ਖ਼ੁਦ ਨੂੰ ਮੈਂ ਬਲੀ ਦਾ ਦੋਸਤੋ ਬਕਰਾ ਬਣਾਵਾਂਗਾ ਕਿਵੇਂ?
ਡੰਗ ਅਤੇ ਚੋਭਾਂ
-
ਖ਼ਬਰ ਹੈ ਕਿ ਦੋ ਵੇਰ ਲੋਕ ਸਭਾ ਮੈਂਬਰ ਅਤੇ ਕਾਂਗਰਸ ਪਾਰਟੀ ਦੇ ਕੌਮੀ ਅਹੁਦੇਦਾਰ ਰਹਿ ਚੁੱਕੇ ਪੰਜਾਬ ਦੇ ਚਰਚਿਤ ਆਗੂ ਜਗਮੀਤ ਸਿੰਘ ਬਰਾੜ ਨੇ ਤ੍ਰਿਮੂਲ ਕਾਂਗਰਸ ਦੀ ਸੂਬਾਈ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਭਵਿੱਖ ਦਾ ਫੈਸਲਾ ਕਰਨ ਲਈ ਪੰਜਾਬ ਵਿਚਲੇ ਆਪਣੇ ਸ਼ੁਭਚਿੰਤਕਾਂ ਨਾਲ ਸਲਾਹ-ਮਸ਼ਵਰਾ ਕਰਨ ਦਾ ਐਲਾਨ ਕੀਤਾ ਹੈ। ਬਰਾੜ ਪਹਿਲਾਂ ਕਾਂਗਰਸ ਵਿੱਚ ਰਹਿ ਚੁੱਕੇ ਹਨ। ਉਹਨਾ ਦੀ ਚਰਚਾ ਭਾਜਪਾ 'ਚ ਜਾਣ ਬਾਰੇ ਵੀ ਛਿੜੀ ਸੀ, ਪਰ ਉਹ ਭਾਜਪਾ 'ਚ ਨਾ ਗਏ। ਉਧਰ ਪੰਜਾਬ ਦੇ ਬਹੁ-ਚਰਚਿਤ ਨੇਤਾ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਉਹ ਆਖਰੀ ਸਾਹ ਤੱਕ ਕਾਂਗਰਸ ਨਹੀਂ ਛੱਡਣਗੇ।
ਮਿਤਰੋ ਹੁਣ ਪੱਕੀ ਆੜੀ ਦਾ ਵੇਲਾ ਹੀ ਨਹੀਂ! ਜਿਧਰ 'ਪਲੀ' ਉਧਰ ਹੀ ਤੁਰੀ ਜਾਵੇ "ਝੱਲੀ"। ਵੇਖੋ ਨਾ 'ਆਪ' ਆਈ, ਨੇਤਾਵਾਂ ਲਈ 'ਬਹਾਰ' ਆਈ! ਫਿਰ 'ਆਪ' ਗਈ, ਨੇਤਾਵਾਂ ਦਾ ਕੋੜਮਾ ਜਿਧਰ ਮੂੰਹ ਆਇਆ, ਉਧਰ ਉਠ ਤੁਰਿਆ। ਨੇਤਾ ਰਹੇ ਪਰ ਭੋਲੇ, ਮੂੰਹੋਂ ਕੁਝ ਨਾ ਬੋਲੇ! 'ਭਾਅ' ਲੁਵਾਏ, ਜਿਧਰੋਂ ਤੋਰੀ-ਫੁਲਕੇ ਲਈ ਚੰਗਾ ਮੁੱਲ ਮਿਲਿਆ, ਉਧਰਲੇ ਹੀ ਬੋਲ ਬੋਲੇ। 'ਕਾਂਗਰਸ' ਨੂੰ ਕੁਟਾਪਾ ਚਾੜ੍ਹਨ ਵਾਲਾ ਆਹ ਆਪਣਾ 'ਸਿੱਧੂ', ਪੱਪੂ ਦੀ ਗੋਦੀ 'ਚ ਜਾ ਬੈਠਾ, ਇਹ ਆਖ ਚਲੋ ਹੁਣ 'ਰਾਮ' ਭਲੀ ਕਰੂਗਾ! ਰਾਮ ਨੇ ਭਲੀ ਤਾਂ ਕਰ ਤੀ, ਹੱਥ ਛੈਂਟਾ ਵੀ, ਫੜਾ ਤਾ, ਪਰ ਲਗਾਮ "ਵੱਡੇ ਹੱਥ" ਫੜਾ ਤੀ! ਜਿਹੜਾ ਆਂਹਦਾ ਆ "ਪਹਿਲਾ ਤੋਲੋ, ਫਿਰ ਬਾਦਲਾਂ ਬਾਰੇ ਬੋਲੋ"
ਡਾਹਢੇ ਬਾਦਲਾਂ ਤੇ ਅਕਾਲੀਆਂ ਨੂੰ ਲੰਮੇ ਹੱਥ ਲੈਣ ਵਾਲਾ ਬਰਾੜ, ਅਜਿਹਾ ਰਾਹੋਂ ਖੁੰਝਿਆ, ਕਦੇ ਇੱਕ ਬਨੇਰੇ, ਕਦੇ ਦੂਜੇ ਬਨੇਰੇ, ਤੇ ਮੱਲ ਬੈਠਾ ਉਜੜਿਆ ਵਿਹੜਾ। ਪੰਜਾਬੋਂ ਬਾਹਰਲਾ ਵਿਹੜਾ, ਜਿਥੇ ਨਾ ਕਣਕ, ਨਾ ਬਾਜਰਾ, ਨਾ ਮੱਕੀ, ਨਾ ਚੌਲ, ਬਸ ਦਲੀਆ ਹੀ ਦਲੀਆ। ਉਵੇਂ ਹੀ ਕਿਵੇਂ ਰਿੱਧੀ ਸੀ ਖੀਰ ਤੇ ਹੋ ਗਿਆ ਦਲੀਆ! ਇਧਰ ਬਰਾੜ ਦੇ ਸਾਹ ਔਖੇ, ਉਧਰ ਸਿੱਧੂ ਦੇ ਸਾਹ ਔਖੇ! ਦੋਵੇਂ ਵਿਚਾਰੇ ਇਹੋ ਸੋਚਦੇ ਆ, ਉਖਲੀ 'ਚ ਸਿਰ ਦਿੱਤਾ ਤਾਂ ਮੋਹਲਿਆਂ ਦਾ ਕੀ ਡਰ? ਪਰ ਖੁੱਲ੍ਹਾਂ ਖੇਡਣ, ਮੱਲਾਂ ਮਾਰਨ ਦੇ ਸੁਪਨਿਆਂ ਦਾ ਕਤਲ ਹੁੰਦਾ ਦੇਖ ਬਸ ਬੇਬਸੀ 'ਚ ਇਹੋ ਆਖਦੇ ਆ ਕਵੀ 'ਕਰਤਾਰ' ਦੇ ਇਹ ਬੋਲ, "ਚਤੁਰ ਅੰਤਰ –ਆਤਮਾ ਨੂੰ ਸੱਚ ਦਾ ਸ਼ੀਸ਼ਾ ਵਿਖਾਵਾਂਗਾ ਕਿਵੇਂ?
ਇਸ ਤਰ੍ਹਾਂ ਖ਼ੁਦ ਨੂੰ ਬਲੀ ਦਾ ਦੋਸਤੋ ਬਕਰਾ ਬਣਾਵਾਂਗਾ ਕਿਵੇਂ"?
ਧਰਮ ਦਾ ਦਰਬਾਰ ਹੈ, ਛਲੀ ਸਰਕਾਰ ਹੈ!
ਖ਼ਬਰ ਹੈ ਕਿ ਦਾਵੋਸ 'ਚ ਹੋਏ ਵਿਸ਼ਵ ਆਰਥਕ ਫੋਰਮ (ਡਵਲਯੂ ਈ ਐਫ) ਦੇ ਸਲਾਨਾ ਸੰਮੇਲਨ 'ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜਮਹੂਰੀ ਅਤੇ ਵਿਕਾਸਸ਼ੀਲ ਭਾਰਤ ਦੀ ਝਲਕ ਪੇਸ਼ ਕੀਤੀ ਤਾਂ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਇਸ ਤੇ ਸ਼ੰਕੇ ਜ਼ਾਹਰ ਕੀਤੇ ਕਿ ਕੀ ਮੋਦੀ ਸਰਕਾਰ ਦੇ ਕੰਮਕਾਜ ਦੇ ਤਰੀਕੇ ਸਚਮੁੱਚ ਹੀ ਜਮਹੂਰੀ ਹਨ?
ਉਹਨਾ ਕਿਹਾ ਕਿ ਮੋਦੀ ਸਰਕਾਰ 'ਚ ਇਕ ਛੋਟਾ ਜਿਹਾ ਗੁੱਰਪ ਸਾਰੇ ਫੈਸਲੇ ਲੈ ਰਿਹਾ ਹੈ, ਜਦਕਿ ਨੌਕਰਸ਼ਾਹਾਂ ਨੂੰ ਦਰਕਿਨਾਰਾ ਕਰ ਦਿੱਤਾ ਗਿਆ ਹੈ।
ਨਗਾਰਖਾਨੇ 'ਚ ਕਦੇ ਸੁਣਿਆ, ਤੂਤੀ ਦੀ ਆਵਾਜ਼ ਸੁਣੀ ਜਾਂਦੀ ਆ?
ਢੋਲ ਢਮੱਕੇ ਵੱਜ ਰਹੇ ਹਨ। ਦੇਸ਼ ਤਰੱਕੀ ਕਰ ਰਿਹਾ ਹੈ।
ਦੇਸ਼ ਪੁਲਾਘਾਂ ਪੁੱਟ ਰਿਹਾ ਹੈ। ਦੇਸ਼ ਅੱਗੇ ਵੱਧ ਰਿਹਾ ਹੈ।
ਦੇਸ਼ ਦਾ ਵੱਡਾ ਆਗੂ ਕੂਕ-ਕੂਕ ਕੇ ਸਭ ਨੂੰ ਸੁਣਾ ਰਿਹਾ ਹੈ।
ਸਭ ਦਾ ਮਨ ਪਰਚਾ ਰਿਹਾ ਹੈ।
ਵਿਦੇਸ਼ ਬੈਠਾ ਆਪ, ਦੇਸ਼ ਨੂੰ ਸਬਕ ਪੜ੍ਹਾ ਰਿਹਾ ਹੈ, ਜਮਹੂਰੀ, ਬਹੁ-ਰੰਗੀ, ਗਤੀਸ਼ੀਲ ਹੈ ਭਾਰਤ ਦੇਸ਼ ਮਹਾਨ।
ਲੋਕ ਸੁਣ ਰਹੇ ਹਨ! ਲੋਕ ਚੁੱਪ ਬੈਠੇ ਹਨ!! ਤਮਾਸ਼ਾ ਦੇਖ ਰਹੇ ਹਨ!!!
ਇੱਕ ਤੋਂ ਬਾਅਦ ਇੱਕ ਸੀਨ ਦੇਖਣ ਨੂੰ ਮਿਲ ਰਿਹਾ ਹੈ। ਪੂਜਾ ਹੋ ਰਹੀ ਹੈ।
ਗਊ ਪੂਜੀ ਜਾ ਰਹੀ ਹੈ। ਧਰਮ ਵਡਿਆਇਆ ਜਾ ਰਿਹਾ ਹੈ।
ਹਰ ਇੱਕ ਦੇ ਪੱਲੇ ਝੂਠ-ਝੂਠਾ, ਸੱਚ ਪੱਲੇ ਪਾਇਆ ਜਾ ਰਿਹਾ ਹੈ।
ਕਹਿਣ ਨੂੰ ਧਰਮ ਨਿਰਪੱਖ, ਪਰ ਪੱਲੇ ਇਕੋ ਧਰਮ ਪਾਇਆ ਜਾ ਰਿਹਾ ਹੈ।
ਡੁਗ-ਡੁਗੀ ਵਜਾਉਂਦਾ ਮਦਾਰੀ ਬੋਲ ਰਿਹਾ ਹੈ, "ਪੇਟ ਕਾ ਸਵਾਲ ਹੈ"।
ਡੁਗ-ਡੁਗੀ ਵਜਾਉਂਦਾ ਮਦਾਰੀ ਬੋਲ ਰਿਹਾ ਹੈ, "ਪੈਸੇ ਦਾ ਸਵਾਲ ਹੈ"।
ਜਨਤਾ ਸੁਣ ਰਹੀ ਹੈ। ਚੁੱਪ-ਚੁੱਪ ਕੰਨ ਝਾੜਕੇ ਤਮਾਸ਼ਾ ਦੇਖ ਤੁਰੀ ਜਾ ਰਹੀ ਹੈ।
ਪੱਲੇ ਹੀ ਕੁਝ ਨਹੀਂ, ਤਾਂ ਮਦਾਰੀ ਦੇ ਪੱਲੇ ਕੀ ਪਾਵੇ?
ਜਨਤਾ ਜਾਣਦੀ ਹੈ ਕਗਾਰਖਾਨੇ 'ਚ ਧਰਮ ਦਾ ਦਰਬਾਰ ਹੈ, ਇੱਥੇ ਤਾ ਛਲੀ ਸਰਕਾਰ ਹੈ। ਇਥੇ ਤਾਂ ਝੂਠ ਦਾ ਕਾਰੋਬਾਰ ਹੈ!
ਬੰਦ ਗਲੀ ਦੀਆਂ ਘੁੰਮਣ ਘੇਰੀਆਂ
ਖ਼ਬਰ ਹੈ ਕਿ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਹੈ ਕਿ ਵਸਤੂ ਤੇ ਸੇਵਾ ਕਰ (ਜੀ ਐਸ ਟੀ) ਪ੍ਰਣਾਲੀ ਬਹੁਤ ਹੀ ਥੋਹੜੇ ਸਮੇਂ 'ਚ ਸਥਿਰ ਹੋ ਗਈ ਹੈ। ਉਹਨਾ ਕਿਹਾ ਕਿ ਦੇਸ਼ ਵਿੱਚ ਅਪ੍ਰਤੱਖ ਟੈਕਸ ਪ੍ਰਣਾਲੀ ਵਿੱਚ ਬਦਲਾਅ ਆਇਆ ਹੈ। ਇਸ ਸਮੇਂ 5, 12 ਅਤੇ 18 ਅਤੇ 28 ਫੀਸਦੀ ਦੀਆਂ ਦਰਾਂ ਲਾਗੂ ਹਨ ਅਤੇ ਇਹਨਾ ਦਰਾਂ 'ਚ ਚੋਰ ਤਬਦੀਲੀ ਦੇ ਉਹਨਾ ਸੰਕੇਤ ਵੀ ਦਿੱਤੇ ਹਨ।
ਨੋਟਬੰਦੀ ਨੇ ਹਿੰਦੋਸਤਾਨ ਦੇ ਲੋਕ ਰੁਆ ਦਿਤੇ ਉਵੇਂ ਹੀ ਜਿਵੇਂ ਰੋਂਦੀਆਂ ਨੇ ਅਨਾਥ ਕੁੜੀਆਂ।
ਜੀ ਐਸ ਟੀ ਨੇ ਡਰਾ ਦਿਤੇ ਹਿੰਦੋਸਤਾਨੀ ਉਵੇਂ, ਜਿਵੇਂ ਬਦਲਾਂ ਨੂੰ ਚੀਰਦੀ ਡਰਾ ਦਿੰਦੀ ਹੈ ਲੋਕਾਂ ਨੂੰ ਅਸਮਾਨੀ ਬਿਜਲੀ।
ਇਹੋ ਦੋਵੇਂ ਤਾਂ ਬੰਦ ਗਲੀ ਦੀਆਂ ਘੁੰਮਣ ਘੇਰੀਆਂ ਆਂ, ਦਿੱਲੀ ਦੇ ਜੰਤਰ ਮੰਤਰ 'ਚ ਬਣੀਆਂ ਭੁੱਲ-ਭੁਲੱਈਆਂ ਵਰਗੀਆਂ ਇਹਨਾ 'ਚ ਤਾਂ ਦੇਸ਼ ਗੁਆਚ ਗਿਆ ਆ।
ਪੰਜ ਬਾਰਾਂ ਅਠਾਰਾਂ ਅਠਾਈ ਤਾਂ ਅੰਕੜੇ ਆ, ਜਿਹਨਾ ਨੂੰ ਜੇਤਲੀ ਨੇ ਸਿੱਕਿਆਂ ਵਾਂਗਰ ਲੋਕਾਂ ਦੀਆਂ ਜੇਬਾਂ 'ਚੋਂ ਕੱਢਿਆ 'ਤੇ ਸ਼ਾਹਾਂ ਦੀਆਂ ਝੋਲੀਆ ਭਰ, ਆਪ ਸਿਰ ਹੇਠ ਬਾਂਹ ਰੱਖਕੇ ਉਹ ਸੌਂ ਗਏ ਅਤੇ ਨਾਲ ਹੀ ਸੌਂ ਗਏ ਦੇਸ਼ ਵਾਸੀਆਂ ਦੇ ਉਹ ਸੁਫਨੇ ਕਿ "ਅੱਛੇ ਦਿਨ ਆਣੇ ਵਾਲੇ ਹੈਂ"।
ਆਪਣੇ ਹੀ ਮੋਢਿਆਂ 'ਤੇ ਆਪਣੀ ਅਰਥੀ ਉਠਾਵਾਂਗਾ ਮੈਂ
ਖ਼ਬਰ ਹੈ ਕਿ ਗਣਤੰਤਰ ਦਿਹਾੜੇ ਰਾਜਪਥ 'ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਛੇਵੀਂ ਲਾਈਨ 'ਚ ਬਿਠਾਉਣ ਤੇ ਸਿਆਸੀ ਘਮਾਸਾਨ ਜਾਰੀ ਹੈ। ਭਾਜਪਾ ਨੇ ਕਿਹਾ ਕਿ ਕਾਂਗਰਸ ਦੇ ਰਾਜ ਵਿੱਚ ਭਾਜਪਾ ਆਗੂਆਂ ਨਾਲ ਵੀ ਅਜਿਹਾ ਹੀ ਵਿਵਹਾਰ ਹੁੰਦਾ ਰਿਹਾ, ਭਾਜਪਾ ਨੇ ਕਿਹਾ ਕਿ ਦੇਸ਼ ਵਿੱਚ ਹੁਣ ਕਾਂਗਰਸ ਦੀ ਸਰਕਾਰ ਨਹੀਂ ਹੈ, ਪਰ ਰਾਹੁਲ ਗਾਂਧੀ ਆਪਣੇ ਆਪ ਨੂੰ ਸੁਪਰ ਵੀ ਆਈ ਪੀ ਸਮਝਦੇ ਹਨ ਜਿਸ ਨੂੰ ਹਰ ਇੱਕ ਦੇ ਅੱਗੇ ਵਾਲੀ ਸੀਟ ਮਿਲਣੀ ਚਾਹੀਦੀ ਹੈ।
ਚੁੱਪ ਪੱਸਰੀ ਪਈ ਹੈ ਚੁਫ਼ੇਰੇ। ਖਾਮੋਸ਼ ਬੈਠੇ ਨੇ ਵਡੇਰੇ।
ਬਾਜਪਾਈ ਜੀ ਨੇ ਤਾਂ ਭਾਜਪਾਈ ਕਾਰਨਾਮਿਆਂ 'ਤੇ ਐਸੀ ਚੁੱਪ ਧਾਰੀ ਕਿ ਮੋਨ ਹੀ ਹੋ ਗਏ।
ਅਡਵਾਨੀ ਜੀ, ਮੋਦੀ-ਸ਼ਾਹ-ਜੇਤਲੀ ਤਿੱਕੜੀ ਦੀਆਂ ਚਾਲਾਂ 'ਚ ਐਸਾ ਫਸੇ ਕਿ ਚੁੱਪ ਕਰਾ ਦਿੱਤੇ ਗਏ।
ਯਸਵੰਤ ਸਿਨਹਾ, ਸ਼ਤਰੂਘਨ ਸਿਨਹਾ, ਬੋਲਦੇ ਨੇ, ਉਚ ਬੋਲਦੇ ਨੇ, ਮੇਹਣੇ ਦਿੰਦੇ ਨੇ, ਸੱਚੀਆਂ ਸੁਣਾਉਂਦੇ ਨੇ, 'ਸਚੁ ਸੁਣਾਇਸੀ ਸਚ ਦਾ ਵੇਲਾ' ਕਹਿੰਦੇ, ਤਿਕੜੀ ਦੇ ਪੈਰੋਂ ਮਿੱਟੀ ਖਿਸਕਾਉਣ ਦਾ ਯਤਨ ਕਰਦੇ ਹਨ। ਪਰ ਭਾਈ ਤਿੰਨਾਂ ਨੇ ਬਾਪੂ ਗਾਂਧੀ ਦੇ ਤਿੰਨ ਬੰਦਰਾਂ ਦੇ ਸੁਨੇਹਿਆ ਵਾਲੀ ਗੱਲ ਪੱਲੇ ਗੰਢ ਬੰਨ੍ਹੀ ਹੋਈ ਆ, "ਬੁਰਾ ਨਾ ਦੇਖੋ, ਬੁਰਾ ਨਾ ਸੁਣੋ, ਬੁਰਾ ਨਾ ਬੋਲੇ' ਪਰ ਕਰੋ ਆਪਣੀ ਮਰਜ਼ੀ! ਰਾਜ ਭਾਗ ਚਲਾਉ ਅਤੇ ਆਰ ਐਸ ਐਸ ਦੇ ਗੁਣ ਗਾਉ!
ਤੇ ਪਤਾ ਨਹੀਂ ਕਿਉਂ ਆਹ ਅਪਣੇ ਕਾਂਗਰਸੀ ਆਪਣੇ "ਬਾਪੂ" ਦੇ ਸੁਨੇਹੇ ਨੂੰ ਹੀ ਭੁਲ ਬੈਠੇ ਆ। ਅਤੇ ਭਾਜਪਾ ਵਾਲਿਆਂ ਨੂੰ ਆਪਣੀ ਮਰਜ਼ੀ ਕਿਉਂ ਨਹੀਂ ਕਰਨ ਦਿੰਦੇ ਜਿਹੜੇ ਇਹੋ ਜਿਹੇ ਕੰਮ ਕਰਕੇ ਇਹ ਸੋਚੀ ਬੈਠੇ ਆ,
"ਆਪਣੇ ਹੀ ਮੋਢਿਆ ਤੇ ਆਪਣੀ ਅਰਥੀ ਉਠਾਵਾਂਗਾ ਮੈਂ
ਅਤੇ ਮੁੜ ਬਾਜਾਪਾਈ ਵਾਂਗਰ ਚੁੱਪ ਕਰਕੇ ਬੈਠ ਜਾਵਾਂਗਾ ਮੈਂ"।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
125 ਕਰੋੜ ਦੀ ਆਬਾਦੀ ਵਾਲਾ ਭਾਰਤ ਦੁਨੀਆ ਦੇ 50 ਜਿਆਦਾ ਆਬਾਦੀ ਵਾਲੇ ਦੇਸ਼ਾਂ 'ਚੋਂ ਸਭ ਤੋਂ ਸਸਤਾ ਦੇਸ਼ ਹੈ, ਜਿੱਥੇ ਕੱਪੜਾ, ਰਸਾਇਣ ਅਤੇ ਫੂਡ ਪ੍ਰੋਸੈਸਿੰਗ ਪ੍ਰਮੁੱਖ ਉਦਯੋਗ ਹਨ।
ਇੱਕ ਵਿਚਾਰ
ਸੁਫਨੇ ਦੇਖਣੇ ਬੰਦ ਕਰਨ ਕਾਰਣ ਲੋਕ ਬੁੱਢੇ ਹੋ ਜਾਂਦੇ ਹਨ................. ਗੈਵਿਰਅਲ ਗਾਸਰਿਆ ਮਾਰਖਜ
ਗੁਰਮੀਤ ਪਲਾਹੀ , ਲੇਖਕ
9815802070