-: ਸਿੱਖ ਰਹਿਤ ਮਰਯਾਦਾ ਸੰਬੰਧੀ ਕਸ਼ਮੀਰਾ ਸਿੰਘ ਯੂ ਐਸ ਏ ਦੇ ਲੇਖ ਬਾਰੇ ਵਿਚਾਰ:-
ਕਸ਼ਮੀਰਾ ਸਿੰਘ:- “ਕੀ ਇਹ (ਰਹਿਤ ਮਰਯਾਦਾ) ਪੰਥ ਜਾਂ ਸ਼੍ਰੀ ਅਕਾਲ ਤਖ਼ਤ ਤੋਂ ਪ੍ਰਵਾਨਤ ਹੈ?
ਰੌਲ਼ਾ ਜ਼ਰੂਰ ਹੈ ਕਿ ਇਹ ਪੰਥ ਜਾਂ ਸ਼੍ਰੀ ਅਕਾਲ ਤਖ਼ਤ ਤੋਂ ਪ੍ਰਵਾਨਤ ਹੈ ਪਰ ਅਜਿਹਾ ਨਹੀਂ ਹੈ ਅਤੇ ਨਾ ਹੀ ਕਿਸੇ ਕੋਲ਼ ਇਸ ਪ੍ਰਸ਼ਨ ਦਾ ਕੋਈ ਜਵਾਬ ਹੈ। ਪੰਥ ਜਾਂ ਸ਼੍ਰੀ ਅਕਾਲ ਤਖ਼ਤ ਨਹੀਂ ਸਗੋਂ ਸ਼੍ਰੋ. ਕਮੇਟੀ ਦੀ ਬਣਾਈ ਇੱਕ ਸਬ-ਕਮੇਟੀ ਵਲੋਂ ਹੀ ਸਿੱਖ ਰਹਤ ਮਰਯਾਦਾ ਦਾ ਖਰੜਾ ਤਿਆਰ ਕੀਤਾ ਗਿਆ ਸੀ। ਸਿੱਖ ਰਹਤ ਮਰਯਾਦਾ ਪੁਸਤਕ ਵਿੱਚ ਹੀ ਲਿਖਿਆ ਗਿਆ ਹੈ ਕਿ ਖਰੜੇ ਨੂੰ ਦੋ ਸੰਸਥਾਵਾਂ ਤੋਂ ਬਿਨਾਂ ਕਿਸੇ ਹੋਰ ਨੇ ਪ੍ਰਵਾਨਗੀ ਨਹੀਂ ਦਿੱਤੀ। ਉਹ ਹਨ:-
ੳ. ‘ਸਰਬ ਹਿੰਦ ਸਿੱਖ ਮਿਸ਼ਨ ਬੋਰਡ’ ਜਿਸ ਨੇ ਆਪਣੇ ਵਲੋਂ ਮਤਾ ਨੰਬਰ 1, ਮਿਤੀ 1 ਅਗੱਸਤ 1936 ਨੂੰ, ਬਣਾਏ ਸਿੱਖ ਰਹਿਤ ਮਰਯਾਦਾ ਦੇ ਖਰੜੇ ਨੂੰ , ਪ੍ਰਵਾਨਗੀ ਦਿੱਤੀ।
ਅ. ਫਿਰ ਉਸੇ ਸਾਲ ਸ਼੍ਰੋ. ਗੁ. ਪ੍ਰ. ਕਮੇਟੀ ਨੇ ਵੀ ਆਪਣੇ ਮਤਾ ਨੰਬਰ 149, ਮਿਤੀ 12 ਅਕਤੂਬਰ, 1936 ਨੂੰ ਖਰੜੇ ਨੂੰ ਪ੍ਰਵਾਨਗੀ ਦੇ ਦਿੱਤੀ।”
ਵਿਚਾਰ-
ਵਿਚਾਰ ਦੇਣ ਤੋਂ ਪਹਿਲਾਂ ਥੋੜ੍ਹੀ ਜਿਹੀ ਜਾਣਕਾਰੀ ਸਾਂਝੀ ਕਰਨੀ ਜਰੂਰੀ ਹੈ-
ਸ਼੍ਰੋਮਣੀ ਗੁਰਦੁਆਰਾ ਪ੍ਰਬਧਕ ਕਮੇਟੀ ਕੀ ਅਤੇ ਕਿਵੇਂ ਬਣੀ:-
“ਅਕਾਲ ਤਖਤ ਸਾਹਿਬ ਤੇ ਪੰਥਕ ਕਬਜ਼ੇ ਮਗ਼ਰੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਅਗਲੇ ਦਿਨ ਸਰਬਰਾਹ, ਪੁਜਾਰੀਆਂ ਅਤੇ ਸਿੱਖ ਆਗੂਆਂ ਦੀ ਇੱਕ ਮੀਟਿੰਗ ਬੁਲਾਈ।13 ਅਕਤੂਬਰ 1920 ਦੇ ਦਿਨ ਹੋਈ ਇਸ ਮੀਟਿੰਗ ਵਿੱਚ ਅਕਾਲ ਤਖਤ ਤੇ ਦਰਬਾਰ ਸਾਹਿਬ ਦੇ ਇੰਤਜ਼ਾਮ ਵਾਸਤੇ ਇੱਕ ਆਰਜ਼ੀ ਕਮੇਟੀ ਬਣਾਈ ਗਈ।*ਪੁਜਾਰੀ ਇਸ ਮੀਟਿੰਗ ਵਿੱਚ ਸ਼ਾਮਿਲ ਨਹੀਂ ਹੋਏ ਸਨ*।ਅਕਾਲ ਤਖਤ ਤੇ ਪੰਥਕ ਕਬਜੇ ਮਗ਼ਰੋਂ ਸਾਰੇ ਪੰਜਾਬ ਤੋਂ ਸਿੱਖ ਆਗੂ ਤਖਤ ਸਾਹਿਬ ਤੇ ਆਉਣ ਲੱਗ ਪਏ।*ਇਹਨਾਂ ਸਾਰਿਆਂ ਦਾ ਵਿਚਾਰ ਸੀ ਕਿ ਸਾਰੇ ਗੁਰਦੁਆਰਿਆਂ ਨੂੰ ਪੰਥਕ ਕੰਟਰੋਲ ਵਿੱਚ ਲਿਆਂਦਾ ਜਾਵੇ*।18 ਅਕਤੂਬਰ 1920 ਦੇ ਦਿਨ ਅਕਾਲ ਤਖਤ ਸਾਹਿਬ ਤੇ ਸਿੱਖ ਆਗੂਆਂ ਦੀ ਇੱਕ ਮੀਟਿੰਗ ਹੋਈ।ਇਸ ਮੀਟਿੰਗ ਵਿੱਚ 9 ਮੈਂਬਰੀ ਕਮੇਟੀ ਬਣਾਈ ਗਈ ਤਾਂ ਜੋ “ਇਹ ਕਮੇਟੀ **ਸਾਰੇ ਪੰਥ ਨੂੰ** ‘ਅਕਾਲ ਤਖਤ ਬੁੰਗੇ’ ਸੱਦਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਵੇ” ਤੇ ਓਦੋਂ ਤੱਕ ਇਹ 9 ਮੈਂਬਰੀ ਕਮੇਟੀ ਪ੍ਰਬੰਧ ਕਰੇ।ਇਸ ਆਰਜੀ ਕਮੇਟੀ ਨੇ ਅਕਾਲ ਤਖਤ ਤੋਂ ਇਕ ਹੁਕਮਨਾਮਾ ਜਾਰੀ ਕਰਕੇ ਗੁਰਦੁਆਰਿਆਂ ਦੇ ਇੰਤਜ਼ਾਮ ਵਾਸਤੇ ਇਕ ਕਮੇਟੀ ਚੁਣਨ ਵਾਸਤੇ ਸੰਗਤਾਂ ਨੂੰ 15 ਨਵੰਬਰ 1920 ਦੇ ਦਿਨ **ਅਕਾਲ ਤਖਤ ਸਾਹਿਬ** ਪਹੁੰਚਣ ਵਾਸਤੇ ਆਖਿਆ।ਹੁਕਮਨਾਮਾ ਇੰਝ ਸੀ:
“ਸੰਮੂਹ ਖਲਸਾ ਜੀ ਪ੍ਰਤੀ ਵਿਦਤ ਕੀਤਾ ਜਾਂਦਾ ਹੈ ਕਿ 1 ਮੱਘਰ 1977 ਸੰਮਤ ਨਾਨਕਸ਼ਾਹੀ 451, ਮੁਤਾਬਕ 15 ਨਵੰਬਰ 1920 ਨੂੰ ਦਿਨ ਦੇ ਨੌਂ ਵਜੇ ਇਕ ਮਹਾਨ ਪੰਥਕ ਇਕੱਠ **ਅਕਾਲ ਤਖਤ ਸਾਹਿਬ** ਸਾਹਮਣੇ ਹੋਵੇਗਾ, ਜਿਸ ਵਿੱਚ **ਦਰਬਾਰ ਸਾਹਿਬ ਅਤੇ ਸੰਮੂਹ ਗੁਰਦੁਆਰਿਆਂ ਦੇ ਪ੍ਰਬੰਧ** ਲਈ ਦੀਰਘ ਵਿਚਾਰ ਕਰਕੇ ਇਕ **ਪ੍ਰਤੀਨਿਧ ਪੰਥਕ ਕਮੇਟੀ** ਚੁਣੀ ਜਾਏਗੀ, ਜਿਸ ਲਈ ਸਰਬੱਤ **ਗੁਰੂ ਤਖਤਾਂ, ਗੁਰਦੁਆਰਿਆਂ, ਖਾਲਸਾ ਜੱਥਿਆਂ, ਸਿੱਖ ਪਲਟਣਾਂ, ਰਿਆਸਤੀ ਸਿੱਖ ਫੌਜਾਂ** ਆਪਣੇ ਹੇਠ ਲਿਖੀਆਂ ਧਾਰਨਾਂ ਵਾਲੇ ਸਿੰਘ ਹੇਠ ਲਿਖੀ ਵਿਉਂਤ ਮੁਤਾਬਕ ਚੁਣ ਕੇ ਭੇਜਣ: ਪ੍ਰਤੀਨਿਧ ਦੀ ਧਾਰਨਾ-
1 ਅੰਮ੍ਰਿਤਧਾਰੀ ਹੋਵੇ,
2 **ਪੰਜ ਬਾਣੀਆਂ ਦਾ ਨੇਮੀ ਹੋਵੇ**,
3 ਪੰਜ ਕਕਾਰਾਂ ਦਾ ਰਹਿਤਵਾਨ ਹੋਵੇ,
4 ਅੰਮ੍ਰਿਤ ਵੇਲੇ ਪਹਿਰ ਰਾਤ ਉਠਣ ਵਾਲਾ ਹੋਵੇ,
5 ਦਸਵੰਧ ਦੇਣ ਵਾਲਾ ਹੋਵੇ।
ਪ੍ਰਤੀਨਿਧਾਂ ਦੀ ਚੋਣ ਦੀ ਵਿਉਂਤ:- …….
ਉਪਰੋਕਤ ਕਮੇਟੀ ਦਾ ਫੈਸਲਾ ਸੰਮੂਹ ਸਿੱਖ ਸੰਗਤ ਵਿੱਚ ਸੁਣਾਇਆ ਜਾਵੇਗਾ, ਜਿਸ ਵਿੱਚ ਗੁਰੂ ਘਰ ਦੇ ਸਰਬੱਤ ਸ਼ਰਧਾਲੂ ਸ਼ਾਮਿਲ ਹੋ ਸਕਦੇ ਹਨ।ਸੋ ਸਾਰੇ ਪ੍ਰੇਮੀ ਕਿਰਪਾ ਕਰਕੇ ਦਰਸ਼ਨ ਦੇਣ।
ਨੋਟ: ਇਸ ਦੀਵਾਨ ਸੰਬੰਧੀ ਲਿਖਤ ਪੜ੍ਹਤ ਸੇਵਕ ਨਾਲ ਕੀਤੀ ਜਾਵੇ।**ਇਹ ਇਸ਼ਤਿਹਾਰ ਜਿੱਥੇ-ਜਿੱਥੇ ਗੁਰੂ ਖਾਲਸਾ ਟਾਪੂਆਂ ਆਦਿਕ** ਤੱਕ ਪਹੁੰਚਾਣ ਦਾ ਯਤਨ ਕੀਤਾ ਹੈ।…
ਪ੍ਰਾਰਥਕ-
ਡਾ: ਗੁਰਬਖਸ਼ ਸਿੰਘ
ਸੇਵਕ, ਅਕਾਲ ਤਖਤ ਸਾਹਿਬ ਅੰਮ੍ਰਿਤਸਰ”
(ਉਪਰਲਾ ਹਵਾਲਾ, ਹਰਜਿੰਦਰ ਸਿੰਘ ਦਿਲਗੀਰ ਦੀ ਕਿਤਾਬ ‘..ਅਕਾਲ ਤਖਤ ਸਾਹਿਬ ਦਾ ਰੋਲ’ ਵਿੱਚੋਂ)
ਰਹੁਰੀਤਿ ਕਮੇਟੀ / ਸਰਬਹਿੰਦ ਸਿੱਖ ਮਿਸ਼ਨ ਬੋਰਡ / ਸਬ ਕਮੇਟੀ / ਕਿਵੇਂ ਬਣੀ :-
ਗੁਰਬਖਸ਼ ਸਿੰਘ ਗੁਲਸ਼ਨ:
“ …ਉਸ ਸਮੇਂ ਦੇ ਪੰਜਾਬ ਤੇ ਆਸ ਪਾਸ ਦੇ ਲਗਭਗ ਸਾਰੇ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਪੰਥ ਦੇ ਚੁਣੇ ਨੁਮਾਇੰਦਿਆਂ ਹੱਥ ‘ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ ਦੇ ਰੂਪ ਵਿੱਚ ਆ ਗਿਆ।ਹੁਣ ਅਗਲਾ ਮਹਤਵਪੂਰਨ ਯਤਨ ਸੀ: ਬੀਤੇ 200 ਸਾਲਾਂ ਦੌਰਾਨ ਜਾਣੇ ਅਨਜਾਣੇ, ਆਪਣਿਆਂ ਅਤੇ ਪਰਾਇਆਂ ਵੱਲੋਂ ਸਿੱਖ ਜੀਵਨ-ਜਾਚ ਵਿੱਚ ਪਾਏ
ਰੋਲ-ਘਚੋਲੇ ਨੂੰ ਕੱਢਣ ਦੀ ਪੰਥਕ ਖਾਹਿਸ਼ ਦੀ ਪੂਰਤੀ ਕਰਨਾ।
…ਗੁਰਦੁਆਰਾ ਸੁਧਾਰ ਲਹਿਰ ਦੇ ਮੁਖੀਆਂ ਵਿੱਚੋਂ ਭਾਈ ਤੇਜਾ ਸਿੰਘ ਜੀ, ਜੋ ਉਸ ਵੇਲੇ ਸ੍ਰੀ ਅਕਾਲ ਤਖਤ ਦੇ ਜੱਥੇਦਾਰ ਸਨ, ਦੀ ਤਜਵੀਜ਼ ਤੇ ਸਰਬ ਸੰਮਤੀ ਨਾਲ ਗੁਰਮਤਾ ਹੋਇਆ ਕਿ ਹੇਠ ਲਿਖੇ ਵਿਦਵਾਨਾਂ ਦੀ ਇੱਕ *ਸਬ ਕਮੇਟੀ* ਬਣਾਈ ਜਾਵੇ, ਜੋ ਗੁਰਬਾਣੀ, ਇਤਿਹਾਸ, ਪ੍ਰੰਪਰਾਵਾਂ ਤੇ ਆਧਾਰਿਤ ਅਤੇ ਸਿੱਖ ਮੁਖੀਆਂ ਦੀ ਰਾਇ ਨਾਲ ਗੁਰਮਤਿ ਦੀ ਰਹੁ-ਰੀਤ ਦਾ ਖਰੜਾ ਤਿਆਰ ਕਰਕੇ *ਸ਼ਰੋਮਣੀ ਕਮੇਟੀ* ਦੇ ਪੇਸ਼ ਕਰੇ।
ਹਰਜਿੰਦਰ ਸਿੰਘ ਦਿਲਗੀਰ:-
“14 ਮਾਰਚ 1927 ਦੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਜਲਾਸ ਵਿੱਚ **ਗੁਰਦੁਆਰਿਆਂ ਦੀ ਰਹਿਤ-ਮਰਯਾਦਾ ਨੀਅਤ ਕਰਨ ਵਾਸਤੇ ਅਕਾਲ ਤਖਤ ਸਾਹਿਬ ਦੇ ਮੁਖ ਸੇਵਾਦਾਰ ਤੇਜਾ ਸਿੰਘ ਅਕਰਪੁਰੀ ਦੀ ਤਜਵੀਜ਼ ਤੇ ਗੁਰਮਤਾ ਪਾਸ ਹੋਇਆ ਕਿ ਸਿੱਖ ਵਿਦਵਾਨਾਂ ਤੇ ਪੰਥਕ ਸ਼ਖਸੀਅਤਾਂ ਦੀ ਇਕ *ਸਬ-ਕਮੇਟੀ* ਬਣਾਈ ਜਾਏ**।ਜੋ ਰਹਿਤਨਾਮਿਆਂ ਅਤੇ ਹੋਰ ਗੁਰਮਤਿ ਗ੍ਰੰਥਾਂ ਤੇ ਮੁਖੀਆਂ ਦੀ ਰਾਏ ਨਾਲ ਗੁਰਮਤਿ ਦੀ ਰਹੁਰੀਤੀ ਦਾ ਖਰੜਾ ਤਿਆਰ ਕਰਕੇ *ਸ਼ਰੋਮਣੀ ਕਮੇਟੀ* ਨੂੰ ਵਿਚਾਰ ਵਾਸਤੇ ਪੇਸ਼ ਕਰੇ।ਇਸ ਕਮੇਟੀ ਵਿੱਚ 28 ਮੈਂਬਰ ਸ਼ਾਮਲ ਕੀਤੇ ਗਏ। ਮਗਰੋਂ ਕਮੇਟੀ ਵਿੱਚ ਭਾਈ ਰਣਧੀਰ ਸਿੰਘ ਅਖੰਡ ਕੀਰਤਨੀ ਜੱਥਾ ਵੀ ਸ਼ਾਮਲ ਕੀਤੇ ਗਏ। ਪ੍ਰੋ: ਤੇਜਾ ਸਿੰਘ ਕਮੇਟੀ ਦੇ ਕਨਵੀਨਰ ਮੁਕਰਰ ਕੀਤੇ ਗਏ।”
ਵਿਚਾਰ: ਕਸ਼ਮੀਰਾ ਸਿੰਘ ਅਤੇ ਹੋਰ ਸੱਜਣ ਨੋਟ ਕਰਨ; “ਗੁਰਦੁਆਰਾ ਸੁਧਾਰ ਲਹਿਰ ਦੇ ਮੁਖੀਆਂ ਵਿੱਚੋਂ ਭਾਈ ਤੇਜਾ ਸਿੰਘ ਜੀ, ਜੋ ਉਸ ਵੇਲੇ ਸ੍ਰੀ ਅਕਾਲ ਤਖਤ ਦੇ ਜੱਥੇਦਾਰ ਸਨ, ਦੀ ਤਜਵੀਜ਼ ਤੇ ਸਰਬ ਸੰਮਤੀ ਨਾਲ *ਸਬ ਕਮੇਟੀ* ਬਣਾਈ ਗਈ ਸੀ।ਜਿਸ ਕਮੇਟੀ ਦਾ ਕੰਮ ਸੀ ਕਿ ਗੁਰਮਤਿ ਰਹੁਰੀਤਿ ਦਾ ਖਰੜਾ ਤਿਆਰ ਕਰਕੇ ਅਕਾਲ ਤਖਤ ਦੀ ਮੁਖ ਕਮੇਟੀ, ‘ਸ਼੍ਰੋਮਣੀ ਗੁ: ਪ੍ਰ: ਕਮੇਟੀ ਨੂੰ ਸੌਂਪੇ।
ਇਸ ਤਰ੍ਹਾਂ ਸਬ ਕਮੇਟੀ ਨੇ ਖਰੜਾ ਤਿਆਰ ਕਰਕੇ ਆਪਣੇ ਵੱਲੋਂ ਪ੍ਰਵਾਨਗੀ ਦੇ ਕੇ (ਮੁੱਖ ਕਮੇਟੀ) ਸ਼੍ਰੋਮਣੀ ਕਮੇਟੀ ਨੂੰ ਸੌਂਪ ਦਿੱਤਾ। ਜੋ ਕਿ ਕੁਝ ਹੋਰ ਮੀਟਿੰਗਾਂ ਵਿੱਚ ਕਮੀਆਂ ਪੇਸ਼ੀਆਂ ਦੂਰ ਕਰਕੇ ਸ਼੍ਰੋਮਣੀ ਕਮੇਟੀ ਨੇ ਪਾਸ ਕਰ ਦਿੱਤਾ।
ਪਰ ਕਸ਼ਮੀਰਾ ਸਿੰਘ ਜੀ ਭੁਲੇਖੇ ਪਾਉਣ ਲਈ ਕਹਿ ਰਹੇ ਹਨ ਕਿ ਰਹਿਤ ਮਰਯਾਦਾ ਅਕਾਲ ਤਖਤ ਤੋਂ ਪ੍ਰਵਾਣਤ ਨਹੀਂ ਹੈ। ਇਸ ਨੂੰ ਕੇਵਲ ਦੋ ਸੰਸਥਾਵਾਂ ਨੇ ਪ੍ਰਵਾਨਗ਼ੀ ਦਿੱਤੀ ਹੈ। ਕੀ ਕਸ਼ਮੀਰਾ ਸਿੰਘ ਜੀ ਦੱਸ ਸਕਦੇ ਹਨ ਕਿ ਰਹਿਤ ਮਰਯਾਦਾ ਅਕਾਲ ਤਖਤ ਤੋਂ ਹੋਰ ਕਿਵੇਂ ਪ੍ਰਵਾਣਤ ਹੋਣੀ ਸੀ?
ਸਿੱਖ ਰਹਿਤ ਮਰਯਾਦਾ ਕਿਤਾਬਚੇ ਦੇ ਜਿਸ ਹਵਾਲੇ ਨਾਲ ਕਸ਼ਮੀਰਾ ਸਿੰਘ ਜੀ ਕਹਿ ਰਹੇ ਹਨ ਕਿ ਰਹਿਤ ਮਰਯਾਦਾ ਅਕਾਲ ਤਖਤ ਤੋਂ ਪ੍ਰਵਾਣਤ ਨਹੀਂ ਹੈ, ਕੇਵਲ ਦੋ ਸੰਸਥਾਵਾਂ ਵੱਲੋਂ ਪਾਸ ਕੀਤੀ ਗਈ ਸੀ, ਉਹ ਹਵਾਲਾ ਇਸ ਪ੍ਰਕਾਰ ਹੈ: “ਰਹੁਰੀਤ-ਸਬ ਕਮੇਟੀ (ਸ਼੍ਰੋ: ਗੁਰਦੁਆਰਾ ਪ੍ਰਬੰਧਕ ਕਮੇਟੀ) ਵੱਲੋਂ ਰਹੁਰੀਤ ਦੇ ਖਰੜੇ ਦੀ ਪ੍ਰਵਾਨਗੀ ਸਰਬ ਹਿੰਦ ਸਿੱਖ ਮਿਸ਼ਨ ਬੋਰਡ ਨੇ ਆਪਣੇ ਮਤਾ ਨੰਬਰ 1, ਮਿਤੀ 1-8- 36 ਰਾਹੀਂ ਅਤੇ ਸ਼੍ਰੋ: ਗੁ: ਪ੍ਰ: ਕਮੇਟੀ ਨੇ ਆਪਣੇ ਮਤਾ ਨੰ: 14, ਮਿਤੀ 12-10- 36 ਰਾਹੀਂ ਦਿੱਤੀ ਅਤੇ ਮੁੜ ਸ਼੍ਰੋ: ਗੁ: ਪ੍ਰ: ਕਮੇਟੀ ਦੀ ਧਾਰਮਿਕ ਸਲਾਹਕਾਰ ਕਮੇਟੀ ਨੇ ਆਪਣੀ ਇਕਤ੍ਰਤਾ ਮਿਤੀ 7-1- 45 ਵਿੱਚ ਇਸ ਨੂੰ ਵਿਚਾਰ ਕੇ ਇਸ ਵਿੱਚ ਕੁਝ ਵਾਧੇ ਘਾਟੇ ਕਰਨ ਦੀ ਸ਼ਿਫਾਰਿਸ਼ ਕੀਤੀ।.. ਧਾਰਮਿਕ ਸਲਾਹਕਾਰ ਕਮੇਟੀ ਦੀ ਸਿਫਾਰਿਸ਼ ਅਨੁਸਾਰ ਇਸ ਵਿੱਚ ਵਾਧਾ ਘਾਟਾ ਕਰਨ ਦੀ ਪ੍ਰਵਾਨਗੀ ਸ਼੍ਰੋ: ਗੁ: ਪ੍ਰ: ਕਮੇਟੀ ਨੇ ਆਪਣੀ ਇਕਤ੍ਰਤਾ ਮਿਤੀ 3-2- 45 ਦੇ ਮਤਾ ਨੰ: 97 ਅਨੁਸਾਰ ਦਿੱਤੀ।
ਵਿਚਾਰ- ਪਹਿਲੀ ਤਾਂ ਗੱਲ ਹੈ, ਸਬ ਕਮੇਟੀ ਦਾ ਮਤਲਬ ਹੈ (ਮੁੱਖ-)ਕਮੇਟੀ ਦਾ ਹਿੱਸਾ।
“ਰਹੁਰੀਤ-ਸਬ ਕਮੇਟੀ(ਸ਼੍ਰੋ: ਗੁਰਦੁਆਰਾ ਪ੍ਰਬੰਧਕ ਕਮੇਟੀ).. ਦਾ ਮਤਲਬ ਹੈ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਿੱਸਾ – ਜਿਸ ਦਾ ਨਾਮ “ਰਹੁਰੀਤ ਕਮੇਟੀ” ਰੱਖਿਆ ਗਿਆ।
ਦੂਸਰੀ ਗੱਲ- ਕਿਸੇ ਦੋ ਸੰਸਥਾਵਾਂ ਨੇ ਪ੍ਰਵਾਨਗੀ ਨਹੀਂ ਦਿੱਤੀ ਬਲਕਿ, ਪੰਥ ਦੁਆਰਾ ਅਕਾਲ ਤਖਤ ਤੋਂ ਚੁਣੀ ਗਈ ਮੁੱਖ ਪ੍ਰਬੰਧਕੀ ਕਮੇਟੀ, ਜਿਸ ਦਾ ਨਾਮ ‘ਸ਼੍ਰੋ: ਗੁਰਦੁਆਰਾ ਪ੍ਰਬੰਧਕ ਕਮੇਟੀ’ ਰੱਖਿਆ ਗਿਆ ਸੀ, ਵੱਲੋਂ ਹੀ ਰਹਿਤ ਮਰਯਾਦਾ ਦਾ ਪਰੋਗਰਾਮ ਉਲੀਕਿਆ ਗਿਆ ਸੀ ਅਤੇ ਇਸ ਕੰਮ ਲਈ ਇਸ ਮੁਖ ਕਮੇਟੀ ਨੇ ਆਪਣੇ ਅੰਡਰ ਇਕ ਸਬ ਕਮੇਟੀ ਬਣਾ ਕੇ, ਜਿਸ ਦਾ ਨਾਮ ਰਹੁਰੀਤ ਕਮੇਟੀ ਰੱਖਿਆ ਗਿਆ, ਉਸ ਸਬ ਕਮੇਟੀ ਦੇ ਜਰੀਏ ਕੰਮ ਸਿਰੇ ਚਾੜ੍ਹਕੇ ਇਸ ਨੂੰ ਅੰਤਿਮ ਪ੍ਰਵਾਨਗੀ ਦੇ ਕੇ ਰਹਿਤ ਮਰਯਾਦਾ ਲਾਗੂ ਕੀਤੀ ਸੀ।”
ਰਹਿਤ ਮਰਯਾਦਾ ਨੂੰ ਪੰਥ ਪ੍ਰਵਾਣਤ ਨਾ ਮੰਨਣ ਵਾਲੇ ਸੱਜਣ ਕੁਝ ਗੱਲਾਂ ਨੋਟ ਕਰਨ:
ਅਕਾਲ ਤਖਤ ਦਾ ਕਬਜ਼ਾ ਮਿਲਣ ਤੇ, ਬਣੀ 9 ਮੈਂਬਰੀ ਆਰਜ਼ੀ ਕਮੇਟੀ ਦੇ ਮੈਂਬਰਾਂ ਨੇ ਖੁਦ ਨੂੰ ਸਰਬਰਾਹ ਨਹੀਂ ਮੰਨ ਲਿਆ ਬਲਕਿ ਸਾਰੀਆਂ ਸਿੱਖ ਸੰਗਤਾਂ ਦਾ ਇਕੱਠ ਬੁਲਾਕੇ ਅਕਾਲ ਤਖਤ ਤੋਂ ਗੁਰਦੁਆਰਿਆਂ ਦਾ ਪ੍ਰਬੰਧ ਚਲਾਉਣ ਵਾਲੇ ਕਮੇਟੀ ਮੈਂਬਰ ਚੁਣੇ ਸਨ (ਜੇ ਅੱਜ ਦਾ ਸਮਾਂ ਹੁੰਦਾ ਤਾਂ ਸ਼ਾਇਦ ਉਹ ਨੌਂ ਮੈਂਬਰ ਹੀ ਆਪਣੇ ਆਪ ਨੂੰ ਸਰਬਰਾਹ ਮੰਨ ਬੈਠਦੇ)।
ਇਹ ਸਵਾਲ ਖੜ੍ਹਾ ਕਰਨਾ ਕਿ– “ਕੀ ਸੰਨ 1931 ਤੋਂ 1936 ਅਤੇ 1936 ਤੋਂ 1945 ਦੌਰਾਨ ਸ਼੍ਰੋ. ਕਮੇਟੀ ਹੀ ਪੰਥ ਸੀ?” ਹਾਸੋ-ਹੀਣਾ ਸਵਾਲ ਹੈ। ਕਿਉਂਕਿ ਸਾਰੇ ਪੰਥ ਦੀ ਇਕਤ੍ਰਤਾ ਬੁਲਾ ਕੇ ਚੁਣੇ ਗਏ ਮੈਂਬਰਾਂ ਦੀ ਕਮੇਟੀ ਨੂੰ ਪੰਥ ਬੇਸ਼ੱਕ ਨਹੀਂ ਕਿਹਾ ਜਾ ਸਕਦਾ ਪਰ ਪੰਥ ਦੁਆਰਾ ਚੁਣੇ ਗਏ ਮੈਂਬਰਾਂ ਦੀ ਕਮੇਟੀ ਦੁਆਰਾ ਕੀਤਾ ਗਿਆ ਕੋਈ ਵੀ ਫੈਸਲਾ ਜਰੂਰ ਪੰਥਕ ਫੈਸਲਾ ਹੀ ਹੋਇਆ।
ਅਕਾਲ ਤਖਤ ਤੋਂ ਹੁਕਮਨਾਮਾ ਜਾਰੀ ਕਰਕੇ ਸਾਰੇ ਸਿੱਖ ਜਗਤ ਨੂੰ ਖੁਲ੍ਹੇ ਸੱਦੇ ਦੇ ਜਰੀਏ ਚੁਣੇ ਗਏ ਮੈਂਬਰਾਂ ਦੇ ਕੀਤੇ ਗਏ ਫੈਸਲੇ ਪੰਥਕ ਫੈਸਲੇ ਨਹੀਂ ਹਨ ਤਾਂ, ਜਿਹੜੇ ਸੱਜਣ ਇਸ ਤੇ ਕਿੰਤੂ ਪ੍ਰੰਤੂ ਕਰਦੇ ਹਨ, ਉਹ ਹੀ ਦੱਸਣ ਦੀ ਖੇਚਲ ਕਰਨ ਕਿ ਹੋਰ ਪੰਥਕ ਫੈਸਲੇ ਕਿਵੇਂ ਹੁੰਦੇ ਹਨ? ਅਤੇ ਕਿਵੇਂ ਹੋਣੇ ਚਾਹੀਦੇ ਸਨ/ਹਨ?
ਹੁਕਮਨਾਮੇ ਮੁਤਾਬਕ, ਅਕਾਲ ਤਖਤ ਤੋਂ ਗੁਰਦੁਆਰਿਆਂ ਦੇ ਪ੍ਰਬੰਧ ਦਾ ਕੰਮ ਚਲਾਉਣ ਲਈ ਚੁਣੇ ਗਏ ਮੈਂਬਰ, ਅੰਮ੍ਰਿਤਧਾਰੀ, **ਪੰਜ ਬਾਣੀਆ ਦੇ ਨੇਮੀ**,.. ਸੱਜਣ ਸਨ।**ਪੰਜ ਬਾਣੀਆਂ ਦੇ ਨੇਮੀ** ਵਾਲੀ ਗੱਲ ਵੱਲ ਧਿਆਨ ਦਿੱਤਾ ਜਾਵੇ। ਕਮੇਟੀ ਦੇ ਮੈਂਬਰ ਚੁਣੇ ਜਾਣ ਤੋਂ ਪਹਿਲਾਂ *ਪੰਜ ਬਾਣੀਆਂ ਦਾ ਨੇਮ* ਸੀ, ਅਤੇ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ 13 ਪੰਨਿਆਂ ਤੇ ਦਰਜ ਬਾਣੀਆਂ ਪੰਜ ਨਹੀਂ ਹਨ। ਇਹਨਾਂ ਪੰਨਿਆਂ ਤੇ, ਇਕ ਲੰਮੀ ਬਾਣੀ ਜਪੁ ਜੀ ਸਾਹਿਬ ਅਤੇ ਛੋਟੇ-ਵੱਡੇ 14 ਹੋਰ ਸ਼ਬਦ ਹਨ। ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਢਾਂਚੇ ਨੂੰ ਕਿਸੇ ਨੇ ਵੀ ਹਿਲਾਇਆ ਜਾਂ ਛੇੜਿਆ ਨਹੀਂ। ਉਹ ਢਾਂਚਾ ਆਪਣੇ ਥਾਂ ਉਸੇ ਤਰ੍ਹਾਂ ਕਾਇਮ ਪਿਆ ਹੈ। ਰਹਿਤ ਮਰਯਾਦਾ ਆਪਣੀ ਜਗ੍ਹਾ ਹੈ। ਰਹਿਤ ਮਰਯਾਦਾ ਤੋਂ ਇਲਾਵਾ ਜਿਸਨੇ 13 ਸਫਿਆਂ ਤੇ ਦਰਜ ਜਾਂ ਕੋਈ ਵੀ ਹੋਰ ਬਾਣੀਆਂ ਪੜ੍ਹਨੀਆਂ ਹਨ ਉਹ ਆਪਣੀ ਮਰਜ਼ੀ ਅਤੇ ਖੁਸ਼ੀ ਨਾਲ ਪੜ੍ਹ ਸਕਦਾ ਹੈ, ਉਸ ਵਿੱਚ ਕਿਸੇ ਕਿਸਮ ਦੀ ਰੁਕਾਵਟ ਨਹੀਂ ਪਾਈ ਗਈ । ਜਿਹਨਾਂ ਸ਼ਰਤਾਂ ਦੇ ਆਧਾਰ ਤੇ ਕਮੇਟੀ ਮੈਂਬਰ ਚੁਣੇ ਗਏ ਸਨ, ਉਸ ਆਧਾਰ ਤੇ, ਇਹ ਕਹਿਣਾ ਵੀ ਗ਼ਲਤ ਹੈ ਕਿ ਚੁਣੀ ਗਈ ਕਮੇਟੀ ਵਿੱਚ ਆਰ ਐਸ ਐਸ ਦੀ ਘੁਸ ਪੈਠ ਹੋ ਗਈ ਹੋਵੇਗੀ।
ਚੁਣੇ ਗਏ 36 ਸਰਕਾਰ-ਪ੍ਰਸਤ ਮੈਂਬਰਾਂ ਨੂੰ ਸਿਰਫ ਖਾਨਾ ਪੂਰਤੀ ਲਈ ਹੀ ਪੰਥਕ ਕਮੇਟੀ ਵਿੱਚ ਰੱਖਿਆ ਗਿਆ ਸੀ (ਤਾਂ ਕਿ ਕੋਈ ਸਰਕਾਰੀ ਟਕਰਾਵ ਨਾ ਹੋਵੇ ਅਤੇ ਬਣੀ ਹੋਈ ਪੰਥਕ ਕਮੇਟੀ ਨੂੰ ਰਜਿਸਟਰ ਕਰਵਾਉਣ ਵਿੱਚ ਕੋਈ ਰੁਕਾਵਟ ਨਾ ਆਵੇ। ਉਹਨਾਂ ਸਰਕਾਰ-ਪ੍ਰਸਤ 36 ਮੈਂਬਰਾਂ ਵਿੱਚੋਂ ਕਿਸੇ ਨੂੰ ਵੀ ਕਿਸੇ ਅਹਿਮ ਕੰਮ ਵਿੱਚ ਸ਼ਾਮਲ ਨਹੀਂ ਸੀ ਕੀਤਾ ਗਿਆ)। ਅਕਾਲ ਤਖਤ ਤੋਂ ਪ੍ਰਬੰਧ ਚਲਾਉਣ ਵਾਲੀ ਕਮੇਟੀ ਦਾ ਨਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ, ਇਸ ਤੋਂ ਇਲਾਵਾ ਅਕਾਲ ਤਖਤ ਤੋਂ ਕਿਸੇ ਹੋਰ ਤਰੀਕੇ ਨਾਲ ਅਕਾਲ ਤਖਤ ਤੋਂ ਪ੍ਰਬੰਧ ਨਹੀਂ ਸੀ ਚਲਾਇਆ ਜਾਂਦਾ (ਜੇ ਚਲਾਇਆ ਜਾਂਦਾ ਸੀ ਤਾਂ ਲੇਖਕ ਜੀ ਦੱਸਣ, ਕਿ ‘… (ਇਸ)’ ਤਰੀਕੇ ਨਾਲ ਅਕਾਲ ਤਖਤ ਤੋਂ ਕੰਮ ਚਲਾਇਆ ਜਾਂਦਾ ਸੀ ਅਤੇ ਉਸ ਸਿਸਟਮ ਨਾਲ ਰਹਿਤ ਮਰਯਾਦਾ ਬਣਨੀ ਚਾਹੀਦੀ ਸੀ)। ਮੀਟਿੰਗਾਂ ਅਕਾਲ ਤਖਤ ਤੋਂ ਹੀ ਬੁਲਾਈਆਂ ਜਾਂਦੀਆਂ ਸਨ। ਜਿੰਨੀਆਂ ਵੀ ਕਾਰਵਾਈਆਂ ਹੋਈਆਂ ਅਕਾਲ ਤਖਤ ਤੋਂ ਕਾਰਜ ਕਰਦੀ ਸ਼੍ਰੋ: ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਦੇਸ਼ਾਂ ਅਨੁਸਾਰ ਹੀ ਹੋਈਆਂ। ਸੋ ਰਹਿਤ ਮਰਯਾਦਾ ਵੀ ਅਕਾਲ ਤਖਤ ਤੋਂ ਅਤੇ ਪੰਥ ਪ੍ਰਵਾਣਤ ਹੀ ਹੋਈ।
ਇਹ ਸਿਰਫ ਪੰਥ ਵਿੱਚ ਭੁਲੇਖੇ ਖੜ੍ਹੇ ਕਰਨ ਲਈ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਰਹਿਤ ਮਰਯਾਦਾ ਅਕਾਲ ਤਖਤ ਤੋਂ ਨਹੀਂ ਬਣੀ ਜਾਂ ਅਕਾਲ ਤਖਤ ਤੋਂ ਪ੍ਰਵਾਣਤ ਨਹੀਂ ਹੈ।
ਪਾਠਕਾਂ ਦੇ ਮਨਾਂ ਵਿੱਚ ਦੁਬਿਧਾ ਅਤੇ ਭੁਲੇਖੇ ਪੈਦਾ ਕਰਨ ਲਈ, ਲੇਖਕ ਜੀ ਗੱਲ ਨੂੰ ਤੋੜ- ਮਰੋੜ ਕੇ ਪੇਸ਼ ਕਰਦੇ ਹੋਏ ਲਿਖਦੇ ਹਨ:-
“25 ਮੈਂਬਰਾਂ ਵਿੱਚੋਂ 11 ਮੈਂਬਰ ਵਿਚਾਰ ਚਰਚਾ ਛੱਡ ਗਏ” …. “ ਸਬ-ਕਮੇਟੀ ਦੇ ਕੇਵਲ 14 ਮੈਂਬਰ ਹੀ ਭਾਗ ਲੈਂਦੇ ਰਹੇ 11 ਮੈਂਬਰ *ਕਦੇ ਵੀ* ਵਿਚਾਰ ਵਿੱਚ ਸ਼ਾਮਲ ਨਹੀਂ ਹੋਏ”
ਵਿਚਾਰ: ‘ਵਿਚਾਰ ਚਰਚਾ ਵਿੱਚ ਹਾਜਰ ਨਾ ਹੋਏ’ ਨੂੰ ਲੇਖਕ ਜੀ ‘ਵਿਚਾਰ ਛੱਡ ਗਏ’ ਅਤੇ ‘ਸ਼ਾਮਲ ਨਹੀਂ ਹੋਏ’ ਵਰਗੀ ਸ਼ਬਦਾਵਲੀ ਨਾਲ ਪੇਸ਼ ਕਰ ਰਹੇ ਹਨ। ਵਿਚਾਰ ਚਰਚਾ ਵਿੱਚ ਹਾਜਰ ਨਾ ਹੋ ਸਕਣ ਦਾ ਉਹਨਾਂ ਦਾ ਆਪੋ-ਆਪਣਾ ਕੋਈ ਨਿਜੀ ਕਾਰਣ ਹੋ ਸਕਦਾ ਹੈ।ਜੇ ਉਹ ਮੈਂਬਰ ਰਹਿਤ ਮਰਯਾਦਾ ਬਨਾਉਣ ਦੇ ਹੀ ਹੱਕ ਵਿੱਚ ਨਾ ਹੁੰਦੇ ਤਾਂ ਸ਼ੁਰੂ ਵਿੱਚ ਹੀ ਆਪਣਾ ਨਾਂਹ-ਪੱਖੀ ਮਨਸ਼ਾ ਜਾਹਰ ਕਰ ਸਕਦੇ ਸਨ। ਜਾਂ ਫੇਰ ਜਦੋਂ ਸਬ-ਕਮੇਟੀ ਵਿੱਚ ਉਹਨਾਂ ਦਾ ਨਾਮ ਦਰਜ ਕੀਤਾ ਗਿਆ ਸੀ ਉਸ ਵਕਤ ਹੀ ਆਪਣਾ ਨਾਮ ਵਿੱਚੋਂ ਹਟਵਾ ਸਕਦੇ ਸਨ। ਮੀਟਿੰਗਾਂ ਵਿੱਚ ਕਦੇ ਵੀ ਸ਼ਾਮਲ ਨਾ ਹੋਣ ਦਾ ਮਤਲਬ ਇਹ ਨਹੀਂ ਬਣਦਾ ਕਿ ਉਹ ਰਹਿਤ ਮਰਯਾਦਾ ਬਨਾਉਣ ਦੇ ਵਿਰੋਧੀ ਸਨ।
ਕਸ਼ਮੀਰਾ ਸਿੰਘ ਲਿਖਦੇ ਹਨ:-
“4 ਅਕਤੂਬਰ 1931 ਤੋਂ 31 ਜਨਵਰੀ 1932 ਤਕ ਬਣਾਏ ਖਰੜੇ ਨੂੰ ਸ਼੍ਰੋ. ਕਮੇਟੀ ਨੇ ਪੜ੍ਹ ਕੇ ਮਹਿਸੂਸ ਕੀਤਾ ਕਿ ਇਹ *(ਅਖਉਤੀ ਪੰਥ ਨੇ)* ਠੀਕ ਨਹੀਂ ਬਣਾਇਆ ਇਸ ਲਈ ਇਸ ਨੂੰ ਇੰਨ੍ਹ-ਬਿੰਨ੍ਹ ਪ੍ਰਵਾਨ ਨਾ ਕੀਤਾ।”
ਵਿਚਾਰ: ਲੇਖਕ ਜੀ ਦੀ ਮਾਨਸਿਕਤਾ ਅਤੇ ਸੋਚ ਦਾ ਲੈਵਲ ਦੇਖੋ!
ਸ਼੍ਰੋ: ਗੁ: ਪ੍ਰ: ਕਮੇਟੀ ਵੱਲੋਂ ਖੁਦ ਬਣਾਈ ਗਈ *ਸਬ-ਕਮੇਟੀ* ਨੂੰ ਲੇਖਕ ਜੀ ‘ਅਖਉਤੀ ਪੰਥ’ ਦੱਸ ਰਹੇ ਹਨ। ਇੱਥੇ ਧਿਆਨ ਦੇਣ ਦੀ ਜਰੂਰਤ ਹੈ ਕਿ, ‘ਸ਼੍ਰ; ਗੁ: ਪ੍ਰ: ਕਮੇਟੀ ਨੇ ਇੰਨ ਬਿੰਨ ਪ੍ਰਵਾਨ ਨਾ ਕੀਤਾ’ ਦਾ ਮਤਲਬ ਹੈ ਕਿ, ਲੇਖਕ ਜੀ ਮੁਤਾਬਕ ‘ਸਬ ਕਮੇਟੀ’ ਅਖੌਤੀ ਪੰਥ ਹੋਇਆ ਨਾ ਕਿ ‘ਸ਼੍ਰੋ: ਗੁ: ਪ੍ਰ: ਕਮੇਟੀ’। ਪਰ ਰਹਿਤ ਮਰਯਾਦਾ ਦਾ ਕੰਮ ਸ਼੍ਰੋ: ਗੁ: ਪ੍ਰ: ਕਮੇਟੀ ਨੇ ਅਰੰਭਿਆ ਸੀ ਅਤੇ ਇਸੇ ਕਮੇਟੀ ਵੱਲੋਂ ਹੀ ਫਾਇਨਲ ਪ੍ਰਵਾਨਗੀ ਦਿੱਤੀ ਗਈ ਸੀ।
‘ਅਖਉਤੀ ਪੰਥ’ ਵਰਗੀਆਂ ਗੱਲਾਂ ਕਰਕੇ ਲੇਖਕ ਜੀ ਜਾਣੇ-ਅਨਜਾਣੇ ਪੰਥ ਵਿੱਚ ਫੁੱਟ ਪਾਉਣ ਅਤੇ ਦੁਬਿਧਾ ਖੜ੍ਹੀ ਕਰਨ ਦਾ ਕਾਰਣ ਬਣ ਰਹੇ ਹਨ। ਇਸ ਦਾ ਮਤਲਬ ਇਹ ਬਣਦਾ ਹੈ ਕਿ, ਜਿਹੜੇ ਸਿੱਖ ਲੇਖਕ ਜੀ ਦੇ ਵਿਚਾਰਾਂ ਨਾਲ ਸਹਿਮਤ ਹਨ ਉਹ ਪੰਥ-ਪ੍ਰਸਤ ਹੋਏ ਅਤੇ ਜਿਹੜੇ ਇਹਨਾਂ ਨਾਲ ਸਹਿਮਤ ਨਹੀਂ ਉਹ ‘ਅਖਉਤੀ ਪੰਥ’ ਹੋਏ।
ਰਹਿਤ ਮਰਯਾਦਾ ਸੰਬੰਧੀ ਕਸ਼ਮੀਰਾ ਸਿੰਘ ਸੁਝਾਵ ਦਿੰਦੇ ਹਨ ਕਿ ਹਰ ਗੁਰਸਿੱਖ ਨੂੰ ਜਾਗਰੁਕ ਹੋਣ ਅਤੇ ਹੋਰਨਾ ਨੂੰ ਕਰਨ ਦੀ ਜਰੂਰਤ ਹੈ।
ਸ਼ਾਇਦ ਕਸ਼ਮੀਰਾ ਸਿੰਘ ਨੂੰ ਲੱਗਦਾ ਹੋਵੇਗਾ ਕਿ ਜਿਹੜਾ ਉਹਨਾਂ ਦੇ ਵਿਚਾਰਾਂ ਨਾਲ ਸਹਿਮਤ ਹੈ ਉਹੀ ਜਾਗਰੁਕ ਹੈ। ਪਰ ਉਹ ਭੁੱਲ ਰਹੇ ਹਨ ਕਿ ਅੱਜ ਦੇ ਦੌਰ ਵਿੱਚ ਹਰ ਸਿੱਖ ਆਪਣੇ ਆਪ ਨੂੰ ਦੂਸਰਿਆਂ ਨਾਲੋਂ ਵੱਧ ਜਾਗਰੁਕ ਸਮਝੀ ਬੈਠਾ ਹੈ। ਜਿੰਨੀ ਦੇਰ ਸਭ ਸਿੱਖਾਂ ਤੇ ਇਕ ਬੱਝਵਾਂ ਸਿਸਟਮ ਲਾਗੂ ਨਹੀਂ ਕੀਤਾ ਜਾਂਦਾ, ਓਨੀ ਦੇਰ ਪੰਥ ਵਿੱਚ ਏਕਾ ਹੋਣਾ ਅਸੰਭਵ ਹੈ। ਅਤੇ ਉਹ ਸਿਸਟਮ ਸਿਰਫ ਅਤੇ ਸਿਰਫ ਅਕਾਲ ਤਖਤ ਤੋਂ ਹੀ ਲਾਗੂ ਕਰਵਾਇਆ ਜਾ ਸਕਦਾ ਹੈ। ਜੇ ਕੋਈ ਬੱਝਵਾਂ ਸਿਸਟਮ ਨਹੀਂ ਫੇਰ ਤਾਂ ਹਰ ਕੋਈ ਆਪੋ ਆਪਣੀ ਮਰਜ਼ੀ ਨਾਲ, ਕੋਈ ਦਸਮ ਗ੍ਰੰਥ ਨੂੰ ਗੁਰੂ ਕ੍ਰਿਤ ਮੰਨੀ ਜਾਂਦਾ ਹੈ ਕੋਈ ਇਸ ਨੂੰ ਰੱਦ ਕਰੀ ਜਾਂਦਾ ਹੈ। ਕੋਈ ਮੌਜੂਦਾ ਪੰਜ ਬਾਣੀਆਂ ਨੂੰ ਪ੍ਰਵਾਣਤ ਮੰਨਦਾ ਹੈ ਕੋਈ ਇਨਕਾਰੀ ਹੈ। ਦਸਮ ਗ੍ਰੰਥ ਨੂੰ ਮੰਨਣ ਵਾਲੇ ਵੀ ਅਤੇ ਨਾ ਮੰਨਣ ਵਾਲੇ ਵੀ ਦੋਨੋ ਧਿਰਾਂ, ਇਕ ਦੂਜੇ ਨੂੰ ਪੰਥ-ਵਿਰੋਧੀ ਜਾਂ ਅਖਉਤੀ ਪੰਥ ਦਾ ਸਰਟੀਫਿਕੇਟ ਦੇਈ ਜਾਂਦੇ ਹਨ। ਜੇ ਕੋਈ ਬੱਝਵਾਂ ਨਿਯਮ ਨਹੀਂ, ਫੇਰ ਤਾਂ ਹਰ ਸਿੱਖ ਆਪੋ ਆਪਣੇ ਥਾਂ ਜਾਗਰੁਕ ਅਤੇ ਸਹੀ ਹੈ।
ਜਾਣੇ-ਅਨਜਾਣੇ ਲੇਖਕ ਜੀ ਅਕਾਲ ਤਖਤ ਦੀ ਜਰੂਰਤ ਤੋਂ ਇਨਕਾਰੀ ਹੋ ਰਹੇ ਹਨ।ਅਸਲੀਅਤ ਇਹ ਹੈ ਕਿ ਜਿਸ ਦੌਰ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਸੀ ਅਤੇ ਰਹਿਤ ਮਰਯਾਦਾ ਬਣੀ ਸੀ, ਉਸ ਵਕਤ, ਉਚੇ-ਸੁੱਚੇ ਕਿਰਦਾਰ ਵਾਲੇ ਸੂਝਵਾਨ ਅਤੇ ਪੰਥ ਨੂੰ ਸਮਰਪਿਤ ਵਿਦਵਾਨ ਇਸ ਕਮੇਟੀ ਵਿੱਚ ਸ਼ਾਮਲ ਸਨ। ਪਰ ਵਕਤ ਦੇ ਨਾਲ ਨਾਲ ਇਸ ਵਿੱਚ ਗੰਧਲਾਪਨ ਆਉਣਾ ਸ਼ੁਰੂ ਹੋ ਗਿਆ। ਮੌਜੂਦਾ ਸਮੇਂ ਇਸ ਵਿੱਚ ਗੰਧਲਾਪਨ ਇਸ ਹੱਦ ਤੱਕ ਵੜ ਚੁੱਕਾ ਹੈ ਕਿ ਪੰਥ ਨੂੰ ਚੜ੍ਹਦੀ ਕਲਾ ਵਿੱਚ ਲਿਜਾਣ ਦੀ ਬਜਾਏ ਪੰਥ ਨੂੰ ਡੋਬਣ ਦੇ ਕਗਾਰ ਤੱਕ ਪਹੁੰਚਾ ਦਿੱਤਾ ਹੈ।
ਜਰੂਰਤ ਤਾਂ ਹੈ ਇਸ ਵਿੱਚ ਵੜ ਚੁੱਕੇ ਗੰਧਲੇਪਨ ਅਤੇ ਗੰਧਲੀ ਸੋਚ ਵਾਲੇ ਪ੍ਰਬੰਧਕਾਂ ਤੋਂ ਕਮੇਟੀ/ਅਕਾਲ ਤਖਤ ਨੂੰ ਮੁਕਤ ਕਰਵਾਉਣ ਦੀ।
ਮੌਜੂਦਾ ਕਿਸੇ ਵੀ ਦੌਰ ਵਿੱਚ ਜੇ ਪੰਥ-ਪ੍ਰਸਤ ਵਿਦਵਾਨ ਸਮਝਣ ਤਾਂ ਜਰੂਰਤ ਪੈਣ ਤੇ ਮੀਟਿੰਗਾਂ ਕਰਕੇ ਇਸ ਵਿੱਚ ਸੋਧ ਕਰਦੇ ਰਹਿਣ।ਪਰ ਸਭ ਤੋਂ ਵਡੀ ਅਤੇ ਅਹਮ ਗੱਲ ਤਾਂ ਹੈ, ਪੰਥ ਪ੍ਰਤੀ ਇਮਾਨਦਾਰ ਹੋਣ ਦੀ। ਆਪਣੀ ਕਿਸੇ ਵੀ ਜ਼ਿਦ ਨੂੰ ਮੁੱਖ ਰੱਖਣ ਨਾਲ ਕੋਈ ਸੁਧਾਰ ਨਹੀਂ ਲਿਆਂਦਾ ਜਾ ਸਕਦਾ ਅਤੇ ਨਾ ਹੀ ਇਸ ਤਰ੍ਹਾਂ ਪੰਥ ਵਿੱਚ ਏਕਾ ਹੋ ਸਕਦਾ ਹੈ। ਜੇ ਪੰਥਕ ਏਕੇ ਦੀ ਇੱਛਾ ਹੈ ਤਾਂ, ਪਹਿਲਾਂ ਆਪਣੀਆਂ ਬਣ ਚੁੱਕੀਆਂ ਧਾਰਨਾਵਾਂ ਵਾਲੀ ਜ਼ਿੱਦ ਤਿਆਗਣੀ ਪਏਗੀ।
(ਨੋਟ: ਜਾਪ ਸਾਹਿਬ, ਸਵੈਯੇ, ਚੌਪਈ ਮੌਜੂਦਾ ਦਸਮ ਗ੍ਰੰਥ ਦੀਆਂ ਬਾਣੀਆਂ ਨਹੀਂ ਹਨ। ਕਿਸੇ ਪੰਥ-ਦੋਖੀ ਨੇ ਧੋਖਾ ਦੇਣ ਲਈ ਆਪਣੇ ਬਣਾਏ ਅਸ਼ਲੀਲ ਗ੍ਰੰਥ ਵਿੱਚ ਇਹ ਬਾਣੀਆਂ ਦਰਜ ਕਰ ਦਿੱਤੀਆਂ ਹਨ। ਨਾ ਹੀ ਇਹ ਬਾਣੀਆਂ ‘ਕੱਚੀ-ਬਾਣੀ’ ਹਨ। ਕੱਚੀ ਬਾਣੀ ਦਾ ਮਤਲਬ ਹੈ ਪ੍ਰਭੂ ਤੋਂ ਦੂਰ ਲਿਜਾਣ ਵਾਲੀ ਬਾਣੀ। ਅਤੇ ਸੱਚੀ ਬਾਣੀ ਦਾ ਮਤਲਬ ਹੈ, ਪ੍ਰਭੂ- ਮਿਲਾਪ ਦੇ ਰਾਹ ਲਿਜਾਣ ਵਾਲੀ, ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ।ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਬਿਨਾ ਹੋਰ ਕਿਸੇ ਵੀ ਬਾਣੀ ਨੂੰ ਕੱਚੀ ਬਾਣੀ ਮੰਨੀਏ ਤਾਂ; ਜਦੋਂ ਗੁਰੂ ਅਮਰ ਦਾਸ ਜੀ ਨੇ ਇਹ ਸ਼ਬਦ ਉਚਾਰੇ ਸਨ ਕਿ-
ਸਤਿ ਗੁਰੂ ਬਿਨਾ ਹੋਰ ਕਚੀ ਹੈ ਬਾਣੀ’
ਉਸ ਵਕਤ ਤੱਕ ਗੁਰੂ ਗ੍ਰੰਥ ਸਾਹਿਬ ਦਾ ਸੰਕਲਨ ਨਹੀਂ ਸੀ ਹੋਇਆ। ਜੇ ਗੁਰੂ ਗ੍ਰੰਥ ਸਾਹਿਬ ਦਾ ਸੰਕਲਨ ਨਹੀਂ ਸੀ ਹੋਇਆ ਅਤੇ ਕਬੀਰ ਜੀ, ਗੁਰੂ ਅਮਰ ਦਾਸ ਜੀ ਦੇ ਗੁਰੂ ਨਹੀਂ ਸਨ, ਤਾਂ ਇਸ ਹਿਸਾਬ ਨਾਲ ਗੁਰੂ ਅਮਰ ਦਾਸ ਜੀ ਲਈ ਕਬੀਰ ਜੀ ਦੀ ਬਾਣੀ ਕੱਚੀ ਬਾਣੀ ਹੋਈ।
ਭੁੱਲ ਚੁਕ ਲਈ ਮੁਆਫੀ ਚਾਹੁੰਦਾ ਹਾਂ।
ਜਸਬੀਰ ਸਿੰਘ ਵਿਰਦੀ
ਜਸਬੀਰ ਸਿੰਘ ਵਿਰਦੀ
-: ਸਿੱਖ ਰਹਿਤ ਮਰਯਾਦਾ ਸੰਬੰਧੀ ਕਸ਼ਮੀਰਾ ਸਿੰਘ ਯੂ ਐਸ ਏ ਦੇ ਲੇਖ ਬਾਰੇ ਵਿਚਾਰ:-
Page Visitors: 2769