ਪਿੰਡ ਐਨਾ ਬੇਪਰਵਾਹ ਕਿਉਂ ਹੋ ਗਿਆ ਹੈ?
ਹੁਣ ਪਿੰਡਾਂ ਵਿੱਚ ਸੜਕਾਂ ਹਨ। ਕੱਲ ਦੀਆਂ ਚਿੱਕੜ ਨਾਲ ਭਰੀਆਂ ਗਲੀਆਂ ਦੀ ਥਾਂ ਪੱਕੀਆਂ ਇੱਟਾਂ ਦੀਆਂ ਗਲੀਆਂ ਹਨ। ਬਿਜਲੀ ਹੈ, ਸੋਲਰ ਲਾਈਟਾਂ ਆ ਰਹੀਆਂ ਹਨ। ਟੈਲੀਵਿਜ਼ਨ ਹੈ, ਮੋਬਾਈਲ ਗਲੀ-ਗਲੀ ਘੁੰਮ ਰਿਹਾ ਹੈ, ਪਰ ਖ਼ਾਲੀ ਸਮੇਂ ’ਚ ਨੌਜਵਾਨਾਂ ਲਈ ਸਵੈ-ਰੁਜ਼ਗਾਰ ਦਾ ਕੋਈ ਉੱਦਮ ਨਹੀਂ; ਨਾ ਸਾਧਨ ਹੈ, ਨਾ ਸਰਕਾਰੀ ਜਾਂ ਸਮਾਜਿਕ ਪ੍ਰੇਰਨਾ ਹੈ। ਖ਼ਾਦ ਹੈ, ਬੀਜ ਹਨ, ਮਿੱਟੀ ਦੀ ਜਾਂਚ ਦਾ ਪ੍ਰਬੰਧ ਹੈ, ਮਗਨਰੇਗਾ ਹੈ। ਪਿੰਡ ਦੇ ਵਿਕਾਸ ਲਈ ਸਰਕਾਰੀ ਤੇ ਗ਼ੈਰ-ਸਰਕਾਰੀ ਰੌਲਾ-ਰੱਪਾ ਵੀ ਹੈ, ਪਰ ਪਿੰਡ ਆਪਣੀ ਪ੍ਰਵਾਹ ਹੀ ਨਹੀਂ ਕਰਦਾ।
ਪ੍ਰਾਚੀਨ ਭਾਰਤ ਵਿੱਚ ਪਿੰਡ ਆਤਮ-ਨਿਰਭਰ ਰਿਹਾ ਹੈ। ਪਿੰਡ ਦੀ ਪੰਚ ਪ੍ਰੇਸ਼ਵਰੀ ਨਿਆਂ ਪ੍ਰਣਾਲੀ ਰਹੀ ਹੈ। ਆਰਥਿਕ ਤੌਰ ’ਤੇ ਆਤਮ-ਨਿਰਭਰਤਾ ਦੇ ਸਥਾਨਕ ਸਾਧਨ ਪਿੰਡ ਦੀ ਨੀਂਹ ਪੱਕੀ ਕਰਦੇ ਰਹੇ ਹਨ। ਹਰਿਆ-ਭਰਿਆ, ਖੁੱਲਾ-ਡੁੱਲਾ ਵਾਤਾਵਰਣ, ਸਾਫ਼-ਸੁਥਰਾ ਪਾਣੀ, ਹਵਾ, ਸ਼ੁੱਧ ਭੋਜਨ, ਨਰੋਆ ਭਾਈਚਾਰਾ, ਚੰਗੇ ਜੁੱਸੇ ਪਿੰਡ ਦੀ ਪਛਾਣ ਸਨ। ਪਿੰਡ, ਜਿਹੜਾ ਆਪਣੇ ਨਰੋਏ ਪੇਂਡੂ ਸਮਾਜ ਦੀਆਂ ਲੋੜਾਂ-ਥੋੜਾਂ ਪੂਰੀਆਂ ਕਰਨ ਲਈ ਸਮਰੱਥ ਸਮਝਿਆ ਜਾਂਦਾ ਸੀ, ਅੱਜ ਬੁਰੀ ਤਰਾਂ ਆਰਥਿਕ ਤੋਟ ਨਾਲ ਤੁੰਬਿਆ ਪਿਆ ਹੈ। ਪੇਂਡੂ ਮਜ਼ਦੂਰ ਲਈ ਸਾਲ ਭਰ ਕੰਮ ਨਹੀਂ, ਕਿਸਾਨ ਲੋੜੋਂ ਵੱਧ ਕਰਜ਼ੇ ਥੱਲੇ ਹੈ, ਆਤਮ-ਵਿਸ਼ਵਾਸ ਗੁਆ ਚੁੱਕਾ ਹੈ, ਆਤਮ-ਹੱਤਿਆ ਦੇ ਰਾਹ ਪੈ ਚੁੱਕਾ ਹੈ, ਖੇਤੀ ਮਸ਼ੀਨਰੀ ਨੇ ਪਸ਼ੂਆਂ ਨੂੰ ਵਿਹਲੇ ਕਰ ਦਿੱਤਾ ਹੈ। ਖੇਤ ਮਜ਼ਦੂਰ ਸ਼ਹਿਰਾਂ ਵੱਲ ਝਾਕਣ ਲੱਗ ਪਿਆ ਹੈ। ਕੁਝ ਪੜਿਆ, ਅੱਧ-ਪੜਿਆ ਪੇਂਡੂ ਨੌਜਵਾਨ ਬੇਰੁਜ਼ਗਾਰੀ ਦੀ ਮਾਰ ਝੱਲਦਾ ਕਿਧਰੇ ਨਸ਼ੇ ਦੀ ਮਾਰ ਹੇਠ ਹੈ, ਕਿਧਰੇ ਵਿਦੇਸ਼ ਉਡਾਰੀ ਮਾਰਨ ਦੇ ਰਾਹ ਪਿਆ ਹੋਇਆ ਹੈ। ਪਿੰਡ ਇਸ ਵੇਲੇ ਔਖੇ ਸਾਹ ਲੈਂਦਾ, ਜਿਵੇਂ ਹਰ ਕਿਸਮ ਦੇ ਸੰਕਟ ’ਚ ਗੱ੍ਰਸਿਆ, ਹਫਿਆ-ਹਫਿਆ ਦਿੱਸਦਾ ਹੈ। ਪਿੰਡ ਐਡਾ ਬੇਪ੍ਰਵਾਹ ਕਿਉਂ ਹੋ ਗਿਆ ਹੈ?
ਪਿੰਡ ਧੜੇਬੰਦੀ ਦਾ ਸ਼ਿਕਾਰ ਹੈ। ਪਿੰਡ ਨਾਜਾਇਜ਼ ਕਬਜ਼ਿਆਂ ਦੀ ਮਾਰ ਹੇਠ ਹੈ। ਵੱਡੀਆਂ ਢੁੱਠਾਂ ਵਾਲਿਆਂ ਨੇ ਪੰਚਾਇਤੀ, ਸ਼ਾਮਲਾਟੀ ਜ਼ਮੀਨਾਂ ਹੜੱਪੀਆਂ ਹੋਈਆਂ ਹਨ। ਲੱਠਮਾਰਾਂ, ਕਬਜ਼ਾਧਾਰੀਆਂ ਨੇ ਪਿੰਡ ਬੁਰੀ ਤਰਾਂ ਹਥਿਆਇਆ ਹੋਇਆ ਹੈ। ਪਿੰਡ ਹੁਣ ਇਕੱਠਾ ਨਹੀਂ ਬਹਿੰਦਾ। ਇਵੇਂ ਲੱਗਦਾ ਹੈ, ਪਿੰਡ ਹੁਣ ਕਾਂਗਰਸ ਹੋ ਗਿਆ ਹੈ, ਪਿੰਡ ਹੁਣ ਅਕਾਲੀ ਬਣ ਗਿਆ ਹੈ, ਪਿੰਡ ਹੁਣ ਭਾਜਪਾਈ ਹੋ ਗਿਆ ਹੈ, ਪਿੰਡ ਹੁਣ ਕਾਮਰੇਡ ਬਣ ਗਿਆ ਹੈ, ਪਿੰਡ ਹੁਣ ਬਸਪਾ ਜਾਂ ‘ਆਪ’ ਬਣ ਗਿਆ ਹੈ। ਪਿੰਡ ਹੁਣ ਪਿੰਡ ਨਹੀਂ ਰਿਹਾ, ਜਾਤਾਂ-ਬਰਾਦਰੀਆਂ, ਧਰਮਾਂ ਦੀਆਂ ਵੰਡੀਆਂ, ਵੱਖੋ-ਵੱਖਰੀਆਂ ਪੱਤੀਆਂ ’ਚ ਵੰਡਿਆ ਗਿਆ ਹੈ। ਕਿੱਥੇ ਗਈ ਪਿੰਡ ਦੀ ਸਾਂਝ? ਕਿੱਧਰ ਉੱਡ ਗਈ ਪਿੰਡ ਦੀ ਸ਼ਾਂਤੀ?
ਪਿੰਡ ਤਾਂ ਕਦੇ ਵੀ ਇਵੇਂ ਦਾ ਨਹੀਂ ਸੀ, ਜਿਵੇਂ ਕੁ ਦਾ ਹੁਣ ਬਣ ਗਿਆ ਹੈ। ਪਿੰਡ ਦੀ ਆਨ ਤਾਂ ਉਸ ਦੀ ਪੱਗ ਸੀ, ਪਿੰਡ ਦੀ ਸ਼ਾਨ ਤਾਂ ਉਸ ਦੀ ਚੁੰਨੜੀ ਸੀ। ਅੱਜ ਇਹ ਦੋਵੇਂ ਕਿੱਥੇ ਗਾਇਬ ਹਨ? ਪਿੰਡ ਪ੍ਰਧਾਨ ਪਤੀਆਂ ਨੇ ਖਾ ਲਿਆ ਹੈ। ਪਿੰਡ ਪ੍ਰਧਾਨ ਪੁੱਤਰਾਂ ਨੇ ਨਿਗਲ ਲਿਆ ਹੈ। ਜੇਕਰ ਇੰਜ ਨਾ ਹੁੰਦਾ ਤਾਂ ਬੋਹੜਾਂ, ਪਿੱਪਲਾਂ ਥੱਲੇ ਬੈਠਕਾਂ ਲੱਗਣੀਆਂ ਸਨ। ਪਿੰਡ ਦੀ ਤਰੱਕੀ ਦੀਆਂ ਇਥੇ ਸਲਾਹਾਂ ਹੋਣੀਆਂ ਸਨ। ਇਥੇ ਝਗੜੇ ਨਿੱਬੜਨੇ ਸਨ। ਵੰਡਾਂ ਦੇ ਫ਼ੈਸਲੇ ਪਰਿਆ ’ਚ ਨਿੱਬੜ ਜਾਣੇ ਸਨ। ਹੁਣ ਪਿੰਡ ਦੀ ਪੱਗ ਕਚਹਿਰੀਆਂ-ਥਾਣਿਆਂ ’ਚ ਰੁਲਦੀ ਹੈ। ਪਾਰਟੀਬਾਜ਼ੀ ਨੇ, ਜਾਤਾਂ ਦੇ ਵਖਰੇਵੇਂ ਨੇ ਪਿੰਡ ਸਹਿਜ ਹੀ ਨਹੀਂ ਰਹਿਣ ਦਿੱਤਾ। ਹਰ ਪਿੰਡ ’ਚ ਮਾਰੋ-ਮਾਰੀ ਹੈ। ਦੁਸ਼ਮਣੀ-ਦਰੇਗ ਭਾਰੂ ਹੈ। ਮਿਲ-ਬੈਠਣਾ ਤਾਂ ਜਿਵੇਂ ਮਨਾਂ ’ਚੋਂ, ਸਰੀਰਾਂ ’ਚੋਂ ਕਿਧਰੇ ਅਲੋਪ ਹੀ ਹੋ ਗਿਆ ਹੈ। ਪਿੰਡ ਐਨਾ ਨਿਰਮੋਹਿਆ ਤਾਂ ਕਦੇ ਵੀ ਨਹੀਂ ਸੀ!
ਪਿੰਡ ਕੂੜੇ-ਕਰਕਟ ਨਾਲ ਭਰਿਆ ਪਿਆ ਹੈ। ਪਿੰਡ ਗੰਦੇ ਛੱਪੜਾਂ ਨਾਲ ਤੂਸਿਆ ਪਿਆ ਹੈ। ਪਿੰਡ ਸਿਹਤ, ਸਿੱਖਿਆ ਸਹੂਲਤਾਂ ਤੋਂ ਊਣਾ ਦਿੱਸਦਾ ਹੈ। ਪਿੰਡ ਬੱਚਿਆਂ ਦੇ ਕੁਪੋਸਣ ਨਾਲ ਕਰਾਹ ਰਿਹਾ ਹੈ ਅਤੇ ਸਭ ਤੋਂ ਵੱਧ ਪਿੰਡ ਕਰਜ਼ੇ ਦਾ ਮਾਰਿਆ ਹੋਇਆ ਹੈ। ਪਿੰਡ ’ਚ ਬੈਂਕ ਹਨ, ਪਰ ਪੰਜ-ਦਸ ਹਜ਼ਾਰ ਦੇ ਕਰਜ਼ੇ ਲਈ ਘਰ ਗਹਿਣੇ ਰੱਖੋ ਜਾਂ ਜ਼ਮੀਨ ਦਾ ਟੋਟਾ ਬੈਂਕ ’ਚ ਰਹਿਣ ਕਰੋ। ਬੈਂਕ ਕਰਜ਼ੇ ਨਹੀਂ ਦਿੰਦੇ ਤਾਂ ਪਿੰਡਾਂ ’ਚ ਬੈਠੇ ਸੂਦਖੋਰਾਂ ਦੇ ਚੁੰਗਲ ’ਚ ਫਸੋ, ਜਿਹੜੇ ਲੋਕਾਂ ਤੋਂ ਦਸ ਰੁਪਏ ਪ੍ਰਤੀ ਸੈਂਕੜਾ ਪ੍ਰਤੀ ਮਹੀਨਾ ਵਿਆਜ ਲੈਂਦੇ ਹਨ, ਜਿਹੜਾ 120 ਫ਼ੀਸਦੀ ਸਾਲਾਨਾ ਤੱਕ ਪੈਂਦਾ ਹੈ। ਸਹਿਕਾਰੀ ਬੈਂਕਾਂ, ਜਾਂ ਸਹਿਕਾਰੀ ਸੁਸਾਇਟੀਆਂ ਵੀ ਉਸੇ ਰਾਹ ਤੁਰ ਪਈਆਂ ਹਨ, ਜਿਹੜੇ ਰਾਹੇ ਬੈਂਕ ਤੁਰੇ ਹੋਏ ਹਨ। ਇਹਨਾਂ ਉੱਤੇ ਸਿਆਸਤਦਾਨਾਂ, ਘੜੰਮ ਚੌਧਰੀਆਂ ਨੇ ਕਬਜ਼ੇ ਕੀਤੇ ਹੋਏ ਹਨ। ਪਿੰਡ ਲਈ ਆਖ਼ਿਰ ਰਸਤਾ ਬਚਿਆ ਹੀ ਕਿਹੜਾ ਹੈ?
ਪਿੰਡ ਸਾਫ਼-ਸੁਥਰਾ ਨਹੀਂ ਦਿੱਖਦਾ। ਕੂੜੇ ਦੇ ਢੇਰਾਂ ਨੇ ਇਸ ਦਾ ਸੁਹੱਪਣ ਖੋਹ ਲਿਆ ਹੈ। ਅੱਧਾ ਪਿੰਡ ਹਾਲੇ ਖੁੱਲੇ ਅਸਮਾਨੀ ਹਨੇਰੇ-ਸਵੇਰੇ ਖੇਤਾਂ ਦੀਆਂ ਨਿਆਈਆਂ ’ਚ ਜੰਗਲ-ਪਾਣੀ ਜਾਂਦਾ ਹੈ। ਬੀਮਾਰੀਆਂ ਦਾ ਸ਼ਿਕਾਰ ਹੁੰਦਾ ਹੈ। ਸੁਚੱਜੇ ਵਾਤਾਵਰਣ ਦੀਆਂ ਗੱਲਾਂ ਤਾਂ ਸੁਣਦਾ ਹੈ, ਪਰ ਪੈਸੇ-ਧੇਲੇ ਖੁਣੋਂ ਘਰ ’ਚ ਲੈਟਰੀਨ ਵੀ ਉਸਾਰਨ ਦੀ ਸਮਰੱਥਾ ਨਹੀਂ ਰੱਖਦਾ। ਅੱਧੋਂ ਵਧੇਰੇ ਪਿੰਡ ਦੀ, ਬੱਚਿਆਂ ਦੀ ਪੜਾਈ ਦੀ ਫੀਸ, ਸਕੂਲ ਦੀ ਵਰਦੀ ਲਈ ਜੇਬ ਖ਼ਾਲੀ ਹੈ। ਬੁੱਢੇ-ਸਿਆਣੇ ਦਵਾਈ ਉਡੀਕਦੇ ਰਹਿੰਦੇ ਹਨ। ਕੇਲਾ-ਛੱਲੀ, ਸੇਬ-ਸੰਗਤਰਾ ਤਾਂ ਨਸੀਬ ਕਿੱਥੋਂ ਹੋਣਾ ਹੈ, ਅੰਨ ਦੀ ਬੁਰਕੀ ਵੀ ਨੀਲੇ ਕਾਰਡ ਦੀ ਬਦੌਲਤ ਔਖਿਆਂ ਹੋ ਜਾਂਦੀ ਹੈ। ਉਡੀਕ ਰਹਿੰਦੀ ਹੈ ਬੁਢਾਪਾ, ਵਿਧਵਾ ਪੈਨਸ਼ਨ ਦੀ ਪਿੰਡ ਦੇ ਵੱਡੇ ਹਿੱਸੇ ਨੂੰ ਕਿ ਕਦੋਂ ਆਵੇ, ਚਲੋ ਚਾਹ-ਪਾਣੀ ਜੋਗਾ ਘਰ ਦਾ ਤੋਰਾ ਤਾਂ ਤੁਰਦਾ ਰਹੇ!
ਪਿੰਡ ਐਨਾ ਬੇਵੱਸ ਤਾਂ ਕਦੇ ਵੀ ਨਹੀਂ ਸੀ। ਪਿੰਡ ਆਪਣੀ ਕਮਾਉਂਦਾ ਸੀ, ਢਿੱਡ ਭਰ ਕੇ ਆਪਣੀ ਖਾਂਦਾ ਸੀ, ਆਪਣੀ ਪੀਂਦਾ ਸੀ, ਬੁੱਲੇ ਲੁੱਟਦਾ ਸੀ। ਪਿੰਡ ਗਾਉਂਦਾ ਸੀ, ਪਿੰਡ ਨੱਚਦਾ ਸੀ, ਪਿੰਡ ਗੁਣਗੁਣਾਉਂਦਾ ਸੀ। ਤੜਕ ਸਵੇਰੇ ਬਾਬੇ ਦੀ ਬਾਣੀ, ਮੰਦਿਰ ਦੀ ਟੱਲੀ, ਕੁੱਕੜ ਦੀ ਬਾਂਗ ਨਾਲ ਉੱਠਦਾ ਸੀ। ਰਾਤੀਂ ਚੈਨ ਦੀ ਨੀਂਦ ਸੌਂਦਾ ਸੀ! ਹੁਣ ਤਾਂ ਪਿੰਡ ਦੀ ਨੀਂਦ ਹੀ ਜਿਵੇਂ ਉੱਡ-ਪੁੱਡ ਗਈ ਹੈ। ਪਿੰਡ ਦੇ ਚੜਦੇ ਇੱਕ ਹੂਟਰ ਵੱਜਦਾ ਹੈ, ਪਿੰਡ ਨਸ਼ੋ-ਨਸ਼ਾ ਹੋ ਜਾਂਦਾ ਹੈ। ਪਿੰਡ ਦੇ ਲਹਿੰਦੇ ਚੀਕ-ਚਿਹਾੜਾ ਪੈਂਦਾ ਹੈ, ਮਾਂ ਰੋਂਦੀ ਹੈ, ਤ੍ਰੀਮਤ ਪਿੱਟ-ਸਿਆਪਾ ਪਾਉਂਦੀ ਹੈ। ਲਲਕਾਰੇ ਵੱਜਦੇ ਹਨ। ਫਿਰ ਚੁੱਪ ਪੱਸਰਦੀ ਹੈ! ਇਹੋ ਜਿਹੀ ਆਵਾਜ਼ ਤਾਂ ਪਿੰਡ ਨੇ ਪਹਿਲਾਂ ਕਦੇ ਨਹੀਂ ਸੀ ਸੁਣੀ! ਪਿੰਡ ਤਦੇ ਉਦਾਸ ਹੈ।
ਪਿੰਡ, ਪਿੰਡ ਨਹੀਂ ਰਿਹਾ! ਪਿੰਡ ਇੱਕ ਸਮੱਸਿਆ ਬਣ ਗਿਆ ਹੈ। ਉਹ ਪਿੰਡ, ਜਿਹੜਾ ਆਪਣੇ ਫ਼ੈਸਲੇ ਆਪ ਲੈਂਦਾ ਸੀ; ਉਹ ਪਿੰਡ, ਜਿਹੜਾ ਕਿਸੇ ਦੀ ਟੈਂਅ ਨਹੀਂ ਸੀ ਮੰਨਦਾ! ਅੱਜ ਦਿੱਸਦੇ ਸੋਹਣੇ ਮਕਾਨਾਂ, ਹੱਥਾਂ ’ਚ ਫੜੇ ਮੋਬਾਈਲਾਂ, ਵੱਡੀ ਖੇਤੀ ਮਸ਼ੀਨਰੀ ਦੇ ਭਾਰ ਹੇਠ ਦੱਬਿਆ ਭਰਮ-ਭੈਅ ’ਚ ਜੀਵਨ ਜਿਉਣ ਲਈ ਮਜਬੂਰ ਕਰ ਦਿੱਤਾ ਗਿਆ ਹੈ!
ਪਿੰਡ ਉੱਠੇਗਾ! ਪਿੰਡ ਆਪਣੀ ਸਾਰ ਆਪ ਲਾਏਗਾ! ਪਿੰਡ ਬਹੁਤੀ ਦੇਰ ਤਾਂ ਸੁੱਤਾ ਨਹੀਂ ਰਹਿ ਸਕਦਾ! ਪਿੰਡ ਐਨਾ ਬੇਪ੍ਰਵਾਹ ਵੀ ਨਹੀਂ ਹੋ ਸਕਦਾ!
ਗੁਰਮੀਤ ਸਿੰਘ ਪਲਾਹੀ
ਗੁਰਮੀਤ ਸਿੰਘ ਪਲਾਹੀ
ਪਿੰਡ ਐਨਾ ਬੇਪਰਵਾਹ ਕਿਉਂ ਹੋ ਗਿਆ ਹੈ?
Page Visitors: 2588