ਸੁਰਜੀਤ ਗੱਗ ਦੀ ਤਾਜ਼ਾ ਕਵਿਤਾ ਰਾਹੀਂ ਨੰਗਾ ਹੋਇਆ ‘ਕਾਮਰੇਡੀ ਪੁਜਾਰੀਵਾਦ’।
ਸਿੱਖ ਫਿਰਕੇ ਦਾ ਵਿਰੋਧ ਹਮੇਸ਼ਾਂ ਵਾਂਗ ਫਿਰ ਬਾਬਾ ਨਾਨਕ ਦੀ ਸੇਧ ਤੋਂ ਭਟਕਿਆ।
ਮਾਰਕਸਵਾਦੀ ਸੋਚ ਤੋਂ ਪ੍ਰਭਾਵਿਤ ਕਵਿਤਾ ਜਿਥੇ ਆਮ ਮਨੁੱਖ ਦੀ ਹੱਕਾਂ ਦੀ ਲੜਾਈ ਦਾ ਝਲਕਾਰਾ ਦੇਂਦੀ ਹੈ ਤਾਂ ਨਾਲ ਹੀ ਇਹ ਧਰਮ ਦੇ ਨਾਮ ਤੇ ਫੈਲਾਏ ਜਾ ਰਹੇ ਭਰਮਜਾਲ ਬਾਰੇ ਸੁਚੇਤ ਕਰਨ ਦਾ ਕੰਮ ਵੀ ਕਰਦੀ ਜਾਪਦੀ ਹੈ। ਜ਼ਿਆਦਾਤਰ ਮਾਰਕਸੀਵਾਦੀ ਸੱਜਣ ਰੱਬ ਦੀ ਹੋਂਦ ਤੋਂ ਮੁਨਕਰ ਹਨ ਅਤੇ ਐਸੀ ਵਿਚਾਰਧਾਰਾ ਰੱਖਣ ਦਾ ਕਿਸੇ ਨੂੰ ਵੀ ਮੁੱਢਲਾ ਮਨੁੱਖੀ ਹੱਕ ਹੈ। ਇਸ ਲਈ ਜੇ ਕੋਈ ਨਾਸਤਿਕ ਹੈ ਤਾਂ ਸਿਰਫ ਉਸ ਦਾ ਇਸ ਲਈ ਹੀ ਨਿੱਜੀ ਵਿਰੋਧ ਜ਼ਾਇਜ ਨਹੀਂ ਮੰਨਿਆ ਜਾ ਸਕਦਾ।
‘ਪੁਜਾਰੀਵਾਦ’ ਵਿਸ਼ੇਸ਼ਨ ਹੁਣ ਤੱਕ ਸਿਰਫ ਧਰਮ ਦੇ ਨਾਮ ‘ਤੇ ਲੋਕਾਂ ਦੀ ਸਰਬਪੱਖੀ ਲੁੱਟ ਕਰਨ ਵਾਲੀ ਪੁਜਾਰੀ ਸ਼੍ਰੇਣੀ ਲਈ ਹੀ ਵਰਤਿਆ ਜਾਂਦਾ ਰਿਹਾ ਹੈ, ਜਿਸ ਵਿਚ ਪਾਦਰੀ, ਮੌਲਵੀ, ਪੰਡਿਤ ਤੇ ਭਾਈ ਆਦਿ ਸਾਰੇ ਆ ਜਾਂਦੇ ਹਨ। ਇਹ ਸ਼ਾਇਦ ਪਹਿਲੀ ਵਾਰ ਹੋ ਰਿਹਾ ਹੈ ਕਿ ਕੋਈ ਨਾਸਤਿਕ ਮਾਰਕਸਵਾਦੀ ਵਿਚਾਰਧਾਰਾ ਨਾਲ ਜੁੜੇ ‘ਪੁਜਾਰੀਵਾਦ’ ਨੂੰ ਆਪਣੇ ਚਿੰਤਨ ਦਾ ਵਿਸ਼ਾ ਬਣਾ ਰਿਹਾ ਹੈ। ਅਗਲੀ ਪੜਚੋਲ ਰਾਹੀਂ ਇਸ ‘ਕਾਮਰੇਡੀ ਪੁਜਾਰੀਵਾਦ’ ਦੀ ਤਸਵੀਰ ਕਾਫੀ ਸਾਫ ਹੋ ਜਾਏਗੀ।
ਪੁਜਾਰੀਵਾਦ ਇਕ ਬਹੁ-ਆਯਾਮੀ ਪ੍ਰਵਿਰਤੀ ਹੈ। ਧਰਮ ਦੇ ਨਾਮ ਤੇ ਲੋਕਾਂ ਨੂੰ ਕਰਮਕਾਂਡਾਂ ਅਤੇ ਅੰਧ-ਵਿਸ਼ਵਾਸਾਂ ਵਿਚ ਉਲਝਾ ਕੇ ਲੁੱਟ ਕਰਨਾ ਇਸਦਾ ਇਕ ਆਯਾਮ ਹੈ। ਇਸਦਾ ਇਕ ਦੂਜਾ ਤੇ ਮੁੱਖ ਆਯਾਮ ਇਹ ਹੈ ਕਿ ਪੁਜਾਰੀ ਸ਼੍ਰੇਣੀ ਇਖਲਾਕੀ ਤੌਰ ਤੇ ਆਪ ਜਿਨ੍ਹਾਂ ਕਮਜ਼ੋਰੀਆਂ ਦਾ ਸ਼ਿਕਾਰ ਹੁੰਦੀ ਹੈ, ਉਨ੍ਹਾਂ ਕਮਜ਼ੋਰੀਆਂ ਨੂੰ ਉਹ ਕਾਲਪਨਿਕ ਕਹਾਣੀਆਂ ਰਾਹੀਂ ਉਸ ਫਿਰਕੇ ਦੇ ਅਵਤਾਰਾਂ, ਪੈਗੰਬਰਾਂ ਆਦਿ ਨਾਲ ਜੋੜ ਦਿੰਦੀ ਹੈ ਤਾਂ ਕਿ ਆਪਣੀਆਂ ਕਮਜ਼ੋਰੀਆਂ ਨੂੰ ਕੁੱਝ ਹੱਦ ਤੱਕ ਜਸਟੀਫਾਈ ਕੀਤਾ ਜਾ ਸਕੇ। ਕਿਸੇ ਵੀ ਪ੍ਰਚਲਿਤ ਫਿਰਕੇ ਦਾ ਇਤਿਹਾਸ ਪੜਚੋਲ ਕੇ ਵੇਖ ਲਵੋ, ਇਹ ਪ੍ਰਵਿਰਤੀ ਸਪਸ਼ਟ ਨਜ਼ਰ ਆਵੇਗੀ। ਈਸਾਈ ਮੱਤ ਦੀ ਧਰਮ-ਪੁਸਤਕਾਂ ਬਾਰੇ ਇਹ ਮੰਨਿਆ ਜਾਂਦਾ ਹੈ ਕਿ ਇਸ ਵਿਚ ਸਮੇਂ ਨਾਲ ਕਈਂ ਬਦਲਾਵ ਕੀਤੇ ਗਏ ਕਿਉਂਕਿ ਇਸ ਵਿਚ ਕਈਂ ਗੱਲਾਂ ਅਸ਼ਲੀਲ਼ ਸਨ ਜਾਂ ਵਿਗਿਆਨ ਦੀ ਕਸਵੱਟੀ ਤੇ ਰੱਦ ਹੋ ਗਈਆਂ। ਹਿੰਦੂ ਮੱਤ ਵਿਚਲੇ ਦੇਵੀ ਦੇਵਤਿਆਂ ਨਾਲ ਜੁੜੀਆਂ ਅਸ਼ਲੀਲ ਅਤੇ ਗੈਰ-ਇਖਲਾਕੀ ਗੱਲਾਂ ਵੀ ਉਨ੍ਹਾਂ ਦੇ ਗ੍ਰੰਥਾਂ ਵਿਚ ਆਮ ਮਿਲ ਜਾਂਦੀਆਂ ਹਨ। ਇਸਲਾਮ ਵਿਚ ਵੀ ਸ਼ਾਇਦ ਬਹੁ-ਪਤਨੀ ਪ੍ਰਥਾ ਨੂੰ ਜ਼ਾਇਜ ਠਹਿਰਾਉਣ ਲਈ ਪੈਗੰਬਰ ਦੇ ਅਨੇਕਾਂ ਵਿਆਹ ਕੀਤੇ ਹੋਣ ਦਾ ਜ਼ਿਕਰ ਮਿਲਦਾ ਹੈ। ਇਨ੍ਹਾਂ ਮੱਤਾਂ ਦੇ ਪੈਗੰਬਰਾਂ ਵਲੋਂ ਆਪਣੇ ਹੱਥੀ ਲਿਖਿਆ ਕੁਝ ਵੀ ਹੁਣ ਉਪਲਬਦ ਨਹੀਂ ਹੈ, ਸੋ ਇਹ ਦਾਅਵੇ ਨਾਲ ਨਹੀਂ ਕਿਹਾ ਜਾ ਸਕਦਾ ਕਿ ਉਹ ਬਿਲਕੁਲ ਵੈਸੇ ਹੀ ਸਨ ਜਾਂ ਨਹੀਂ, ਜੈਸਾ ਇਹਨਾਂ ਪੁਸਤਕਾਂ ਵਿਚ ਲਿਖਿਆ ਮਿਲਦਾ ਹੈ। ਪਰ ਜਾਪਦਾ ਇਵੇਂ ਹੀ ਹੈ ਕਿ ਪੁਜਾਰੀ ਸ਼੍ਰੇਣੀ ਨੇ ਹੀ ਇਨ੍ਹਾਂ ਨਾਲ ਐਸੀਆਂ ਗੈਰ-ਇਖਲਾਕੀ ਕਹਾਣੀਆਂ ਜੋੜ ਦਿਤੀਆਂ ਹਨ । ਸਿੱਖ ਫਿਰਕਾ ਸਭ ਤੋਂ ਨਵੀਨ ਪ੍ਰਚਲਿਤ ਫਿਰਕਾ ਮੰਨਿਆ ਜਾਂਦਾ ਹੈ ਅਤੇ ਇਸ ਦਾ ਮੁੱਢ ਬਾਬਾ ਨਾਨਕ ਜੀ ਨਾਲ ਜੋੜਿਆ ਜਾਂਦਾ ਹੈ। ਇਸ ਮੱਤ ਦੇ ਪੁਜਾਰੀਵਾਦੀ ਲੇਖਕਾਂ ਨੇ ਲਗਭਗ ੫੦੦ ਸਾਲ ਦੇ ਸਮੇਂ ਵਿਚ ਹੀ ਉਨ੍ਹਾਂ ਦੇ ਜੀਵਨ ਨਾਲ ਉਹ ਕਹਾਣੀਆਂ ਜੋੜ ਦਿਤੀਆਂ ਜੋ ਉਨ੍ਹਾਂ ਨੂੰ ਗੈਰ-ਇਖਲਾਕੀ ਦਰਸਾਉਂਦੀਆਂ ਹਨ। ਮਿਸਾਲ ਲਈ ਕੁਲਬੀਰ ਸਿੰਘ ਕੌੜਾ ਦੀ ਬਹੁ-ਚਰਚਿਤ ਪੁਸਤਕ ‘’ਤੇ ਸਿੱਖ ਵੀ ਨਿਗਲਿਆ ਗਿਆ’ ਵਿਚ ਭਾਈ ਬਾਲੇ ਵਾਲੀ ਇਕ ਜਨਮਸਾਖੀ ਦਾ ਹਵਾਲਾ ਦਿਤਾ ਮਿਲਦਾ ਹੈ, ਜਿਸ ਵਿਚ ਬਾਬਾ ਨਾਨਕ ਨੂੰ ਆਪਣੇ ਇਕ ਸ਼ਰਧਾਲੂ ਦੀ ਬੇਟੀ ਨਾਲ ਸੰਭੋਗ ਕਰਨ ਦੀ ਸਾਖੀ ਹੈ। ਇਸੇ ਤਰਾਂ ਗੁਰਬਿਲਾਸ ਪਾਤਸ਼ਾਹੀ ੬ਵੀਂ ਵਿਚ ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਨਾਲ ਕਈਂ ਗੈਰ-ਇਖਲਾਕੀ ਕਹਾਣੀਆਂ ਜੋੜੀਆਂ ਮਿਲਦੀਆਂ ਹਨ। ਛੇਵੇਂ ਅਤੇ ਦਸਵੇਂ ਪਾਤਸ਼ਾਹ ਨੂੰ ਬਹੁ-ਪਤਨੀ ਪ੍ਰਥਾ ਦਾ ਧਾਰਨੀ ਦੱਸਿਆ ਗਿਆ। ਹੈ। ਕੁਝ ਨਾਨਕ ਸਰੂਪਾਂ ਨੂੰ ਨਸ਼ੇ ਪਾਣ ਕਰਨ ਵਾਲਾ ਦਸਦੀਆਂ ਵੀ ਲਿਖਤਾਂ ਸਿੱਖ ਜਗਤ ਵਿਚ ਹਰਮਨ-ਪਿਆਰੀਆਂ ਰਹੀਆਂ ਹਨ। ਅਖੌਤੀ ਦਸਮ ਗ੍ਰੰਥ ਵਿਚਲੀ ਇਕ ਕਹਾਨੀ ਵਿਚ ਕਿਸੇ ਕੋਠੇ ਤੇ ਜਾਕੇ ਵੇਸਵਾ ਕੋਲੋਂ ਮੰਤਰ ਸਿੱਖਣ ਦੀ ਕਹਾਨੀ ਨੂੰ ਕਈਂ ਦਸਮ ਗ੍ਰੰਥ ਹਿਮਾਇਤੀ ਵਿਦਵਾਨ ਦਸ਼ਮੇਸ਼ ਪਾਤਸ਼ਾਹ ਜੀ ਦੀ ਆਪ-ਬੀਤੀ ਦੱਸਣ ਤੋਂ ਵੀ ਸੰਕੋਚ ਨਹੀਂ ਕਰਦੇ।
ਸਾਡੀ ਵਿਚਾਰ ਦਾ ਕੇਂਦਰ ਸੀ ‘ਕਾਮਰੇਡੀ ਪੁਜਾਰੀਵਾਦ’ ਦੀ ਰੁਚੀ, ਜਿਸ ਦੀ ਤਾਜ਼ਾ-ਤਰੀਨ ਮਿਸਾਲ ਸੁਰਜੀਤ ਗੱਗ ਦੀ ਵਿਵਾਦਿਤ ਕਵਿਤਾ ਹੈ। ਇਸ ਸੱਜਣ ਨੇ ਇਸ ਤੋਂ ਪਹਿਲਾਂ ਵੀ ਕਈਂ ਕਵਿਤਾਵਾਂ ਲਿਖਿਆਂ ਹਨ ਜਿਸ ਵਿਚ ਬਹੁਤਾਤ ਸਿੱਖ ਫਿਰਕੇ ਵਿਚਲੀਆਂ ਮਨਮੱਤਾਂ ਅਤੇ ਕਰਮਕਾਂਡਾਂ ਦਾ ਜ਼ਿਕਰ ਹੈ। ਉਸ ਵਿਚ ਕੋਈ ਇਤਰਾਜ਼ ਸੁਚੇਤ ਲੋਕ ਨਹੀਂ ਕਰਦੇ। ਪਰ ਉਨ੍ਹਾਂ ਦੇ ਇਖਲਾਕ ਵਿਚ ਸ਼ਰਾਬਨੋਸ਼ੀ ਸਮੇਤ ਹੋਰ ਕਈਂ ਇਖਲਾਕੀ ਕਮਜ਼ੋਰੀਆਂ ਹਨ ਜੋ ਉਨ੍ਹਾਂ ਨੇ ਤਾਜ਼ਾਤਰੀਨ ਕਵਿਤਾ “ਮੈਂ ਤੇ ਨਾਨਕ’ ਵਿਚ ਬਾਬਾ ਨਾਨਕ ਜੀ ਦੇ ਨਾਲ ਜੋੜਣ ਦੀ ਕੁ-ਚੇਸ਼ਟਾ ਕੀਤੀ ਹੈ। ਬੇਸ਼ਕ ਬਾਬਾ ਨਾਨਕ ਜੀ ਦੀ ਬਾਣੀ ਦੀ ਕਸਵੱਟੀ ‘ਤੇ ਸਿੱਖ ਫਿਰਕੇ ਵਿਚ ਪ੍ਰਚਲਿਤ ਕਿਸੇ ਵੀ ਗਲਤ ਮਾਨਤਾ ਦੀ ਰੱਜ-ਰੱਜ ਆਲੋਚਣਾ ਕਰੇ, ਕੋਈ ਇਮਾਨਦਾਰ ਸੁਚੇਤ ਸਿੱਖ ਇਸ ਤੇ ਇਤਰਾਜ਼ ਨਹੀਂ ਕਰੇਗਾ। ਪਰ ਬਾਬਾ ਨਾਨਕ ਜੀ ਦੀ ਬਾਣੀ ਜਿਨ੍ਹਾਂ ਇਖਲਾਕੀ ਕਮਜ਼ੋਰੀਆਂ ਨੂੰ ਡੰਕੇ ਦੀ ਚੋਟ ‘ਤੇ ਰੱਦ ਕਰਦੀ ਹੈ, ਉਨ੍ਹਾਂ ਨੂੰ ਬਾਬਾ ਨਾਨਕ ਜੀ ਨਾਲ ਜੋੜਨਾ ਬੇਸ਼ਕ ‘ਪੁਜਾਰੀਵਾਦੀ’ ਪ੍ਰਵਿਰਤੀ ਹੇਠ ਕੀਤੀ ‘ਸਾਹਿਤਕ ਬੇਈਮਾਨੀ’ ਹੈ। ਕੀ ਕਿਸੇ ਬੇਈਮਾਨ ਵਿਅਕਤੀ ਵਲੋਂ ‘ਸਮਾਜ ਸੁਧਾਰ’ ਦਾ ਦਮ ਭਰਨ ਦਾ ਦਾਅਵਾ ਹਕੀਕਤ ਮੰਨਿਆ ਜਾ ਸਕਦਾ ਹੈ?
ਸੁਰਜੀਤ ਗੱਗ ਨੂੰ ਸ਼ਰਾਬ ਪੀਣ ਦਾ ਸ਼ੋਕ ਹੋਵੇਗਾ ਇਸ ਲਈ ਉਸ ਨੇ ਬਾਬਾ ਨਾਨਕ ਨੂੰ ਆਪਣੇ ਨਾਲ ਪੈੱਗ ਲਾਉਂਦਾ ਵਿਖਾ ਦਿਤਾ। ਕੁਦਰਤ ਦੇ ਨਿਜ਼ਾਮ ਖਿਲਾਫ ਜਾ ਕੇ ‘ਸਿਰਗੁੰਮ’ ਹੁੰਦਾ ਦਰਸਾ ਦਿਤਾ। ਲਗਦਾ ਹੈ ਕਵਿਤਾ ਲਿਖਦੇ ਸਮੇਂ ਇਕ ਦੋ ਪੈਗ ਘੱਟ ਰਹਿ ਗਏ ਹੋਣੇ ਨਹੀਂ ਤਾਂ ਉਹ ਬਾਬਾ ਨਾਨਕ ਆਪਣੇ ਨਾਲ ਕੋਠੇ ਤੇ ਜਾਂਦਾ ਜਾਂ ਸਿਰਗਟ ਦੇ ਸੂਟੇ ਲਾਉਂਦਾ ਵੀ ਕਲਪਿਤ ਕਰ ਦਿੰਦਾ? ਆਪਣੇ ਗੈਰ-ਇਖਲਾਕੀ ਕਾਰਿਆਂ ਨੂੰ ਰਹਿਬਰਾਂ ਨਾਲ ਜੋੜਣ ਦੀ ਪੁਜਾਰੀ ਪ੍ਰਵਿਰਤੀ ਤਾਂ ਕਿਸੇ ਵੀ ਹੱਦ ਤੱਕ ਗਿਰਾ ਸਕਦੀ ਹੈ, ਫੇਰ ਉਹ ਭਾਂਵੇਂ ਨਾਸਤਕ ਸੱਜਣ ਵਿਚ ਹੋਵੇ ਜਾਂ ਧਰਮ ਦੇ ਨਾਂ ਹੇਠ ਗੁੰਮਰਾਹ ਕਰਨ ਵਾਲੇ ਅਖੌਤੀ ਵਿਚੋਲਿਆਂ ਵਿਚ। ਸੁਰਜੀਤ ਗੱਗ ਦੀ ਇਸ ਲਿਖਤ ਤੇ ਪੰਜਾਬ ਵਿਚ ਕਾਮਰੇਡੀ ਸਾਹਿਤਕਾਰਾਂ ਦੀ ਉਸ ਇਖਲਾਕੀ ਕਮਜ਼ੋਰੀ ਦੀ ਯਾਦ ਇਕ ਵਾਰ ਫੇਰ ਤਾਜ਼ਾ ਕਰ ਦਿਤੀ, ਜੋ ਦਾਅਵਾ ਤਾਂ ਮਨੁੱਖੀ ਹੱਕਾਂ ਦੇ ਝੰਡਾ-ਬਰਦਾਰ ਹੋਣ ਦਾ ਕਰਦੀ ਹੈ ਪਰ, ਜਿਸਨੇ ਖਾੜਕੁਵਾਦ ਦੇ ਦੌਰ ਵਿਚ ਸਰਕਾਰੀ ਤੰਤਰ ਰਾਹੀਂ ਸ਼ਰੇਆਮ ਹੁੰਦੇ ਆਮ ਮਨੁੱਖੀ ਹੱਕਾਂ ਦੇ ਦਮਨ ਦਾ ਕਦੇ ਵਿਰੋਧ ਨਹੀਂ ਕੀਤਾ।
ਗੱਗ ਦਾ ਸਿੱਖ ਫਿਰਕੇ ਵਲੋਂ ਵਿਰੋਧ ਵੀ ਨਾਨਕ ਸੇਧ ਤੋਂ ਭਟਕਿਆ
ਇਸ ਵਿਚ ਕੋਈ ਸ਼ੱਕ ਨਹੀਂ ਕਿ ਬਾਬਾ ਨਾਨਕ ਦੇ ਗੱਗ ਵਲੋਂ ਜੋੜੀਆਂ ਗੈਰ-ਇਖਲਾਕੀ ਗੱਲਾਂ ਨਾਲ ਸ਼ਰਧਾਲੂ ਸਿੱਖਾਂ ਦੇ ਨਾਲ ਨਾਲ ਸੁਚੇਤ ਸਿੱਖਾਂ ਨੂੰ ਵੀ ਦੁੱਖ ਪਹੁੰਚਿਆ ਹੈ। ਸ਼ਰਧਾਲੂ ਸਿੱਖਾਂ ਦਾ ਮਨ ਤਾਂ ਸੁਧਾਰ ਦੀ ਗੱਲਾਂ ਨਾਲ ਵੀ ਅਕਸਰ ਦੁੱਖੀ ਹੋ ਜਾਂਦਾ ਹੈ, ਕਿਉਂਕਿ ਉਹ ਮਾਨਸਿਕ ਤੌਰ ਤੇ ਪੁਜਾਰੀਵਾਦ ਦੀ ਗੁਲਾਮੀ ਹੰਡਾ ਰਹੇ ਹਨ। ਐਸੇ ਸੱਜਣ ਦੁਖੀ ਹਿਰਦੇ ਨਾਲ ਮਾਂ-ਭੈਣ ਦੀ ਗਾਲਾਂ ਦੀ ਬੌਛਾਰ ਅਤੇ ਲੇਖਕ/ਪ੍ਰਚਾਰਕ/ਸੁਧਾਰਕ ਨਾਲ ਮਾਰ-ਕੁੱਟ/ਕਤਲੇਆਮ ਕਰਦੇ ਹੋਏ ‘ਵੱਡੇ ਧਰਮੀ’ ਹੋਣ ਦਾ ਭਰਮ ਪਾਲਦੇ ਸਿਖਾਂ ਸਮੇਤ ਹਰ ਫਿਰਕੇ ਵਿਚ ਮਿਲ ਜਾਂਦੇ ਹਨ। ਪਰ ਗੱਗ ਦਾ ਵਿਰੋਧ ਜਿਸ ਤਰਾਂ ਸੁਚੇਤ ਮੰਨੇ ਜਾਂਦੇ ਸਿੱਖਾਂ ਵਲੋਂ ਕੀਤਾ ਜਾ ਰਿਹਾ ਹੈ, ਉਹ ਵੀ ਨਾਨਕ ਫਲਸਫੇ ਤੋਂ ਪ੍ਰੇਰਿਤ ਨਹੀਂ ਕਿਹਾ ਜਾ ਸਕਦਾ। ਸੁਰਜੀਤ ਗੱਗ ਨੂੰ ਧਾਰਾ ‘੨੯੫-ਏ’ (ਧਾਰਮਿਕ ਭਾਵਨਾਵਾਂ ਭੜਕਾਉਣ ਦਾ ਦੋਸ਼) ਹੇਠ ਗ੍ਰਿਫਤਾਰ ਕਰ ਲਏ ਜਾਣ ਨੂੰ ਇਹ ਸੱਜਣ ਸਹੀ ਦੱਸ ਰਹੇ ਹਨ। ਕੁੱਝ ਸਮਾਂ ਪਹਿਲਾਂ ਕਿਸੇ ਈਸਾਈ ਬੀਬੀ ਵਲੋਂ ‘ਗੁਰਬਾਣੀ’ ਦੇ ਧੱਕੇ ਨਾਲ ਕੀਤੇ ਜਾ ਰਹੇ ਗਲਤ ਅਰਥਾਂ ਨੂੰ ਲੈ ਕੇ ਵੀ ਅਨੇਕਾਂ ਸੱਜਣਾਂ ਨੇ ਉਸ ਖਿਲਾਫ ਇਹੀ ਧਾਰਾ ਵਰਤਣ ਦੀ ਮੰਗ ਲਗਾਤਾਰ ਕੀਤੀ। ਇਹ ਬਹੁਤ ਹੀ ਭਟਕੀ ਹੋਈ, ਗੁਰਮਤਿ ਵਿਰੋਧੀ, ਪਹੁੰਚ ਹੈ।
ਤੱਤ ਗੁਰਮਤਿ ਪਰਿਵਾਰ ਪਹਿਲਾਂ ਵੀ ਕਈਂ ਵਾਰ ਕਹਿ ਚੁੱਕਾ ਹੈ ਅਤੇ ਹੁਣ ਫੇਰ ਇਹ ਹਕੀਕਤ ਖੁੱਲ ਕੇ ਪੇਸ਼ ਕਰਨਾ ਚਾਹੁੰਦਾ ਹੈ ਕਿ ਭਾਰਤੀ ਸੰਵਿਧਾਨ ਦੀ ਧਾਰਾ ‘੨੯੫-ਏ’ ‘ਬੋਲਣ ਦੀ ਆਜ਼ਾਦੀ’ ਦੇ ਮੁੱਢਲੇ ਮਨੁੱਖੀ ਹੱਕ ਦਾ ਨੰਗਾ-ਚਿੱਟਾ ਵਿਰੋਧ ਹੈ। ਇਸ ਧਾਰਾ ਨੂੰ ਸੰਵਿਧਾਨ ਵਿਚੋਂ ਖਤਮ ਕਰਨ ਲਈ ਜਿਤਨੀ ਜਲਦੀ ਅੰਦੋਲਣ ਚਲਾਇਆ ਜਾਵੇ, ਉਤਨਾ ਅੱਛਾ ਹੈ। ਇਸ ਧਾਰਾ ਦੀ ਵਰਤੋਂ ਕਿਸੇ ਨੂੰ ਵੀ ਸਮਾਜ ਸੁਧਾਰ ਦੇ ਹੱਕ ਵਿਚ ਬੋਲਣ ਤੋਂ ਰੋਕਣ ਲਈ ਆਸਾਣੀ ਨਾਲ ਕੀਤੀ ਜਾ ਸਕਦੀ ਹੈ। ਜੇ ਇਸ ਧਾਰਾ ਨੂੰ ਭਾਰਤੀ ਸੰਵਿਧਾਨ ਦਾ ਇਕ ‘ਕਾਲਾ ਬਾਬ’ ਕਿਹਾ ਲਿਆ ਜਾਵੇ ਤਾਂ ਅਤਿਕਥਨੀ ਨਹੀਂ ਹੋਵੇਗੀ।
ਖਾਸਕਰ ਜਿਹੜੇ ਸਿੱਖ ਇਸ ਧਾਰਾ ਦੀ ਵਰਤੋਂ ਹਰ ਛੋਟੀ-ਵੱਡੀ ਆਲੋਚਣਾ ਤੇ ਕਰਨ ਦੀ ਵਾਰ ਵਾਰ ਮੰਗ ਕਰ ਰਹੇ ਹਨ, ਉਨ੍ਹਾਂ ਦੀ ਮੂਰਖਤਾ ਤੇ ਤਰਸ ਅਤੇ ਅਫਸੋਸ ਤੋਂ ਸਿਵਾ ਹੋਰ ਕੀਤਾ ਕੀ ਜਾ ਸਕਦਾ ਹੈ? ਉਹ ਇਹ ਭੁੱਲ ਜਾਂਦੇ ਹਨ ਕਿ ‘ਸ਼ਬਦ ਗੁਰੁ ਗ੍ਰੰਥ ਸਾਹਿਬ’ ਜੀ ਵਿੱਚ ਹੋਰਨਾਂ ਫਿਰਕਿਆਂ ਦੀਆਂ ਅਨੇਕਾਂ ਮਾਨਤਾਵਾਂ/ਵਿਸ਼ਵਾਸਾਂ ਦਾ ਨੰਗਾ-ਚਿੱਟਾ ਖੰਡਨ ਕੀਤਾ ਗਿਆ ਹੈ। ਅਨਮੱਤਾਂ ਦੀ ਐਸੀ ਖੰਡਨਮਈ ਆਲੋਚਣਾ ਕਿਸੇ ਹੋਰ ਫਿਰਕੇ ਦੇ ਗ੍ਰੰਥ ਵਿਚ ਸ਼ਾਇਦ ਨਹੀਂ ਮਿਲਦੀ। ਇਹ ਖੰਡਨ ਬੇਸ਼ਕ ਹਾਂ-ਪੱਖੀ ਹੈ। ਪਰ ਅਗਰ ਕਲ ਨੂੰ ਕੋਈ ਇਨ੍ਹਾਂ ਨੁਕਤਿਆਂ ਨੂੰ ਲੈ ਕੇ ਅਦਾਲਤ ਵਿਚ ‘ਧਾਰਾ ੨੯੫ ਏ’ ਦਾ ਕੇਸ ਲੈ ਕੇ ਚਲਾ ਗਿਆ ਤਾਂ ਸਿੱਖਾਂ ਲਈ ਬਹੁਤ ਵੱਡੀ ਕਾਨੂੰਨਨ ਮੁਸ਼ਕਿਲ ਖੜੀ ਹੋ ਜਾਵੇਗੀ, ਜਿਸ ਦਾ ਹੱਲ ਫੋਕੇ ਜੈਕਾਰਿਆਂ ਨਾਲ ਨਹੀਂ ਨਿਕਲਣ ਵਾਲਾ। ਸੋ ਸਿੱਖਾਂ ਅਤੇ ਹੋਰਨਾਂ ਫਿਰਕਿਆਂ ਦੇ ਸੁਚੇਤ ਸੱਜਣਾਂ ਨੂੰ ਭਾਰਤੀ ਸੰਵਿਧਾਨ ਵਿਚੋਂ ‘ਧਾਰਾ ੨੯੫-ਏ’ ਨੂੰ ਖਤਮ ਕਰਵਾਉਣ ਲਈ ਆੰਦੋਲਣ ਚਲਾਉਣਾ ਚਾਹੀਦਾ ਹੈ।
ਇਸ ਤਰਾਂ ਦੀ ਹਲਕੇ ਪੱਧਰ ਦੀ ਆਲੋਚਣਾ/ਨਿੰਦਾ ਆਦਿ ਦੇ ਮਸਲੇ ਤੇ ਕੀਤਾ ਕੀ ਜਾਣਾ ਚਾਹੀਦਾ ਹੈ? ਇਸ ਦੀ ਸੇਧ ਬਾਬਾ ਨਾਨਕ ਜੀ ਦੀ ‘ਸੰਵਾਦ ਕਲਾ’ ਤੋਂ ਲਈ ਜਾ ਸਕਦੀ ਹੈ। ਉਨ੍ਹਾਂ ਨੇ ਆਪਣੇ ਆਲੋਚਕਾਂ ਨਾਲ ਹਾਂ-ਪੱਖੀ ਸੰਵਾਦ ਰਚਾ ਕੇ ਉਨ੍ਹਾਂ ਦਾ ਢੁਕਵਾਂ ਜਵਾਬ ਦਿਤਾ ਨਾ ਕਿ ਅਜੌੇਕੇ ‘ਵੱਡੇ ਸਿਖਾਂ’ ਵਾਂਗੂ ਆਲੋਚਕ ਦੀ ਮਾਂ-ਭੈਣ ਇਕ ਕਰਕੇ ਜਾਂ ਕੁੱਤੇਖਾਣੀ ਕਰ ਕੇ। ਸਾਡੇ ਕੌਲ ਅੱਜ ਦੇ ਜਮਾਨੇ ਵਿਚ ਮੀਡੀਆ ਰੂਪੀ ਪ੍ਰਭਾਵਸ਼ਾਲੀ ਹਥਿਆਰ ਹੈ। ਸੋ ਬਜਾਇ ਉਸ ਆਲੋਚਕ ਦੀ ਗ੍ਰਿਫਤਾਰੀ ਜਾਂ ਮਾਰ-ਕੁੱਟ ਦੀ ਥਾਂ ਉਸ ਨਾਲ ਉਸਾਰੂ ਸੰਵਾਦ ਰਚਾਉਣ ਦਾ ਮੀਡੀਆ ਤੇ ਪ੍ਰਬੰਧ ਕੀਤਾ ਜਾਵੇ। ਸਾਡਾ ਦਾਅਵਾ ਹੈ ਕਿ ਸਾਡੇ ਕੌਲ ਵੱਡੇ ਵੱਡੇ ਵਿਦਵਾਨ ਹਨ। ਫੇਰ ਉਨ੍ਹਾਂ ਨੂੰ ਉਸ ਆਲੋਚਕ ਨਾਲ ਸੰਵਾਦ ਰਚਾ ਕੇ ਉਸ ਦੇ ਝੂਠ ਅਤੇ ਕਪਟ ਨੂੰ ਨੰਗਾ ਕਰਨਾ ਚਾਹੀਦਾ ਹੈ ਜਾਂ ਉਸ ਦੇ ਸਵਾਲਾਂ ਦੇ ਜਵਾਬ ਦੇ ਕੇ ਉਸ ਨੂੰ ਸੰਤੁਸ਼ਟ ਕਰਨਾ ਚਾਹੀਦਾ ਹੈ। ਜੇ ਈਸਾਈ ਬੀਬੀ ਅਤੇ ਸੁਰਜੀਤ ਗੱਗ ਦੇ ਤਾਜ਼ਾ ਮਸਲਿਆਂ ਤੇ ਐਸਾ ਕੀਤਾ ਗਿਆ ਹੁੰਦਾ ਤਾਂ ਨਾਨਕ ਸੇਧ ਦੀ ਬਹੁਤ ਵਧੀਆ ਮਿਸਾਲ ਬਣ ਜਾਣੀ ਸੀ, ਜਿਸ ਨੇ ਹੋਰ ਫਿਰਕਿਆਂ ਲਈ ਵੀ ਮਾਰਗ-ਦਰਸ਼ਕ ਦਾ ਕੰਮ ਕਰਨਾ ਸੀ। ਪਰ ਅਸੀਂ ਤਾਂ ਸ਼ਾਇਦ ਧਮਕੀਆਂ/ਡਰਾਵਿਆਂ/ਧੌਂਸਾਂ ਵਿਖਾ ਕੇ ਮਾਫੀ ਮੰਗਵਾ ਲੈਣ ਨੂੰ ਹੀ ਹਾਲੀਂ ਸਿੱਖੀ ਮੰਨੀ ਬੈਠੇ ਹਾਂ ਅਤੇ ਬਾਬਾ ਨਾਨਕ ਦੀ ਸੇਧ ਨਾਲ ਸਾਨੂੰ ਕੋਈ ਵਾਸਤਾ ਨਹੀਂ ਰਿਹਾ, ਸਿਰਫ ਂਾ ਨਾਂ ਵਰਤਨਾ ਹੁੰਦਾ ਹੈ।
ਸਿੱਖ ਫਿਰਕੇ ਦੇ ਸੰਬੰਧ ਵਿਚ ਇਕ ਹੋਰ ਗੱਲ ਵਿਚਾਰਨ ਯੋਗ ਹੈ। ਅੱਜ ਦੇ ਸਮੇਂ ਵਿਚ ਕਿਸੇ ਆਲੋਚਕ ਵਲੋਂ ਕੀਤੀ ਹਰ ਛੋਟੀ ਵੱਡੀ ਆਲੋਚਣਾ ਆਦਿ ਤੇ ਉਹ ਆਸਮਾਨ ਸਿਰ ਤੇ ਉਠਾ ਲੈਂਦੇ ਹਨ ਪਰ ਉਪਰ ਵਿਚਾਰੀਆਂ ‘ਪੰਥਕ ਲਿਖਤਾਂ/ਗ੍ਰੰਥਾਂ’ ਵਿਚ ਨਾਨਕ ਸਰੂਪਾਂ ਨੂੰ ਬਦ-ਇਖਲਾਕ ਦਿਖਾਉਂਦਾ ਮਸਾਲਾ ਉਨ੍ਹਾਂ ਦੀ ‘ਸ਼ਰਧਾ’ ਨੂੰ ਚੋਟ ਨਹੀਂ ਕਰਦਾ? ਬਲਕਿ ਉਨ੍ਹਾਂ ਗ੍ਰੰਥਾਂ/ਲਿਖਤਾਂ ਦੀ ਵਿਆਖਿਆ/ਕਥਾ ਤਾਂ ਉਹ ਗੁਰਦਵਾਰਿਆਂ ਵਿਚ ਬਹੁਤ ‘ਸ਼ਰਧਾ’ ਨਾਲ ਸੁਣਦੇ ਵੇਖੇ ਜਾਂਦੇ ਹਨ। ਕੀ ਉਹ ਐਸੀਆਂ ਲਿਖਤਾਂ ਨੂੰ ਰੱਦ ਕਰਨ ਦੀ ਮਾਨਸਿਕ ਅਤੇ ਸੁਚੇਤਕ ਦਲੇਰੀ ਵਿਖਾਉਣ ਦੇ ਰਾਹ ਤੇ ਤੁਰਨ ਬਾਰੇ ਵੀ ਸੋਚਣਗੇ?
ਅੰਤ ਵਿਚ ਅਸੀਂ ਗੱਗ ਜਿਹੇ ਸੱਜਣਾਂ ਨੂੰ ਵੀ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਵੀਰੋ! ਜੇ ਤੁਸੀ ਸਚਮੁੱਚ ਸਮਾਜ ਸੁਧਾਰ ਦਾ ਇਰਾਦਾ ਰੱਖਦੇ ਹੋ ਤਾਂ ਉਸਾਰੂ ਆਲੋਚਣਾ ਦਾ ਮਿਆਰ ਸਿੱਖਣ ਲਈ ਇਨਕਲਾਬੀ ਲੇਖਕ ਦਰਸ਼ਨ ਸਿੰਘ ਅਵਾਰਾ ਦੀ ਆਲੋਣਨਾਤਮਕ ਕਵਿਤਾਵਾਂ (ਖਾਸਕਰ ‘ਰੱਬ ਗੁਰੂ ਨਾਨਕ ਨੂੰ’) ਦਾ ਅਧਿਐਨ ਕਰ ਸਕਦੇ ਹੋ। ਅਗਰ ਤੂਸੀ ਫਿਰਕੂਆਂ ਵਾਂਗ ਮਨ ਵਿਚ ਫਿਰਕਿਆਂ ਪ੍ਰਤੀ ਨਫਰਤ ਪਾਲ ਕੇ ਲਿਖੋਗੇ ਤਾਂ ਤੁਹਾਡੀ ਕਲਮ ਉਸ ‘ਸਾਹਿਤਕ ਬੇਈਮਾਨੀ ਅਤੇ ਬਦ-ਇਖਲਾਕੀ’ ਦੇ ਗਲਤ ਰਾਹ ਤੇ ਪੈ ਜਾਵੇਗੀ, ਜਿਸ ਦੀ ਮਜ਼ਬੂਤ ਮਿਸਾਲ ਸੁਰਜੀਤ ਗੱਗ ਦੀ ਤਾਜ਼ਾ ਕਵਿਤਾ ਹੈ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
੧੪ ਜੁਲਾਈ ੨੦੧੭ ਈਸਵੀ
ਤਤ ਗੁਰਮਤਿ ਪਰਿਵਾਰ
ਸੁਰਜੀਤ ਗੱਗ ਦੀ ਤਾਜ਼ਾ ਕਵਿਤਾ ਰਾਹੀਂ ਨੰਗਾ ਹੋਇਆ ‘ਕਾਮਰੇਡੀ ਪੁਜਾਰੀਵਾਦ’।
Page Visitors: 2667