ਨਿਊਜ਼ੀਲੈਂਡ ਜੋਤਿਸ਼ ਕੇਂਦਰ ਬਾਰੇ ਕੁਝ ਜਾਣਨ ਦੀ ਲੋੜ
ਨਿਊਜ਼ੀਲੈਂਡ ਜੋਤਿਸ਼ ਕੇਂਦਰ ਦੀ ਜੋਤਿਸ਼ ਮੰਡਲੀ ਦੇ ਜੋਤਸ਼ੀ ਦੱਸਣ ਕਿ ਹੁਣ ਤੱਕ ਉਨ੍ਹਾਂ ਵੱਲੋਂ ਦਿੱਤਾ ਗਿਆ ਕਿਹੜਾ ਨਜ਼ਰੀਆ ਕੌਮ ਲਈ ਲਾਹੇਬੰਦ ਸਾਬਤ ਸਿੱਧ ਹੋਇਆ ਹੈ ?
ਕਿਰਪਾਲ ਸਿੰਘ ਬਠਿੰਡਾ
ਭਵਿੱਖ ਵਿੱਚ ਕੀ ਹੋਣ ਜਾ ਰਿਹਾ ਹੈ ਅਤੇ ਬਿਪਰ ਸੋਚ ਤੋਂ ਖਹਿੜਾ ਛੁਡਾ ਕੇ ਆਪਣੀ ਅਜ਼ਾਦ ਹਸਤੀ ਕਾਇਮ ਰੱਖਣ ਲਈ ਆਉਣ ਵਾਲੇ ਸਮੇਂ ਵਿੱਚ ਸਿੱਖ ਕੌਮ ਕਿਹੜੀ ਨੀਤੀ ਅਪਣਾਵੇ; ਇਸ ਦੀ ਭਵਿੱਖਬਾਣੀ ਦੱਸਣ/ਨਜ਼ਰੀਏ ਪੇਸ਼ ਕਰਨ ਦੇ ਮਾਹਰ ਬਣੇ ਪੰਡਿਤ ਹਰਨੇਕ ਸਿੰਘ ਜੀ ਨਿਊਜ਼ੀਲੈਂਡ ਦੀਆਂ ਨੇਕ ਸਲਾਹਾਂ ਸੁਣਨ ਅਤੇ ਮੰਨਣ ਤੋਂ ਪਹਿਲਾਂ ਉਨ੍ਹਾਂ ਤੋਂ ਇਹ ਜ਼ਰੂਰ ਪੁੱਛਣਾ ਬਣਦਾ ਹੈ ਕਿ ਹੁਣ ਤੱਕ ਉਨ੍ਹਾਂ ਵੱਲੋਂ ਅਪਣਾਈ ਗਈ ਕਿਹੜੀ ਨੀਤੀ ਨੇ ਕੌਮ ਦਾ ਕਿਤਨਾ ਕੰਮ ਸੰਵਾਰਿਆ ਹੈ ?
ਪੰਡਿਤ ਹਰਨੇਕ ਸਿੰਘ ਜੀ ਦੇ ਜੋਤਿਸ਼ ਕੇਂਦਰ ਦੀ ਜੋਤਿਸ਼ ਮੰਡਲੀ ਦਾ ਤਾਂ ਆਪਣਾ ਹੀ ਕਹਿਣਾ (ਮੰਨਣਾ) ਹੈ ਕਿ ਕਿਸੇ ਦੀ ਭਵਿੱਖਬਾਣੀ/ਨਜ਼ਰੀਏ ਨੂੰ ਐਵੇਂ ਕਿਸੇ ਨੇ ਸੱਚ ਥੋੜ੍ਹਾ ਮੰਨ ਲੈਣਾ ਹੈ; ਪਹਿਲਾਂ ਉਸ ਦੀਆਂ ਕੀਤੀਆਂ 15-20-50 ਭਵਿੱਖਬਾਣੀਆਂ ਸੱਚੀਆਂ ਸਾਬਤ ਹੋਣਗੀਆਂ ਤਾਂ ਹੀ ਤਾਂ ਉਸ ਵੱਲੋਂ ਕੀਤੀਆਂ ਹੋਰ ਭਵਿੱਖਬਾਣੀਆਂ ਨੂੰ ਕਿਸੇ ਨੇ ਸੱਚ ਮੰਨਣਾ ਹੈ ਪਰ ਇਸ ਯੂ-ਟਿਊਬ ਲਿੰਕ https://youtu.be/YDP7N1Str4c ’ਤੇ ਪਈ ਕੇਵਲ 29.37 ਮਿੰਟ ਦੀ ਵੀਡੀਓ ਸੁਣੋਂ ਤਾਂ ਇਸ ਜੋਤਿਸ਼ ਮੰਡਲੀ ਦੇ ਮਹਾਂ ਪੰਡਿਤ ਜੀ ਤਾਂ ਖ਼ੁਦ ਹੀ ਮੰਨ ਰਹੇ ਹਨ ਕਿ ਪਹਿਲਾਂ ਕਾਲ਼ਾ ਅਫ਼ਗਾਨਾ ਜੀ ਤੇ ਜੋਗਿੰਦਰ ਸਿੰਘ ਸਪੋਕਸਮੈਨ, ਜਿਨ੍ਹਾਂ ਦਾ ਕਦੇ ਉਹ ਜੋਰਦਾਰ ਸਮਰਥਨ ਵੀ ਕਰ ਚੁੱਕੇ ਹਨ; ਵੱਲੋਂ ਅਪਣਾਈ ਗਈ ਨੀਤੀ ਫੇਲ੍ਹ ਹੋ ਚੁੱਕੀ ਸੀ ਇਸ ਲਈ ਪ੍ਰੋ: ਦਰਸ਼ਨ ਸਿੰਘ ਜੀ ਵੱਲੋਂ ਉਨ੍ਹਾਂ ਤੋਂ ਵੱਖਰੀ ਨੀਤੀ ਅਪਣਾਈ ਗਈ ਪਰ ਇਸ ਦੇ ਵੀ ਉਹੀ ਨਤੀਜੇ ਨਿਕਲੇ ਜੋ ਪਹਿਲਾਂ ਕੀਤੀਆਂ ਗਈਆਂ ਭਵਿਖਬਾਣੀਆਂ ਦੇ ਨਿਕਲੇ। ਪਿਛਲੇ ਨਤੀਜੇ ਵੇਖਦਿਆਂ ਭਾਈ ਧੂੰਦਾ ਜੀ ਵੇਲੇ ਜੋਗਿੰਦਰ ਸਿੰਘ ਸਪੋਕਸਮੈਨ ਜਾਂ ਪ੍ਰੋ: ਦਰਸ਼ਨ ਸਿੰਘ ਵਾਲੀ ਫੇਲ੍ਹ ਹੋਈ ਨੀਤੀ ਅਪਣਾਉਣੀ ਬੇਵਕੂਫ਼ੀ ਹੋਣੀ ਸੀ ਇਸ ਲਈ ਉਸ ਸਮੇਂ ਮੁਡ਼ ਵੱਖਰੀ ਨੀਤੀ ਬਾਰੇ ਸੋਚਿਆ ਗਿਆ ਪਰ ਉਹ ਵੀ ਫੇਲ੍ਹ ਹੋ ਗਈ ਇਸ ਲਈ ਹੁਣ ਆਪਾਂ ਨੂੰ (ਉਕਤ ਦੋਵਾਂ ਨੀਤੀਆਂ ਤੋਂ ਇਲਾਵਾ) ਕੋਈ ਹੋਰ ਨਵੀਂ ਨੀਤੀ ਅਪਣਾਉਣੀ ਚਾਹੀਦੀ ਹੈ।
ਕੀ ਇਸ ਆਪੋ ਬਣੀ ਜੋਤਿਸ਼ ਮੰਡਲੀ ਦੀਆਂ ਦਲੀਲਾਂ ਸੁਣ ਕੇ ਇੰਝ ਨਹੀਂ ਲੱਗਦਾ ਕਿ ਇਹ ਆਪਣੇ ਵੱਲੋਂ ਹੀ ਦਿੱਤੀ ਦਲੀਲ ਤੋਂ ਉਲਟ ਭਵਿੱਖਬਾਣੀ ਕਰਨ ਦੀ ਥਾਂ ਮੁਹੰਮਦ ਤੁਗਲਕੀ ਤਜਰਬੇ ਕਰਨ ਦੇ ਰਾਹ ਪੈ ਕੇ ਕੌਮੀ ਏਕਤਾ ਨੂੰ ਖੇਰੂੰ ਖੇਰੂੰ ਕਰਨ ’ਤੇ ਤੁਲੇ ਹੋਏ ਹਨ ?
ਮੈਨੂੰ ਜਾਪਦਾ ਹੈ ਕਿ ਇੱਕੋ ਸਮੇਂ ’ਤੇ ਬਹੁਤੇ ਸਵਾਲ ਇਕੱਠੇ ਕਰਨ ਨਾਲ ਅਜੋਕੀ ਸਿੱਖ ਜੋਤਿਸ਼ ਮੰਡਲੀ ਦੇ ਟੇਵੇ ਆਪਸ ਵਿੱਚ ਰਲਗੱਡ ਹੋਣ ਕਰ ਕੇ ਇਹ ਵੀਚਾਰੇ ਆਪਾ ਵਿਰੋਧੀ ਬਿਆਨ ਦੇਣ ਲਈ ਮਜਬੂਰ ਜਾਪਦੇ ਹਨ । ਇਸ ਲਈ ਇਨ੍ਹਾਂ ਦੀ ਮਦਦ ਕਰਨ ਲਈ ਮੈਂ ਅਗਲੇ 2-3 ਦਿਨਾਂ ਵਿੱਚ ਕੇਵਲ ਪ੍ਰੋ: ਦਰਸ਼ਨ ਸਿੰਘ ਜੀ ਸਬੰਧੀ ਇਨ੍ਹਾਂ ਦੇ ਆਪਾ ਵਿਰੋਧੀ ਬਿਆਨਾਂ ਉੱਤੇ ਅਧਾਰਿਤ ਸਵਾਲ ਕਰਨ ਜਾ ਰਿਹਾ ਹਾਂ। ਆਪਾਂ ਸਾਰਿਆਂ ਨੂੰ ਕਿਉਂਕਿ ਇੱਕ ਦੂਜੇ ਦਾ ਅੰਨ੍ਹਾਂ ਵਿਰੋਧ ਕਰਨ ਦੀ ਬਜਾਇ ਇੱਕ ਦੂਜੇ ਦੇ ਸਹਾਇਕ ਬਣ ਕੇ ਕੌਮ ਲਈ ਚੰਗੇ ਭਵਿੱਖ ਦੀ ਆਸ ਲੈ ਕੇ ਤੁਰਨਾ ਚਾਹੀਦਾ ਹੈ ਇਸ ਲਈ ਪੰਡਿਤ ਹਰਨੇਕ ਸਿੰਘ ਜੀ ਦੀ ਜੋਤਿਸ਼ ਮੰਡਲੀ ਨੂੰ ਬੇਨਤੀ ਹੈ ਕਿ ਆਪਣੀ ਜੋਤਿਸ਼ ਮੰਡਲੀ ਵੱਲੋਂ ਹੁਣ ਤੱਕ ਦਿੱਤੀਆਂ ਸਾਰੀਆਂ ਸਟੇਟਮੈਂਟਾਂ ਨੂੰ ਧਿਆਨ ਨਾਲ ਦੁਬਾਰਾ ਪੜ੍ਹ/ਸੁਣ ਕੇ ਬਹੁਤ ਹੀ ਗੰਭੀਰਤਾ ਨਾਲ ਜਵਾਬ ਦੇਣ ਤਾਂ ਕਿ ਐਸਾ ਨਾ ਹੋਵੇ ਕਿ ਕਾਹਲ਼ੀ ਵਿੱਚ ਦਿੱਤੇ ਗਏ ਬਿਆਨ ਆਪਾ ਵਿਰੋਧੀ ਹੀ ਹੋ ਨਿਬੜਨ, ਜਿਨ੍ਹਾਂ ਨੂੰ ਸੁਣ ਕੇ ਸਿੱਖਾਂ, ਇਸ ਹਰਨੇਕ ਸਿੰਘ ਜੋਤਿਸ਼ ਮੰਡਲੀ ਦੀ ਭਵਿੱਖਬਾਣੀ (ਨਜ਼ਰੀਏ) ਤੋਂ ਹੀ ਵਿਸ਼ਵਾਸ ਉੱਠਾ ਲੈਣ । ਜੇ ਇਸ ਤਰ੍ਹਾਂ ਹੁੰਦਾ ਹੈ ਤਾਂ ਕੌਮ ਆਗੂ ਬਿਹੂਨੀ ਹੋ ਕੇ ਕਾਫੀ ਨੁਕਸਾਨ ਉੱਠਾ ਸਕਦੀ ਹੈ, ਇਹ ਮੇਰਾ ਮੰਨਣਾ ਹੈ।
ਚੰਗੇ ਦੀ ਆਸ ਵਿੱਚ
ਕਿਰਪਾਲ ਸਿੰਘ ਬਠਿੰਡਾ
ਨਿਊਜ਼ੀਲੈਂਡ ਜੋਤਿਸ਼ ਕੇਂਦਰ ਬਾਰੇ ਕੁਝ ਜਾਣਨ ਦੀ ਲੋੜ
Page Visitors: 2577