ਸਿੱਖੀ-ਸਿਧਾਂਤ- ਜੋ ਮੈਨੂੰ ਸਮਝ ਆਇਆ।
‘ਜਪੁ’
'ਜਪੁ' ਦਾ ਅਰਥ ਹੈ, ‘ਜਪਣਾ’ ਯਾਨੀ ਆਪਣੀ ਯਾਦ ਵਿੱਚ ਰੱਖਣਾ, ਧਿਆਨ ਵਿੱਚ ਰੱਖਣਾ, ਹਰ ਵਕਤ, ਹਰ ਸਮੇਂ ਸੁਰਤ ਵਿਚ, ਇਹ ਅਸੂਲ-ਸਿੱਖੀ-ਸਿਧਾਂਤ ਮੇਰੇ ਚੇਤੇ ਵਿੱਚ ਰਹਿਣ।
ਸਿੱਖੀ ਸਿਧਾਂਤਾਂ ਨੂੰ ਚੇਤੇ ਰੱਖਣਾ ਹੀ ‘ਸਿਮਰਨ’ ਹੈ,
ਸਿੱਖੀ ਸਿਧਾਂਤਾਂ ਦੇ ਅਨੁਸਾਰੀ ਮਨੁੱਖਾ ਜੀਵਨ ਜਿਉਂਣਾ ਹੀ ‘ਬੰਦਗੀ’ ਹੈ,
ਸਿੱਖੀ-ਸਿਧਾਂਤਾਂ ਨੂ ਪਰੈਕਟੀਕਲੀ ਜਿੳਂਣਾ ਹੀ ‘ਭਜਨ’ ਕਰਨਾ ਹੈ।
** ‘ਸਿੱਖੀ-ਸਿਧਾਂਤ’ ਕੀ ਹਨ?
"ਸਬਦ ਗੁਰੂ ਗਰੰਥ ਸਾਹਿਬ ਜੀ" ਵਿੱਚ ਦਰਜ਼ ‘ਗੁਰਬਾਣੀ’ ਵਿਚ ਬਹੁਤ ਕੁੱਝ "ਕਰਨ" ਵਾਸਤੇ ਕਿਹਾ ਗਿਆ ਹੈ. .
ਅਤੇ ਬਹੁਤ ਕੁੱਝ "ਨਾ ਕਰਨ" ਵਾਸਤੇ ਕਿਹਾ ਗਿਆ ਹੈ।
** ਜੋ ਕੁੱਝ ‘ਕਰਨ’ ਵਾਸਤੇ ਕਿਹਾ ਗਿਆ ਹੈ ……… ……ਉਹ ‘ਕਰਨਾ’ ਹੈ।
** ਜੋ ਕੁੱਝ ‘ਨਹੀਂ ਕਰਨ’ ਵਾਸਤੇ ਕਿਹਾ ਗਿਆ ਹੈ ……… ਉਹ ‘ਨਹੀਂ ਕਰਨਾ’ ਹੈ।
**ਬੱਸ ਇਹੀ ‘ਸਿੱਖੀ-ਸਿਧਾਂਤ’ ਹਨ।
** ਇਹਨਾਂ ‘ਸਿੱਖੀ-ਸਿਧਾਂਤਾਂ’ ਨੂੰ ਜਾਨਣਾ ਕਰਨਾ ਹੀ ‘ਸਿੱਖੀ’ ‘ਅਪਨਾਉਂਣਾ’ ਹੈ।
** ‘ਸਿੱਖੀ-ਸਿਧਾਂਤਾਂ ਨੂੰ ਜਾਨਣਾ ਕਰਕੇ ਪਰੈਕਟੀਕਲੀ ਮਨੁੱਖਾ ਜੀਵਨ ਜਿਉਂਣਾ ਹੀ ਸਿੱਖੀ ‘ਕਮਾਉਂਣਾ’ ਹੈ।
** ‘ਸਿੱਖੀ-ਸਿਧਾਂਤਾਂ ਨੂੰ ਜਾਨਣਾ ਕਰਕੇ ਪਰੈਕਟੀਕਲੀ ਮਨੁੱਖਾ ਜੀਵਨ ਜਿਉਂਣਾ ਸ਼ੁਰੂ ਕਰਕੇ, ਜਦ ਤੁਸੀਂ ਖ਼ੁਸ਼ੀ-ਖ਼ੁਸ਼ੀ, ਖ਼ੁਸ਼ ਰਹਿਕੇ ਆਪਣਾ ਜੀਵਨ ਜਿਉਂ ਰਹੇ ਹੋ ਤਾਂ ਤੁਸੀਂ ਗੁਰਬਾਣੀ ‘ਗਾਉਂਣਾ’ ਕਰ ਰਹੇ ਹੋ।
** ਮਨੁੱਖਾ ਜੀਵਨ ਨੂੰ ਰੱਬੀ ਗੁਣਾਂ ਦੇ ਅਨੁਸਾਰੀ `ਚਲਾਉਂਣਾ’ ਕਰਕੇ ਤੁਸੀਂ ‘ਰੱਬ’ ਜੀ ਨੂੰ ‘ਧਿਆਉਣਾ’ ਕਰ ਰਹੇ ਹੋ।
** ਇਹ ਤੁਹਾਡਾ ‘ਜਪੁ’ ਹੋ ਰਿਹਾ ਹੈ।
** "ਜਪੁ" ਬਾਣੀ ਪਹਿਲੇ ਪਾਤਸ਼ਾਹ ਸਤਿਗੁਰੂ ਗੁਰੁ ਨਾਨਕ ਸਾਹਿਬ ਜੀ ਦੀ ਸ਼ਾਹਕਾਰ ਰਚਨਾ ਹੈ, ਜੋ "ਸ਼ਬਦ ਗੁਰੂ ਗਰੰਥ ਸਾਹਿਬ ਜੀ" ਦੇ ਪੰਨਾ ਨੰਬਰ 1 ਤੋਂ 8 ਤੱਕ ਦਰਜ਼ ਹੈ। ਇਸ ਬਾਣੀ ਦੀਆਂ 38 ਪਉੜੀਆਂ ਵਿੱਚ ਅਲੱਗ ਅਲੱਗ ਵਿਸ਼ਿਆਂ ਨੂੰ ਲੈਕੇ ਵਿਚਾਰ ਇਹੀ ਦਿੱਤੀ ਹੈ ਕਿ ਮਨੁੱਖ ਨੇ ‘ਸਚਿਆਰਾ’ ਕਿਸ ਤਰਾਂ ਬਨਣਾ ਹੈ। "ਸੱਚ" ਨੂੰ ਧਾਰਨ ਕਰਨ ਨਾਲ ਹੀ ਮਨੁੱਖ ਸਚਿਆਰਤਾ ਵਾਲਾ ਜੀਵਨ ਜਿਉਂ ਸਕਦਾ ਹੈ।
ਇਸ ਬਾਣੀ ਵਿੱਚ ਬਾਬਾ ਨਾਨਕ ਜੀ ਨੇ ਕੁੱਝ ਸਵਾਲ ਕਰਕੇ, ਨਾਲ ਜਵਾਬ ਵੀ ਦਿੱਤੇ ਹਨ।
ਸਿੱਖ ਸਮਾਜ ਵਿੱਚ ਅਸੀਂ ਆਮ ਕਰਕੇ "ਗੁਰਬਾਣੀ" ਨੂੰ ਗਿਆਨ ਲੈਣ ਦੀ, ਸਮਝਣ ਦੀ ਨੀਅਤ ਨਾਲ ਨਹੀਂ ਪੜ੍ਹਦੇ, ਸਗੋਂ ਪਾਂਡੇ/ਬ੍ਰਾਹਮਣ/ਪੂਜਾਰੀ ਦੇ ਮੰਤਰਨ-ਉਚਾਰਣ ਵਾਂਗ ਹੀ ਪੜ੍ਹਦੇ ਹਾਂ। ਅਸੀਂ ਸਿੱਖ ਸਮਾਜ ਵਿੱਚ ਇਹ ਸਮਝ ਹੀ ਨਹੀਂ ਪਾਏ ਹਾਂ ਕਿ ਗੁਰਬਾਣੀ ਕਾਵਿ-ਰੂਪ ਲਿਖਤ ਵਿੱਚ ਲਿਆ ਕੇ 35 ਬਾਣੀ ਕਾਰਾਂ ਨੇ ਸਾਨੂੰ ਗਿਆਨ ਦੇਣਾ ਕੀਤਾ ਹੈ, ਉਪਦੇਸ਼ ਦੇਣਾ ਕੀਤਾ ਹੈ। ਇਸ ਗਿਆਨ ਨੂੰ ਪੜ੍ਹਕੇ, ਸੁਣਕੇ, ਮੰਨਕੇ, ਵਿਚਾਰਕੇ, ਆਪਣੇ ਜੀਵਨ ਦੇ ਅਮਲਾਂ ਵਿੱਚ ਲਿਆਉਣਾ ਹੀ ਸਾਡਾ ਮਕਸਦ ਹੋਣਾ ਚਾਹੀਦਾ ਹੈ।
ਗੁਰਬਾਣੀ ਅਨੁਸਾਰੀ ਅਗਰ ਸਾਡੇ ਵਿੱਚ ਬਦਲਾਅ ਨਹੀਂ ਹੋ ਰਿਹਾ ਤਾਂ ਅਸੀਂ ਆਪਣੇ ਮਕਸਦ ਵਿੱਚ ਸਫਲ ਨਹੀਂ ਹੋ ਰਹੇ ਹਾਂ, ਤਾਂ ਤੇ ਸਾਡੇ ‘ਸ਼ਬਦ ਗੁਰੁ ਗਰੰਥ ਸਾਹਿਬ ਜੀ’ ਅੱਗੇ ਮੱਥੇ ਰਗੜੇ ਕਿਸੇ ਕੰਮ ਨਹੀਂ ਆਉਣੇ। ਸਾਡਾ ਕੋਈ ਮਨੋਰਥ ਪੂਰਾ ਨਹੀ ਹੋਣਾ। ਕਿਉਂਕਿ ਸਾਡਾ ਜੀਵਨ ਗੁਰ-ਉਪਦੇਸ਼ ਦੇ ਅਨੁਸਾਰੀ ਨਹੀਂ ਬਣ ਰਿਹਾ। ਇਕੱਲੀਆਂ ਦੁਨੀਆਵੀ ਵਸਤਾਂ (ਭੇਟਾ) ‘ਸ਼ਬਦ ਗੁਰੁ ਗਰੰਥ ਸਾਹਿਬ ਜੀ’ ਜੀ ਅੱਗੇ ਰੱਖਕੇ ਅਸੀਂ ਸੁਰਖੂਰੂ ਹੋ ਜਾਂਦੇ ਹਾਂ। ਬਾਕੀ ਸਾਰਾ ਕੁੱਝ ਆਪੇ ‘ਗੁਰੂ’ ਕਰੇਗਾ, (ਗੁਰੂ) ਜਾਣੀਜਾਣ ਹੈ। ਇਹ ਸਾਡਾ ਬਹੁਤ ਵੱਡਾ ਭੁਲੇਖਾ ਹੈ। ਸਾਡੇ ਆਪਣੇ ਕੰਮ ਸਾਨੂੰ ਆਪ ਨੂੰ ਹੀ ਕਰਨੇ ਪੈਣੇ ਹਨ।
** "ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ॥ 20॥) ਮ1॥ ਪੰ 474॥
ਸਿੱਖ ਸਮਾਜ ਨੂੰ ਸਾਡੇ ਪ੍ਰਚਾਰਕਾਂ ਨੇ, ਵਿਹਲੜ ਟਕਸਾਲੀ ਸਾਧੜਿਆਂ ਨੇ "ਗੁਰਬਾਣੀ" ਪ੍ਰਤੀ ਬਹੁਤ ਹੀ ਗਲਤ ਜਾਣਕਾਰੀ ਦਿੱਤੀ ਹੈ, ਗਲਤ ਪ੍ਰਚਾਰ ਕੀਤਾ ਹੈ। ਕਿ ਬੱਸ ‘ਬਾਣੀ’ ਪੜ੍ਹੀ ਜਾਉ, ਸੱਭ ਕੰਮ ਆਪੇ ਸੰਵਰ ਜਾਣਗੇ, ਹੋ ਜਾਣਗੇ। ਇਥੇ ਕਈ ਵੀਰਾਂ ਦੇ ਮਨਾਂ ਵਿੱਚ ਇਹ ਸਬਦ ਆ ਜਾਵੇਗਾ:
ਧਨਾਸਰੀ ਮਹਲਤ 5॥
ਜੋ ਮਾਗਹਿ ਠਾਕੁਰ ਅਪੁਨੇ ਤੇ ਸੋਈ ਸੋਈ ਦੇਵੈ॥
ਨਾਨਕ ਦਾਸੁ ਮੁਖ ਤੇ ਜੋ ਬੌਲੈ ਈਹਾ ਊਹਾ ਸਚੁ ਹੋਵੈ॥ ਪੰ 681॥
** ਇਸ ਸਬਦ ਦੀ ਰਹਾਉ ਦੀ ਪੰਕਤੀ ਹੈ:
ਹਰਿ ਜਨ ਰਾਖੇ ਗੁਰ ਗੋਵਿੰਦ॥
ਕੰਠਿ ਲਾਇ ਅਵਗੁਣ ਸਭਿ ਮੇਟੇ ਦਇਆਲ ਪੁਰਖ ਬਖਸੰਦ॥ ਰਹਾਉ॥
ਇਸ ਪੰਕਤੀ ਵਿੱਚ ਮਨੁੱਖ ਦੇ ਗੁਣਾਂ-ਅਵਗੁਣਾਂ ਦੀ ਵਿਚਾਰ ਹੋ ਰਹੀ ਹੈ, ਕਿਸੇ ਤਰਾਂ ਦੇ ਬਾਹਰਲੇ ਦੁਨੀਆਵੀ ਪਦਾਰਥਾਂ ਦੀ ਪੂਰਤੀ ਦਾ ਕੋਈ ਜ਼ਿਕਰ ਨਹੀਂ ਕੀਤਾ ਜਾ ਰਿਹਾ। ਜੋ ਆਮ ਸਾਡੇ ਵੇਖਣ ਵਿੱਚ ਆ ਰਿਹਾ ਹੈ ਅਸੀਂ ਅੱਜ ਆਪਣੀਆਂ ਦੁਨੀਆਵੀ ਮੰਗਾਂ ਲੈਕੇ ਹੀ ਗੁਰੂ ਜੀ ਦੇ ਪਾਸ ਜਾਂਦੇ ਹਾਂ। ਗੁਰੂ ਜੀ ਤੋਂ ਗੁਣਾਂ ਦੀ ਦਾਤ ਲੈ ਕੇ ਇਹ ਦੁਨੀਆਵੀ ਪਦਾਰਥ ਅਸੀਂ ਆਪ ਆਪਣੀ ਹਿੰਮਤ ਨਾਲ ਹਾਸਿਲ ਕਰਨੇ ਹਨ। ਗੁਰੂ ਜੀ ਦੇ ਗਿਆਨ ਨੇ ਸਾਨੂੰ ਮਾਨਸਿਕ ਤੌਰ ਉਪਰ ਮਜ਼ਬੂਤ ਕਰਨਾ ਹੈ, ਸਾਡੀ ‘ਅਦੁੱਤੀ-ਰੱਬੀ-ਗੁਣਾਂ’ ਨਾਲ ਸਾਡੀ ਸਾਂਝ ਬਨਾਉਣੀ ਕਰਨੀ ਹੈ। ਤਾਂ ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ ਫਲੀਭੂਤ ਹੋ ਜਾਵੇਗਾ।
** ਆਉ ਜੀ ਬਾਣੀ ‘ਜਪੁਜੀ’ ਵੱਲ ਆਈਏ।
** ਇਹ ਰਾਗ ਰਹਿਤ ਬਾਣੀ ਹੈ।
** ਇਸ ਬਾਣੀ ਦੇ ਸ਼ੁਰੂ ਵਿੱਚ ਮੰਗਲਾ ਚਰਨ ਹੈ।
** ਇਹ ਬਾਣੀ ਪੌੜੀਆਂ ਵਿੱਚ ਹੈ। ਇਸ ਦੀਆਂ ਕੁੱਲ 38 ਪਉੜੀਆਂ ਹਨ।
** ਇਸ ਵਿੱਚ ਦੋ ਸਲੋਕ ਹਨ। ਇੱਕ ਸਲੋਕ ਸ਼ੁਰੂ ਵਿਚ, ਇੱਕ ਅੰਤ ਵਿਚ।
** ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
** ਮੰਗਲਾ ਚਰਨ ਤੋਂ ਅੱਗੇ ਬਾਣੀ ਦਾ ਸਿਰਲੇਖ ਹੈ ॥"ਜਪੁ"॥
** ਸਿੱਖ ਸਮਾਜ ਵਿੱਚ ਸਤਿਕਾਰ ਸਹਿਤ ਲਫ਼ਜ ‘ਜਪੁ’ ਨਾਲ ‘ਜੀ’ ਜੋੜ ਕੇ ‘ਜਪੁਜੀ’ ਉਚਾਰਿਆ ਜਾਂਦਾ ਹੈ। ਸਮਝ ਨਹੀਂ ਆ ਰਿਹਾ, ਕਿ ਸਾਡੇ ਸਿੱਖ ਸਮਾਜ ਦਾ ਇਹ ਵਡੱਪਣ ਹੈ ਜਾਂ ਅਗਿਆਨਤਾ ਕਿ ਅਸੀਂ ਗੁਰੂ ਜਾਂ ਗੁਰਬਾਣੀ ਨਾਲ ਸਬੰਧਤ ਕਿਸੇ ਚੀਜ਼ ਨਾਲ ਲਫ਼ਜ ‘ਸਾਹਿਬ’ ਜੋੜ ਦਿੰਦੇ ਹਾਂ। ਇਸੇ ਪ੍ਰਕਿਰਿਆ ਤਹਿਤ ਲਫ਼ਜ ‘ਜਪੁ’ ਵੀ ‘ਜਪੁਜੀ ਸਾਹਿਬ’ ਕਰਕੇ ਉਚਾਰਿਆ ਜਾਂਦਾ ਹੈ। (ਜੋੜਾ ਸਾਹਿਬ, ਥੜਾ ਸਾਹਿਬ, ਦਾਤਣ ਸਾਹਿਬ, ਬਉਲੀ ਸਾਹਿਬ, ਗਾਤਰਾ ਸਾਹਿਬ, ਕੰਧ ਸਾਹਿਬ, ਅੰਬ ਸਾਹਿਬ, ਕਿੱਕਰ ਸਾਹਿਬ, ਤੂਤ ਸਾਹਿਬ ਆਦਿ … ਹੋਰ ਵੀ ਬਹੁਤ ਨਾਮ ਹਨ)
** ਲਫ਼ਜ ‘ਜਪੁ’ ਦੇ ਅੱਗੇ ਵੀ ਦੋ ਡੰਡੀਆਂ ਹਨ (॥) ਅਤੇ ਪਿਛੇ ਵੀ ਦੋ ਡੰਡੀਆਂ ਹਨ, ਇਸਦਾ ਭਾਵ ਹੈ ਕਿ ਲਫ਼ਜ ‘ਜਪੁ’ ਦਾ ਅਗਲੇਰੀ ਪੰਕਤੀ ਨਾਲ ਵੀ ਕੋਈ ਸੰਬੰਧ ਨਹੀਂ ਹੈ ਅਤੇ ਪਿਛਲੇਰੀ ਪੰਕਤੀ ਨਾਲ ਵੀ ਕੋਈ ਸੰਬੰਧ ਨਹੀਂ ਹੈ। ਇਹ ਆਪਣੇ ਆਪ ਵਿੱਚ ਪੂਰਨ ਸਿਰਲੇਖ ਹੈ।
** ਲਫ਼ਜ ‘ਜਪੁ’ ਤੋਂ ਅੱਗੇ ਇੱਕ ਸਲੋਕ ਹੈ: (ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥ ਇਸ ਸਲੋਕ ਦੇ ਪਿਛੇ ਨੰਬਰ 1 ਆਇਆ ਹੈ। ਭਾਵ ਇਹ ਸ਼ੁਰੂ ਦਾ ਪਹਿਲਾ ਸਲੋਕ ਹੈ।
** ਇਸ ਸਲੋਕ ਤੋਂ ਅੱਗੇ ‘ਜਪੁ’ ਬਾਣੀ ਦੀਆਂ 38 ਪਉੜੀਆਂ ਸ਼ੁਰੂ ਹੁੰਦੀਆਂ ਹਨ। ਪਹਿਲੀ ਪਉੜੀ ਹੈ:
ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥
ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ॥
ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥
ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥
** ਇਸ ਪਉੜੀ ਦੇ ਅਖੀਰ ਵਿੱਚ ਫਿਰ ਨੰਬਰ 1 ਆਇਆ ਹੈ। ਇਹ ਨੰਬਰ 1 ਪਉੜੀਆਂ ਦੀ ਗਿਣਤੀ ਦਾ ਨੰਬਰ 1 ਹੈ, ਜੋ ਲਗਾਤਾਰ 38 ਪਉੜੀਆਂ ਤੱਕ ਚੱਲੇਗਾ।
** ‘ਜਪੁ’ ਬਾਣੀ ਦੀਆਂ 38 ਪਉੜੀਆਂ ਤੋਂ ਬਾਅਦ ਵਿੱਚ ਫਿਰ ਇੱਕ ਸਲੋਕ ਹੈ:
ਸਲੋਕੁ ॥
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥
ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥
ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ ॥
ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥
ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥
ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥੧॥
** ਇਸ ਸਲੋਕ ਦੇ ਅਖੀਰ ਵਿੱਚ ਵੀ ਨੰਬਰ 1 ਹੈ, ਇਹ ਨੰਬਰ 1 ‘ਜਪੁ’ ਬਾਣੀ ਦੇ ਅਖੀਰਲੇ ਸਲੋਕ ਦਾ ਹੈ। ਭਾਵ ਬਾਣੀ ਦੇ ਸ਼ੁਰੂ ਵਿੱਚ ਦਾ ਸਲੋਕ ਅਲੱਗ ਹੈ। ਇਸ ਅਖੀਰਲੇ ਸਲੋਕ ਦਾ ਸੁਰੂਆਤੀ ਸਲੋਕ ਨਾਲ ਕੋਈ ਸੰਬੰਧ ਨਹੀਂ ਹੈ।
** ਇਸ ਤਰਾਂ ਇਸ ਬਾਣੀ ‘ਜਪੁ’ ਵਿੱਚ ਹਨ
** 1. ਮੰਗਲਾਚਰਨ। …… ਗੁਰਪਰਸਾਦਿ ਤੱਕ।
** 2. ਬਾਣੀ ਸਿਰਲੇਖ ‘ਜਪੁ’।
** 3. ਸੁਰੂਆਤੀ ਸਲੋਕ। …. . ਆਦਿ ਸਚੁ …।
** 4.’ਜਪੁ’ ਬਾਣੀ ਦੀਆਂ 38 ਪਉੜੀਆਂ।
** 5.’ਜਪੁ’ ਬਾਣੀ ਦਾ ਅਖੀਰਲਾ ਸਲੋਕ। …… ਪਵਣੁ ਗੁਰੁ…।
** ਸੋ ਇਸ ਤਰਾਂ ਇਹ ਸ਼ਾਹਕਾਰ/ਸਿਰਮੌਰ ਬਾਣੀ ਜਪੁਜੀ ਇਹਨਾਂ ਪੰਜ ਭਾਗਾਂ ਨਾਲ ਸੁਸੱਜਤ ਹੈ।
** ਆਉ ਹੁਣ ਮੇਰੀ ਸਮਝ ਅਨੁਸਾਰ ਆਏ ਇਸ ਬਾਣੀ ਵਿੱਚ ਸਵਾਲਾਂ ਦੀ ਵਿਚਾਰ ਕਰੀਏ।
# 1. * ਕਿਵ ਸਚਿਆਰਾ ਹੋਈਐ? ? ਕਿਵ ਕੂੜੈ ਤੁਟੈ ਪਾਲਿ ??
** ਜਪੁਜੀ ਦੀ ਪਹਿਲੀ ਪਉੜੀ ਵਿੱਚ ਸਮੇਂ ਦੇ ਅਨੁਸਾਰੀ ਪ੍ਰਚੱਲਤ ਮੱਤਾਂ ਵਿੱਚ ਪ੍ਰਵਾਨਤ ਮਾਨਤਾਵਾਂ ਦਾ ਜ਼ਿਕਰ ਕਰਕੇ ਦੱਸਣਾ ਕੀਤਾ ਹੈ ਕਿ ਇਹ ਧਾਰਨਾਵਾਂ ਨਾਲ ਮਨੁੱਖ ਨੂੰ ਸੱਚ ਦੀ ਪ੍ਰਾਪਤੀ ਨਹੀਂ ਹੋ ਸਕਦੀ।
** ਕਿਵ: ਕਿਸ ਤਰਾਂ।
** ਸਚਿਆਰ: ਸੱਚ ਨੂੰ ਧਾਰਨ ਕਰਨ ਵਾਲਾ। "ਸਚਿਆਰ ਸਿਖ ਬੈਠੇ ਸਤਿਗੁਰ ਪਾਸਿ" (ਮ 4॥ ਪੰ 314॥
** ਸਚਿਆਰਾ: ਸੱਚ ਦੇ ਰਾਹ ਉਪਰ ਚੱਲਣ ਵਾਲਾ, ਸੱਚ ਧਾਰਨ ਕਰਨ ਵਾਲਾ।
** ਹੋਇਐ: ਹੋਇਆ ਜਾ ਸਕਦਾ ਹੈ, ਬਣਿਆ ਜਾ ਸਕਦਾ ਹੈ।
## ਕਿਸ ਤਰਾਂ ਸੱਚ ਦੇ ਰਾਹ ਉਪਰ ਚੱਲਿਆ ਜਾ ਸਕਦਾ ਹੈ? ਚੱਲਿਆ ਜਾਣਾ ਚਾਹੀਦਾ ਹੈ।
** ਕਿਵ: ਕਿਸ ਤਰਾਂ।
** ਕੂੜੈ: ਮਾਇਆ, … (ਦੁਨੀਆਵੀ ਉਦਾਹਰਨ: ਸਾਡੇ ਘਰਾਂ ਵਿੱਚ ਕੂੜੈ ਦੇ ਢੇਰ ਵਿੱਚ ਤਰਾਂ- ਤਰਾਂ ਦੇ ਪੱਤ/ਛਿੱਲੜ/ਫਾਲਤੂ ਚੀਜ਼ਾਂ ਇੱਕੱਠੀਆਂ ਹੋ ਜਾਂਦੀਆਂ ਹਨ। ਠੀਕ ਇਸੇ ਤਰਾਂ ਸਾਡੇ ਮਨ ਦੇ ਅੰਦਰ ਬਣੇ ਵਹਿਮ, ਭਰਮ-ਭੁਲੇਖੇ, ਚੌਂਦੇ-ਪੁੰਨਿਆ-ਮੱਸਿਆ, ਗੰਢਮੂਲ, ਪੈਂਚਕਾਂ, ਨਮਾਣੀ, ਕਾਸਤੀ, ਸੁਦੀ-ਵਦੀ, ਝੂਠ, ਫਰੇਬ, ਠੋਰੀ-ਠੱਗੀ, ਬੇਈਮਾਨੀ-ਮੱਕਾਰੀ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਸਾਰਾ ਕੁੱਝ ਕੂੜਾ ਇਕੱਠਾ ਹੋਇਆ ਹੈ, ਮਾਇਆ ਹੈ। (ਮਨੁੱਖੀ ਵਰਤੋਂ ਵਿੱਚ ਆ ਰਹੀ ਕਰੰਸੀ/ਪੈਸਾ ਵੀ ‘ਮਾਇਆ’ ਦਾ ਹੀ ਰੂਪ ਬਣ ਜਾਂਦਾ ਹੈ, ਅਗਰ ਮਨੁੱਖ ਦੇ ਮਨ ਵਿੱਚ ਇਸ ਪ੍ਰਤੀ ਲਾਲਚ ਦਾ ਵਾਧਾ ਹੋ ਗਿਆ ਤਾਂ। ਇਹ ਤਾਂ ਮਨੁੱਖ ਨੇ ਇੱਕ ਸਿਸਟਿਮ ਬਣਾਇਆ ਹੈ ਜਿਸਦੇ ਤਹਿਤ ਸਾਡਾ ਮਨੁੱਖਾਂ ਦਾ ਆਪਸੀ ਲੈਣ-ਦੇਣ ਚਲਦਾ ਹੈ। ਕੁੱਦਰਤ ਦਾ ਇਸ ਮਨੁੱਖੀ ਕਰੰਸੀ/ਪੈਸੇ ਨਾਲ ਕੋਈ ਵਾਸਤਾ ਨਹੀਂ ਹੈ। ਇਹ ਤਾਂ ਤੁਹਾਡੀ ਆਪਣੀ ਦੁਨੀਆਵੀ ਪੜ੍ਹਾਈ, ਸਿਆਣਪ, ਮਿਹਨਤ, ਮੁਸ਼ੱਕਤ ਦਾ ਫ਼ਲ ਹੈ। ਕਿਸੇ ਪਾਸ ਘੱਟ ਹੈ, ਕਿਸੇ ਪਾਸ ਜਿਆਦਾ ਹੈ। ਘੱਟ ਪੈਸੇ ਵਾਲਾ ਮਿਹਨਤ ਕਰਕੇ ਜਿਆਦਾ ਵੀ ਕਮਾ ਸਕਦਾ ਹੈ, ਜਿਆਦਾ ਪੈਸੇ ਵਾਲਾ ਮਾੜੇ ਕੰਮਾਂ ਕਰਕੇ ਕੰਗਾਲ ਵੀ ਹੋ ਸਕਦਾ ਹੈ।)
** ਤੁਟੈ: ਖਤਮ ਹੋਏ, ਢਹਿ ਜਾਵੈ, ਪਰ੍ਹੇ ਹੋ ਜਾਏ, ਦੂਰ ਹੋ ਜਾਏ।
** ਪਾਲਿ: ਕੰਧ, ਪਰਦਾ, ਅੜਿੱਕਾ,
## ਕਿਸ ਤਰਾਂ ਮਨ ਵਿਚੋਂ/ਅੰਦਰੋਂ ਇਹਨਾਂ ਬਣੇ ਵਹਿਮਾਂ, ਭਰਮ-ਭੁਲੇਖਿਆਂ, ਦਾ ਪਰਦਾ ਪਾਸੇ ਹੋ ਸਕਦਾ ਹੈ, ਕੰਧ ਢਹਿ ਸਕਦੀ ਹੈ, ਅੜਿੱਕਾ ਦੂਰ ਹੋ ਸਕਦਾ ਹੈ।
** ਹੁਕਮਿ ਰਜਾਈ ਚਲਣਾ, … ਨਾਨਕ ਲਿਖਿਆ ਨਾਲਿ ॥੧॥
** ਹੁਕਮਿ: ਅਕਾਲ-ਪੁਰਖੀ ਨਿਯਮ, ਕੁੱਦਰਤੀ-ਸਿਸਟਿਮ, ਨਿਜ਼ਾਮ, ਭਾਣਾ, ਰਜ਼ਾ, (ਕੀਤਾ ਪਸਾਉ ਏਕੋ ਕਵਾਉ॥ ਤਿਸ ਤੇ ਹੋਏ ਲਖ ਦਰੀਆਉ॥ ਮ 1॥ ਪੰ 3॥)
** ਰਜਾਈ: ਰਜ਼ਾ ਵਾਲਾ, ਹੁਕਮ ਵਾਲਾ ਅਕਾਲ-ਪੁਰਖ, ਨਿਯਮ ਵਾਲਾ।
** ਚਲਣਾ: ਅਪਨਾਉਂਣਾ, ਧਾਰਨ ਕਰਨਾ, ਪਕੜਨਾ, ਉਸੇ ਵਰਗੇ ਬਨਣਾ, ਮੰਨਣਾ, ਪ੍ਰਵਾਨ ਕਰਨਾ।
** ਨਾਨਕ: ਲਿਖਾਰੀ
** ਲਿਖਿਆ: ਫੈਸਲਾ ਕਰ ਦਿੱਤਾ ਗਿਆ, ਬਣਿਆ, ਬਣਾ ਦਿੱਤਾ ਗਿਆ, ਤਹਿ ਹੋਇਆ, ਹੋਂਦ ਵਿੱਚ ਆਇਆ।
** ਨਾਲਿ: ਸ੍ਰਿਸਟੀ ਦੇ ਬਨਣ ਦੇ ਨਾਲ, ਪਹਿਲਾਂ ਤੋਂ ਹੀ, ਧੁਰ ਤੋਂ ਹੀ, ਮੁੱਢ ਕਦੀਮ ਤੋਂ ਹੀ
** ਲਫ਼ਜ ‘ਪਾਲਿ’ ਅਤੇ ‘ਨਾਲਿ’ ਕਾਵਿ ਤਾਲ-ਮੇਲ ਹੈ। ਦੋਨਾਂ ਵਿੱਚ ਅੱਠ ਅੱਠ ਅੱਖਰ ਹਨ।
## ਬਾਬਾ ਨਾਨਕ ਜੀ ਸਮਝਾਉਣਾ ਕਰ ਰਹੇ ਹਨ ਕਿ ਅਕਾਲ-ਪੁਰਖੀ, ਕੁੱਦਰਤੀ, ਰੱਬੀ, ਪਰਮੇਸ਼ਵਰੀ ਹੁਕਮ/ਰਜ਼ਾ/ਭਾਣੇ/ਨਿਯਮ/ਸਿਸਟਿਮ/ਨਿਜ਼ਾਮ ਵਿੱਚ ਆ ਜਾਣ ਨਾਲ, ਉਸਦੇ ਅਨੁਸਾਰੀ ਹੋ ਜਾਣ ਨਾਲ, ਨਿਜ਼ਾਮ ਨੂੰ ਅਪਨਾ ਲੈ ਲੈਣ ਨਾਲ ਹੀ ਮਨੁੱਖਾ ਜੀਵਨ ਵਿੱਚ ‘ਸੱਚ’ ਦਾ ਪ੍ਰਵੇਸ਼ ਹੋ ਸਕਦਾ ਹੈ। ਇਹ ਸਾਰਾ ਸਿਸਟਿਮ ਨਿਜ਼ਾਮ ਪਹਿਲਾਂ ਤੋਂ ਹੀ ਲਾਗੂ ਹੈ, ਭਾਵ ਜਦ ਤੋਂ ਸ੍ਰਿਸਟੀ ਦੀ ਸਾਜਨਾ ਹੋਈ ਹੈ ਤੱਦ ਤੋਂ ਇਹ ਸਾਰਾ ਸਿਸਟਿਮ ਨਿਜ਼ਾਮ ਚੱਲ ਰਿਹਾ ਹੈ।
** ਹੁਕਮ ਵਿੱਚ ਚੱਲਣ/ਆਉਣ ਤੋਂ ਭਾਵ ਹੈ:
ਰੱਬੀ ਗੁਣਾਂ ਨੂੰ ਜੀਵਨ ਵਿੱਚ ਅਪਨਾਉਣਾ ਕਰਨਾ। (ਰੱਬੀ ਗੁਣ- ਸੱਚ, ਪਿਆਰ, ਸ਼ਾਂਤੀ, ਪਵਿਤਰਤਾ, ਨਿਮਰਤਾ, ਸਬਰ, ਸੰਤੋਖ, ਹਲੀਮੀ, ਕੋਮਲਤਾ, ਸਹਿਜਤਾ, ਨਿਰਭਉਤਾ, ਨਿਰਵੈਰਤਾ, ਸਾਂਝੀਵਾਲਤਾ, ਪਰਉਪਕਾਰਤਾ, ਹੋਰ ਅਨੇਕਾਂ ਗੁਣ … ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂ ਸਾਹਿਬ ਗੁਣੀ ਨਿਧਾਨਾ॥ ਤੁਮਰੀ ਮਹਿਮਾ ਬਰਨਿ ਨ ਸਾਕਉ ਤੂੰ ਠਾਕੁਰ ਊਚ ਭਗਵਾਨਾ॥ 1॥ ਮ 4॥ ਪੰ 735॥)
(2) ** ਫੇਰਿ ਕਿ ਅਗੈ ਰਖੀਐ? ਜਿਤੁ ਦਿਸੈ ਦਰਬਾਰੁ॥
** ਮੁਹੌ ਕਿ ਬੋਲਣੁ ਬੋਲੀਐ? ਜਿਤੁ ਸੁਣਿ ਧਰੇ ਪਿਆਰੁ॥
ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ ॥
ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ ॥
ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ ॥
ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ ॥
ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ॥
ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ॥
ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ ॥੪॥
*** ਸਾਰੀਆਂ ਦਾਤਾਂ ਦੇਣ ਵਾਲਾ ਇੱਕੋ ਇੱਕ ਅਕਾਲ-ਪੁਰਖ ਹੈ: ਦਦਾ ਦਾਤਾ ਏਕੁ ਹੈ ਸਭ ਕਉ ਦੇਵਨਹਾਰ॥
ਦੇਂਦੇ ਤੋਟਿ ਨ ਆਵਈ ਅਗਨਤ ਭਰੇ ਭੰਡਾਰ॥ ਮ 5॥ ਪੰ 257॥
** ਉਸਦੇ ਅੱਗੇ ਕੀ ਰੱਖਿਆ ਜਾਵੇ? ਕਿ ਅਕਾਲ-ਪੁਰਖ ਦੀ ਮੇਹਰ/ਨਦਿਰ ਪ੍ਰਾਪਤ ਕੀਤੀ ਜਾ ਸਕੇ, ਉਸਦੇ ਦਰਸ਼ਨ ਹੋ ਸਕਣ।
** ਆਪਣੇ ਮੂਹੋਂ ਅਜੇਹਾ ਕੀ ਬੋਲਿਆ ਜਾਵੇ? ਕਿ ਉਸ ਨਾਲ ਪਿਆਰ ਬਣ ਆਵੇ।
*** ਅਕਾਲ-ਪੁਰਖ ਦੇ ਸੱਚੇ ਗੁਣਾਂ ਦੀ ਵਡਿਆਈ ਵਿਚਾਰ ਕਰਨੀ, ਸਿਫਿਤ ਸਾਲਾਹ ਕਰਨੀ ਹੀ ਅੰਮ੍ਰਿਤ ਵੇਲਾ ਹੈ। ਆਪਣੇ ਸੁਕਰਮਾਂ ਕਰਕੇ ਅਕਾਲ-ਪੁਰਖ ਦੀ ਮੇਹਰ ਦੇ ਪਾਤਰ ਬਣਿਆ ਜਾ ਸਕਦਾ ਹੈ। ਨਾਨਕ ਜੀ ਬਖ਼ਸਿਸ ਕਰਦੇ ਹਨ, ਇਸ ਤਰਾਂ ਕਰਨ ਨਾਲ, ਇਸ ਤਰਾਂ ਜਾਨਣ ਨਾਲ ਹਰ ਪਾਸੇ ਉਸ ਪਰਮ ਪਿਤਾ ਪ੍ਰਮੇਸ਼ਰ ਦਾ ਹੀ ਪਾਸਾਰਾ ਨਜ਼ਰ ਆਉਣ ਲਤਗ ਪੈਂਦਾ ਹੈ।
** ਭਾਵ: ਰੱਬੀ ਗੁਣਾਂ ਨਾਲ ਸਾਂਝ ਬਨਾਉਣ ਨਾਲ ਹੀ ਅਕਾਲ-ਪੁਰਖ ਨਾਲ ਸਾਂਝ ਪੈਂਦੀ ਹੈ। ਜਦ ਮਨ ਵਿੱਚ ਰੱਬੀ ਗੁਣਾਂ ਦੇ ਅਨੁਸਾਰੀ ਜੀਵਨ ਜਿਉਂਣ ਦੀ ਲਗਨ ਬਣ ਜਾਂਦੀ ਹੈ, ਪਿਆਰ ਬਣ ਜਾਂਦਾ ਹੈ ਤਾਂ ਇਹ ਉਸਦੀ ਕਿਰਪਾ ਦੀ ਨਿਸ਼ਾਨੀ ਹੀ ਹੈ, ਫਿਰ ਆਪਣੇ ਆਸੇ ਪਾਸੇ ਅਕਾਲ-ਪੁਰਖੀ ਨਜ਼ਾਰੇ ਹੀ ਵਿਖਾਈ ਦਿੰਦੇ ਹਨ। ਇਹੀ ਸਚਿਆਰ ਸਿੱਖ ਦਾ ਰਸਤਾ ਹੈ।
(3) ਕਵਣੁ ਸੁ ਵੇਲਾ? ਵਖਤੁ ਕਵਣੁ? ਕਵਣ ਥਿਤਿ? ਕਵਣੁ ਵਾਰੁ? ॥
ਕਵਣਿ ਸਿ ਰੁਤੀ? ਮਾਹੁ ਕਵਣੁ? ਜਿਤੁ ਹੋਆ ਆਕਾਰੁ॥
ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ॥
ਵਖਤੁ ਨ ਪਾਇਓ ਕਾਦੀਆ ਜਿ ਲਿਖਨਿ ਲੇਖੁ ਕੁਰਾਣੁ॥
ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ॥
ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ॥
ਕਿਵ ਕਰਿ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ॥
ਨਾਨਕ ਆਖਣਿ ਸਭੁ ਕੋ ਆਖੈ ਇੱਕ ਦੂ ਇਕੁ ਸਿਆਣਾ॥
ਵਡਾ ਸਾਹਿਬੁ ਵਡੀ ਨਾਈ ਕੀਤਾ ਜਾ ਕਾ ਹੋਵੈ॥
ਨਾਨਕ ਜੇ ਕੋ ਆਪੌ ਜਾਣੈ ਅਗੈ ਗਇਆ ਨ ਸੋਹੈ॥ 21॥
*** ਇਹਨਾਂ ਸਵਾਲਾਂ ਵਿੱਚ ਅਕਾਲ-ਪੁਰਖ ਵਲੋਂ ਆਕਾਰਾਂ ਦੀ ਕੀਤੀ ਉਤਪੱਤੀ ਬਾਰੇ ਉਪਦੇਸ਼ ਦੇਣਾ ਕੀਤਾ ਹੈ ਕਿ ਉਦੋਂ ਕੀ ਵੇਲਾ ਸੀ, ਕੀ ਵਖਤ ਸੀ, ਕੀ ਥਿੱਤ ਸੀ, ਕੀ ਵਾਰ ਸੀ, ਕਿਹੜੀ ਰੁੱਤ ਸੀ ਕਿਹੜਾ ਮਹੀਨਾ ਸੀ, ਜਦ ਅਕਾਲ-ਪੁਰਖ ਨੇ ਇਸ ਬ੍ਰਹਿਮੰਡ ਦੀ ਸਿਰਜਨਾ ਕਰਨਾ ਕੀਤਾ। ਇਸ ਬਾਰੇ ਕੋਈ ਵੀ ਨਹੀਂ ਜਾਣ ਸਕਦਾ। ਕੋਈ ਆਪਣੇ ਆਪ ਨੂੰ ਲੱਖ ਵੱਡਾ ਆਖੀ ਜਾਏ, ਇਸ ਬਾਰੇ ਕੁੱਝ ਬਿਆਨ ਕਰਨਾ ਮੂਰਖਤਾ ਭਰਿਆ ਕਰਮ ਹੋਵੇਗਾ। ਉਸ ਕਰਤੇ ਬਾਰੇ ਕੋਈ ਵੀ ਕੁੱਝ ਬਿਆਨ ਕਰਨ ਜੋਗਾ ਨਹੀਂ ਹੈ। ਉਸ ਅਕਾਲ-ਪੁਰਖ ਦੀ ਬੇਅੰਤਤਾ ਬੇਅੰਤ ਹੈ। ਭਾਵ ਕਿ ਅਕਾਲ-ਪੁਰਖ ਦੀ ਬੇਅੰਤਤਾ ਜਾਨਣ ਦੀ ਕੋਸ਼ਿਸ ਕਰਨਾ ਕੋਰੀ ਅਗਿਆਨਤਾ ਹੈ।
** ਤੂੰ ਪਾਰਬ੍ਰਹਮ ਬੇਅੰਤੁ ਬੇਅੰਤੁ ਜੀ ਤੇਰੇ ਕਿਆ ਗੁਣ ਆਖਿ ਵਖਾਣਾ॥ ਮ 4॥ ਪੰ 11॥
** ਅਗਮ ਅਗੋਚਰ ਬੇਅੰਤ ਅਥਾਹਾ ਤੇਰੀ ਕੀਮਤਿ ਕਹਣੁ ਨ ਜਾਈ ਜੀਉ॥ ਮ 5॥ ਪੰ98॥
** ਕੀਮਤਿ ਕਹਣੁ ਨ ਜਾਈਐ ਪਰਮੇਸੁਰੁ ਬੇਅੰਤੁ॥ ਮ 5॥ ਪੰ 137॥
** ਪਰਵਦਗਾਰ ਅਪਾਰ ਅਗਮ ਬੇਅੰਤ ਤੂ॥ ਸ਼ੇਖ ਫਰੀਦ ਜੀ॥ ਪੰ 488॥
** ਆਪਿ ਬੇਅੰਤੁ ਅੰਤੁ ਨਹੀ ਪਾਈਐ ਪੂਰਿ ਰਹਿਆ ਸਭ ਠਾਈ ਸੰਤਹੁ॥ ਮ 5॥ ਪੰ 916॥
*** ਸਿੱਖੀ-ਸਿਧਾਂਤਾਂ ਨੂੰ 35 ਮਹਾਂ-ਪੁਰਸ਼ਾਂ ਨੇ ਆਪਣੇ ਆਪਣੇ ਤਰੀਕੇ ਨਾਲ ਸਮਝਾਉਣਾ ਕੀਤਾ ਹੈ।
** ਉਪਦੇਸ਼ ਸਾਰਿਆਂ ਨੇ ਹੀ ‘ਸੱਚ ਦਾ ਪੱਲਾ ਫੱੜਨ’ ਵਾਲੇ ਪਾਸੇ ਆਉਣ ਦਾ ਹੀ ਕੀਤਾ ਹੈ।
** ਭਾਵ ‘ਸੱਚ’ ਨੂੰ ਜੀਵਨ ਆਧਾਰ ਮੰਨਣ ਦੀ, ਜੀਵਨ ਆਧਾਰ ਬਨਾਉਣ ਦੀ ਗੱਲ ਕੀਤੀ ਹੈ।
** ਮਨ ਵਿਚੋਂ ਠੱਗੀਆਂ-ਠੋਰੀਆਂ, ਚੋਰੀਆਂ-ਚੱਕਾਰੀਆਂ, ਮੱਕਾਰੀਆਂ-ਫਰੇਬੀਆਂ ਨੂੰ ਦੂਰ ਕਰਕੇ ਕੇਵਲ ਇੱਕ
"ਸੱਚ" ਦਾ ਹੀ ਪੱਲਾ ਫੜਕੇ ਜੀਵਨ ਜਾਪਣ ਕਰਨ ਦਾ ਆਦੇਸ਼ ਹੈ।
** ਬਿਨਾਂ ਕਿਸੇ ਦੇ ਡਰ-ਭਉ ਦੇ ਬੇਬਾਕੀ ਨਾਲ "ਸੱਚ" ਨੂੰ ‘ਸੱਚ’ ਕਹਿ ਦੇਣਾ ਹੀ ਗੁਰਬਾਣੀ ਉਪਦੇਸ਼ ਹੈ।
** ਬਿਨਾਂ ਕਿਸੇ ਲਾਲਚ ਦੇ ਕਿਸੇ ਲੋੜਵੰਦ ਦੇ ਕੰਮ ਆਉਣਾ ਰੱਬੀ ਹੁਕਮਾਂ ਦੀ ਪਾਲਣਾਂ ਹੈ।
** ਜਦ ਤੱਕ ਸਰੀਰ ਤੰਦਰੁਸਤ ਹੈ, ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸੁਆਰਨਾ ਕਰਨਾ ਹੈ।
## ਜਿਸ ਤਰੀਕੇ ਨਾਲ ‘ਗੁਰਬਾਣੀ’ ਦਾ ਪ੍ਰਚਾਰ/ਪ੍ਰਸਾਰ ਕੀਤਾ ਗਿਆ ਹੈ, ਉਸ ਨਾਲ ਨਾਨਕ ਫਲਸਫਾ ਤਾਂ ਅਲੋਪ ਹੋ ਗਿਆ ਲਗਦਾ ਹੈ। ਕੇਵਲ ਬ੍ਰਾਹਮਣੀ, ਪਾਂਡੀਆਈ ਰਵਾਇਤਾਂ ਹੀ ਸਿੱਖ ਸਮਾਜ ਦਾ ਹਿੱਸਾ ਬਣੀਆਂ ਵਿਖਾਈ ਦੇ ਰਹੀਆਂ ਹਨ। ਅੱਜ ਦਾ ਸਿੱਖ ਸਮਾਜ 90% ਸਨਾਤਨ ਮੱਤ ਦੇ ਅਨੁਸਾਰੀ ਹੋ ਚੁੱਕਾ ਹੈ। ਇਸ ਦਾ ਕਾਰਨ ਹੈ ਅਸੀਂ ਖ਼ੁਦ ਆਪ ਸਾਰੇ ਸਿੱਖ ਸਮਾਜ ਦੀ ਜਨਤਾ ਹਾਂ। ਅਸੀਂ ਪਾਖੰਡੀ ਨਿਰਮਲੇ ਸਾਧੜਿਆਂ/ਟਕਸਾਲੀਆਂ ਦੇ ਪਿੱਛੇ ਲੱਗਕੇ ਗੁਰਬਾਣੀ ਨੂੰ ਪੜ੍ਹਨਾ/ਵਿਚਾਰਨਾ ਛੱਡ ਦਿੱਤਾ। ਪ੍ਰਚਾਰਕਾਂ ਨੇ ਸਿੱਖੀ ਪ੍ਰਚਾਰ ਨੂੰ ਆਪਣੀ ਰੋਜ਼ੀ ਰੋਟੀ ਦਾ ਸਾਧਨ ਬਣਾ ਲਿਆ। ਸਾਧਾਂ ਦੀਆਂ ਦੁਕਾਨ-ਦਾਰੀਆਂ ਚੱਲ ਨਿਕਲੀਆਂ, ਉਹ ਐਸ਼ੋ ਆਰਾਮ ਕਰਨ ਦੇ ਨਾਲ ਨਾਲ ਬਦਫੈਲੀਆਂ ਵੀ ਕਰਨ ਲੱਗ ਗਏ।
ਸਿੱਖ ਸਮਾਜ ਵਿਚੋਂ ਸਿੱਖੀ-ਜੀਵਨ ਦਾ ਪੱਧਰ ਡਿੱਗਦਾ ਡਿੱਗਦਾ ਬਹੁਤ ਥੱਲੇ ਆ ਗਿਆ।
** ਇਸ ਦੇ ਨਾਲ ਸਾਡੀਆਂ ਧਾਰਮਿਕ ਸੰਸਥਾਂਵਾਂ ਵੀ ਇਸ ਗਿਰਾਵਟ ਲਈ ਜ਼ਿੰਮੇਵਾਰ ਹਨ।
** ਹਰ ਗੁਰ ਨਾਨਕ ਨਾਮ ਲੇਵਾ ਸਿੱਖ ਮਾਈ ਭਾਈ ਬੱਚੇ ਨੂੰ ਨਿਰੋਲ ਗੁਰਬਾਣੀ ਦੇ ਗਿਆਨ ਵਿਚਾਰ ਨੂੰ ਅਪਨਾਉਣਾ ਹੋਵੇਗਾ, ਵਰਨਾ ਇਹ ਗਿਰਾਵਟ ਵੱਲ ਨੂੰ ਵਧਦਾ ਗਿਰਾਫ਼ ਹੋਰ ਥੱਲੇ ਵੱਲ ਨੂੰ ਜਾਂਦਾ ਰਹੇਗਾ। ਸਿੱਖ ਸਮੂਹ ਦਾ ਨਿਵਾਣਾਂ ਵੱਲ ਨੂੰ ਜਾਣਾ ਕਿਸੇ ਵੀ ਪੰਥ-ਦਰਦੀ ਲਈ ਕੋਈ ਫ਼ਖਰ ਵਾਲ਼ੀ ਗੱਲ ਨਹੀਂ ਹੈ, ਸਗੋਂ ਫ਼ਿਕਰ ਵਾਲੀ ਗੱਲ ਹੈ।
** ਗੁਰਬਾਣੀ ਕੋਈ ਜਾਦੂ ਟੋਣਾ ਮੰਤਰ ਨਹੀਂ ਹੈ, ਇਹ ਤਾਂ ਉੱਚੀ ਸੁੱਚੀ ਸੁਚੱਜੀ ਜੀਵਨ ਜਾਂਚ ਹੈ। ਜਿਸਨੂੰ ਪੜ੍ਹਕੇ ਸੁਣਕੇ, ਮੰਨਕੇ, ਵਿਚਾਰਕੇ ਲਾਹਾ ਲੈਣਾ ਸੀ, ਪਰ ਪਾਖੰਡੀਆਂ ਬਾਬਿਆਂ ਨੇ ਤਾਂ ਕੱਚੇ ਰਾਹ ਤੋਰਨਾ ਕਰ ਦਿੱਤਾ। ਗੁਰਬਾਣੀ ਨੂੰ ਮੂਰਤੀ ਵਾਂਗ ਪੂਜਣਾ ਸੁਰੂ ਕਰਾ ਦਿੱਤਾ। ਸ਼ਬਦ ਗੁਰੁ ਗਰੰਥ ਸਾਹਿਬ ਜੀ ਦੀ ਪੂਜਾ ਸ਼ੁਰੂ ਕਰਵਾ ਦਿੱਤੀ।
ਅੱਜ ਹਰ ਗੁਰਦੁਆਰੇ ਦੇ ਅੰਦਰ ਗੁਰਮੱਤ ਦੇ ਨਾਲ ਨਾਲ ਮੰਨਮੱਤ ਵੀ ਪੂਰੇ ਜ਼ੋਰਾਂ ਸ਼ੋਰਾ ਨਾਲ ‘ਗੁਰਮੱਤ’ ਦੀਆਂ ਧੱਜੀਆਂ ਉਡਾ ਰਹੀ ਹੈ। ਕਿਹੜੀ ਮੰਨਮੱਤ ਬਚੀ ਹੈ? ? ਜੋ ਗੁਰਦੁਆਰਿਆ ਅੰਦਰ ਨਹੀਂ ਹੋ ਰਹੀ। ਕਿਉਂਕਿ ਸਿੱਖ ਸਮਾਜ ਸੁੱਤਾ ਪਇਆ ਹੈ। ਸਿੱਖੀ ਰਵਾਇਤਾਂ ਨੂੰ ਖਤਮ ਕਰਕੇ ਬ੍ਰਾਹਮਣੀ ਰਵਾਇਤਾਂ ਦਾ ਪੁਰਜ਼ੋਰ ਹਮਾਇਤ ਕੀਤੀ ਜਾ ਰਹੀ ਹੈ। ਇਹ ਕੁਕਰਮ, ਕਰਮਕਾਂਡ ਕਰਾਉਣ ਵਾਲੇ ਕੋਈ ਬਾਹਰਲੇ ਨਹੀਂ ਹਨ, ਸਗੋਂ ਸਾਡੇ ਆਪਣੇ ਸਿਰਮੌਰ ਸੰਸਥਾਵਾਂ ਦੇ ਮੁਖੀ ਕਰਤਾ ਧਰਤਾ ਹਨ। ਰਾਜਨੀਤਕ ਪਾਰਟੀਆਂ ਨੂੰ ਸਿੱਖੀ ਸਿਧਾਂਤਾਂ-ਅਸੂਲ਼ਾ ਨਾਲ ਕੋਈ ਵਾਸਤਾ ਨਹੀਂ ਹੈ।
** ਅੱਜ ਦੀ ਨੌਜਵਾਨ ਪੀੜ੍ਹੀ ਨੂੰ ਨਿਰੋਲ ਗੁਰਬਾਣੀ ਗਿਆਨ ਵਿਚਾਰ ਨਾਲ ਜੋੜਨਾ-ਜਾਗਰਤ ਕਰਨਾ ਬੇਹੱਦ ਜਰੂਰੀ ਹੈ।
ਵਰਨਾ ਕੋਈ ਸਿੱਖ ਇਹ ਕਹਿਣ ਦਾ ਹੱਕਦਾਰ ਨਹੀਂ ਹੋਵੇਗਾ ਕਿ ਮੈਂ ਹਿੰਦੂ ਨਹੀਂ ਹਾਂ,
** ਕੇਵਲ! ! ਮੈਂ ਇੱਕ ਨਿਆਰਾ ਖਾਲਸਾ ਹਾਂ। ਸਾਨੂੰ ਇਸ ਨਿਆਰੇਪਨ ਨੂੰ ਸੰਭਾਲਣਾ ਹੋਵੇਗਾ।
ਧੰਨਵਾਧ।
ਇੰਜ ਦਰਸ਼ਨ ਸਿੰਘ ਖਾਲਸਾ।
ਸਿੱਡਨੀ ਅਸਟਰੇਲੀਆ।
ਇੰਜ ਦਰਸ਼ਨ ਸਿੰਘ ਖਾਲਸਾ
ਸਿੱਖੀ-ਸਿਧਾਂਤ- ਜੋ ਮੈਨੂੰ ਸਮਝ ਆਇਆ।
Page Visitors: 2628