇ ਪਿੱਛੇ ਕਾਰਨ ਇਹ ਹੈ ਕਿ ਉਨਾਂ• ਦੀ ਇਹ ਦਲੀਲ ਅਸਲੀਅਤ ਤੋਂ ਉਲਟ ਹੈ ਤਾਂ ਹੀ ਉਹ ਖੁਲ ਕੇ ਦਸ ਨਹੀਂ ਸਕਦੇ।
         ਪਾਕਿਸਤਾਨ ਅਤੇ ਹਿੰਦੋਸਤਾਨ ਦਰਮਿਆਨ 1960 'ਚ ਹੋਏ ਸਿੰਧ ਜਲ ਸਮਝੌਤੇ ਤਹਿਤ  ਰਾਵੀ, ਬਿਆਸ ਅਤੇ ਸਤਲੁਜ ਦਰਿਆ ਦਾ ਸਾਰਾ ਪਾਣੀ ਭਾਰਤ ਦੇ ਹਿੱਸੇ ਆਇਆ ਅਤੇ ਭਾਰਤੀ ਸੰਵਿਧਾਨ ਮੁਤਾਬਿਕ ਇਹਦਾ ਅਗਾਂਹ ਮਾਲਕ ਪੰਜਾਬ ਬਣਦਾ ਹੈ। ਰਾਵੀ ਦਰਿਆ ਜਿਲਾ ਪਠਾਨਕੋਟ ਵਿੱਚੋਂ ਪਾਕਿਸਤਾਨ 'ਚ ਦਾਖਲ ਹੁੰਦਾ ਹੈ। ਇਹਦੇ ਤੇ ਥੀਨ ਦੇ ਮੁਕਾਮ ਤੇ ਰਣਜੀਤ ਸਾਗਰ ਡੈਮ ਬਨਣ ਨਾਲ ਪਾਕਿਸਤਾਨ ਜਾਂਦਾ ਸਾਰਾ ਪਾਣੀ ਰੋਕ ਲਿਆ ਗਿਆ ਹੈ। ਦੂਜਾ ਬਿਆਸ ਦਰਿਆ ਫਿਰੋਜ਼ਪੁਰ , ਕਪੂਰਥਲਾ ਅਤੇ ਤਰਨਤਾਰਨ ਜਿਲਿਆਂ ਦੀ ਹੱਦ ਤੇ ਸਤਲੁਜ ਵਿੱਚ ਰਲ ਜਾਂਦਾ ਹੈ।
       ਫਿਰੋਜ਼ਪੁਰ ਜਿਲੇ ਦੇ ਕਸਬਾ ਮਖੂ ਤੋਂ ਉਤਰ ਵਾਲੇ ਪਾਸੇ ਹਰੀਕੇ ਦੇ ਮੁਕਾਮ ਤੇ ਸਤਲੁਜ ਦੇ ਪਾਣੀ ਨੂੰ ਬੈਰਾਜ ਲਾ ਕੇ ਰੋਕ ਲਿਆ ਗਿਆ ਤੇ ਇੱਥੋਂ ਹੀ ਰਾਜਸਥਾਨ ਤੇ ਪੰਜਾਬ ਖਾਤਰ ਨਹਿਰਾਂ ਕੱਢ ਦਿੱਤੀਆਂ ਗਈਆਂ। ਹਰੀਕੇ ਹੈਡ ਵਰਕਸ ਤੋਂ ਜਿਹੜਾ ਮਾੜਾ ਮੋਟਾ ਬਚਦਾ ਪਾਣੀ ਸਤਲੁਜ ਵਿੱਚ ਜਾਂਦਾ ਹੈ ਉਹ ਹੁਸੈਨੀਵਾਲਾ ਬਾਰਡਰ ਕੋਲ ਫੇਰ ਫਿਰੋਜਪੁਰ ਹੈਡ ਵਰਕਸ ਦੇ ਨਾ ਨਾਲ ਜਾਣੇ ਜਾਂਦੇ ਬੰਨ  ਤੇ ਰੋਕ ਲਿਆ ਜਾਂਦਾ ਹੈ। ਇਸ ਹੈਡ ਵਰਕਸ ਤੋਂ ਫੇਰ ਰਾਜਸਥਾਨ ਨੂੰ ਜਾਣ ਵਾਲੀ ਗੰਗ ਨਹਿਰ  ਕੱਢ ਲਈ। ਇਸ ਤੋਂ ਅਗਾਂਹ ਸਤਲੁਜ ਵਿੱਚ ਜਾਣ ਜੋਗਾ ਪਾਣੀ ਬਕਾਇਆ ਬਚਦਾ ਹੀ ਨਹੀਂ ਹੈ।
       ਕਹਿਣ ਦਾ ਭਾਵ ਇਹ ਕਿ ਕਿਸੇ ਥਾਂ ਤੋਂ ਵੀ ਇੰਨਾਂ ਦੋਵਾਂ ਦਰਿਆਵਾ ਦਾ ਪਾਣੀ ਪਾਕਿਸਤਾਨ ਵਿੱਚ ਦਾਖਲ ਨਹੀਂ ਹੁੰਦਾ ਸਿਰਫ ਹੜਾ ਦੇ ਦਿਨਾ ਨੂੰ ਛੱਡ ਕੇ। ਹਰਿਆਣੇ ਨੂੰ ਪੰਜਾਬ ਵੱਲੋਂ ਪਾਣੀ ਦੇਣ ਦੇ ਘਾਟੇ ਨੂੰ ਪੂਰਾ ਕਰਨ ਖਾਤਰ ਕੇਂਦਰੀ ਵਜ਼ੀਰਾਂ ਵੱਲੋਂ ਬਿਨਾਂ ਸਿਰ ਪੈਰ ਦਲੀਲ ਲਗਾਤਾਰ ਦੁਹਰਾਉਣ ਤੇ ਪੰਜਾਬ ਸਰਕਾਰ ਜਾਂ ਪੰਜਾਬ ਦੀ ਕਿਸੇ ਸਿਆਸੀ ਪਾਰਟੀ ਨੇ ਇਹ ਸਵਾਲ ਨਹੀਂ ਕੀਤਾ ਕਿ ਕੇਂਦਰੀ ਵਜ਼ੀਰੋ ਇਹਦੀ ਕਦੇ ਡਿਟੇਲ ਤਾਂ ਦਿਓ ਕਿ ਪੰਜਾਬ ਦਾ ਘਾਟਾ ਕਿਵੇਂ ਪੂਰਾ ਹੋਊਗਾ।
        ਐਸ. ਵਾਈ. ਐਲ ਰਾਹੀਂ ਪੰਜਾਬ ਦਾ ਪਾਣੀ ਹਰਿਆਣੇ ਨੂੰ ਦੇਣ ਵਾਲਾ ਪੰਜਾਬ ਦੇ ਘਾਟੇ ਨੂੰ ਪਾਕਿਸਤਾਨ ਦੇ ਪਾਣੀ ਨਾਲ ਪੂਰਨ ਵਾਲੀ ਕੇਂਦਰ ਸਰਕਾਰ ਦੀ ਦਲੀਲ ਜਿੱਥੇ ਝੂਠੀ ਤਾਂ ਹੈ ਹੀ ਉਥੇ ਉਸ ਵੱਲੋਂ ਸ਼ਾਰਦਾ ਨਹਿਰ ਦੇ ਹਰਿਆਣੇ ਨੂੰ ਮਿਲਣ ਵਾਲੇ ਪਾਣੀ ਬਾਬਤ ਜਿਹੜਾ ਓਹਲਾ ਰੱਖਿਆ ਜਾ ਰਿਹਾ ਹੈ ਉਥੋਂ ਇਹ ਸਾਬਤ ਹੋ ਜਾਂਦਾ ਹੈ ਕਿ ਮਨਸ਼ਾ ਹਰਿਆਣੇ ਨੂੰ ਪਾਣੀ ਦੇਣ ਦਾ ਨਹੀਂ ਬਲਕਿ ਪੰਜਾਬ ਦਾ ਪਾਣੀ ਖੋਹਣ ਦਾ ਹੈ।
        ਐਸ. ਵਾਈ. ਐਲ ਨਹਿਰ ਰਾਹੀਂ ਹਰਿਆਣੇ ਨੂੰ 1.6 ਐਮ. ਏ. ਐਫ ਪਾਣੀ ਮਿਲਣਾ ਹੈ। ਉਤਰਾ ਖੰਡ ਤੋਂ ਚਲ ਕੇ ਯੂ. ਪੀ  ਰਾਹੀਂ ਹੋ ਕੇ ਹਰਿਆਣੇ ਵਿੱਚਦੀ ਹੁੰਦੀ ਹੋਈ  ਇੱਕ ਨਹਿਰ ਅਗਾਂਹ ਰਾਜਸਥਾਨ ਨੂੰ ਜਾਣੀ ਹੈ। ਸ਼ਾਰਦਾ ਜਮਨਾ ਲਿੰਕ ਨਹਿਰ ਦੇ ਨਾਅ ਨਾਲ ਬਣ ਰਹੀ ਇਸ ਨਹਿਰ ਦੀ ਹਰਿਆਣੇ ਵਿੱਚ ਲੰਬਾਈ ਦੋ ਸੌ ਕਿਲੋਮੀਟਰ ਹੈ। ਹਰਿਆਣੇ ਵਿੱਚ ਇਹਨੇ 9.47 ਐਮ. ਏ. ਐਫ ਪਾਣੀ ਲੈ ਕੇ ਆਉਣਾ ਹੈ ਭਾਵ ਐਸ. ਵਾਈ. ਐਲ ਨਹਿਰ ਨਾਲੋਂ  6 ਗੁਣਾ। 21 ਜੁਲਾਈ 2016 ਨੂੰ ਲੋਕ ਸਭਾ ਵਿੱਚ ਸਵਾਲ ਨੰਬਰ 71 ਦੇ ਜਵਾਬ ਵਿੱਚ ਕੇਂਦਰ ਸਰਕਾਰ  ਨੇ ਇਸ ਗੱਲ ਦੀ ਤਸਦੀਕ ਕਰ ਦਿੱਤੀ  ਕਿ ਸ਼ਾਰਦਾ ਨਹਿਰ ਦਾ ਪਾਣੀ ਹਰਿਆਣੇ ਨੂੰ ਮਿਲਦਾ ਹੈ। ਪਰ ਨਾ ਕੇਂਦਰ  ਅਤੇ ਨਾ ਹੀ ਹਰਿਆਣਾ ਸਰਕਾਰ ਨੇ ਇਹ ਗੱਲ  ਖੋਲੀ ਹੈ ਕਿ  ਹਰਿਆਣੇ  ਨੂੰ ਇਹਦੇ 'ਚ ਕਿੰਨਾ ਪਾਣੀ ਮਿਲਣਾ ਹੈ।
        ਯਾਨੀ ਕਿ ਐਸ. ਵਾਈ. ਐਲ ਦੀ ਜਰੂਰਤ ਦੱਸਣ ਖਾਤਰ ਨਹਿਰ ਵਾਲਾ ਓਹਲਾ ਰੱਖਿਆ ਜਾ ਰਿਹਾ ਹੈ। ਇਹਦਾ ਸਿੱਧਾ ਮਤਲਬ ਇਹ ਹੋਇਆ ਕਿ ਮਾਮਲਾ ਹਰਿਆਣੇ ਦੀ ਜਰੂਰਤ ਪੂਰੀ ਕਰਨ ਦਾ ਨਾ ਹੋ ਕੇ ਪੰਜਾਬ ਦੀ ਸੰਘੀ ਨੱਪਣ ਦਾ ਹੈ। ਕੇਂਦਰ ਵਲੋਂ ਪੰਜਾਬ ਨੂੰ ਇਹ ਕਹਿ ਕੇ ਪਲੋਸਿਆ ਜਾ ਰਿਹਾ ਹੈ ਕਿ ਤੂੰ ਰੋਅ ਨਾ ਤੇਰਾ ਘਾਟਾ ਹੋਰ ਪਾਸਿਓਂ ਪੂਰਾ ਕਰਾ ਦਿਆਂਗੇ ਪਰ ਹਰਿਆਣੇ ਨੂੰ ਇਹ ਨਹੀਂ ਕਿਹਾ ਜਾਂਦਾ ਕਿ ਤੂੰ ਪੰਜਾਬ ਤੋਂ ਪਾਣੀ ਲੈਣ ਦੀ ਜ਼ਿਦ ਨਾ ਕਰ ਤੈਨੂੰ ਪਾਣੀ ਹੋਰ ਪਾਸਿਓਂ ਦਵਾ ਰਹੇ ਹਾਂ। ਜਦੋਂ ਹਰਿਆਣੇ ਨੂੰ ਹੋਰ ਪਾਣੀ ਸ਼ਾਰਦਾ ਨਹਿਰ ਚੋਂ ਮਿਲ ਜਾਣਾ ਹੈ ਤਾਂ ਐਸ. ਵਾਈ. ਐਲ ਨਹਿਰ ਦੀ ਜ਼ਿਦ ਕਿਓਂ?
       ਇਕ ਹੋਰ ਅਸਲੀਅਤ ਵੀ ਪਾਕਿਸਤਾਨ ਦਾ ਪਾਣੀ ਰੋਕਣ ਵਾਲੀ ਗੱਲ ਨੂੰ ਨਕਾਰਦੀ ਹੈ। ਅੱਜ ਤੇ ਭਲਕੇ 29 ਮਾਰਚ ਅਤੇ 30 ਮਾਰਚ ਨੂੰ ਸਿੰਧ ਜਲ ਸਮਝੋਤਾ ਕਮਿਸ਼ਨ ਦੀ 114 ਵੀਂ ਮੀਟਿੰਗ ਨਵੀਂ ਦਿੱਲੀ 'ਚ ਹੋ ਰਹੀ ਹੈ। ਭਾਰਤ ਅਤੇ ਪਾਕਿਸਤਾਨ ਦੇ ਅਫਸਰਾਂ ਦੇ ਬਣੇ ਇਸ ਕਮਿਸ਼ਨ ਦੀ ਹਾਲੀਆ ਮੀਟਿੰਗ ਵਿੱਚ ਪਾਕਿਸਤਾਨ ਨੂੰ ਜਾ ਰਹੇ ਪਾਣੀ ਨੂੰ ਰੋਕਣਾ ਮੀਟਿੰਗ ਦੇ ਏਜੰਡੇ ਵਿੱਚ ਨਹੀਂ ਹੈ। ਨਾ ਹੀ ਇਹ ਤੋਂ ਪਹਿਲਾਂ ਹੋਈਆਂ 113 ਮੀਟਿੰਗਾਂ ਵਿੱਚ ਇਹ ਗੱਲ ਕਦੇ ਡਿਸਕਸ ਹੋਈ ਹੈ। ਜੇ ਕੇਂਦਰੀ ਵਜ਼ੀਰਾਂ ਦੀ ਗਲ ਵਿੱਚ ਅਸਲੀਅਤ ਹੁੰਦੀ ਤਾਂ ਇਹ ਕਮਿਸ਼ਨ ਦੇ ਵਿਚਾਰ ਗੋਚਰੇ ਜਰੂਰ ਹੋਣੀ ਸੀ ਕਿਉਂਕਿ ਅਜਿਹੀਆਂ ਗੱਲਾਂ ਵਿਚਾਰਨ ਲਈ ਸਿੰਧ ਜਲ ਕਮਿਸ਼ਨ ਹੀ ਇੱਕੋ ਇੱਕ ਫੋਰਮ ਹੈ। ਕੁੱਲ ਮਿਲਾ ਕੇ ਮੁਕਦੀ ਗੱਲ ਏਹ ਕੇ ਪੰਜਾਬ ਦਾ ਪਾਣੀ ਲੁੱਟਣ ਖਾਤਰ ਸੱਚ ਲਕੋਇਆ ਜਾ ਰਿਹਾ ਹੈ ਅਤੇ ਝੂਠ ਦੀ ਦੁਹਾਈ ਦਿੱਤੀ ਜਾ ਰਹੀ ਹੈ।
    ਪਰ ਜਦ ਆਪਦਾ ਰੁਪਈਆ ਹੀ ਖੋਟਾ ਹੋਵੇ ਤਾਂ ਹਟਬਾਣੀਏ ਨੂੰ ਕੀ ਦੋਸ, ਜਦੋਂ ਪੰਜਾਬ ਦੇ ਸਿਆਸਤਦਾਨ ਹੀ ਖਾਮੋਸ਼ ਨੇ ਤਾਂ ਕੇਂਦਰ ਸਰਕਾਰ ਨੂੰ ਦੋਸ ਕਾਹਦਾ ?

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.