ਵੈਸਾਖੀ ਦਾ ਸੰਦੇਸ਼ !
1699 ਦੀ ਵੈਸਾਖੀ ਨੂੰ ਅਨੰਦਪੁਰ ਸਾਹਿਬ ਵਿਖੇ ਇੱਕ ਐਸੀ ਅਨੋਖੀ ਘਟਨਾ ਵਾਪਰੀ ਜੋ ਸਮੁੱਚੇ ਸੰਸਾਰ ਭਰ ਵਿੱਚ ਨਾ ਪਹਿਲਾਂ ਕਦੇ ਵਾਪਰੀ ਸੀ ਤੇ ਨਾ ਹੀ ਅੱਗੇ ਨੂੰ ਵਾਪਰਨ ਦੀ ਬਹੁਤੀ ਸੰਭਾਵਨਾ ਹੈ।
ਭਰੇ ਦੀਵਾਨ ਵਿੱਚ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਨੰਗੀ ਕ੍ਰਿਪਾਨ ਲੈ ਕੇ ਆਏ ਤੇ ਗਰਜ਼ਵੀ ਅਵਾਜ਼ ਵਿੱਚ ਬਿਨਾਂ ਕੁਝ ਦੇਣ ਦੇ ਇਵਜ਼ ਵਜੋਂ ਇੱਕ ਸਿਰ ਮੰਗਿਆ।
ਬੰਦੇ ਨੂੰ ਸਭ ਤੋਂ ਪਿਆਰੀ ਆਪਣੀ ਜਾਨ ਹੀ ਹੁੰਦੀ ਹੈ; ਪਰ ਧੰਨ ਹਨ ਗੁਰੂ ਕੇ ਸਿੱਖ ਜਿਨ੍ਹਾਂ ਵਿੱਚੋਂ ਕਿਸੇ ਨੇ ਵੀ ਕੋਈ ਅਗਾਊਂ ਸ਼ਰਤ ਨਹੀਂ ਰੱਖੀ ਕਿ ਗੁਰੂ ਸਾਹਿਬ ਜੀ , ਜੇ ਮੈਂ ਤੁਹਾਡੀ ਮੰਗ ਪੂਰੀ ਕਰਨ ਲਈ ਆਪਣਾ ਸਿਰ ਭੇਟ ਕਰ ਦੇਵਾਂ ਤਾਂ ਤੁਸੀਂ ਇਸ ਦੇ ਇਵਜ਼ਾਨੇ ਵਜੋਂ ਮੈਨੂੰ ਕੀ ਦੇਵੋਗੇ ? ਝੱਟ ਲਾਹੌਰ ਤੋਂ ਭਾਈ ਦਇਆ ਸਿੰਘ ਖੱਤਰੀ ਖੜ੍ਹੇ ਹੋਏ ਤੇ ਆਪਣਾ ਸੀਸ ਗੁਰੂ ਅੱਗੇ ਭੇਟ ਕਰ ਦਿੱਤਾ। ਉਨ੍ਹਾਂ ਨੂੰ ਤੰਬੂ ਵਿੱਚ ਲਿਜਾ ਕੇ ਕੁਝ ਹੀ ਦੇਰ ਬਾਅਦ ਖ਼ੂਨ ਦੀ ਲਿਬੜੀ ਕ੍ਰਿਪਾਨ ਹੱਥ ਵਿੱਚ ਫੜ ਕੇ ਗੁਰੂ ਜੀ ਦੁਬਾਰਾ ਬਾਹਰ ਆਏ ਤੇ ਇੱਕ ਸਿਰ ਦੀ ਹੋਰ ਮੰਗ ਕੀਤੀ। ਪਹਿਲਾ ਸਿਰ ਦੇਣ ਸਮੇਂ ਤਾਂ ਕੋਈ ਸ਼ੰਕਾ ਹੋ ਸਕਦੀ ਸੀ ਕਿ ਗੁਰੂ ਸਾਹਿਬ ਜੀ ਸ਼ਾਇਦ ਕੋਈ ਨਾਟਕ ਰਚਾ ਰਹੇ ਹੋਣ ਪਰ ਹੁਣ ਖ਼ੂਨ ਦੀ ਲਿਬੜੀ ਕ੍ਰਿਪਾਨ ਵੇਖ ਕੇ ਤਾਂ ਕੋਈ ਸ਼ੰਕਾ ਰਹਿ ਹੀ ਨਹੀਂ ਸੀ ਗਿਆ।
ਦੂਸਰਾ ਸਿਰ ਮੰਗੇ ਜਾਣ 'ਤੇ ਭਾਈ ਧਰਮ ਸਿੰਘ ਜੱਟ ਹਸਤਨਾਪੁਰ (ਦਿੱਲੀ) ਨੇ ਆਪਣਾ ਸੀਸ ਗੁਰੂ ਅੱਗੇ ਅਰਪਣ ਕੀਤਾ। ਇਸੇ ਤਰ੍ਹਾਂ ਗੁਰੂ ਸਾਹਿਬ ਵੱਲੋਂ ਮੰਗ ਕਰਨ 'ਤੇ ਭਾਈ ਹਿੰਮਤ ਚੰਦ ਝਿਊਰ ਜਗਨਨਾਥਪੁਰ, ਭਾਈ ਮੋਹਕਮ ਚੰਦ ਛੀਂਬਾ ਦਵਾਰਕਾਪੁਰ ਅਤੇ ਭਾਈ ਸਾਹਿਬ ਚੰਦ ਨਾਈ ਵਾਸੀ ਬਿਦਰ ਨੇ ਵਾਰੀ ਵਾਰੀ ਆਪਣੇ ਸੀਸ ਭੇਟ ਕੀਤੇ।
ਪੰਜਾਂ ਨੂੰ ਸੁੰਦਰ ਵਸਤਰ ਤੇ ਪੰਜ ਕਕਾਰ ਪਹਿਨਾਉਣ ਪਿੱਛੋਂ ਬਾਣੀ ਪੜ੍ਹ ਕੇ ਖੰਡੇ ਕੀ ਪਾਹੁਲ ਤਿਆਰ ਕੀਤੀ। ਵਾਰੀ ਵਾਰੀ ਹਰ ਇੱਕ ਨੂੰ ਪੰਜ ਪੰਜ ਚੂਲੇ ਛਕਾਏ , ਬਾਕੀ ਬਚੇ ਨੂੰ ਇੱਕੋ ਬਾਟੇ 'ਚੋਂ ਮੂੰਹ ਲਾ ਕੇ ਅੰਮ੍ਰਿਤ ਛਕਾਇਆ। ਪੰਜ ਕਕਾਰੀ ਰਹਿਤ ਰੱਖਣ, ਚਾਰ ਬੱਜਰ ਕੁਰਹਿਤਾਂ (ਕੇਸਾਂ ਦੀ ਬੇਅਦਬੀ, ਤੰਬਾਕੂ ਦੀ ਵਰਤੋਂ, ਪਰ ਇਸਤਰੀ/ਪੁਰਖ਼ ਦਾ ਭੋਗਣਾਂ ਅਤੇ ਕੁੱਠਾ ਮਾਸ ਖਾਣ) ਤੋਂ ਬਚ ਕੇ ਰਹਿਣ ਦਾ ਉਪਦੇਸ਼ ਦਿੱਤਾ ਤੇ ਹੁਕਮ ਕੀਤਾ ਕਿ ਅੱਜ ਤੋਂ ਤੁਹਾਡੀ ਪਿਛਲੀ ਕੁਲ, ਜਾਤ, ਧਰਮ ਕਰਮ ਨਾਸ । ਅੱਜ ਤੋਂ ਤੁਹਾਡਾ ਨਵਾਂ ਜਨਮ ਹੋਇਆ ਹੈ- ਤੁਹਾਡਾ ਪਿਤਾ , ਗੁਰੂ ਗੋਬਿੰਦ ਸਿੰਘ ਜੀ, ਮਾਤਾ , ਮਾਤਾ ਸਾਹਿਬ ਕੌਰ ਜੀ, ਜਨਮ ਕੇਸਗੜ੍ਹ ਸਾਹਿਬ ਅਤੇ ਵਾਸੀ ਅਨੰਦਪੁਰ ਸਾਹਿਬ ਦੇ ਹੋ। ਇਸ ਲਈ ਇੱਕ ਮਾਤਾ ਪਿਤਾ ਦੇ ਪੁੱਤਰ ਪੁਤਰੀਆਂ ਹੋਣ ਕਰਕੇ ਸਾਰੇ ਆਪਸ 'ਚ ਭੈਣ ਭਰਾ ਹੋ। ਨਾਮ , ਕੌਰ ਅਤੇ ਸਿੰਘ ਰੱਖੇ ਤੇ ਇਸ ਤਰ੍ਹਾਂ ਖ਼ਾਲਸਾ ਪ੍ਰਗਟ ਕੀਤਾ ਅਤੇ ਬਚਨ ਕੀਤਾ:
'ਖ਼ਾਲਸਾ ਅਕਾਲ ਪੁਰਖ਼ ਕੀ ਫੌਜ॥ ਪ੍ਰਗਟਿਓ ਖ਼ਾਲਸਾ ਪ੍ਰਮਾਤਮ ਕੀ ਮੌਜ॥'
ਚੁਣੇ ਗਏ ਪੰਜ ਪਿਆਰੇ ਵੱਖ ਵੱਖ ਜਾਤਾਂ ਵਿਚੋਂ ਹੋਣਾ; ਜਿਨ੍ਹਾਂ ਵਿੱਚ ਬਹੁਗਿਣਤੀ, ਕਹੇ ਜਾਂਦੇ ਸ਼ੂਦਰਾਂ ਵਿੱਚੋਂ ਹੋਣੀ ਅਤੇ ਸਾਰਿਆਂ ਨੂੰ ਇੱਕੋ ਬਾਟੇ ਵਿੱਚ ਅੰਮ੍ਰਿਤ ਛਕਾਉਣਾ ਤੇ ਫਿਰ ਪੰਜਾਂ ਪਿਆਰਿਆਂ ਤੋਂ ਖ਼ੁਦ ਅੰਮ੍ਰਿਤ ਛਕਣਾ ਦੋ ਮੁੱਖ ਸਿੱਧਾਂਤ ਉਜਾਗਰ ਕਰਦਾ ਹੈ ਕਿ:-
• ਇਹ ਦਿਵਸ ਮਨਾਉਣ ਦਾ ਸੁਭਾਗ ਸਾਨੂੰ
'ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥
ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥੨੦॥' (ਸਲੋਕ ਵਾਰਾਂ ਤੇ ਵਧੀਕ ਮ: ੧, ਗੁਰੂ ਗ੍ਰੰਥ ਸਾਹਿਬ – ਪੰਨਾ ੧੪੧੨) ਅਤੇ
'ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ ॥ ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ ॥੧॥' {ਮਾਰੂ ਵਾਰ: ੨ (ਮ: ੫) ਗੁਰੂ ਗ੍ਰੰਥ ਸਾਹਿਬ - ਪੰਨਾ ੧੧੦੨} ਦੇ ਪਾਏ ਪਰਚੇ ਪਾਸ ਕਰਕੇ ਸੀਸ ਭੇਟ ਕਰਨ ਉਪ੍ਰੰਤ ਹਾਸਲ ਹੋਇਆ ਹੈ।
• ਬ੍ਰਾਹਮਣ ਵੱਲੋਂ ਸਮਾਜ 'ਚ ਪਾਈ ਗਈ ਵਰਣ ਵੰਡ ਦਾ ਇਸ ਸੁਭਾਗੇ ਦਿਵਸ ਨੂੰ ਗੁਰੂ ਸਾਹਿਬ ਜੀ ਨੇ ਮੁੱਢੋਂ ਫਸਤਾ ਵੱਡ ਕੇ ਸਾਨੂੰ ਹਮੇਸ਼ਾਂ ਲਈ
'ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ ॥'ਤੇ ਚੱਲਣ ਦਾ ਪਾਠ ਪੂਰੀ ਤਰ੍ਹਾਂ ਦ੍ਰਿੜਾ ਕਰਾ ਦਿੱਤਾ ਸੀ।
ਅੱਜ ਬੇਸ਼ੱਕ ਖ਼ਾਲਸਾ ਆਪਣੇ ਪ੍ਰਗਟ ਹੋਣ ਦਾ ੩੧੫ਵਾਂ ਦਿਵਸ ਮਨਾਉਣ ਦਾ ਮਾਨ ਹਾਸਲ ਕਰ ਰਿਹਾ ਹੈ ਪਰ ਇਹ ਸੋਚਣ ਵਾਲੀ ਗੱਲ ਹੈ ਕਿ ਕੀ ਅੱਜ ਇਹ ਦਿਵਸ ਮਨਾਉਣ ਵਾਲੇ ਸਾਡੇ ਰਾਜਸੀ ਤੇ ਧਾਰਮਿਕ ਆਗੂ ਅਤੇ ਧਰਮ ਦੇ ਠੇਕੇਦਾਰ ਬਣੇ ਡੇਰੇਦਾਰ ਗੁਰਮਤਿ ਲਾਗੂ ਕਰਨ ਲਈ ਸੀਸ ਦੇਣ ਦੀ ਦ੍ਰਿੜਤਾ ਵਿਖਾਉਣ ਲਈ ਤਿਆਰ ਹਨ ? ਕਹਿਣ ਨੂੰ ਬੇਸ਼ੱਕ ਅਸੀਂ ਕਹਿੰਦੇ ਹਾਂ ਕਿ ਸਿੱਖੀ ਵਿੱਚ ਜਾਤ ਪਾਤ ਨੂੰ ਕੋਈ ਥਾਂ ਨਹੀਂ ਹੈ, ਸਾਡੇ ਦਰਬਾਰ ਸਾਹਿਬ ਜੀ ਦੀ ਉਸਾਰੀ ਸਮੇਂ ਗੁਰੂ ਅਰਜੁਨ ਸਾਹਿਬ ਜੀ ਨੇ ਚਾਰ ਦਰਵਾਜੇ ਰੱਖੇ, ਜੋ ਇਸ ਗੱਲ ਦਾ ਸਬੂਤ ਹੈ ਕਿ ਗੁਰੂ ਦਾ ਘਰ ਚਾਰੇ ਵਰਨਾ ਲਈ ਖੁੱਲ੍ਹਾ ਹੈ। ਪਰ ਪਿਛਲੇ ਦਿਨਾਂ ਵਿੱਚ ਬਠਿੰਡਾ ਜਿਲ੍ਹੇ ਦੇ ਪਿੰਡ ਲਹਿਰਾਖਾਨਾ ਵਿਖੇ ਵਾਪਰੀਆਂ ਮੰਦਭਾਗੀ ਘਟਨਾਵਾਂ ਸਾਡੀ ਕੌਮ ਦੀ ਨਿੱਘਰੀ ਹਾਲਤ ਉਜਾਗਰ ਕਰ ਰਹੀਆਂ ਹਨ, ਜਿਨ੍ਹਾਂ ਦੌਰਾਨ ਰੰਘਰੇਟੇ ਗੁਰੂ ਕੇ ਬੇਟੇ ਭਾਈ ਜੀਵਨ ਸਿੰਘ ਜੀ ਅਤੇ ਭਾਈ ਸੰਗਤ ਸਿੰਘ ਜੀ ਜਿਸ ਨੂੰ ਚਮਕੌਰ ਦੀ ਗੜ੍ਹੀ ਛੱਡਣ ਸਮੇਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਬਸਤਰ ਤੇ ਕਲਗੀ ਆਪਣੇ ਹੱਥੀਂ ਸਜਾਏ ਸਨ; ਦੀ ਵੰਸਜ਼ ਦੇ ਸਿੰਘਾਂ ਸਿੰਘਣੀਆਂ ਦੇ ਗੁਰਦੁਆਰਿਆਂ ਵਿੱਚ ਅਨੰਦ ਕਾਰਜ ਕਰਨ ਤੋਂ ਨਾਂਹ ਕਰਨ ਵਾਲਿਆਂ ਅਤੇ ਗੁਰੂ ਕੇ ਲੰਗਰ ਹਾਲ 'ਚੋਂ ਧੱਕੇ ਮਾਰ ਕੇ ਬਾਹਰ ਕੱਢਣ ਵਾਲਿਆਂ ਵਿਰੁੱਧ ਇੱਕਾ ਦੁੱਕਾ ਵਿਰਲਿਆਂ ਨੂੰ ਛੱਡ ਕੇ, ਇੱਕ ਬਿਆਨ ਦੇਣ ਤੋਂ ਵੀ ਗੁਰੇਜ਼ ਕਰਕੇ ਆਪਣੀ ਮਰੀ ਹੋਈ ਜ਼ਮੀਰ ਦਾ ਸਬੂਤ ਦਿੱਤਾ ਜਾਂਦਾ ਰਿਹਾ ਹੈ।
ਤੰਬੂ ਵਿੱਚ ਕੀ ਵਾਪਰਿਆ ਕਿਸੇ ਨੇ ਵੇਖਿਆ ਨਹੀਂ, ਇਸ ਦੇ ਬਾਵਯੂਦ ਆਪਣੇ ਆਪਣੇ ਮਨ ਦੇ ਘੋੜੇ ਦੁੜਾਉਂਦੇ ਹੋਏ ਕੋਈ ਲਿਖ ਤੇ ਕਹਿ ਰਿਹਾ ਹੈ ਗੁਰੂ ਸਾਹਿਬ ਜੀ ਨੇ ਪੰਜਾਂ ਦੇ ਸੀਸ ਧੜ ਨਾਲੋਂ ਵੱਖ ਵੱਖ ਕਰਕੇ ਬਦਲ ਕੇ ਦੂਸਰੀਆਂ ਧੜਾਂ ਨਾਲ ਜੋੜ ਦਿੱਤੇ; ਕੋਈ ਲਿਖ ਤੇ ਕਹਿ ਰਿਹਾ ਹੈ ਗੁਰੂ ਸਾਹਿਬ ਜੀ ਨੇ ਤੰਬੂ ਅੰਦਰ ਪੰਜ ਬੱਕਰੇ ਝਟਕਾਏ। ਪਰ ਜੋ ਕੁਝ ਸਭ ਦੇ ਸਾਹਮਣੇ ਉਪਦੇਸ਼ ਦਿੱਤਾ, ਤੇ ਜੋ ਅੱਜ ਤੱਕ ਅੰਮ੍ਰਿਤ ਛਕਾਉਣ ਸਮੇਂ ਪੰਜ ਪਿਆਰੇ ਅੰਮ੍ਰਿਤ ਅਭਿਲਾਖੀਆਂ ਨੂੰ ਵੀ ਦ੍ਰਿੜ ਕਰਵਾਇਆ ਜਾਂਦਾ ਹੈ ਕਿ ਅੱਜ ਤੋਂ ਤੁਹਡੀ ਪਿਛਲੀ ਜਾਤ ਕੁਲ ਨਾਸ, ਤੁਸੀਂ ਸਾਰੇ ਹੀ ਭੈਣ ਭਰਾ ਹੋ। ਗੁਰੂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਜਾਤ ਦਾ ਹੰਕਾਰ ਕਰਨ ਵਾਲਿਆਂ ਨੂੰ ਸੈਂਕੜੇ ਵਾਰ ਲਾਹਨਤਾਂ ਪਾਈਆਂ ਗਈਆਂ ਹਨ:
'ਜਾਤਿ ਕਾ ਗਰਬੁ ਨ ਕਰੀਅਹੁ ਕੋਈ ॥ ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ ॥੧॥
ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ॥ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ॥੧॥'
ਪਰ ਇਸ ਦੇ ਬਾਵਯੂਦ ਵੱਡੀ ਗਿਣਤੀ ਭੇਖੀ ਸਿੱਖ ਜਾਤ ਦਾ ਹੰਕਾਰ ਛੱਡਣ ਲਈ ਤਿਆਰ ਨਹੀਂ ਹਨ ਤਾਂ ਇਸ ਤੋਂ ਵੱਧ ਸ਼ਰਮ ਵਾਲੀ ਹੋਰ ਕੀ ਗੱਲ ਹੋ ਸਕਦੀ ਹੈ ???
ਸਾਡੀ ਵੈਸਾਖੀ ਮਨਾਉਣੀ ਤਾਂ ਹੀ ਸਫਲ ਹੈ ਜੇ ਅੱਜ ਦੇ ਦਿਨ ਸਿਰਫ ਵਧਾਈਆਂ ਦੇਣ ਤੇ ਲੈਣ ਦੀਆਂ ਰਸਮੀ ਕਾਰਵਾਈਆਂ ਤੋਂ ਬਾਹਰ ਨਿਕਲ ਕੇ ਗੁਰੂ ਦੇ ਸਿਧਾਂਤ ਨੂੰ ਅਪਨਾਉਣ ਲਈ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਤੇ ਓਟ ਆਸਰੇ ਤੋਂ ਬਿਨਾਂ ਹੋਰ ਕਿਸੇ ਮਨੁੱਖ, ਸਾਧ ਸੰਤ ਜਾਂ ਕਿਸੇ ਹੋਰ ਅਖੌਤੀ ਗ੍ਰੰਥ ਨੂੰ ਗੁਰੂ ਸਾਹਿਬ ਜੀ ਦੇ ਬਰਾਬਰ ਖੜ੍ਹਾ ਨਾ ਕਰਨ ਅਤੇ ਜਾਤਾਂ ਪਾਤਾਂ ਦੇ ਵਿਤਕਰੇ ਭੁਲਾ ਕੇ ਸਮੁੱਚੇ ਸਿੱਖਾਂ ਨੂੰ ਆਪਣੇ ਭੈਣ ਭਰਾ ਸਮਝਣ ਦਾ ਪ੍ਰਣ ਕਰੀਏ।
ਕਿਰਪਾਲ ਸਿੰਘ ਬਠਿੰਡਾ
ਵੈਸਾਖੀ ਦਾ ਸੰਦੇਸ਼ !
Page Visitors: 2823