''ਸ਼ਿਵਾ'' ਮੋਹਨ ਭਾਗਵਤ ਦੀ ਜਾਂ ਸਿੱਖਾਂ ਦੀ ?
ਮੋਹਨ ਭਾਗਵਤ ਨੂੰ "ਦੇਹ ਸ਼ਿਵਾ..." ਸਬੰਧੀ ਜਵਾਬ
ਅਤੇ ਸ. ਜਰਨੈਲ ਸਿੰਘ, ਆਮ ਆਦਮੀ ਪਾਰਟੀ ਨੂੰ ਸਲਾਹ
ਪ੍ਰਭਦੀਪ ਸਿੰਘ
ਉਸ ਵਿੱਚ ਪਿੱਛੇ ਜਿਹੇ ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਵੱਲੋਂ "ਦੇਹ ਸ਼ਿਵਾ ਬਰ ਮਹਿ ਇਹੈ..." ਨੂੰ ਬਿਆਨ ਕਰਦਿਆਂ ਕਿਹਾ ਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਦੇਵੀ ਕੋਲੋਂ ਵਰ ਮੰਗਿਆ... ਉਸ ਬਾਰੇ ਸਿੰਘਨਾਦ ਰੇਡਿਉ 'ਤੇ ਪ੍ਰੋਗਰਾਮ ''ਤਬ ਜਾਨਹੁਗੇ ਜਬ ਉਘਰੈਗੋ ਪਾਜ'' ਦੇ ਲੜੀਵਾਰ ਪ੍ਰੋਗਰਾਮ ਜੋ ਕਿ ਹਰ ਸ਼ੁੱਕਰਵਾਰ ਕੀਤਾ ਜਾਂਦਾ ਹੈ ਵਿੱਚ ਸਰਦਾਰ ਪ੍ਰਭਦੀਪ ਸਿੰਘ ਨੇ ਅਖੌਤੀ ਦਸਮ ਗ੍ਰੰਥ ਦੀ ਇਸ ਰਚਨਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
- ਦੇਹ ਸ਼ਿਵਾ ਬਰ ਮਹਿ ਇਹੈ...- ਗੁਰੂ ਗੋਬਿੰਦ ਸਿੰਘ ਦੀ ਰਚਨਾ ਨਹੀਂ
- ਕਵੀ ਸ਼ਿਆਮ ਦੀ ਰਚਨਾ ਹੈ
- ਵਰ ਦਾ ਸੰਕਲਪ ਹਿੰਦੂਆਂ ਵਿੱਚ ਕੁੱਟ ਕੁੱਟ ਕੇ ਭਰਿਆ
- ਗੁਰਬਾਣੀ ਵਿੱਚ ਵਰ ਸ਼ਰਾਪ ਦਾ ਸੰਕਲਪ ਨਹੀਂ
- ਆਮ ਆਦਮੀ ਪਾਰਟੀ ਦੇ ਜਰਨੈਲ ਸਿੰਘ ਵੱਲੋਂ "ਸ਼ਿਵਾ" ਨੂੰ ਅਕਾਲਪੁਰਖ ਕਹਿਣਾ ਗਲਤ
- ਅਗਲੇ ਪਿਛਲੇ ਸਵੱਈਏ ਕਦੀ ਪੜੇ ਨੇ?
- ਜਿਸ ਤਰ੍ਰਾਂ "ਪ੍ਰਿਥਮ ਭਗੌਤੀ" ਸਾਡੇ ਸਿਰ 'ਤੇ ਥੋਪ ਦਿੱਤੀ, ਉਸੀ ਤਰ੍ਹਾਂ "ਦੇਹ ਸ਼ਿਵਾ ਬਰ ਮੋਹਿ ਇਹੈ" ਹੈ
- ਜਿਸਨੂੰ ਸ਼ੁਭ ਕਰਮ ਕਰਣ ਤੋਂ ਡਰ ਲਗਦਾ ਹੋਵੇ, ਝਿਜਕਦਾ ਹੋਵੇ, ਉਹ ਵਰ ਮੰਗੇ
- ਜਿਸਦੇ ਬੱਚੇ ਨੀਹਾਂ 'ਚ ਖਲੋ ਗਏ, ਜੰਗਾਂ ਵਿੱਚ ਸ਼ਹੀਦ ਹੋ ਗਏ, ਕੀ ਉਹ ਗੁਰੂ ਐਸੀ ਬੇਨਤੀ ਕਰ ਸਕਦਾ ਹੈ
- ਕਮਜ਼ੋਰ ਮਨ 'ਚੋਂ ਨਿਕਲੀ ਹੋਈ ਅਰਜੋਈ ਹੈ
- ਜਿਹੜਾ ਗੁਰੂ ਡਰ ਦੇ ਅਧੀਨ ਹੀ ਨਹੀਂ, ਉਹ ਇਹ ਅਰਜੋਈ ਕਰ ਹੀ ਨਹੀਂ ਸਕਦਾ
- ਸ਼ਿਵਾ... ਸ਼ਿਵ ਪਤਨੀ ਪਾਰਬਤੀ ਹੈ
- ਬਿਪਰ ਨੇ ਮਹਾਂਦੇਵ ਨੂੰ ਸ਼ਿਵ ਘੋਸ਼ਿਤ ਕੀਤਾ, ਸ਼ਿਵ ਦੇ ਨਾਮ ਨਾਲ ਕੰਨਾਂ ਮਾਤਰਾ ਲਗੱਣ ਨਾਲ ਸ਼ਿਵਾ ਬਣ ਗਿਆ, ਸ਼ਿਵ ਦੀ ਪਤਨੀ ਪਾਰਬਤੀ
- ਗੁਰੂ ਐਸੀਆਂ ਹੌਲੀਆਂ ਗੱਲਾਂ ਨਹੀਂ ਕਰਦਾ
- ਗ੍ਰੰਥ ਵੀ ਕਹੀ ਜਾਂਦਾ ਇਹ ਕਿਸੇ ਕਵੀ ਨੇ ਕਹੀ ਹੈ
- ਕਵੀ ਦੀ ਕਹੀ ਹੋਈ ਰਚਨਾ ਅਸੀਂ ਗੁਰੂ ਗੋਬਿੰਦ ਸਿੰਘ ਦੀ ਰਚਨਾ ਬਣਾ ਲਿਆ
ਆਪ ਜੀ ਦੀ ਜਾਣਕਾਰੀ ਵਾਸਤੇ! ਕਿ ਦੇਵੀ ਇਕੋ ਹੈ ਜਿਸ ਦੇ 700 (ਸਪਤਸ਼ਤੀ/ਸੱਤ ਸੌ ਨਾਵਾਂ ਵਾਲੀ) ਨਾਂ ਹਨ। ਇਹ ਰਚਨਾ ਮਾਰਕੰਡੇ ਪੁਰਾਣ ਵਿਚੋਂ ਲਈ ਗਈ ਹੈ। ਅੰਤ ਵਿਚ ਲਿਖੀ ਉਕਤੀ ਵਿਚ ਸਾਫ ਦੇਖਿਆ ਜਾ ਸਕਦਾ ਹੈ। ਇਸ ਰਚਨਾ ਦੇ ਕੁਲ 232 ਬੰਦ ਹਨ।
ੴ ਵਾਹਿਗੁਰੂ ਜੀ ਕੀ ਫਤਹਿ॥ ਸ੍ਰੀ ਭਗਉਤੀ ਜੀ ਸਹਾਇ ਹੁਣ ਚੰਡੀ ਚਰਿਤ੍ਰ (ਉਕਤ-ਬਿਲਾਸ) ਲਿਖਦੇ ਹਾਂ। ਪਾਤਿਸ਼ਾਹੀ 10। ਨਾਲ ਅਰੰਭ ਹੁੰਦੀ ਹੈ।
ਜਦ ਆਪਾਂ "ਦੇਹਿ ਸ਼ਿਵਾ ਬਰ ਮੋਹੇ" ਵਾਲੇ ਸਵਯੈ ਤੋਂ ਪਹਿਲਾਂ ਵਾਲੇ ਤੇ ਉਸ ਤੋਂ ਬਾਅਦ ਵਾਲੇ ਬੰਦ ਪੜ੍ਹਾਂਗੇ ਤਾਂ ਸਾਰੀ ਗਲ ਸਾਫ ਹੋ ਜਾਂਏਗੀ, ਕਿ ਇਹ ਕੀ ਮਾਜਰਾ ਹੈ।
ਚੰਡੀ ਚਰਿਤ੍ਰ (ਉਕਤ ਬਿਲਾਸ) ਦੇ ਦੂਜੇ ਤੇ ਤੀਜੇ ਬੰਦ ਵਿਚ ਲਿਖਿਆ ਮਿਲਦਾ ਹੈ;
ਕ੍ਰਿਪਾ ਸਿੰਧ ਤੁਮਰੀ ਕ੍ਰਿਪਾ ਜੋ ਕਛ ਮੋ ਪਰਿ ਹੋਏ।
ਰਚੋ ਚੰਡਿਕਾ ਕੀ ਕਥਾ ਬਾਣੀ ਸੁਭ ਸਭ ਹੋਇ।2।
ਜੋਤਿ ਜਗਮਗੇ ਜਗਤ ਮੈ ਚੰਡ ਚਮੁੰਡ ਪ੍ਰਚੰਡ।
ਭੁਜ ਦੰਡਨ ਦੰਡਨਿ ਅਸੁਰ ਮੰਡਨ ਭੁਇ ਨਵ ਖੰਡ।3।
ਭਾਵ:- ਹੇ ਕਿਰਪਾ ਦੇ ਸਾਗਰ! ਜੇ ਤੇਰੀ ਕ੍ਰਿਪਾ ਮੇਰੇ ਉਤੇ ਹੋਏ, (ਤਾਂ) ਦੁਰਗਾ ਦੀ ਕਥਾ ਦੀ ਰਚਨਾ ਕਰਾਂ ਅਤੇ ਸਾਰੀ ਕਵਿਤਾ ('ਬਾਣੀ') ਸ੍ਰੇਸ਼ਠ ਹੋ ਜਾਏ।2।
(ਜਿਸ ਦੀ) ਜੋਤਿ ਜਗਤ ਵਿਚ ਜਗਮਗਾ ਰਹੀ ਹੈ, (ਜੋ) ਚੰਡ ਅਤੇ ਮੁੰਡ (ਨੂੰ ਮਾਰਨ ਵਾਲੀ ਬਹੁਤ) ਪ੍ਰਚੰਡ ਹੈ, (ਜਿਸ ਦੀਆਂ) ਭੁਜਾਵਾਂ ਦੇ ਡੰਡੇ ਦੈਂਤਾਂ ਨੂੰ ਦੰਡ ਦੇਣ ਵਾਲੇ ਹਨ ਅਤੇ (ਜੋ) ਧਰਤੀ ਦੇ ਨੌਂ ਖੰਡਾਂ ਨੂੰ ਸੁਸੱਜਿਤ ਕਰਨ ਵਾਲੀ ਹੈ।3।
ਪ੍ਰਥਮ ਮਧੁ ਕੈਟ ਮਧੁ ਮਥਨ ਮਹਿਖਾਸਰ ਮਾਨ ਮਰਦਨ ਕਰਨ ਤਰੁਨਿ ਬਰ ਬੰਡਕਾ।
ਦੂਮ੍ਰ ਦ੍ਰਿਗ ਧਰਨ ਧਰਿ ਧਾਨੀ ਕਰਨ ਚੰਡ ਅਰੁ ਮੁੰਡ ਕੇ ਮੁੰਡ ਖੰਡ ਖੰਡਕਾ।
ਰਕਤ ਬੀਰਜ ਹਰਨ ਰਕਤ ਭਛਨ ਕਰਨ ਦਰਨ ਅਨਸੁੰਭ ਰਨਿ ਰਾਰ ਰਿਸ ਮੰਡਕ।
ਸੰਭ ਬਲੁ ਧਾਰ ਸੰਘਾਰ ਕਰਵਾਰ ਕਰਿ ਸਕਲ ਖਲੁ ਅਸੁਰ ਦਲੁ ਜੈਤ ਜੈ ਚੰਡਿਕਾ । ਪੰਨਾ; 129 (ਬੰਦ230)
ਭਾਵ:- ਪਹਿਲਾਂ ਮਧੁ ਅਤੇ ਕੈਟਭ (ਦੈਂਤਾਂ) ਦਾ ਘਮੰਡ ਤੋੜਨ ਵਾਲੀ, ਫਿਰ ਮਹਿਖਾਸੁਰ ਦਾ ਮਾਣ ਮਾਲਣ ਵਾਲੀ, ਵਰ ਦੇਣ ਵੇਲੇ ਸੰਕੋਚ ਨ ਕਰਨ ਵਾਲੀ, ਧੂਮ੍ਰਲੋਚਨ ਵਰਗੇ ਨੂੰ ਟੋਟੇ ਟੋਟੇ ਕਰਨ ਵਾਲੀ, ਰਕਤ-ਬੀਜ ਨੂੰ ਮਾਰਨ ਅਤੇ (ਉਸ ਦਾ) ਲਹੂ ਪੀਣ ਵਾਲੀ ਵੈਰੀਆਂ ਨੂੰ ਦਲਣ ਵਾਲੀ, ਨਿਸ਼ੁੰਭ ਨਾਲ ਕ੍ਰੋਧਿਤ ਹੋ ਕੇ ਜੰਗ ਕਰਨ ਵਾਲੀ, ਸੁੰਭ ਨੂੰ ਬਲ ਪੂਰਵਕ ਤਲਵਾਰ ਨਾਲ ਸੰਘਾਰਨ ਵਾਲੀ ਅਤੇ ਸਾਰੇ ਦੁਸ਼ਟ ਦੈਂਤਾਂ ਦੇ ਦਲ ਨੂੰ ਜਿਤਣ ਵਾਲੀ ਚੰਡੀ ਦੀ ਜੈ ਹੋਵੇ।
ਸ੍ਵੈਯਾ
ਦੇਹ ਸਿਵਾ ਬਰੁ ਮੋਹਿ ਇਹੇ ਸ਼ੁਭ ਕਰਮਨ ਤੇ ਕਬਹੂੰ ਨ ਟਰੋ।
ਨ ਡਰੋ ਅਰਿ ਸੋ ਜਬ ਜਇ ਲਰੋਂ ਨਿਸਚੈ ਕਰਿ ਅਪੁਨੀ ਜੀਤ ਕਰੋ।
*ਅਰੁ ਸਿਖ ਹੋ ਅਪਨੇ ਹੀ ਮਨ ਕੋ ਇਹ ਲਾਲਚ ਹਉ ਗੁਨ ਤਉ ਉਚਰੋ।
ਜਬ ਆਵ ਕੀ ਅਉਧ ਨਿਦਾਨ ਬਨੈ ਅਤਿ ਰਨ ਮੈ ਤਬ ਜੂਝ ਮਰੋ।231
( ਕਈ ਬੀੜਾਂ ਵਿਚ ਇਹ ਸਵੈਯਾ ਅੰਤ ਉਤੇ ਅੰਕ 233 ਨਾਲ ਆਇਆ ਹੈ)
ਭਾਵ:- ਹੇ ਸ਼ਿਵਾ! ਮੈਨੂੰ ਇਹ ਵਰ ਦੇ ਕਿ (ਮੈਂ) ਸ਼ੁਭ ਕੰਮਾਂ (ਨੂੰ ਕਰਨੋਂ) ਨ ਟਲਾਂ। ਜਦੋਂ ਵੈਰੀ ਨਾਲ (ਰਣ-ਭੂਮੀ ਵਿਚ ਜਾ ਕੇ) ਲੜਾਂ ਤਾਂ (ਜ਼ਰਾ) ਨ ਡਰਾਂ ਅਤੇ ਨਿਸਚੇ ਹੀ ਆਪਣੀ ਜਿਤ ਪ੍ਰਾਪਤ ਕਰਾਂ।* ਅਤੇ ਆਪਣੇ ਮਨ ਨੂੰ ਸਿਖਿਆ ਦੇਵਾਂ ਕਿ ਮੈਂਨੂੰ (ਸਦਾ) ਇਹ ਲਾਲਚ (ਬਣਿਆ ਰਹੇ ਕਿ ਮੈਂ) ਤੇਰੇ ਗੁਣਾਂ ਨੂੰ ਉਚਾਰਦਾ ਰਹਾਂ। ਅਤੇ ਜਦੋਂ ਉਮਰ ਦਾ ਅੰਤਿਮ ਸਮਾਂ ਆ ਜਾਏ ਤਾਂ ਅਤਿ ਦੇ ਯੁੱਧ ਵਿਚ ਲੜਦਾ ਹੋਇਆ ਮਰ ਜਾਵਾਂ।231।
ਚੰਡਿ ਚਰਿਤ੍ਰ ਕਵਿਤਨ ਮੈ ਬਰਨਿਓ ਸਭ ਹੀ ਰਸ ਰੁਦ੍ਰਮਈ ਹੈ।
ਏਕ ਤੇ ਏਕ ਰਸਾਲ ਭਇਓ ਨਖ ਤੇ ਸਿਖ ਲਉ ਉਪਮਾ ਸੁ ਨਈ ਹੈ।
ਕਉਤਕ ਹੇਤ ਕਰੀ ਕਵਿ ਨੇ ਸਤਿਸਯ ਕੀ ਕੱਥਾ ਇਹ ਪੂਰੀ ਭਈ ਹੈ।
ਜਾਹਿ ਨਮਿਤ ਪੜੈ ਸੁਨਿ ਹੈ ਨਰ ਸੋ ਨਿਸਚੈ ਕਰਿ ਤਾਹਿ ਦਈ ਹੈ।232।
ਭਾਵ:- ਚੰਡੀ-ਚਰਿਤ੍ਰ ਕਵਿਤਾ ਵਿਚ ਕਥਨ ਕੀਤਾ ਹੈ। (ਇਹ) ਸਾਰੀ (ਕਵਿਤਾ) ਰੌਦਰ-ਰਸ ਵਿਚ ਲਿਖੀ ਹੈ। ਇਕ ਤੋਂ ਇਕ (ਉਕਤੀ) ਰਸ ਭਰਪੂਰ ਹੈ ਅਤੇ ਆਦਿ ਤੋਂ ਅੰਤ ਤਕ (ਪੈਰਾਂ ਦੇ ਨਹੁੰਆਂ ਤੋਂ ਸਿਰ ਦੀ ਚੋਟੀ ਤਕ) ਹਰ ਉਪਮਾ ਨਵੀਂ ਹੈ। ਕਵੀ ਨੇ ਮਾਨਸਿਕ ਵਿਲਾਸ ('ਉਕਤਕ') ਲਈ ਇਹ ਕਾਵਿ-ਰਚਨਾ ਕੀਤੀ ਹੈ। 'ਸਤਸਈ' ਦੀ ਇਹ ਪੂਰੀ ਕੱਥਾ ਵਰਣਿਤ ਹੈ। ਜਿਸ (ਮਨੋਰਥ ਲਈ (ਕੋਈ ਪੁਰਸ਼ ਇਸ ਰਚਨਾ ਨੂੰ ) ਪੜ੍ਹੇ ਅਤੇ ਸੁਣੇਗਾ, ਉਸ ਨੂੰ ਅੱਵਸ਼ ਹੀ (ਦੇਵੀ) ਉਹੀ (ਵਰ) ਪ੍ਰਦਾਨ ਕਰੇਗੀ।232।
ਜਿਹ ਨਮਿਮਤ ਕਵਿ ਨੇ ਕਹਿਓ ਸੁ ਦੇਹ ਚੰਡਿਕਾ ਸੋਇ।233।
ਭਾਵ:- ਮੈਂ 'ਸਤਸਈ' (ਦੁਰਗਾ ਸਪਤਸਤੀ) ਗ੍ਰੰਥ ਦੀ ਰਚਨਾ ਕੀਤੀ ਹੈ, ਜਿਸ ਦੇ ਸਮਾਨ ਹੋਰ ਕੋਈ (ਗ੍ਰੰਥ) ਨਹੀਂ ਹੈ। ਹੇ ਚੰਡਕਾ! ਜਿਸ ਮਨੋਰਥ ਲਈ ਕਵੀ ਨੇ (ਇਹ ਕੱਥਾ) ਕਹੀ ਹੈ, ਉਸ ਦਾ ਸਹੀ (ਮਨੋਰਥ) ਪੂਰਾ ਕਰੋ।233।
ਇਤਿ ਸ੍ਰੀ ਮਾਰਕੰਡੇ ਪੁਰਾਨੇ ਸ੍ਰੀ ਚੰਡੀ ਚਰਿਤ੍ਰ ਉਕਤਿ ਬਿਲਾਸ ਦੇਵ ਸੁਰੇਸ ਸਹਿਤ ਜੈਕਾਰ ਸਬਦ ਕਰਾ ਅਸਟਮੋ ਧਿਆਇ ਸਮਾਪਤਮ ਸਤੁ ਸੁਭਮ ਸਤੁ। 8।
ਉਕਤੀ:- (ਬਹੁਤੀਆਂ ਬੀੜਾਂ ਵਿਚ ਇਹ ਅਧਿਆਇ ਅੰਤ ਸੂਚਕ ਪੁਸ਼ਪਿਕਾ ਨਹੀਂ ਲਿਖੀ ਹੈ)
ਕੀ ਅਜੇ ਵੀ ਕੋਈ ਗੁੰਜ਼ਾਇਸ਼ ਰਹਿ ਜਾਂਦੀ ਹੈ, ਕਿ ਸ਼ਿਵਾ ਦੇ ਅਰਥ ਸ਼ਿਵ ਜੀ ਅਤੇ ਚੰਡਿਕਾ/ਦੁਰਗਾ ਹੈ? ਦਰਅਸਲ ਦਸਮ ਗ੍ਰਥ ਦੇ ਲਿਖਾਰੀ ਦੇਵੀ ਪੂਜਕ ਹਨ ਅਤੇ ਉਸੇ ਦੀ ਉਪਾਸ਼ਨਾ ਕਰਦੇ ਹਨ। ਸਾਡੀ ਇਹ ਤਰਾਸਦੀ ਹੈ ਕਿ ਅਸੀਂ ਹਰ ਉਸ ਨੂੰ ਅਕਾਲਪੁਰਖ ਕਰ ਕੇ ਮੰਨ ਲੈਂਦੇ ਹਾਂ, ਜਿਸ ਕਿਸੇ ਨਾਲ ਅਕਾਲ ਪੁਰਖ ਵਾਲੇ ਵਿਸ਼ੇਸ਼ਨ ਲਗੇ ਹੁੰਦੇ ਹਨ। ਦਸਮ ਗ੍ਰੰਥ ਦੇ ਲਿਖਾਰੀਆਂ ਦਾ ਸਭੋ ਕੁਝ ਮਹਾਂਕਾਲ ਜਾਂ 700 ਨਾਵਾਂ ਵਾਲੀ ਦੇਵੀ ਹੀ ਹੈ ਤੇ ਉਸ ਦੇ ਹੀ ਗੁਣ ਗਾਏ ਗਏ ਹਨ।
ਯਾਦ ਰਹੇ “ਲੋਪ ਚੰਡਕਾ ਹੋਇ ਗਈ ਸੁਰਪਤਿ ਕੋ ਦੇ ਰਾਜ”, ਆਰਤੀ ਵੇਲੇ ਕੁਝ ਗਿਆਨੀਆਂ ਵੱਲੋਂ ਪੜੀਆਂ ਜਾਣ ਵਾਲੀਆਂ ਇਹ ਪੰਗਤੀਆਂ ਵੀ, “ਇਤਿ ਸ੍ਰੀ ਮਾਰਕੰਡੇ ਪੁਰਾਨੇ ਚੰਡੀ ਚਰਿਤ੍ਰ ਉਕਿਤ ਬਿਲਾਸ ਧੁਮ੍ਰਨੈਣ ਬਧਹਿ ਨਾਮ ਤ੍ਰਿਤਯ ਧਯਾਇ” (ਪੰਨਾ 79) ਇਸੇ ਰਚਨਾ 'ਚ ਹੀ ਦਰਜ ਹਨ। ਕਈ ਸੱਜਣਾ ਵੱਲੋਂ ਸ਼ਿਵਾ ਦੇ ਅਰਥ ਅਪਾਰ ਸ਼ਕਤੀ ਵੀ ਕੀਤੇ ਗਏ ਹਨ। 233 ਛੰਦਾਂ 'ਚ ਇਕ ਛੰਦ (231) ਨੂੰ ਵੱਖ ਕਰਕੇ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਬਦ ਮੰਨ ਲੈਣਾ ਜਾਂ ਕਿਸੇ ਇਕ ਥਾਂ ‘ਸ਼ਿਵਾ’ ਦੇ ਅਰਥ ਆਪਣੀ ਮਰਜ਼ੀ ਮੁਤਾਬਕ ਕਰ ਲੈਣੇ, ਕਿਸੇ ਵੀ ਤਰ੍ਹਾਂ ਸਿਆਣਪ ਨਹੀਂ ਮੰਨਿਆ ਜਾ ਸਕਦਾ। ਇਸ ਸਾਰੀ ਰਚਨਾ ‘ਅਬ ਚੰਡੀ ਚਰਿਤ੍ਰ ਉਕਿਤ ਬਿਲਾਸ’ ਨੂੰ ਆਦਿ ਤੋਂ ਅੰਤ ਤਾਈ ਪੜ੍ਹਨ/ਸਮਝਣ ਉਪ੍ਰੰਤ ਹੀ ਸ਼ਿਵਾ ਦੇ ਅਰਥ ਕਰਨੇ ਚਾਹੀਦੇ ਹਨ। ਇਸ ਰਚਨਾ ਦਾ ਆਖਰੀ ਛੰਦ ਹੀ ਅਸਲੀਅਤ ਨੂੰ ਸਪੱਸ਼ਟ ਕਰ ਦਿੰਦਾ ਹੈ।
ਦੋਹਰਾ।
ਗਰੰਥ ਸਤਿਸਯ ਕੋ ਕਰਿਓ ਜਾ ਸਮ ਅਵੁਰ ਨਾ ਕੋਇ।
ਜਿਹ ਨਮਿਤ 'ਕਵਿ' ਨੇ ਕਹਿਉ ਸੁ ਦੇਹ ਚੰਡਕਾ ਸੋਇ। (233)
ਇਨ੍ਹਾਂ ਪੰਗਤੀਆਂ ਦੇ ਅਰਥ ਡਾ. ਜੱਗੀ ਨੇ ਇਹ ਲਿਖੇ ਹਨ:- “(ਮੈਂ) ਸਤਸਈ (ਦੁਰਗਾ ਸਪਤਸ਼ਤੀ) ਗ੍ਰੰਥ ਦੀ ਰਚਨਾ ਕੀਤੀ ਹੈ ਜਿਸ ਦੇ ਸਮਾਨ ਹੋਰ ਕੋਈ (ਗ੍ਰੰਥ) ਨਹੀਂ ਹੈ। ਹੇ ਚੰਡਿਕਾ! ਜਿਸ ਮਨੋਰਥ ਲਈ ਕਵੀ ਨੇ (ਇਹ ਕਥਾ) ਕਹੀ ਹੈ, ਉਸ ਦਾ ਉਹੀ (ਮਨੋਰਥ) ਪੂਰਾ ਕਰੋ।੨੩੩। ਇਥੇ ਸ੍ਰੀ ਮਾਰਕੰਡੇ ਪੁਰਾਣ ਦੇ ਸ੍ਰੀ ਚੰਡੀ ਚਰਿਤ੍ਰ ਉਕਿਤ ਬਿਲਾਸ ਪ੍ਰਸੰਗ ਦੇ ਦੇਵ ਸੁਰੇਸ ਸਹਿਤ ਜੈ ਜੈ ਕਾਰਾ, ਅੱਠਵਾਂ ਅਧਿਆਇ ਸਮਾਪਤ ਹੋਇਆ ਸਭ ਸ਼ੁਭ ਹੈ”।
ਸ਼ਿਵਾ ਜਾਂ ਦੁਰਗਾ ਨੂੰ ਕੋਈ ਆਪਣੀ ਮਾਤਾ ਮੰਨੇ, ਉਸ ਦੀ ਪੂਜਾ ਕਰੇ, ਉਸ ਤੋਂ ਵਰ ਮੰਗੇ, ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ ਹੈ। ਹੈਰਾਨੀ ਤਾਂ ਉਦੋਂ ਹੁੰਦੀ ਹੈ ਜਦੋਂ ਆਪਣੇ ਆਪ ਨੂੰ ਕੌਮ ਦੇ ਮਲਾਹ ਸਮਝਣ ਵਾਲੇ, ਕਿਸੇ ਦੀ ਲਿਖੀ ਕਵਿਤਾ ਵਿਚੋਂ ਚਾਰ ਪੰਗਤੀਆਂ ਲੈ ਕੇ, ਉਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਜੋੜ ਕੇ ਇਹ ਬਿਆਨ ਦੇਣ ਕਿ 'ਦੇਹੁ ਸ਼ਿਵਾ ਬਰ ਮੋਹਿ ਇਹੈ' ਸਿੱਖਾਂ ਦਾ ਕੌਮੀ ਤਰਾਨਾ ਹੈ!
ਇਸ ਨੂੰ ਉਨ੍ਹਾਂ ਦੀ ਅਗਿਆਨਤਾ ਸਮਝੀਏ ਜਾਂ ਕੁਝ ਹੋਰ?
ਪ੍ਰਭਦੀਪ ਸਿੰਘ (ਟਾਈਗਰ ਜਥਾ)
'ਸ਼ਿਵਾ' ਮੋਹਨ ਭਾਗਵਤ ਦੀ ਜਾਂ ਸਿੱਖਾਂ ਦੀ ?
Page Visitors: 2685