ਸੁਖਚੈਨ ਸਿੰਘ ਧਰਮਪੁਰਾ ,ਸਹਿਮਤ ਹੋਏ ਕਿ ਜਾਤੀ ਵਿਤਕਰਾ ਕਰਨ ਵਾਲਿਆਂ ਨੂੰ ਮਹਾਂਪੁਰਖ਼ ਕਹਿਣ ਵਾਲੇ ਗਲਤ ਹਨ
*ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਸੰਤ ਸਮਾਜ ਦੇ ਜਿਹੜੇ ਆਗੂ ਅਕਾਲੀ ਦਲ ਬਾਦਲ 'ਤੇ ਦਬਾ ਪਾ ਕੇ ੭ ਸਾਲਾਂ ਤੋਂ ਲਾਗੂ ਖ਼ਾਲਸਾ ਪੰਥ ਦੀ ਅਜਾਦ ਹਸਤੀ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਨੂੰ ੧੫ ਦਿਨਾਂ ਵਿੱਚ ਰੱਦ ਕਰਵਾ ਸਕਦੇ ਹਨ ਉਹ ਗੁਰਮਤਿ ਦੇ ਸਿਧਾਂਤ ਲਾਗੂ ਕਰਵਾ ਕੇ ਜਾਤ ਪਾਤ ਰਹਿਤ ਸਿੱਖ ਸਮਾਜ ਸਿਰਜਨ ਲਈ ਕਿੰਨੀ ਕੁ ਰੁੱਚੀ ਰਖਦੇ ਹਨ ਜਾਂ ਫਿਰ ਨਾਨਕਸ਼ਾਹੀ ਕੈਲੰਡਰ ਵਾਂਗ ਸਿੱਖੀ ਦੇ ਹਰ ਸਿਧਾਂਤ ਦਾ ਮਲੀਆਮੇਟ ਕਰਨ ਵੱਲ ਹੀ ਅੱਗੇ ਵਧਦੇ ਰਹਿਣਗੇ!
*ਉਮੀਦ ਹੈ ਕਿ ਭਾਈ ਸੁਖਚੈਨ ਸਿੰਘ ਜੀ ਆਪਣੇ ਕੀਤੇ ਵਾਅਦੇ 'ਤੇ ਪੂਰੇ ਉਤਰਨਗੇ ਤੇ ਕਿਸੇ ਨੂੰ 'ਬਚਨੁ ਕਰੇ ਤੈ ਖਿਸਕਿ ਜਾਇ ਬੋਲੇ ਸਭੁ ਕਚਾ ॥ ਅੰਦਰਹੁ ਥੋਥਾ ਕੂੜਿਆਰੁ ਕੂੜੀ ਸਭ ਖਚਾ ॥' ਕਹਿਣ ਦਾ ਮੌਕਾ ਕਹਿਣ ਦਾ ਮੌਕਾ ਨਹੀਂ ਦੇਣਗੇ!
ਕਿਰਪਾਲ ਸਿੰਘ ਬਠਿੰਡਾ ਮੋਬ: ੯੮੫੫੪੮੦੭੯੭ [1]
ਸੰਤ ਸਮਾਜ ਦੇ ਅਹਿਮ ਆਗੂ ਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਸੁਖਚੈਨ ਸਿੰਘ ਧਰਮਪੁਰਾ ਵਾਲੇ ਵੱਲੋਂ ਗੁਰਦੁਆਰਾ ਬੰਗਲਾ ਸਹਿਬ ਨਵੀਂ ਦਿੱਲੀ ਵਿਖੇ ਅੱਜ (੧੮ ਅਪ੍ਰੈਲ) ਸਵੇਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਕਥਾ ਦੌਰਾਨ ਕੀਤੀ ਗਈ ਗੁਰਸ਼ਬਦ ਦੀ ਕਥਾ ਸੁਣਨ ਉਪ੍ਰੰਤ ਉਨ੍ਹਾਂ ਦੇ ਮੋਬ: ਫ਼ੋਨ ਨੰਬਰ ੯੮੧੫੧੨੬੨੧੨ 'ਤੇ ਸੰਪਰਕ ਕਰਕੇ ਖ਼ਾਲਸਾ ਪੰਥ ਵਿੱਚ ਵਧ ਰਹੇ ਜਾਤੀਵਾਦ ਸਬੰਧੀ ਗੱਲ ਕੀਤੀ ਗਈ। ਉਨ੍ਹਾਂ ਨੂੰ ਦੱਸਿਆ ਗਿਆ ਕਿ ਪੰਥ ਦਾ ਜਿੰਨਾਂ ਨੁਕਸਾਨ ਜਾਤੀ ਵਿਤਕਰਾ ਕਰਨ ਵਾਲਿਆਂ ਨੇ ਕੀਤਾ ਹੈ ਤੇ ਕਰ ਰਹੇ ਹਨ ਇੰਨਾਂ ਹੋਰ ਕਿਸੇ ਨੇ ਨਹੀਂ ਕੀਤਾ। ਉਨ੍ਹਾਂ ਨੂੰ ਦੱਸਿਆ ਗਿਆ ਕਿ ਪੰਜਾਬ 'ਚ ਪੰਥ ਵਿਰੋਧੀ ਗੁਰੂਡੰਮ ਵਧਣ ਫੁੱਲਣ ਦਾ ਮੁੱਖ ਕਾਰਣ ਗੁਰਦੁਆਰਿਆਂ ਵਿੱਚ ਕੀਤਾ ਜਾ ਰਿਹਾ ਜਾਤੀ ਵਿਤਕਰਾ ਹੈ। ਇਸੇ ਵਿਤਕਰੇ ਅਤੇ ਸਿਆਸੀ ਲੋਕਾਂ ਦੇ ਹਿੱਤਾਂ ਕਾਰਣ ਹੀ ਰਵੀਦਾਸੀਆ ਭਾਈਚਾਰਾ ਪੰਥ ਤੋਂ ਵੱਖ ਹੋ ਗਿਆ ਹੈ, ਰਾਮਗੜ੍ਹੀਆ ਭਾਈਚਾਰਾ ਵੱਖ ਹੋਣ ਦੇ ਰਾਹ ਪੈ ਚੁੱਕਾ ਹੈ ਅਤੇ ਜਿਹੜੇ ਵਿਤਕਰਾ ਸਹਿ ਕਿ ਵੀ ਪੰਥ ਨਾਲ ਜੁੜੇ ਰਹਿਣ ਦਾ ਸਿਦਕ ਪਾਲ਼ ਰਹੇ ਹਨ ਉਨ੍ਹਾਂ ਨੂੰ ਧੱਕ ਕੇ ਬਾਹਰ ਕੱਢਣ ਦੀ ਲਹਿਰ ਜੋਰਾਂ 'ਤੇ ਹੈ। ਜਿਸ ਦੀ ਇੱਕ ਤਾਜਾ ਮਿਸਾਲ ਬਠਿੰਡਾ ਜਿਲ੍ਹਾ ਦੇ ਪਿੰਡ ਲਹਿਰਾ ਖਾਨੇ ਦੇ ਇੱਕ ਗੁਰਦੁਆਰੇ ਦੀ ਹੈ, ਜਿੱਥੇ ਇੱਕ ਦਲਿਤ ਪ੍ਰਵਾਰ ਦੀ ਲੜਕੀ ਦੇ ਅਨੰਦਕਾਰਜ ਕਰਨ ਤੋਂ ਨਾਂਹ ਕੀਤੀ ਗਈ, ਗੁਰਦੁਆਰੇ ਵਿੱਚ ਦਲਿਤਾਂ ਵੱਲੋਂ ਅਖੰਡਪਾਠ ਜਾਂ ਸਹਿਜ ਪਾਠ ਕਰਨ 'ਤੇ ਪਾਬੰਦੀ ਹੈ। ਜੇ ਪੁਲਿਸ ਦੇ ਦਖ਼ਲ ਨਾਲ ਦਲਿਤ ਭਾਈਚਾਰੇ ਨੇ ਆਪਣੇ ਵੱਲੋਂ ਸਹਿਜ ਪਾਠ ਅਰੰਭ ਕੀਤਾ ਗਿਆ ਤਾਂ ਮੱਧ ਦੇ ਭੋਗ ਲਈ ਉਨ੍ਹਾਂ ਨੂੰ ਗੁਰਦੁਆਰੇ ਦੇ ਲੰਗਰ ਵਿੱਚ ਦੇਗ਼ ਬਣਾਉਣ ਤੋਂ ਨਾਂਹ ਕੀਤੀ ਗਈ। ਜੇ ਉਨ੍ਹਾਂ ਨੇ ਜ਼ਬਰਦਸਤੀ ਦੇਗ਼ ਬਣਾ ਲਈ ਤਾਂ ਬ੍ਰਾਹਮਣ ਵਾਂਗ ਬਾਅਦ ਵਿੱਚ ਚੁੱਲ੍ਹੇ ਚੁਰਾਂ ਸਮੇਤ ਲੰਗਰ ਵਾਲਾ ਸਾਰਾ ਕਮਰਾ ਧੋ ਕੇ ਗੋਹਾਪੋਚਾ ਫੇਰ ਕੇ ਪਵਿੱਤਰ ਕੀਤਾ।
ਭੋਗ ਸਮੇਂ ਲੰਗਰ ਵਾਲੇ ਕਮਰੇ ਵਿੱਚ ਉਨ੍ਹਾਂ ਦਾ ਲੰਗਰ ਤੇ ਦੇਗ਼ ਬਣਾਉਣ ਤੋਂ ਰੋਕਣ ਲਈ ਗੁਰਦੁਆਰੇ ਦਾ ਮੁੱਖ ਗੇਟ ਹੀ ਅੰਦਰੋਂ ਬੰਦ ਕਰਕੇ ਬੈਠ ਗਏ ਜਿਸ ਕਾਰਣ ਦਲਿਤ ਭਾਈਚਾਰੇ ਨੂੰ ਗੁਰਦੁਆਰੇ ਅੱਗੇ ਧਰਨਾ ਲਾਉਣਾ ਪਿਆ। ਪੁਲਿਸ ਦੇ ਦਖ਼ਲ ਨਾਲ ਜੇ ਬਾਹਰੋਂ ਦੇਗ਼ ਤਿਆਰ ਕਰਕੇ ਸਹਿਜ ਪਾਠ ਦਾ ਭੋਗ ਪਾਇਆ ਗਿਆ ਤਾਂ ਗੁਰਦੁਆਰੇ ਦੀ ਕਮੇਟੀ ਦੇ ਸਮੁੱਚੇ ਮੈਂਬਰ ਗੁਰਦੁਆਰੇ ਵਿੱਚ ਹਾਜਰ ਹੋਣ ਦੇ ਬਾਵਯੂਦ ਅਰਦਾਸ ਵਿੱਚ ਸ਼ਾਮਲ ਨਹੀਂ ਹੋਏ ਤੇ ਨਾਂਹ ਹੀ ਉਨ੍ਹਾਂ ਨੇ ਦੇਗ਼ ਲਈ। ਪਰ ਹੈਰਾਨੀ ਹੈ ਕਿ ਤੁਹਾਡੇ ਸਮੇਤ ਸੰਤ ਸਮਾਜ ਦੇ ਕਿਸੇ ਆਗੂ ਨੇ ਗੁਰਦੁਆਰਾ ਕਮੇਟੀ ਮੈਂਬਰਾਂ ਦੀ ਇਸ ਘਟੀਆ ਸੋਚ ਦੀ ਨਿਖੇਧੀ ਨਹੀਂ ਕੀਤੀ।
ਭਾਈ ਸੁਖਚੈਨ ਸਿੰਘ ਨੇ ਇਨ੍ਹਾਂ ਖ਼ਬਰਾਂ ਤੋਂ ਅਣਜਾਣਤਾ ਪ੍ਰਗਟ ਕਰਦੇ ਹੋਏ ਹੈਰਾਨੀ ਨਾਲ ਪੁੱਛਿਆ ਅਜਿਹਾ ਕਰਨ ਵਾਲੇ ਕੌਣ ਹਨ? ਭਾਈ ਸੁਖਚੈਨ ਸਿੰਘ ਨੂੰ ਦੱਸਿਆ ਗਿਆ ਕਿ ਵੱਡੀ ਹੈਰਾਨੀ ਇਹ ਵੀ ਕਿ ਤੁਹਾਡਾ ਡੇਰਾ ਇਸੇ ਖੇਤਰ ਵਿੱਚ ਹੀ ਹੋਣ ਦੇ ਬਾਵਯੂਦ ਤੁਸੀਂ ਪੰਥ ਦੇ ਇਸ ਮਹਾਂ ਦੁਖਾਂਤ ਤੋਂ ਬਿਲਕੁਲ ਅਣਜਾਣ ਹੋ ਜਦੋਂ ਕਿ ਇਸ ਦੀ ਮੀਡੀਏ ਵਿੱਚ ਵੀ ਕਾਫੀ ਚਰਚਾ ਹੋ ਚੁੱਕੀ ਹੈ, ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਗੁਰਦੁਆਰਾ ਕਮੇਟੀ ਨੂੰ ਤਖ਼ਤ ਸਾਹਿਬ 'ਤੇ ਤਲਬ ਕਰਕੇ ਕਾਫੀ ਝਾੜ ਵੀ ਪਾਈ ਹੈ ਤੇ ਅਗਲੀ ਕਾਰਵਾਈ ਲਈ ਮਾਮਲਾ ਅਕਾਲ ਤਖ਼ਤ ਸਾਹਿਬ ਵਿਖੇ ਭੇਜ ਦਿੱਤਾ ਹੈ। ਅਕਾਲ ਤਖ਼ਤ ਦੇ ਜਥੇਦਾਰ ਨੇ ਅੱਜ ਤੱਕ ਨਾ ਹੀ ਉਨ੍ਹਾਂ ਨੂੰ ਤਲਬ ਕੀਤੇ ਜਾਣ ਦਾ ਰਸਮੀ ਤੌਰ 'ਤੇ ਐਲਾਣ ਕੀਤਾ ਹੈ ਤੇ ਨਾਂਹ ਹੀ ਜਨਤਕ ਤੌਰ 'ਤੇ ਜਾਤੀ ਵਿਤਕਰਾ ਕਰਨ ਵਾਲਿਆਂ ਦੀ ਨਿਖੇਧੀ ਹੀ ਕੀਤੀ ਹੈ। ਤੁਹਾਡੇ ਸਮੇਤ ਸੰਤ ਸਮਾਜ ਦੇ ਕਿਸੇ ਵੀ ਆਗੂ ਨੇ ਨਾਂ ਜਾਤੀ ਵਿਤਕਰਾ ਕਰਨ ਵਾਲਿਆਂ ਦੀ ਨਿਖੇਧੀ ਕੀਤੀ ਹੈ, ਨਾ ਗਿਆਨੀ ਨੰਦਗੜ੍ਹ ਵੱਲੋਂ ਚੁੱਕੇ ਗਏ ਸਹੀ ਸਟੈਂਡ ਦੀ ਸ਼ਲਾਘਾ ਕੀਤੀ ਹੈ ਅਤੇ ਨਾ ਹੀ ਜਾਤੀ ਵਿਤਕਰੇ ਰਾਹੀਂ ਖ਼ਾਲਸਾ ਪੰਥ ਦਾ ਨੁਕਸਾਨ ਕਰ ਰਹੇ ਡੇਰੇਦਾਰਾਂ ਵਿਰੁੱਧ ਕੋਈ ਸਖ਼ਤ ਸਟੈਂਡ ਲਏ ਜਾਣ ਲਈ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ ਹੀ ਕੀਤੀ ਹੈ। ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਗੁਰਮਤਿ ਸਮਾਗਮਾਂ ਦੀ ਸਟੇਜ਼ 'ਤੇ ਆਪਣੇ ਵਖਿਆਨ ਵਿੱਚ ਕਈ ਵਾਰ ਕਹਿ ਚੁੱਕੇ ਹਨ ਕਿ ਜਿਸ ਵਿਅਕਤੀ ਨੂੰ ਗੁਰਬਾਣੀ ਦੇ ਇਨ੍ਹਾਂ ਅਸਾਨ ਸ਼ਬਦਾਂ ਦੀ ਸਮਝ ਨਹੀਂ ਆਉਂਦੀ:
'ਆਗੈ ਜਾਤਿ ਰੂਪੁ ਨ ਜਾਇ ॥ ਤੇਹਾ ਹੋਵੈ ਜੇਹੇ ਕਰਮ ਕਮਾਇ ॥'
'ਜਾਤਿ ਕਾ ਗਰਬੁ ਨ ਕਰੀਅਹੁ ਕੋਈ ॥ ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ ॥੧॥
ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ॥ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ॥੧॥ਰਹਾਉ ॥'
'ਗਉੜੀ ਕਬੀਰ ਜੀ ॥ ਗਰਭ ਵਾਸ ਮਹਿ ਕੁਲੁ ਨਹੀ ਜਾਤੀ ॥ ਬ੍ਰਹਮ ਬਿੰਦੁ ਤੇ ਸਭ ਉਤਪਾਤੀ ॥੧॥
ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ ॥ ਬਾਮਨ ਕਹਿ ਕਹਿ ਜਨਮੁ ਮਤ ਖੋਏ ॥੧॥ ਰਹਾਉ॥
ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ ॥ ਤਉ ਆਨ ਬਾਟ ਕਾਹੇ ਨਹੀ ਆਇਆ ॥੨॥
ਤੁਮ ਕਤ ਬ੍ਰਾਹਮਣ ਹਮ ਕਤ ਸੂਦ ॥ ਹਮ ਕਤ ਲੋਹੂ ਤੁਮ ਕਤ ਦੂਧ ॥੩॥'
ਅਤੇ ਕਿਸੇ ਵੱਲੋਂ ਸਮਝਾਉਣ ਪਿੱਛੋਂ ਵੀ ਸਮਝਣ ਦਾ ਯਤਨ ਨਹੀਂ ਕਰਦੇ ਤੇ ਬ੍ਰਾਹਮਣ ਵਾਂਗ ਜਾਤ ਦਾ ਹੰਕਾਰ ਕਰਦੇ ਹਨ ਤਾਂ ਉਨ੍ਹਾਂ ਨੂੰ ਮਹਾਂਪੁਰਖ਼ ਕਹਿਣਾਂ ਠੀਕ ਨਹੀਂ ਬਲਕਿ ਮਹਾਂਮੂਰਖ਼ ਕਹਿਣਾ ਚਾਹੀਦਾ ਹੈ। ਤੁਹਾਡੇ ਸਮੇਤ ਸੰਤ ਸਮਾਜ ਦੇ ਆਗੂ ਤੇ ਪ੍ਰਚਾਰਕ, ਮਿਸ਼ਨਰੀਆਂ ਤੇ ਭਾਈ ਪੰਥਪ੍ਰੀਥ ਸਿੰਘ ਵਰਗੇ ਪ੍ਰਚਾਰਕਾਂ ਨੂੰ ਤਾਂ ਨਿੰਦਕ ਕਹਿ ਕੇ ਭੰਡਦੇ ਰਹਿੰਦੇ ਹਨ ਕਿ ਉਹ ਸੰਤਾਂ ਮਹਾਂਪੁਰਸ਼ਾਂ ਦੀ ਨਿੰਦਾ ਕਰਦੇ ਹਨ ਪਰ ਮਹਾਂਮੂਰਖਾਂ ਨੂੰ ਮਹਾਂਪੁਰਖ਼ ਸੰਤ ਬ੍ਰਹਮਗਿਆਨੀ ਕਹਿਣ ਵਾਲਿਆਂ ਨੂੰ ਕਦੀ ਸੇਧ ਨਹੀਂ ਦਿੱਤੀ ਕਿ ਕਿਸੇ ਦੀ ਨਜ਼ਾਇਜ਼ ਉਸਤਤਿ ਕਰਨ ਵਾਲੇ ਨੂੰ ਵੀ ਗੁਰੂ ਸਾਹਿਬ ਪ੍ਰਵਾਨ ਨਹੀਂ ਕਰਦੇ:
'ਉਸਤਤਿ ਨਿੰਦਾ ਦੋਊ ਤਿਆਗੈ ਖੋਜੈ ਪਦੁ ਨਿਰਬਾਨਾ ॥'
'ਉਸਤਤਿ ਨਿੰਦਾ ਦੋਊ ਬਿਬਰਜਿਤ ਤਜਹੁ ਮਾਨੁ ਅਭਿਮਾਨਾ ॥
ਲੋਹਾ ਕੰਚਨੁ ਸਮ ਕਰਿ ਜਾਨਹਿ ਤੇ ਮੂਰਤਿ ਭਗਵਾਨਾ ॥੧॥'
ਭਾਈ ਸੁਖਚੈਨ ਸਿੰਘ ਨੇ ਹੈਰਾਨ ਹੁੰਦੇ ਫਿਰ ਪੁੱਛਿਆ ਕਿ ਕੌਣ ਹਨ ਉਹ ਲੋਕ ਜੋ ਅਜਿਹਾ ਕਰ ਰਹੇ ਹਨ? ਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਜਾਤੀਵਾਦ ਫੈਲਾਉਣ ਦਾ ਮੁੱਖ ਕੇਂਦਰ ਤਾਂ ਡੇਰਾ ਰੂੰਮੀ ਭੁੱਚੋ ਕਲਾਂ ਵਾਲਾ ਹੈ। ਉਸੇ ਦੇ ਸਿੱਧੇ ਪ੍ਰਬੰਧ ਹੇਠ ਇਹ ਚਰਚਾ ਅਧੀਨ ਲਹਿਰੇ ਖਾਨੇ ਵਾਲਾ ਗੁਰਦੁਆਰਾ ਹੈ। ਇਹ ਸੁਣਦਿਆਂ ਭਾਈ ਸੁਖਚੈਨ ਸਿੰਘ ਨੇ ਕਿਹਾ ਹਾਂ ਹੁਣ ਸਮਝ ਗਏ ਹਾਂ, ਇੱਕ ਵਾਰ ੧੦ਕੁ ਸਾਲ ਪਹਿਲਾਂ ਵੀ ਬਾਬਾ ਖੇਮ ਸਿੰਘ ਦੇ ਹੁੰਦੇ ਇਹ ਵਿਵਾਦ ਉਠਿਆ ਸੀ ਤੇ ਕਿਰਨਜੀਤ ਸਿੰਘ ਗਹਿਰੀ ਨੇ ਇਸ ਵਿਰੁੱਧ ਮੋਰਚਾ ਲਾਇਆ ਸੀ। ਪੁੱਛਿਆ ਗਿਆ ਕਿ ਜੇ ਤੁਹਾਨੂੰ ਪਤਾ ਹੈ ਤਾਂ ਇੱਕ ਸਿੱਖ ਪ੍ਰਚਾਰਕ ਹੋਣ ਦੇ ਨਾਤੇ ਤੁਸੀਂ ਇਸ ਮਸਲੇ ਨੂੰ ਹੱਲ ਕਰਨ ਲਈ ਹੁਣ ਤੱਕ ਕੀ ਕੀਤਾ ਹੈ ਤੇ ਅੱਗੇ ਤੋਂ ਕੀ ਕਰੋਗੇ? ਭਾਈ ਸੁਖਚੈਨ ਸਿੰਘ ਨੇ ਕਿਹਾ ਅਸੀਂ ਉਨ੍ਹਾਂ ਨੂੰ ਬਹੁਤੇਰਾ ਸਮਝਾ ਚੁੱਕੇ ਹਾਂ ਉਹ ਮੰਨਦੇ ਹੀ ਨਹੀਂ।
ਪੁੱਛਿਆ ਗਿਆ ਕਿ ਜੇ ਨਹੀਂ ਮੰਨਦੇ ਤਾਂ ਉਹ ਤੁਹਾਡੇ ਸੰਤ ਸਮਾਜ ਦੇ ਅਹਿਮ ਮੈਂਬਰ ਹਨ, ਉਨ੍ਹਾਂ ਦੇ ਸਮਾਗਮਾਂ ਵਿੱਚ ਹੋਰ ਆਗੂਆਂ ਤੋਂ ਇਲਾਵਾ ਤੁਹਾਡੇ ਸਮਾਜ ਦੇ ਪ੍ਰਧਾਨ ਭਾਈ ਹਰਨਾਮ ਸਿੰਘ ਧੁੰਮਾ ਸਮੇਤ ਜਥੇਦਾਰ ਅਕਾਲ ਤਖ਼ਤ ਉਨ੍ਹਾਂ ਨੂੰ ਬ੍ਰਹਮਗਿਆਨੀ ਸੰਤ ਮਹਾਂਪੁਰਖ ਦੇ ਵਿਸ਼ੇਸ਼ਣ ਲਾ ਕੇ ਵਡਿਆਉਂਦੇ ਹਨ ਤਾਂ ਤੁਸੀਂ ਭਾਈ ਪੰਥਪ੍ਰੀਤ ਸਿੰਘ ਵਾਂਗ ਦ੍ਰਿੜ ਸਟੈਂਡ ਕਿਉਂ ਨਹੀਂ ਲੈਂਦੇ ਕਿ ਇਨ੍ਹਾਂ ਨੂੰ ਮਹਾਂਪੁਰਖ਼ ਨਹੀਂ ਬਲਕਿ ਮਹਾਂਮੂਰਖ਼ ਕਹਿਣਾ ਚਾਹੀਦਾ ਹੈ। ਭਾਈ ਸੁਖਚੈਨ ਸਿੰਘ ਨੇ ਜਾਤੀ ਵਿਤਕਰਾ ਕਰਨ ਵਾਲਿਆਂ ਤੇ ਉਨ੍ਹਾਂ ਨੂੰ ਮਹਾਂਪੁਰਖ਼ ਕਹਿਣ ਵਾਲਿਆਂ ਦੀ ਗਲਤੀ ਤਾਂ ਮੰਨ ਲਈ ਪਰ ਉਨ੍ਹਾਂ ਦਾ ਪੱਖ ਪੂਰਨ ਲਈ ਆਪਣੀ ਇੱਕ ਹੋਰ ਹੱਡਬੀਤੀ ਦੱਸਣੀ ਸ਼ੁਰੂ ਕੀਤੀ ਕਿ: ''ਉਹ ਯੂ.ਕੇ. ਵਿੱਚ ਪ੍ਰਚਾਰ ਦੌਰੇ 'ਤੇ ਗਏ ਸਨ। ਉਥੇ ਜੱਟ ਪ੍ਰਵਾਰ ਜਿਆਦਾ ਸਨ। ਉਹ (ਜੱਟ) ਕਹਿਣ ਲੱਗੇ ਅਸੀਂ ਭਗਤ ਧੰਨਾ ਜੀ ਦਾ ਪੁਰਬ ਮਨਾਉਣਾ ਹੈ। ਮੈਂ (ਭਾਈ ਸੁਖਚੈਨ ਸਿੰਘ ਨੇ) ਉਨ੍ਹਾਂ ਨੂੰ ਪੁੱਛਿਆ ਕੀ ਤੁਸੀਂ ਭਗਤ ਰਵੀਦਾਸ ਜੀ, ਭਗਤ ਕਬੀਰ ਜੀ, ਭਗਤ ਨਾਮਦੇਵ ਜੀ ਦਾ ਪੁਰਬ ਵੀ ਮਨਾਉਂਗੇ? ਉਨ੍ਹਾਂ (ਜੱਟਾਂ) ਨੇ ਕਿਹਾ ਨਹੀਂ ਅਸੀਂ ਉਹ ਤਾਂ ਨਹੀਂ ਮਨਾਉਣੇ। ਮੈਂ (ਭਾਈ ਸੁਖਚੈਨ ਸਿੰਘ ਨੇ) ਕਿਹਾ, ਕਿਉਂ? ਉਹ ਭਗਤ ਨਹੀਂ ਹਨ? ਜੇ ਮਨਾਉਣੇ ਹਨ ਤਾਂ ਸਾਰੇ ਭਗਤਾਂ ਦੇ ਮਨਾਓ ਨਹੀਂ ਤਾਂ ਕੋਈ ਵੀ ਨਾ ਮਨਾਓ। ਇਸੇ ਤਰ੍ਹਾਂ ਗਲਤੀ ਇੱਕ ਪਾਸੇ ਤੋਂ ਨਹੀਂ ਦੂਜੇ ਪਾਸੇ ਤੋਂ ਵੀ ਹੁੰਦੀ ਹੈ। ਉਹ ਭਗਤ ਰਵੀਦਾਸ ਜੀ ਦਾ ਦਿਹਾੜਾ ਤਾਂ ਮਨਾਉਂਦੇ ਹਨ ਦੂਜੇ ਭਗਤਾਂ ਦੇ ਕਿਉਂ ਨਹੀਂ ਮਨਾਉਂਦੇ?''
ਭਾਈ ਸੁਖਚੈਨ ਸਿੰਘ ਨੂੰ ਕਿਹਾ ਗਿਆ ਭਾਈ ਸਾਹਿਬ ਜੀ ਤੁਸੀਂ ਮਸਲੇ ਤੋਂ ਲਾਂਭੇ ਜਾਣ ਦਾ ਯਤਨ ਨਾ ਕਰੋ। ਉਨ੍ਹਾਂ ਨੂੰ ਦੱਸਿਆ ਗਿਆ ਕਿ ਮੈਂ ਜੱਟ ਪ੍ਰਵਾਰ ਨਾਲ ਸਬੰਧਤ ਹਾਂ ਜਿਸ ਦੀ ਤਸੱਲੀ ਤੁਸੀਂ ਬਠਿੰਡੇ ਵਿਖੇ ਰਹਿ ਰਹੇ ਤੁਹਾਡੇ ਨਿਜੀ ਵਾਕਫ਼ਕਾਰ ਗੁਰਦੀਪ ਸਿੰਘ ਬਰਾੜ, ਬਲਜਿੰਦਰ ਸਿੰਘ ਕਿਲੀ ਤੇ ਕਿਰਨਜੀਤ ਸਿੰਘ ਗਹਿਰੀ ਆਦਿ ਤੋਂ ਕਰ ਸਕਦੇ ਹੋ। ਪਰ ਇਸ ਦੇ ਬਾਵਯੂਦ ਕਦੀ ਵੀ ਵਿਸ਼ੇਸ਼ ਤੌਰ 'ਤੇ ਭਗਤ ਧੰਨਾ ਜੀ ਦਾ ਕੋਈ ਦਿਹਾੜਾ ਮਨਾਉਣ ਦੀ ਵਕਾਲਤ ਨਹੀਂ ਕੀਤੀ ਤੇ ਨਾ ਹੀ ਦੂਸਰੀਆਂ ਜਾਤੀਆਂ ਦੇ ਸਿੱਖਾਂ ਵੱਲੋਂ ਉਨ੍ਹਾਂ ਦੀ ਜਾਤੀ ਨਾਲ ਸਬੰਧਤ ਭਗਤ ਜਾਂ ਭਾਈ ਜੀਵਨ ਸਿੰਘ, ਭਾਈ ਸੰਗਤ ਸਿੰਘ ਆਦਿਕ ਬਹਾਦਰ ਸਿੰਘਾਂ ਦੇ ਦਿਹਾੜੇ ਮਨਾਉਣ 'ਤੇ ਇਤਰਾਜ ਕੀਤਾ ਹੈ। ਸਗੋਂ ਮੈਂ ਤਾਂ ਚਾਹੁੰਦਾ ਹਾਂ ਕਿ ਸਾਰੇ ਭਗਤ ਸਾਹਿਬਾਨਾਂ ਦੇ ਦਿਹਾੜੇ ਗੁਰੂ ਸਾਹਿਬਾਨਾਂ ਵਾਂਗ ਹੀ ਮਨਾ ਕੇ ਦੁਨੀਆਂ ਨੂੰ ਵਿਖਾਉਣਾ ਚਾਹੀਦਾ ਹੈ ਕਿ ਸਿੱਖੀ ਵਿੱਚ ਸਾਰੀਆਂ ਜਾਤੀਆਂ ਦਾ ਬਰਾਬਰ ਸਨਮਾਨ ਹੈ। ਸ਼੍ਰੋਮਣੀ ਕਮੇਟੀ ਸਮੇਤ ਸਾਡੀਆਂ ਸਾਰੀਆਂ ਜਥੇਬੰਦੀਆਂ ਵੱਲੋਂ ਸਭ ਜਾਤਾਂ ਦਾ ਬਰਾਬਰ ਸਨਮਾਨ ਕਰਦੇ ਹੋਏ ਦਿੱਸਣ ਵਿੱਚ ਅਸਫਲ ਰਹਿਣਾ ਹੀ ਅਸਲ ਕਾਰਣ ਹੈ ਕਿ ਸਿੱਖੀ ਦੇ ਹਰਿਆਵਲ ਦਸਤੇ ਦਲਿਤ ਭਾਈਚਾਰੇ ਦੇ ਸਿੱਖ ਹੀਣ ਭਾਵਨਾ ਦੇ ਸ਼ਿਕਾਰ ਹੋ ਕੇ ਦੇਹਧਾਰੀ ਗੁਰੂਡੰਮ ਦੇ ਜਾਲ ਵਿੱਚ ਫਸ ਰਹੇ ਹਨ ਤੇ ਕਈ ਸਿਦਕੀ ਸਿੱਖਾਂ ਨੂੰ ਜ਼ਬਰਨ ਧੱਕੇ ਜਾਣ ਕਰਕੇ ਖ਼ਾਲਸਾ ਪੰਥ ਨਾਲੋਂ ਅਲਹਿਦਾ ਹੋਣ ਦੀ ਸੋਚ ਭਾਰੂ ਹੋ ਰਹੀ ਹੈ। ਇਹ ਸੁਣ ਕੇ ਭਾਈ ਸੁਖਚੈਨ ਸਿੰਘ ਨੇ ਕਿਹਾ ਤੁਹਾਡੀ ਸੋਚ ਅੱਛੀ ਹੈ ਪਰ ਮੈਂ ਸਮਝਿਆ ਤੁਸੀਂ ਦਲਿਤ ਭਾਈਚਾਰੇ ਨਾਲ ਸਬੰਧਤ ਹੋ ਜਿਸ ਕਰਕੇ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹੋ।
ਗੁਰਮਤਿ ਸਿਧਾਂਤ ਨੂੰ ਸਮਝ ਕੇ ਜਾਤੀ ਵਿਤਕਰੇ ਦੇ ਵਿਰੋਧ ਵਿੱਚ ਗੱਲ ਕਰਨ ਵਾਲੇ ਨੂੰ ਦਲਿਤ ਸਮਝ ਲੈਣਾ ਹੀ ਇਸ ਗੱਲ ਦਾ ਸਬੂਤ ਹੈ ਕਿ ਸਿੱਖਾਂ ਵਿੱਚ ਜਾਤਪਾਤ ਘਰ ਕਰ ਚੁੱਕੀ ਹੈ ਤੇ ਇਸੇ ਕਰਕੇ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ, ਭਾਈ ਪਰਮਜੀਤ ਸਿੰਘ ਖ਼ਾਲਸਾ ਅਨੰਦਪੁਰ ਸਾਹਿਬ ਵਾਲੇ ਅਤੇ ਮਿਸ਼ਨਰੀ ਪ੍ਰਚਾਰਕਾਂ ਨੂੰ ਛੱਡ ਕੇ ਬਾਕੀ ਦੇ ਹੋਰ ਪ੍ਰਚਾਰਕ ਖਾਸ ਕਰਕੇ ਬ੍ਰਾਹਮਣ ਦਾ ਰੂਪ ਧਾਰਣ ਕਰ ਚੁੱਕੇ ਸੰਤ ਸਮਾਜ ਦੇ ਆਗੂ ਜਾਤੀ ਵਿਤਕਰੇ ਵਿਰੁੱਧ ਬੋਲਣ ਲਈ ਤਿਆਰ ਨਹੀਂ ਹਨ। ਭਾਈ ਸੁਖਚੈਨ ਸਿੰਘ ਨੂੰ ਬੇਨਤੀ ਕੀਤੀ ਗਈ ਕਿ ਤੁਸੀਂ ਸਿਧਾਂਤ ਨੂੰ ਚੰਗੀ ਤਰ੍ਹਾਂ ਸਮਝਦੇ ਹੋ ਇਸ ਲਈ ਉਮੀਦ ਹੈ ਕਿ ਬੰਗਲਾ ਸਾਹਿਬ ਦੀ ਸਟੇਜ ਤੋਂ ਸਿੱਖਾਂ ਨੂੰ ਜਾਗ੍ਰਤ ਕਰਨ ਲਈ ਤੁਸੀਂ ਕੱਲ੍ਹ ਨੂੰ ਇਸ ਸਬੰਧੀ ਖੁੱਲ੍ਹ ਕੇ ਆਪਣੇ ਵੀਚਾਰ ਪ੍ਰਗਟ ਕਰੋਗੇ ਤੇ ਸੰਗਤਾਂ ਨੂੰ ਦੱਸੋਗੇ ਕਿ ਖ਼ਾਲਸਾ ਪੰਥ ਵਿੱਚ ਜਾਤੀ ਵਿਤਕਰੇ ਕਰਨ ਦੇ ਮੁਖ ਦੋਸ਼ੀ ਕੌਣ ਹਨ? ਵਧ ਰਹੇ ਇਸ ਜਾਤੀਪ੍ਰਥਾ ਦੇ ਕੋਹੜ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਹੁਣ ਤੱਕ ਕਿਹੜੇ ਕਿਹੜੇ ਯਤਨ ਕੀਤੇ ਹਨ? ਤੇ ਇਸ ਕੋਹੜ ਤੋਂ ਛੁਟਕਾਰਾ ਪਾਉਣ ਲਈ ਕੀਤੇ ਜਾਣ ਵਾਲੇ ਪ੍ਰਚਾਰ ਵਿੱਚ ਮੁੱਖ ਰੁਕਾਵਟ ਕਿਹੜੇ ਲੋਕ ਪਾ ਰਹੇ ਹਨ?
ਭਾਈ ਸੁਖਚੈਨ ਸਿੰਘ ਨੇ ਕਿਹਾ ਕਥਾ ਦੌਰਾਨ ਕਿਸੇ ਦਾ ਸਿੱਧਾ ਨਾਮ ਲੈਣਾ ਤਾਂ ਔਖਾ ਹੁੰਦਾ ਹੈ ਤੇ ਨਾਲੇ ਮੇਰਾ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਤਾਂ ਕਥਾ ਦਾ ਸਿਰਫ ਅੱਜ ਦਾ ਹੀ ਦਿਨ ਸੀ ਤੇ ਕਲ੍ਹ ਨੂੰ ਗੁਰਦੁਆਰਾ ਮੋਤੀ ਬਾਗ਼ ਕਥਾ ਕਰਨੀ ਹੈ। ਉਨ੍ਹਾਂ ਨੂੰ ਬੇਨਤੀ ਕੀਤੀ ਗਈ ਕਿ ਸਿੱਧੇ ਨਾਮ ਤਾਂ ਬੇਸ਼ੱਕ ਨਾ ਲਓ ਪਰ ਜਿਹੜੇ ਗੁਰਦੁਅਰਿਆਂ ਵਿੱਚ ਜਾਤੀ ਵਿਤਕਰੇ ਨੂੰ ਵਡਾਵਾ ਦੇ ਰਹੇ ਹਨ ਉਨ੍ਹਾਂ ਨੂੰ ਭਾਈ ਪੰਥਪ੍ਰੀਤ ਸਿੰਘ ਤੋਂ ਸੇਧ ਲੈ ਕੇ ਮਹਾਂਮੂਰਖ ਤਾਂ ਕਹਿ ਹੀ ਸਕਦੇ ਹੋ! ਅਤੇ ਜਿਹੜੇ ਉਨ੍ਹਾਂ ਨੂੰ ਮਹਾਂਪੁਰਖ਼ ਸੰਤ ਬ੍ਰਹਮਗਿਆਨੀ ਆਦਿਕ ਸ਼ਬਦਾਂ ਨਾਲ ਸੰਬੋਧਨ ਕਰਦੇ ਹਨ ਉਨ੍ਹਾਂ ਨੂੰ ਝੂਠੀ ਉਸਤਤਿ ਦਾ ਤਿਆਗ ਕਰਕੇ ਸਿੱਖੀ ਸਿਧਾਂਤ 'ਤੇ ਪਹਿਰਾ ਦੇਣ ਦੀ ਸਲਾਹ ਤਾਂ ਦੇ ਹੀ ਸਕਦੇ ਹੋ!! ਜਿੱਥੋਂ ਤੱਕ ਕਥਾ ਦਾ ਇੱਕੋ ਦਿਨ ਹੋਣ ਦਾ ਸਬੰਧ ਹੈ, ਇਹ ਬਹਾਨਾ ਵੀ ਠੀਕ ਨਹੀਂ ਲਗਦਾ ਕਿਉਂਕਿ ਇਸ ਸਮੇਂ ਤੁਹਾਡੀ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਵਿੱਚ ਪੂਰੀ ਤੂਤੀ ਬੋਲਦੀ ਹੈ। ਇਸ ਲਈ ਤੁਸੀਂ ਚਾਹੋ ਤਾਂ ਜਿੰਨੇ ਦਿਨ ਮਰਜੀ ਕਥਾ ਲਈ ਸਮਾਂ ਲੈ ਸਕਦੇ ਹੋ। ਇਸ ਦਲੀਲ ਨਾਲ ਸਹਿਮਤ ਹੁੰਦੇ ਭਾਈ ਸੁਖਚੈਨ ਸਿੰਘ ਨੇ ਵਾਅਦਾ ਕੀਤਾ ਕਿ ਉਹ ਦਿੱਲੀ ਕਮੇਟੀ ਨਾਲ ਗੱਲ ਕਰਨਗੇ।
ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਸੰਤ ਸਮਾਜ ਦੇ ਜਿਹੜੇ ਆਗੂ ਅਕਾਲੀ ਦਲ ਬਾਦਲ 'ਤੇ ਦਬਾ ਪਾ ਕੇ ੭ ਸਾਲਾਂ ਤੋਂ ਲਾਗੂ ਖ਼ਾਲਸਾ ਪੰਥ ਦੀ ਅਜਾਦ ਹਸਤੀ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਨੂੰ ੧੫ ਦਿਨਾਂ ਵਿੱਚ ਰੱਦ ਕਰਵਾ ਸਕਦੇ ਹਨ ਉਹ ਗੁਰਮਤਿ ਦੇ ਸਿਧਾਂਤ ਲਾਗੂ ਕਰਵਾ ਕੇ ਜਾਤ ਪਾਤ ਰਹਿਤ ਸਿੱਖ ਸਮਾਜ ਸਿਰਜਨ ਲਈ ਕਿੰਨੀ ਕੁ ਰੁੱਚੀ ਰਖਦੇ ਹਨ! ਜਾਂ ਫਿਰ ਨਾਨਕਸ਼ਾਹੀ ਕੈਲੰਡਰ ਵਾਂਗ ਸਿੱਖੀ ਦੇ ਹਰ ਸਿਧਾਂਤ ਦਾ ਮਲੀਆਮੇਟ ਕਰਨ ਵੱਲ ਹੀ ਅੱਗੇ ਵਧਦੇ ਰਹਿਣਗੇ!! ਮੈਨੂੰ ਉਮੀਦ ਹੈ ਕਿ ਭਾਈ ਸੁਖਚੈਨ ਸਿੰਘ ਜੀ ਆਪਣੇ ਕੀਤੇ ਵਾਅਦੇ 'ਤੇ ਪੂਰੇ ਉਤਰਨਗੇ ਤੇ ਕਿਸੇ ਨੂੰ 'ਬਚਨੁ ਕਰੇ ਤੈ ਖਿਸਕਿ ਜਾਇ ਬੋਲੇ ਸਭੁ ਕਚਾ ॥ ਅੰਦਰਹੁ ਥੋਥਾ ਕੂੜਿਆਰੁ ਕੂੜੀ ਸਭ ਖਚਾ ॥' ਕਹਿਣ ਦਾ ਮੌਕਾ ਨਹੀਂ ਦੇਣਗੇ।