< = ਮੌਡਰਨ ਭੰਡ = >
ਗਿਆਨ ਸਿੰਘ ਬਾਜ ਦੀ ਅੱਖ ਵਾਲੇ ਨੂੰ ਜਾਗਰ ਸਿਓ ਕਹਿੰਦਾ, ਬਾਬਾ,, ਆ ਢਾਡੀਆਂ ਕਵੀਸ਼ਰਾਂ ਨੇ ਲੋਕਾਂ ਦੀਆਂ ਜੇਬਾਂ ਵਿਚੋਂ ਪੈਸੇ ਕਢਵਾਉਣ ਦਾ ਨਵਾਂ ਹੀ ਢੰਗ ਕੱਢਿਆ ਏ।
ਬਾਬਾ ਕਹਿੰਦਾ, ਜਾਗਰ ਸਿਆ ਕੀ ਹੋ ਗਿਆ, ਬੜਾ ਔਖਾ ਹੋ ਰਿਹਾ ਏ ਢਾਡੀਆਂ ਕਵੀਸ਼ਰਾਂ ਤੇ ?
ਜਾਗਰ ਸਿਓ ਕਹਿੰਦਾ, ਬਾਬਾ ਮੈਂ ਆਪਣੇ ਸਾਲੇ ਦੇ ਮੁੰਡੇ ਦੇ ਵਿਆਹ ਤੇ ਗਿਆ, ਉੁੱਥੇ ਪਾਠ ਦੀ ਸਮਾਪਤੀ ਤੋਂ ਬਾਅਦ ਢਾਡੀ ਜੱਥਾ ਲੱਗਣਾ ਸੀ ।ਧਰਮ ਦੇ ਪ੍ਰਚਾਰਕ ਹੋਣ ਕਰਕੇ ਮੈਂ ਉਹਨਾਂ ਦੀ ਕਾਫੀ ਸੇਵਾ ਕੀਤੀ। ਪ੍ਰਚਾਰਕ ਨੇ ਮੇਰਾ ਨਾਂ ਪਤਾ ਸਾਰਾ ਕੁੱਝ ਪੁਛ ਲਿਆ। ਸਟੇਜ ਤੇ ਚੜਦਿਆਂ ਸਾਰ ਹੀ ਪ੍ਰਚਾਰਕ ਨੇ ਲੰਮੀ ਸਾਰੀ ਫਤਹਿ ਬੁਲਾ ਕੇ ਮੇਰੇ ਸਾਢੂੰ ਦੇ ਗੁਣਗਾਨ ਕਰਨੇ ਸ਼ੁਰੂ ਕਰ ਦਿੱਤੇ, ਮੇਰੇ ਸਾਢੂੰ ਨੇ 500 ਦਾ ਨੋਟ ਪ੍ਰਚਾਰਕ ਦੀ ਤਲੀ ਤੇ ਧਰ ਦਿੱਤਾ । ਮੈਂ ਕਿੱਥੇ ਪਿੱਛੇ ਰਹਿਣ ਵਾਲਾ ਸੀ, ਮੈਂ ਵੀ ਕੱਢ ਲਿਆ ਪੰਜ ਸੌ ਰੁਪਇਆ ਜੇਬ ਵਿਚੋਂ।
ਪਰ ਮੇਰੇ ਬਾਰੇ ਉਹ ਕੁੱਝ ਨਹੀ ਬੋਲਿਆ । ਪੌਣੇ ਕੁ ਘੰਟੇ ਬਾਅਦ ਮੇਰੀਆਂ ਸਿਫਤਾਂ ਦੇ ਐਹੋ ਜਿਹੇ ਪੁਲ ਬੰਨੇ, ਮੈਨੂੰ ਪਤਾ ਹੀ ਨਹੀ ਮੈਂ 500 ਦਾ ਇੱਕ ਹੋਰ ਨੋਟ ਜੇਬ ਵਿਚੋਂ ਕੱਢਿਆ ਤੇ ਜਾ ਪ੍ਰਚਾਰਕ ਦੀ ਤਲੀ ਤੇ ਜਾ ਧਰਿਆ। ਮੇਰੇ ਵੱਲ ਦੇਖ ਕੇ ਮੇਰੇ ਸਾਢੂੰ ਨੇ ਵੀ ਪੰਜ ਸੌ ਰੁਪਏ ਦਾ ਇੱਕ ਹੋਰ ਨੋਟ ਪ੍ਰਚਾਰਕ ਦੀ ਤਲੀ ਤੇ ਧਰ ਦਿੱਤਾ।
ਬਾਬਾ ਗਿਆਨ ਸਿੰਘ ਹੱਸਦਾ ਹੋਇਆ ਕਹਿਣ ਲੱਗਾ, ਜਾਗਰ ਸਿਆ, ਤੇਰੇ ਸਾਲੇ ਦਾ ਇੱਕੋ ਇੱਕ ਤਾਂ ਮੁੰਡਾ ਏ, ਫਿਰ ਕੀ ਹੋਇਆ, ਜੇ ਤੂੰ ਹਜ਼ਾਰ ਦੇ ਦਿੱਤਾ ਤਾਂ, ਬੱਲੇ ਬੱਲੇ ਵੀ ਤੇਰੀ ਹੋਈ ਹੋਵੇਗੀ।
ਜਾਗਰ ਸਿਓ ਕਹਿਣ ਲੱਗਾ, ਬਾਬਾ ਅੱਗੇ ਤਾਂ ਸੁਣ ਕੀ ਹੋਇਆ ।
ਬਾਬਾ ਕਹਿੰਦਾ , ਦੱਸ ਫਿਰ ਕੀ ਹੋਇਆ ?
ਜਾਗਰ ਸਿਓ ਕਹਿੰਦਾ, ਸਮਾਪਤੀ ਤੋਂ ਬਾਅਦ ਮੈਂ ਸਾਢੂੰ ਨੂੰ ਪੁੱਛਿਆ ਤੇਰੀ ਤਾਂ ਢਾਡੀਆਂ ਨਾਲ ਪੁਰਾਣੀ ਜਾਣ ਪਛਾਣ ਲੱਗਦੀ ਏ, ਉਹ ਕਹਿੰਦਾ ਕਿੱਥੇ ; ਮਹੀਨਾ ਕੁ ਪਹਿਲਾਂ ਮੇਰੇ ਭਤੀਜੇ ਦੇ ਵਿਆਹ ਤੇ ਆਏ, ਮੈਂ ਚਾਹ ਪਾਣੀ ਦੀ ਸੇਵਾ ਕੀਤੀ, ਇਹਨਾਂ ਮੇਰਾ ਨਾਂ ਪਤਾ ਪੁੱਛ ਲਿਆ। ਮੈਨੂੰ ਕਹਿੰਦਾ,, ਤੇਰੀ ? ਮੈਂ ਕਿਹਾ, ਮੈਂ ਅੱਜ ਚਾਹ ਪਾਣੀ ਦੀ ਸੇਵਾ ਕੀਤੀ ਸੀ। ਵਿਆਹ ਤੋਂ ਬਾਅਦ ਜਦੋਂ ਘਰ ਨੂੰ ਆਉਣ ਲੱਗੇ, ਤਾਂ ਚੰਗੀ ਕਿਸਮਤ ਨੂੰ ਮੈਂ ਬਟੂਆ ਖੋਲ ਕੇ ਦੇਖਿਆ ਤਾਂ ਵਿੱਚ ਸਿਰਫ ਸੌ ਰੁਪਇਆ। ਮੈਂ ਭਿੰਦੇ ਦੀ ਮੰਮੀ ਨੂੰ ਜਾ ਕੇ ਪੁੱਛਿਆ ਤਾਂ ਉਹ ਕਹਿਣ ਲੱਗੀ, ਮੇਰੇ ਕੋਲ ਤਾਂ ਕੋਈ ਪੈਸਾ ਨਹੀ, ਮੈਂ ਲਾਗਾਂ ਵਾਲਿਆਂ ਨੂੰ ਦੇ ਦਿੱਤੇ। ਪਿੰਡ ਨੂੰ ਆਉਣ ਦਾ ਕਿਰਾਇਆ ਲੱਗਣਾ ਸੀ ਦੋ ਸੌ ਰੁਪਇਆ। ਫਿਰ ਸ਼ਰਮਿੰਦਗੀ ਜਿਹੀ ਵਿੱਚ ਕਿਸੇ ਕੋਲੋਂ ਪੈਸੇ ਫੜ ਕੇ ਘਰ ਆਏ ।
ਗਿਆਨ ਸਿੰਘ ਕਹਿੰਦਾ, ਜਾਗਰ ਸਿਆ ਫਿਰ ਤਾਂ ਬੜੀ ਮਾੜੀ ਹੋਈ।
ਜਾਗਰ ਸਿਓ ਕਹਿੰਦਾ, ਬਾਬਾ ਪੈਸੇ ਤਾਂ ਆਉਂਦੇ ਜਾਂਦੇ ਰਹਿੰਦੇ ਨੇ, ਮੈਨੂੰ ਪੈਸਿਆਂ ਦਾ ਦੁੱਖ ਨਹੀ। ਮੈਨੂੰ ਉਹਨਾਂ ਦੀ ਇਹ ਗੱਲ ਬਹੁਤ ਮਾੜੀ ਲੱਗੀ । ਉਹਨਾਂ ਨੂੰ ਦੋ ਘੰਟੇ ਦਾ ਸਮਾਂ ਮਿਲਿਆ ਸੀ, ਅੱਧਾ ਘੰਟਾ ਮਾਮਿਆਂ, ਫੁਫੜਾਂ, ਮਾਸੜਾਂ, ਤੇ ਚਾਚਿਆਂ, ਤਾਇਆਂ ਦੀਆਂ ਸਿਫਤਾਂ ਕਰਨ ਤੇ ਕਿਸ ਕਿਸ ਨੇ ਕਿੰਨੇ ਪੈਸੇ ਦਿੱਤੇ ਇਹ ਦੱਸਣ ਵਿੱਚ ਹੀ ਲਾ ਦਿੱਤਾ। ਸਮਾਂ ਪੂਰਾ ਹੋਣ ਤੇ ਅੱਧ ਅਧੂਰਾ ਪ੍ਰਸੰਗ ਛੱਡ ਕੇ ਚੌੜਾ ਹੋ ਹੋ ਕੇ ਦੱਸਣ ਲੱਗ ਪਿਆ ਕਿ ਮੈਂ ਕਦੇ ਵੀ ਮਿਲੇ ਸਮੇਂ ਤੋਂ ਉਪਰ ਸਮਾਂ ਨਹੀ ਲਾਇਆ, ਇਸ ਲਈ ਸਾਰੇ ਮੇਰੀ ਸਿਫ਼ਤ ਕਰਦੇ ਨੇ। ਰਹਿੰਦਾ ਪ੍ਰਸੰਗ ਆਪਾਂ, ਜਦੋਂ ਰੱਬ ਵਿਆਹ ਵਾਲੇ ਮੁੰਡੇ ਨੂੰ ਕਾਕਾ ਦੇਵੇਗਾ, ਉਦੋਂ ਸਾਂਝਾ ਕਰਾਂਗੇ। ਪ੍ਰਸੰਗ ਪੂਰਾ ਕਰਨ ਲਈ ਦੋ ਘੰਟੇ ਹੋਰ ਚਾਹੀਦੇ ਨੇ ।
ਗਿਆਨ ਸਿੰਘ ਕਹਿੰਦਾ , ਜਾਗਰ ਸਿਆ,,, ਇਹ ਧਰਮ ਦੇ ਪ੍ਰਚਾਰਕ ਨਹੀ, ਏ ਤਾਂ ਮੌਡਰਨ ਭੰਡ ਨੇ ।
ਜਾਗਰ ਸਿਓ ਕਹਿੰਦਾ,, ਬਾਬਾ ਓਹ ਕਿਵੇਂ ??
ਗਿਆਨ ਸਿੰਘ ਕਹਿੰਦਾ,,, ਥੋਡ਼ਾ ਕੁ ਸਮਾਂ ਪਹਿਲਾਂ ਹੀ ਵਿਆਹ ਸ਼ਾਦੀਆਂ ਤੇ ਭੰਡ ਜਰੂਰ ਆਉਂਦੇ ਸੀ, ਜਾਂ ਰੌਣਕ ਤੇ ਟਾਈਮ ਪਾਸ ਕਰਨ ਲਈ ਬੁਲਾਏ ਜਾਂਦੇ ਸੀ। ਉਹ ਆਣ ਕੇ ਨਾਲੇ ਗੀਤ ਗਾਉਂਦੇ ਤੇ ਨਾਲੇ ਚੁਟਕਲੇ ਸੁਣਾਉਂਦੇ, ਲੋਕ ਤੇ ਰਿਸਤੇਦਾਰ ਖੁਸ਼ ਹੋ ਕੇ ਪੈਸੇ ਦਿੰਦੇ। ਜਦੋਂ ਕੋਈ ਉਹਨਾਂ ਨੂੰ ਪੈਸਾ ਦਿੰਦਾ, ਉਹ ਗੀਤ ਜਾਂ ਚੁਟਕਲਾ ਵਿੱਚੇ ਛੱਡ ਕੇ ਪੈਸੇ ਦੇਣ ਵਾਲੇ ਦੀਆਂ ਸਿਫਤਾਂ ਦੇ ਪੁਲ ਬੰਨਣੇ ਸ਼ੁਰੂ ਕਰ ਦਿੰਦੇ। ਮਾਮਿਆਂ ਚਾਚਿਆਂ ਤਾਇਆ ਮਾਸੜਾਂ ਫੁਫੜਾਂ ਤੇ ਹੋਰ ਖਾਸ ਰਿਸਤੇਦਾਰਾਂ ਦੀ ਰੱਜ ਕੇ ਤਾਰੀਫ਼ ਕਰਦੇ, ਤਾ ਕਿ ਉਹ ਖੁਸ਼ ਹੋ ਕੇ ਵੱਧ ਤੋਂ ਵੱਧ ਪੈਸੇ ਦੇਣ। ਕੀ ਅੱਜ ਦੇ ਜਿਆਦਾਤਰ ਢਾਡੀ ਕਵੀਸ਼ਰ ( ਵਿਰਲੇ ਵਾਂਝੇ ਰਾਗੀ ਤੇ ਕਥਾਵਾਚਕ ਵੀ) ਧਰਮ ਪ੍ਰਚਾਰ ਲਈ ਮਿਲੇ ਹੋਏ ਸਮੇਂ ਨੂੰ ਪੈਸੇ ਦੇਣ ਵਾਲਿਆਂ ਤੇ ਪ੍ਰੋਗਰਾਮ ਤੇ ਬੁਲਾਉਂਣ ਵਾਲਿਆਂ ਦੀਆਂ ਤਰੀਫਾਂ ਵਿੱਚ ਬਰਬਾਦ ਨਹੀ ਕਰਦੇ ? ਸਮੇਂ ਦੇ ਬਦਲਣ ਨਾਲ ਪਹਿਰਾਵਾ ਤੇ ਬੋਲਣ ਦਾ ਵਿਸ਼ਾ ਹੀ ਬਦਲਿਆ ਏ, ਬਾਕੀ ਤਾਂ ਸਾਰਾ ਕੁੱਝ ਓਹੋ ਹੀ ਆ। ਜਾਗਰ ਸਿਆ ਦੱਸ ਫਿਰ ਏ ਕੌਣ ਹੋਏ ?
ਜਾਗਰ ਸਿਓ ਕਹਿੰਦਾ,, ਮੌਡਰਨ ਭੰਡ । ਜਾਗਰ ਸਿਓ ਫਿਰ ਕਹਿੰਦਾ, ਬਾਬਾ ਕੀ ਸਾਰੇ ਢਾਡੀ ਕਵੀਸ਼ਰ ਏਦਾਂ ਹੀ ਕਰਦੇ ਨੇ ?
ਬਾਬਾ ਗਿਆਨ ਸਿੰਘ ਕਹਿੰਦਾ ,, ਨਹੀ ਜਾਗਰ ਸਿਆ ਸਾਰੇ ਇੱਕੋ ਜਿਹੇ ਨਹੀ ਹੁੰਦੇ, ਆਹ ਆਪਣੇ ਪਿੰਡ ਵਾਲੇ ਢਾਡੀ ਨੂੰ ਤੇ ਕਈ ਹੋਰ ਵਿਦਵਾਨ ਢਾਡੀਆਂ ਨੂੰ ਸੁਣਿਆ ਮੈਂ, ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਲੋਕਾਂ ਨੂੰ ਵੱਧ ਤੋਂ ਵੱਧ ਗੁਰਬਾਣੀ ਤੇ ਇਤਿਹਾਸ ਤੋਂ ਜਾਣੂੰ ਕਰਵਾਕੇ, ਲੋਕਾਂ ਅੰਦਰ ਧਰਮ ਪ੍ਰਤੀ ਪਿਆਰ ਤੇ ਸਤਿਕਾਰ ਭਰੀਏ, ਲੋਕਾਂ ਨੂੰ ਵਹਿਮਾਂ ਭਰਮਾਂ ਵਿਚੋਂ ਕੱਢ ਕੇ ਸੱਚ ਜੋੜੀਏ । ਓਹੁ ਭੰਡਾ ਵਾਂਗ ਵੇਲਾ ਨਹੀ ਕਰਦੇ, ਅਖੀਰ ਤੇ ਇਹੋ ਕਹਿੰਦੇ ਨੇ, ਜਿੰਨਾਂ ਭੈਣਾਂ ਭਰਾਵਾਂ ਨੇ ਇਤਿਹਾਸ ਦੇ ਮਾਣ ਸਤਿਕਾਰ ਵਜੋਂ ਬਹੁਤ ਸਾਰੀ ਮਾਇਆ ਭੇਟ ਕੀਤੀ ਏ, ਉਹਨਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਹੈ ।
ਹਰਪਾਲ ਸਿੰਘ ਫਿਰੋਜ਼ਪੁਰੀਆ
ਹਰਪਾਲ ਸਿੰਘ ਫਿਰੋਜ਼ਪੁਰੀਆ
< = ਮੌਡਰਨ ਭੰਡ = >
Page Visitors: 2635