ਕੈਟੇਗਰੀ

ਤੁਹਾਡੀ ਰਾਇ



Book Review
ਸਿੱਖ ਇਤਿਹਾਸ ਨੂੰ ਵਿਗਾੜ ਕੇ ਸਿੱਖਾਂ ਦਾ ਚਰਿੱਤਰ ਘਾਤ
ਸਿੱਖ ਇਤਿਹਾਸ ਨੂੰ ਵਿਗਾੜ ਕੇ ਸਿੱਖਾਂ ਦਾ ਚਰਿੱਤਰ ਘਾਤ
Page Visitors: 2631

ਸਿੱਖ ਇਤਿਹਾਸ ਨੂੰ ਵਿਗਾੜ ਕੇ ਸਿੱਖਾਂ ਦਾ ਚਰਿੱਤਰ ਘਾਤ
ਭਾਈ ਗੁਰਸੇਵਕ ਸਿੰਘ ਵਲੋਂ ਬਹੁਤ ਹੀ ਧਿਆਨ ਅਤੇ ਮਿਹਨਤ ਨਾਲ ਕੀਤੇ ਰੀਵਿਊ ਉਪਰੰਤ ਲਿਖੇ  ਇਸ ਲੇਖ ਨੂੰ ਹਰ ਸਿੱਖ  ਧਿਆਨ ਨਾਲ ਪੜ੍ਹੇ ਅਤੇ ਸਿੱਖ ਇਤਿਹਾਸ ਨੂੰ ਵਿਗਾੜ ਕੇ ਸਿੱਖਾਂ ਦਾ ਚਰਿੱਤਰ ਘਾਤ ਕਰ ਰਹੀ ਲਾਬੀ ਤੋਂ ਸੁਚੇਤ ਹੋਵੇ । 
 -:ਕਿਰਪਾਲ ਸਿੰਘ:-
 ‘ਸੂਰਜ ਦੀ ਅੱਖ’ ਵਿਚ ਲੇਖਕ ਦੀ ਸੋਚ ਦਾ ਅੰਧਰਾਤਾ
 ਬਲਦੇਵ ਸਿੰਘ ਸੜਕਨਾਮਾ ਦੇ ਨਾਵਲ ‘ਸੂਰਜ ਦੀ ਅੱਖ’ ਦਾ ਰਵਿਊ-
ਰਵਿਊਕਾਰ: ਗੁਰਸੇਵਕ ਸਿੰਘ ਚਹਿਲ ਬਠਿੰਡਾ
ਬਲਦੇਵ ਸਿੰਘ ਸੜਕਨਾਮਾ ਅੱਜ-ਕੱਲ੍ਹ ਮਨਘੜ੍ਹਤ ਪਾਤਰ ਘੜ੍ਹ ਕੇ ਇਤਿਹਾਸਿਕ ਪਾਤਰਾਂ ਦੀਆਂ ਵਾਰਤਾਲਾਪਾਂ ਰਾਹੀਂ ਸਿੱਖ ਨਾਇਕਾਂ ਦੀ ਕਿਰਦਾਰਕੁਸ਼ੀ ਕਰ ਰਿਹਾ ਹੈ। ਆਪਣੇ ਨਵੇਂ ਇਤਿਹਾਸਿਕ ਨਾਵਲ ‘ਸੂਰਜ ਦੀ ਅੱਖ’ ਵਿਚ ਜੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਤੇ ਆਧਾਰਿਤ ਲਿਖਿਆ ਗਿਆ ਹੈ ਵਿਚ ਸੜਕਨਾਮਾ ਨੇ ਨਾ ਸਿਰਫ਼ ਮਹਾਰਾਜਾ ਰਣਜੀਤ ਸਿੰਘ ਨੂੰ ਖਲਨਾਇਕ ਬਣਾ ਧਰਿਆ ਬਲਕਿ ਉਸ ਨਾਲ ਜੁੜੇ ਉਸ ਕਾਲ ਦੇ ਕਿਸੇ ਸ਼ਖ਼ਸ ਨੂੰ ਵੀ ਨਹੀਂ ਬਖ਼ਸ਼ਿਆ ਬਲਕਿ ਸਭ ਦੇ ਚਰਿੱਤਰ ਨੂੰ ਦਾਗ਼ੀ ਦਿਖਾਉਂਦਿਆਂ ਉਨ੍ਹਾਂ ਤੇ ਕੋਈ ਨਾ ਕੋਈ ਦੂਸ਼ਣ ਲਾ ਕੇ ਚਿੱਕੜ ਸੁੱਟਣ ਦਾ ਕੰਮ ਬਹੁਤ ਬੇਦਰਦੀ ਨਾਲ ਕੀਤਾ ਹੈ।ਲੇਖਕ ਇਹ ਨਾਵਲ ਲਿਖਣ ਸਬੰਧੀ ਆਪਣਾ ਇਰਾਦਾ ਨਾਵਲ ਦੇ ਸ਼ੁਰੂ ‘ਚ ਹੀ ਇਹ ਕਹਿ ਕੇ ਜ਼ਾਹਿਰ ਕਰ ਦਿੰਦਾਂ ਹੈ ਕਿ “ਰਾਜੇ ਮਹਾਰਾਜੇ ਲੋਕ ਨਾਇਕ ਨਹੀਂ ਹੁੰਦੇ, ਰਾਜੇ ਮਹਾਰਾਜੇ ਆਪਣੇ ਨਿੱਜੀ ਹਿਤਾਂ ਲਈ ਆਪਣੀਆਂ ਅਯਾਸ਼ੀਆਂ ਲਈ ਲੋਕਾਂ ਤੇ ਜ਼ੁਲਮ ਕਰਦੇ ਨੇ”  ਸੋ ਇਸੇ ਨਕਰਾਤਮਕ ਸੋਚ ਅਧੀਨ ਹੀ ਲੇਖਕ ਮਹਾਰਾਜੇ ਦੇ ਜੀਵਨ ਨੂੰ ਇਕ ਗਲਪ ਰਚਨਾ ਰਾਹੀਂ ਬਿਆਨ ਕਰਦਾ ਹੈ।
 ਜਦੋਂ ਅਜਿਹੇ ਇਰਾਦਿਆਂ ਦਾ ਪ੍ਰਗਟਾਵਾ ਕੋਈ ਲੇਖਕ ਉਸ ਰਚਨਾ ਦੀ ਭੂਮਿਕਾ ’ਚ ਹੀ ਕਰ ਦੇਵੇ ਤਾਂ ਫੇਰ ਉਸ ਦੁਆਰਾ ਲਿਖੇ ਹੋਏ ਨਾਵਲ ‘ਚ ਕਿਸੇ ਇਤਿਹਾਸਿਕ ਪਾਤਰ ਦਾ ਚਿਤਰਨ ਕਰਨ ‘ਚ ਇਮਾਨਦਾਰੀ ਵਰਤੇ ਹੋਣ ਦੀ ਆਸ ਬਹੁਤ ਧੁੰਦਲੀ ਪੈ ਜਾਂਦੀ ਹੈ ਅਤੇ ਅਜਿਹਾ ਹੀ ਇੱਥੇ ਹੋਇਆ ਹੈ। 600 ਪੰਨਿਆਂ ਦੇ ਇਸ ਵੱਡ ਅਕਾਰੀ ਨਾਵਲ ਦੇ ਵੱਡੇ ਭਾਗ ‘ਚ ਮਹਾਰਾਜਾ ਰਣਜੀਤ ਸਿੰਘ ਨੂੰ ਇਕ ਅਨਿਆਂਕਾਰੀ ਕਪਟੀ ਤੇ ਅੱਯਾਸ਼ ਰਾਜੇ ਦੇ ਤੌਰ ਤੇ ਦਿਖਾਇਆ ਗਿਆ ਹੈ, ਬੇਸ਼ੱਕ ਲੇਖਕ ਨਾਵਲ ਦੇ ਆਖ਼ਰੀ ਭਾਗ ‘ਚ ਮਹਾਰਾਜੇ ਰਣਜੀਤ ਸਿੰਘ ਦੇ ਬਾਰੇ ਕੁੱਝ ਅੰਗਰੇਜ਼ ਯਾਤਰੂਆਂ ਦੀਆਂ ਸਿਫ਼ਤ ਭਰੀਆਂ ਟਿੱਪਣੀਆਂ ਵੀ ਦਰਜ਼ ਕਰਦਾ ਹੈ ਪਰ ਉਸ ਤੋਂ ਪਹਿਲਾਂ ਹੀ ਜੋ ਬੁਰਾ ਅਕਸ ਉਸ ਨੇ ਮਹਾਰਾਜੇ ਦਾ ਆਪਣੇ ਸ਼ਬਦਾਂ ਰਾਹੀਂ ਅਜਿਹਾ ਪੇਸ਼ ਕਰ ਦਿੱਤਾ ਹੈ ਕਿ ਇਹ ਟਿੱਪਣੀਆਂ ਸਿਰਫ਼ ਨਾਵਲ ਦੇ ਆਕਾਰ ਨੂੰ ਮਹਿਜ਼ ਵੱਡਾ ਰੂਪ ਦੇਣ ਤੱਕ ਹੀ ਸੀਮਤ ਹੋ ਕੇ ਰਹਿ ਜਾਂਦੀਆਂ ਹਨ। ਇਹਨਾਂ ਸਕਾਰਾਤਮਿਕ ਟਿੱਪਣੀਆਂ ਲਿਖਣ ਦਾ ਮੰਤਵ ਲੇਖਕ ਦਾ ਮਹਾਰਾਜੇ ਸਬੰਧੀ ਕੀਤੀ ਆਪਣੀ ਖੋਜ ਅਤੇ ਅਧਿਐਨ ਦਾ ਪ੍ਰਭਾਵ ਪਾਠਕ ਤੇ ਪਾਉਣਾ ਵੀ ਹੋ ਸਕਦਾ ਹੈ। ਲੇਖਕ ਮਹਾਰਾਜੇ ਦੇ ਖ਼ਾਨਦਾਨੀ ਪਿਛੋਕੜ ਬਾਰੇ ਦੱਸਦਿਆਂ ਉਸ ਦਾ ਸਬੰਧ ਇਕ ਲੁਟੇਰਾ ਖ਼ਾਨਦਾਨ ਨਾਲ ਜੋੜਦਾ ਹੈ।
ਲੇਖਕ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਦੇ ਖ਼ਾਨਦਾਨ ਦਾ ਇਕ ਬਜ਼ੁਰਗ ਸੀ ਜੋ ਕਿ ਜੱਟਾਂ ਦੇ ਵੜੈਚ ਗੋਤ ਨਾਲ ਸਬੰਧਿਤ ਸੀ।  ਉਹ 1470 ਦੇ ਲਾਗੇ ਅੰਮ੍ਰਿਤਸਰ ਦੇ ਬਿਲਕੁਲ ਨੇੜੇ ਸਾਂਹਸੀ ਪਿੰਡ ‘ਚ ਆਣ ਵਸਿਆ। ਇਸ ਖ਼ਾਨਦਾਨ ਦਾ ਕਿੱਤਾ ਲੁੱਟਾਂ-ਖੋਹਾਂ ਕਰਨੀਆਂ ਤੇ ਡਾਕੇ ਮਾਰਨਾ ਸੀ। ਬਾਅਦ ‘ਚ ਇਸੇ ਖ਼ਾਨਦਾਨ ਦਾ ਸ਼ਖ਼ਸ ਬੁੱਧ ਸਿੰਘ ਖ਼ਾਲਸਾ ਪੰਥ ‘ਚ ਸ਼ਾਮਲ ਹੋ ਕੇ ਅੰਮ੍ਰਿਤਧਾਰੀ ਬਣ ਗਿਆ ਪਰ ਉਸ ਵੱਲੋਂ ਵੀ ਧਾੜੇ ਮਾਰਨੇ ਜਾਰੀ ਰਹੇ, ਅਗਾਂਹ ਇਸੇ ਪੀੜ੍ਹੀ ਚੋਂ ਮਹਾਂ ਸਿੰਘ ਸੁਕਰਚੱਕੀਆ ਮਿਸਲ ਦਾ ਸਰਦਾਰ ਬਣ ਗਿਆਲੇਖਕ ਇੱਥੇ ਸਿੱਖ ਮਿਸਲਾਂ ਦਾ ਵਰਣਨ ਕਰਦਾ ਹੋਇਆ ਵੀ ਉਨ੍ਹਾਂ ਨੂੰ ਲੁਟੇਰਿਆਂ ਦੇ ਗਰੋਹ ਵਜੋਂ ਹੀ ਦਿਖਾਉਂਦਾ ਹੈ। ਸਿੱਖ ਮਿਸਲਾਂ ਮਹਾਰਾਜਾ ਰਣਜੀਤ ਸਿੰਘ ਤੇ ਉਸ ਦੇ ਪਰਿਵਾਰ ਸਬੰਧੀ ਲੇਖਕ ਵੱਲੋਂ ਲਾਏ ਗਏ ਬੇਹੂਦਾ  ਇਲਜ਼ਾਮ ਮਨਘੜਤ ਤੇ ਸ਼ਰਾਰਤਪੂਰਣ ਹੀ ਕਹੇ ਜਾ ਸਕਦੇ ਹਨ।ਨਾਵਲ ’ਚ ਜਿੱਥੇ ਲੇਖਕ ਮਹਾਰਾਜੇ ਰਣਜੀਤ ਸਿੰਘ ਸਬੰਧੀ ਕੋਈ ਨਾਂਹਪੱਖੀ ਵੇਰਵਾ ਦਿੰਦਾ ਹੈ। ਉਹ ਜ਼ਿਆਦਾਤਰ ਹਵਾਲਾ ਰਹਿਤ ਹੈ ਪਰ ਜੇ ਇਹੋ ਲੇਖਕ ਮਹਾਰਾਜੇ ਬਾਰੇ ਕੋਈ ਕਿਸੇ ਅੰਗਰੇਜ਼ ਯਾਤਰੂ ਜਾਂ ਲਿਖਾਰੀ ਦੇ ਕੁੱਝ ਸਿਫ਼ਤ ਭਰੇ ਸ਼ਬਦ ਦਰਜ਼ ਕਰਦਾ ਹੈ ਤਾਂ ਉਸ ਦਾ ਬਕਾਇਦਾ ਹਵਾਲਾ ਦਿੰਦਾ ਹੈ।
 ਇਸ ਤੋਂ ਇਹ ਵੀ ਆਭਾਸ ਹੁੰਦੈ ਕਿ ਜਿਵੇਂ ਲੇਖਕ ਮਹਾਰਾਜੇ ਸਬੰਧੀ ਲਿਖੇ ਗਏ ਚੰਗੇ ਸ਼ਬਦਾਂ ਦਾ ਹਵਾਲਾ ਭਾਲਦਾ ਰਿਹਾ ਹੋਵੇ ਜਦੋਂ ਕਿ ਨਕਾਰਾਤਮਿਕ ਵੇਰਵਾ ਦੇਣਾ ਉਹ ਪਹਿਲਾਂ ਹੀ ਕਾਫ਼ੀ ਮਿਥੀ ਬੈਠਾ ਸੀ। ਲੇਖਕ ਮਹਾਰਾਜੇ ਰਣਜੀਤ ਸਿੰਘ ਵੱਲੋਂ ਆਪਣੀ ਫ਼ੌਜ ਨੂੰ ਘੱਟ ਤਨਖ਼ਾਹ ਵਗ਼ੈਰਾ ਦੇਣ ਦਾ ਵੇਰਵਾ ਦੇ ਕੇ ਸਿੱਖ ਰਾਜ ‘ਚ ਫ਼ੌਜ ਦਾ ਸ਼ੋਸ਼ਣ ਕੀਤੇ ਜਾਣ ਦਾ ਪ੍ਰਭਾਵ ਵੀ ਦੇਣ ਦਾ ਯਤਨ ਕਰਦਾ ਹੈ। ਉਹ ਮਹਾਰਾਜੇ ਵੱਲੋਂ ਫ਼ੌਜ ਨੂੰ 2-3 ਰੁਪਏ ਤਨਖ਼ਾਹ ਦੇਣਾ ਇਉਂ ਦਰਜ਼ ਕਰਦਾ ਹੈ ਜਿਵੇਂ ਮਹਾਰਾਜਾ ਆਪਣੀ ਹੀ ਫ਼ੌਜ ਨਾਲ ਭਾਰੀ ਬੇਇਨਸਾਫ਼ੀ ਕਰਦਾ ਰਿਹਾ ਹੋਵੇ ਪਰ ਇੱਥੇ ਲੇਖਕ ਖ਼ਾਲਸਾ ਫ਼ੌਜ ਵੱਲੋਂ ਸਿੱਖ ਰਾਜ ਦੀ ਸਥਾਪਤੀ ਤੇ ਵਿਸਥਾਰ ਲਈ ਜਾਨ ਹੂਲ ਕੇ ਕੀਤੇ ਯਤਨ ਅਤੇ ਕੁਰਬਾਨੀਆਂ ਨੂੰ ਨਜ਼ਰਅੰਦਾਜ਼ ਕਰਦਿਆਂ ਉਸ ਨੂੰ ਸ਼ੋਸ਼ਿਤ ਵਰਗ ਦਰਸਾਉਣ ਦੀ ਇਕ ਹੋਰ ਗ਼ਲਤ ਬਿਆਨੀ ਜਾਣਬੁੱਝ ਕੇ ਆਪਣੇ ਨਿਖੇਧਾਤਮਿਕ ਏਜੰਡੇ ਖ਼ਾਤਰ ਕਰ ਰਿਹਾ ਹੈ। ਇਤਿਹਾਸਕਾਰਾਂ ਅਨੁਸਾਰ ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਵੱਲੋਂ ਆਪਣੀ ਫ਼ੌਜ ਨੂੰ 4 ਰੁਪਏ ਮਹੀਨੇ ਦੀ ਤਨਖ਼ਾਹ ਦਿੱਤੀ ਜਾਂਦੀ ਸੀ ਜੋ ਉਸ ਸਮੇਂ ਅਨੁਸਾਰ ਘੱਟ ਨਹੀਂ ਸੀ ਜਦੋਂ ਉਸ ਸਮੇਂ 14 ਆਨਿਆਂ ਦਾ ਇਕ ਮਣ ਅਨਾਜ ਆਉਂਦਾ ਸੀ।
 ਇਸ ਤੋਂ ਇਲਾਵਾ ਮਹਾਰਾਜਾ ਆਪਣੀ ਫ਼ੌਜ ਨੂੰ ਹਰ ਤਰੀਕੇ ਨਾਲ ਖ਼ੁਸ਼ ਰਖਦਾ ਸੀ ਤੇ ਇਸੇ ਲਈ ਇਹ ਅਨੁਸ਼ਾਸਨ ਪਸੰਦ ਫ਼ੌਜ ਵੀ ਰਹੀ ਜਿਸ ਨੇ ਮਹਾਰਾਜੇ ਦੇ ਖ਼ਿਲਾਫ਼ ਕਦੇ ਬਗ਼ਾਵਤ ਦਾ ਬਿਗਲ ਵੀ ਨਹੀਂ ਸੀ ਵਜਾਇਆਬਾਕੀ ਇਸ ਨਾਵਲ ‘ਚ ਲੇਖਕ ਨੇ ਜੋ ਹੋਰ ਵਿਵਾਦਗ੍ਰਸਤ ਵੇਰਵੇ ਦਰਜ਼ ਕੀਤੇ ਹਨ। ਉਨ੍ਹਾਂ ‘ਚ ਹਨ — ਸੜਕਨਾਮਾ ਅਨੁਸਾਰ ਮਹਾਂ ਸਿੰਘ ਤੇ ਕਨ੍ਹਈਆ ਮਿਸਲ ਦੇ ਜੈ ਸਿੰਘ ’ਚ ਆਪਸੀ ਵਿਰੋਧਤਾ ਦਾ ਕਾਰਨ ਲੁੱਟਮਾਰ ਦਾ ਮਾਲ ਹੀ ਬਣਦਾ ਸੀ।  ਸਰਬੱਤ ਖ਼ਾਲਸਾ ਦੇ ਮੌਕੇ ਤੇ ਵੀ ਉਨ੍ਹਾਂ ‘ਚ ਇਸੇ ਕਾਰਨ ਖਿੱਚੋਤਾਣ ਚਲਦੀ ਰਹਿੰਦੀ ਸੀ।- ਮਹਾਂ ਸਿੰਘ ਨੇ ਆਪਣੀ ਮਾਂ ਮਾਈ ਦੇਸਾਂ ਦਾ ਕਤਲ ਉਸ ਦੇ ਮਾੜੇ ਚਰਿੱਤਰ ਦੀ ਵਜ੍ਹਾ ਕਰਕੇ ਕੀਤਾ ਸੀ ਤੇ ਜਿਸ ਸਮੇਂ ਉਸ ਦਾ ਕਤਲ ਕੀਤਾ ਉਦੋਂ ਵੀ ਉਹ ਆਪਣੇ ਆਸ਼ਕ ਹਕੀਕਤ ਸਿੰਘ ਨਾਲ ਬੈਠੀ ਸ਼ਰਾਬ ਪੀ ਰਹੀ ਸੀ।- ਰਣਜੀਤ ਸਿੰਘ ਨੇ ਆਪਣੀ ਮਾਂ ਮਾਈ ਮਲਵੈਣ ਦਾ ਕਤਲ ਵੀ ਉਸ ਦੇ ਮਾੜੇ ਚਰਿੱਤਰ ਦੇ ਹੋਣ ਕਾਰਨ ਕੀਤਾ ਸੀ।- ਰਣਜੀਤ ਸਿੰਘ ਦੀ ਸੱਸ ਸਦਾ ਕੌਰ ਜੋ ਕਿ ਇਕ ਦਲੇਰ ਤੇ ਲੜਾਕੂ ਔਰਤ ਸੀ।
 ਲੇਖਕ ਉਸ ਦੇ ਚਰਿੱਤਰ ਤੇ ਚਿੱਕੜ ਸੁੱਟਣ ਤੋਂ ਨਹੀਂ ਰੁਕਦਾ ਉਸ ਨੂੰ ਵੀ ਮਾੜੇ ਚਰਿੱਤਰ ਦੀ ਬਦਮਾਸ਼ ਔਰਤ ਦਰਸਾਉਂਦਾ ਹੈ।- ਲੇਖਕ ਮਹਾਰਾਜਾ ਰਣਜੀਤ ਸਿੰਘ ਦੇ ਸੱਤ ਪੁੱਤਰਾਂ ‘ਚੋਂ ਸਿਰਫ਼ ਖੜਕ ਸਿੰਘ ਨੂੰ ਛੱਡ ਕੇ ਬਾਕੀ ਪੁੱਤਰਾਂ ਦੇ ਜਾਇਜ਼ ਜਨਮ ਬਾਰੇ ਸ਼ੰਕੇ ਖੜ੍ਹੇ ਕਰਦਾ ਹੋਇਆ ਬੇਸ਼ਰਮੀ ਦੀਆਂ ਹੱਦਾਂ ਪਾਰ ਕਰਦਾ ਹੋਇਆ ਸਭ ਰਾਣੀਆਂ ਦਾ ਚਰਿੱਤਰ ਸ਼ੱਕੀ ਬਣਾ ਦੇਣ ਦਾ ਯਤਨ ਕਰਦਾ ਹੈ।- ਰਾਣੀ ਜਿੰਦ ਕੌਰ ਬਾਰੇ ਵੀ ਬੇਹੂਦਾ ਦੋਸ਼ ਲਗਾਉਂਦਾ ਲੇਖਕ ਉਸ ਦੇ ਪੁੱਤਰ ਦਲੀਪ ਸਿੰਘ ਨੂੰ ਮਹਾਰਾਜੇ ਦਾ ਪੁੱਤਰ ਹੋਣ ਤੇ ਪ੍ਰਸ਼ਨ-ਚਿੰਨ੍ਹ ਹੀ ਨਹੀਂ ਲਾਉਂਦਾ ਕੇਵਲ ਬਲਕਿ ਦੋ ਪਾਤਰਾਂ ਦੇ ਵਾਰਤਾਲਾਪ ਰਾਹੀਂ ‘ਗੁੱਲੂ ਮਾਸ਼ਕੀ’ ਦਾ ਪੁੱਤ ਕਰਾਰ ਦੇ ਦਿੰਦਾ ਹੈ।- ਮਹਾਰਾਜੇ ਦੇ ਉਸ ਸਮੇਂ ਪ੍ਰਮੁੱਖ ਬਹਾਦਰ ਜਰਨੈਲ ਹਰੀ ਸਿੰਘ ਨਲਵਾ ਨੂੰ ਵੀ ਲੇਖਕ ਭ੍ਰਿਸ਼ਟਾਚਾਰ ਰਾਹੀਂ ਮਹਾਰਾਜੇ ਨਾਲ ਧੋਖਾ ਕਰਕੇ ਇਕ ਵੱਡੀ ਜਗੀਰ ਬਣਾਉਣ ਵਾਲਾ ਜਰਨੈਲ ਦਰਸਾ ਦਿੰਦਾ ਹੈ।- ਅਕਾਲੀ ਫੂਲਾ ਸਿੰਘ ਨੂੰ ਵੀ ਇਕ ਟੋਟਕੇ ਰਾਹੀਂ ਮਹਾਰਾਜੇ ਕੋਲੋਂ ਸ਼ਰਮਿੰਦਾ ਹੁੰਦਾ ਲਿਖ ਦਿੰਦਾ ਹੈ । ਅਕਾਲੀ ਫੂਲਾ ਸਿੰਘ ਦੁਆਰਾ ਮਹਾਰਾਜੇ ਨੂੰ ਤਨਖ਼ਾਹ ਲਾਏ ਜਾਣ ਦੀ ਘਟਨਾ ਦਰਜ਼ ਹੀ ਨਹੀਂ ਕਰਦਾ।-   ਨਾਵਲ ਵਿਚ ਮਹਾਰਾਜਾ ਰਣਜੀਤ ਸਿੰਘ ਨੂੰ ਲੌਂਡੇਬਾਜ਼ੀ ਦਾ ਸ਼ੌਕੀਨ ਵੀ ਦੱਸਿਆ ਗਿਆ ਹੈ।ਇਸ ਨਾਵਲ ਦਾ ਵਿਸ਼ਾ ਬਹੁਤ ਅਹਿਮ ਸੀ।
ਲੇਖਕ ਜੇਕਰ ਇਮਾਨਦਾਰੀ ਵਰਤ ਕੇ ਉਸ ਦੌਰ ਦੇ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਜੀਵਨ ਦਾ ਅਤੇ ਸਿੱਖ ਸ਼ਖ਼ਸੀਅਤਾਂ ਦਾ ਸਹੀ ਚਰਿੱਤਰ ਪੇਸ਼ ਕਰਨ ਦਾ ਯਤਨ ਕਰਦਾ ਤਾਂ ਇਹ ਇਕ ਮਹੱਤਵਪੂਰਨ ਰਚਨਾ ਬਣ ਸਕਦੀ ਸੀ ਪਰ ਇਕਪਾਸੜ ਤੇ ਤੰਗ ਨਜ਼ਰ ਸੋਚ ਦਾ ਵਿਖਾਵਾ ਕਰਕੇ ਲੇਖਕ ਨੇ ਆਪਣੀ ਸਾਹਿਤਕ ਗੱਡੀ ਲੀਹ ਤੋਂ ਲਾਹ ਲਈ ਹੈ ਮਹਾਰਾਜੇ ’ਚ ਬੇਸ਼ੱਕ ਕਈ ਔਗੁਣ ਹੋ ਸਕਦੇ ਹਨ ਪਰ ਉਸ ਦੀ ਬਹਾਦਰੀ, ਹਿੰਮਤ ਤੇ ਪੰਜਾਬ ਲਈ ਉਸ ਦੀ ਦੇਣ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ। ਉਸ ਨੇ ਇਕ ਛੋਟੀ ਜਿਹੀ ਸ਼ਕਤੀ ਨੂੰ ਲੈ ਕੇ ਪੰਜਾਬ ‘ਚ ਵਸਦੀਆਂ ਤਿੰਨ ਕੌਮਾਂ ਤੇ ਰਾਜ ਕੀਤਾ ਤੇ ਉਸ ਦੇ ਜਿਉਂਦੇ ਜੀਅ ਉਸ ਖ਼ਿਲਾਫ਼ ਕਦੇ ਵਿਦਰੋਹ ਨਹੀਂ ਹੋਇਆ ਬਲਕਿ ਸਮਾਜ ਦਾ ਹਰ ਵਰਗ ਉਸ ਤੋਂ ਸੰਤੁਸ਼ਟ ਸੀ। ਇਸ ਸਮੇਂ ਦੌਰਾਨ ਵਿਦੇਸ਼ੀ ਹਮਲਾਵਰ ਲੁੱਟਮਾਰ ਦੇ ਇਰਾਦਾ ਲੈ ਕੇ ਭਾਰਤ ਵੱਲ ਹਮਲਾ ਕਰਨ ਦਾ ਹੌਸਲਾ ਨਾ ਕਰ ਸਕੇ ਤੇ ਅਫਗਾਨੀਆਂ ਵੱਲੋਂ ਕੀਤੇ ਜਾਂਦੇ ਅਜਿਹੇ ਯਤਨ ਉਸ ਨੇ ਹਮੇਸ਼ਾ ਲਈ ਬੰਦ ਕਰ ਦਿੱਤੇ ਸਨ।
 ਇਤਿਹਾਸਿਕ ਨਾਵਲ ਲਿਖਣਾ ਇਕ ਜ਼ਿੰਮੇਵਾਰੀ ਦਾ ਕਾਰਜ ਹੈ। ਇਹ ਇਕ ਤਰ੍ਹਾਂ ਦਾ ਇਤਿਹਾਸ ਹੀ ਹੁੰਦਾ ਹੈ।  ਲੇਖਕ ਬਲਦੇਵ ਸਿੰਘ ਸੜਕਨਾਮਾ ਮਹਾਰਾਜੇ ਰਣਜੀਤ ਸਿੰਘ ਦਾ ਜੀਵਨ ਸਹੀ ਮਾਅਨੇ ਵਿਚ ਲਿਖਣ ’ਚ ਪੂਰੀ ਤਰ੍ਹਾਂ ਨਾਕਾਮ ਰਿਹਾ ਹੈ। ਸੜਕਨਾਮਾ ਦੇ ਇਸ ਕੋਝੇ ਕਾਰਜ ਵਿਚੋਂ ਸਿੱਖ ਇਤਿਹਾਸ ਨੂੰ ਭੰਡਣ ਲਈ ਕੀਤੀ ਜਾ ਰਹੀ ਸਾਜ਼ਿਸ਼ ਦੀ ਬੂ ਆਉਂਦੀ ਹੈ।
   ਲੇਖਕ ਦੇ ਇਸ ਕਥਨ ਕਿ “ਇਸ ਰਾਹੀਂ ਉਸ ਨੇ ਖ਼ਾਲਸਾ ਰਾਜ ਦਾ ਅਸਲੀ ਚਿਹਰਾ ਪ੍ਰਸਤੁਤ ਕਰਨ ਦਾ ਯਤਨ ਕੀਤਾ ਹੈ” ਆਧਾਰਹੀਣ ਤੇ ਥੋਥਾ ਦਿਖਾਈ ਦਿੰਦਾ ਹੈ।
 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.