ਕੈਟੇਗਰੀ

ਤੁਹਾਡੀ ਰਾਇ



ਕਿਰਪਾਲ ਸਿੰਘ ਬਠਿੰਡਾ
ਧੁਮੱਕੜਸ਼ਾਹੀ ਕੈਲੰਡਰ ਪਿੰਡਾਂ ਦੇ ਗੁਰਦੁਆਰਿਆਂ
ਧੁਮੱਕੜਸ਼ਾਹੀ ਕੈਲੰਡਰ ਪਿੰਡਾਂ ਦੇ ਗੁਰਦੁਆਰਿਆਂ
Page Visitors: 2906

        ਧੁਮੱਕੜਸ਼ਾਹੀ ਕੈਲੰਡਰ ਪਿੰਡਾਂ ਦੇ ਗੁਰਦੁਆਰਿਆਂ ਤੇ ਸਾਧਾਂ ਦੇ ਡੇਰਿਆਂ
                ਵਿੱਚ ਡਾਲੀ ਰਾਹੀਂ ਗਜਾ ਕਰਕੇ ਲਿਆਂਦੀ ਗਈ ਦਾਲ ਵਰਗਾ  ,
ਧੁਮੱਕੜਸ਼ਾਹੀ ਕੈਲੰਡਰ ਨੂੰ ਗਹੁ ਨਾਲ ਵਾਚਿਆਂ ਮੈਨੂੰ ਇਹ ਪਿੰਡਾਂ ਦੇ ਗੁਰਦੁਆਰਿਆਂ ਤੇ ਸਾਧਾਂ ਦੇ ਡੇਰਿਆਂ ਵਿੱਚ ਗਜਾ ਕਰਕੇ ਲਿਆਂਦੀ ਗਈ ਦਾਲ ਵਰਗਾ ਲੱਗਿਆ।
ਤੁਸੀਂ ਪੁੱਛੋਗੇ ਕਿ ਗਜਾ ਕਰਕੇ ਲਿਆਂਦੀ ਗਈ ਦਾਲ ਦਾ ਕੈਲੰਡਰ ਨਾਲ ਕੀ ਸਬੰਧ ?  ਪੰਜਾਬ ਦੇ ਪਿੰਡਾਂ ਵਿੱਚ ਰਹਿਣ ਵਾਲੇ ਸਾਰੇ ਹੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਡਾਲੀ ਵਾਲਾ ਦੋਵਾਂ ਹੱਥਾਂ ਵਿੱਚ ਬਾਲਟੀਆਂ ਫੜ ਕੇ ਤੇ ਗਲ ਵਿੱਚ ਬਗਲੀ ਲਮਕਾ ਕੇ ਘਰ-ਘਰ 'ਚ ਗਜਾ ਕਰਨ ਲਈ ਜਾਂਦਾ ਹੈ। ਹਰ ਘਰ ਵਿੱਚੋਂ ਇੱਕ ਇੱਕ ਪ੍ਰਸ਼ਾਦਾ ਫੜ ਕੇ ਬਗਲੀ ਵਿੱਚ ਰੱਖ ਲੈਂਦਾ ਹੈ, ਦੁੱਧ ਦਾ ਇਕ ਗਲਾਸ ਇੱਕ ਬਾਲਟੀ ਵਿੱਚ ਅਤੇ ਦਾਲ ਦੀ ਇੱਕ ਕੜਛੀ ਦੂਜੀ ਬਾਲਟੀ ਵਿੱਚ ਪਵਾ ਲੈਂਦਾ ਹੈ। ਕਿਸੇ ਘਰ ਵਿੱਚ ਕੋਈ ਸਬਜੀ, ਕਿਸੇ 'ਚ ਕੋਈ ਦਾਲ, ਕਿਸੇ ਘਰ ਵਿੱਚ ਕੜ੍ਹੀ ਤੇ ਕਿਸੇ 'ਚ ਸਾਗ ਬਣਿਆ ਹੁੰਦਾ ਹੈ। ਡਾਲੀ ਵਾਲਾ ਵੀਚਾਰਾ ਇੰਨੇ ਭਾਂਡੇ ਤਾਂ ਚੁੱਕ ਨਹੀਂ ਸਕਦਾ ਇਸ ਲਈ ਸਭ ਨੂੰ ਇੱਕੇ ਬਾਲਟੀ ਵਿੱਚ ਪਵਾਈ ਜਾਂਦਾ ਹੈ।
ਬਿਲਕੁਲ ਇਸੇ ਤਰ੍ਹਾਂ ਭਾਰਤ ਵਿੱਚ ਗੁਰੂਕਾਲ ਤੋਂ ਲੈ ਕੇ ਹੁਣ ਤੱਕ ਕਈ ਤਰ੍ਹਾਂ ਦੇ ਕੈਲੰਡਰ ਪ੍ਰਚਲਤ ਹਨ ਜਿਵੇਂ ਕਿ ਸੂਰਜੀ ਬਿਕ੍ਰਮੀ ਕੈਲੰਡਰ (ਸਾਲ ਦੀ ਲੰਬਾਈ 365.2587 ਦਿਨ), ਚੰਦਰ ਬਿਕ੍ਰਮੀ ਕੈਲੰਡਰ (ਸਾਲ ਦੀ ਲੰਬਾਈ 354.37 ਦਿਨ), ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ (ਸਾਲ ਦੀ ਲੰਬਾਈ 365.2587 ਦਿਨ), ਜੂਲੀਅਨ ਕੈਲੰਡਰ (ਸਾਲ ਦੀ ਲੰਬਾਈ 365.25 ਦਿਨ), ਗਰੈਗੋਰੀਅਨ ਕੈਲੰਡਰ ਜਿਸ ਨੂੰ ਕਾਮਨ ਏਰਾ ਭਾਵ ਸਾਂਝਾ ਕੈਲੰਡਰ ਜਾਂ ਈਸਵੀ ਕੈਲੰਡਰ ਵੀ ਕਿਹਾ ਜਾਂਦਾ ਹੈ ਤੇ ਅੱਜ ਕੱਲ ਦੁਨੀਆਂ ਦੇ ਹਰ ਹਿੱਸੇ ਵਿੱਚ ਪ੍ਰਚੱਲਤ ਹੈ (ਸਾਲ ਦੀ ਲੰਬਾਈ 365.2425 ਦਿਨ) ਅਤੇ 2003 ਵਿੱਚ ਲਾਗੂ ਹੋਇਆ ਨਾਨਕਸ਼ਾਹੀ ਕੈਲੰਡਰ (ਸਾਲ ਦੀ ਲੰਬਾਈ 365.2425 ਦਿਨ)।
ਇਸ ਤਰ੍ਹਾਂ ਨਾਨਕਸ਼ਾਹੀ ਕੈਲੰਡਰ ਦੇ ਸਾਲ ਦੀ ਲੰਬਾਈ ਜਿੱਥੇ ਦੁਨੀਆਂ ਭਰ ਵਿੱਚ ਪ੍ਰਚੱਲਤ ਸਾਂਝੇ ਸਾਲ ਦੀ ਲੰਬਾਈ 365.2425 ਦਿਨ ਦੇ ਬਿਲਕੁਲ ਬਰਾਬਰ ਹੈ, ਜਿਸ ਕਾਰਣ ਇੱਕ ਵਾਰ ਨਿਸਚਤ ਕੀਤੀਆਂ ਤਰੀਖਾਂ ਰਹਿੰਦੀ ਦੁਨੀਆਂ ਤੱਕ ਹੀ ਪੱਕੀਆਂ ਉਨ੍ਹਾਂ ਹੀ ਤਰੀਖਾਂ ਨੂੰ ਰਹਿਣਗੀਆਂ, ਉਥੇ ਇਸ ਦੀ ਲੰਬਾਈ ਮੌਸਮੀ ਸਾਲ ਦੀ ਲੰਬਾਈ (365.242196 ਦਿਨ) ਦੇ ਬਹੁਤ ਹੀ ਨੇੜੇ ਹੈ, ਜਿਸ ਕਾਰਣ ਮੌਸਮੀ ਸਾਲ ਤੋਂ ਇਹ ਲਗਪਗ 3300 ਸਾਲ ਪਿਛੋਂ ਇਕ ਦਿਨ ਅੱਗੇ ਹੋਵੇਗਾ।
ਜਦੋਂ ਕਿ ਸੂਰਜੀ ਬਿਕ੍ਰਮੀ ਕੈਲੰਡਰ ਜਿਹੜਾ ਗੁਰੂ ਕਾਲ ਵੇਲੇ ਪ੍ਰਚੱਲਤ ਸੀ, ਉਸ ਕੈਲੰਡਰ ਦੇ ਸਾਲ ਦੀ ਲੰਬਾਈ 365.25875 ਦਿਨ ਸੀ। ਇਸ ਨੂੰ ਸੂਰਜੀ ਸਿਧਾˆਤ ਕਿਹਾ ਜਾˆਦਾ ਸੀ, ਦੀ ਲੰਬਾਈ ਮੌਸਮੀ ਸਾਲ ਦੀ ਲੰਬਾਈ (365.242196 ਦਿਨ) ਤੋਂ ਲਗਪਗ 24 ਮਿੰਟ ਵੱਧ ਹੋਣ ਕਾਰਨ ਇਹ 60 ਸਾਲ ਪਿਛੋਂ ਇਕ ਦਿਨ ਅੱਗੇ ਹੋ ਜਾˆਦਾ ਸੀ। ਪਰ ਨਵੰਬਰ 1964 ’ਚ ਅੰਮ੍ਰਿਤਸਰ ਵਿਖੇ ਹਿੰਦੂ ਪੰਡਿਤ ਵਿਦਵਾਨਾˆ ਦੀ ਇਕੱਤਰਤਾ ’ਚ ਇਸ ਕੈਲੰਡਰ ’ਚ ਸੋਧ ਕੀਤੀ ਗਈ। ਸਾਲ ਦੀ ਲੰਬਾਈ 365.25875 ਦਿਨ ਤੋਂ ਘਟਾ ਕੇ 365.25636 ਦਿਨ ਕਰ ਦਿੱਤੀ ਗਈ।                
 ਹੁਣ ਇਸ ਨੂੰ ਦ੍ਰਿਕ ਗਣਿਤ ਸਿਧਾˆਤ ਕਿਹਾ ਜਾˆਦਾ ਹੈ। ਇਹ ਲੰਬਾਈ ਵੀ ਮੌਸਮੀ ਸਾਲ ਤੋਂ ਲਗਪਗ 20 ਮਿੰਟ ਵੱਧ ਹੈ। ਹੁਣ ਇਹ  72 ਸਾਲ ਪਿਛੋਂ ਮੌਸਮੀ ਸਾਲ ਤੋਂ ਇਕ ਦਿਨ ਅੱਗੇ ਹੋ ਜਾˆਦਾ ਹੈ। ਇਸ ਸਾਲ ਦੇ ਮਹੀਨੇ ਦਾ ਅਰੰਭ ਸੰਗਰਾˆਦ ਵਾਲੇ ਦਿਨ, ਭਾਵ ਉਸ ਦਿਨ ਹੁੰਦਾ ਹੈ ਜਦੋਂ ਸੂਰਜ ਇਕ ਰਾਸ਼ੀ ਤੋਂ ਦੂਜੀ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ। ਸੂਰਜ ਦਾ ਰਾਸ਼ੀ ਪ੍ਰਵੇਸ਼ ਹਰ ਸਾਲ ਬਦਲਾ ਰਹਿੰਦਾ ਹੈ ਜਿਸ ਕਾਰਨ ਇਸ ਕੈਲੰਡਰ ਦੀਆ ਸੰਗਰਾਦਾˆ ਵੀ ਹਰ ਸਾਲ ਬਦਲਦੀਆˆ ਰਹਿੰਦੀਆˆ ਹਨ। ਸੂਰਜੀ ਬਿਕ੍ਰਮੀ ਕੈਲੰਡਰ ਮੁਤਾਬਕ ਦਿਨ ਦਾ ਅਰੰਭ ਸਵੇਰੇ ਸੂਰਜ ਚੜ੍ਹਨ ਵੇਲੇ ਹੁੰਦਾ ਹੈ। ਨਾਨਕਸ਼ਾਹੀ ਕੈਲੰਡਰ ਦੇ ਮਹੀਨੇ ਦੇ ਅਰੰਭ ਦੀਆਂ ਤਾਰੀਖਾˆ ਸਦਾ ਵਾਸਤੇ ਹੀ ਪੱਕੀਆˆ ਹਨ ਜਿਨ੍ਹਾˆ ਦਾ ਸੂਰਜ ਦੇ ਰਾਸ਼ੀ ਪ੍ਰਵੇਸ਼ ਨਾਲ ਕੋਈ ਸਬੰਧ ਨਹੀˆ ਹੈ। ਜਿਵੇਂ ਚੇਤ 14 ਮਾਰਚ, ਵੈਸਾਖ 14 ਅਪ੍ਰੈਲ, ਜੇਠ 15 ਮਈ, ਹਾੜ 15 ਜੂਨ, ਸਾਵਣ 16 ਜੁਲਾਈ, ਭਾਦੋਂ 16 ਅਗਸਤ, ਅੱਸੂ 15 ਸਤੰਬਰ, ਕੱਤਕ 15 ਅਕਤੂਬਰ, ਮੱਘਰ 14 ਨਵੰਬਰ, ਪੋਹ 14 ਦਸੰਬਰ, ਮਾਘ 13 ਜਨਵਰੀ ਅਤੇ ਫੱਗਣ 12 ਫਰਵਰੀ। ਨਾਨਕ ਸ਼ਾਹੀ ਕੈਲੰਡਰ ਦੇ ਦਿਨ ਦਾ ਅਰੰਭ ਰਾਤ 12 ਵਜੇ ਤੋਂ ਹੁੰਦਾ ਹੈ ਜਦੋਂ ਕਿ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਅਤੇ ਸੂਰਜੀ ਬਿਕ੍ਰਮੀ ਕੈਲੰਡਰ ਮੁਤਾਬਕ ਦਿਨ ਦਾ ਅਰੰਭ ਸੂਰਜ ਦੇ ਚੜ੍ਹਨ ਵੇਲੇ ਹੁੰਦਾ ਹੈ ਭਾਵ ਹਰ ਦਿਨ ਦਾ ਅਰੰਭ, ਹਰ ਰੋਜ ਵੱਖ-ਵੱਖ ਅਸਥਾਨਾˆ ਤੇ ਵੱਖ-ਵੱਖ ਸਮੇਂ ਹੁੰਦਾ ਹੈ।
ਨਾਨਕਸ਼ਾਹੀ ਕੈਲੰਡਰ, ਕਨੇਡਾ ਨਿਵਾਸੀ ਸਿੱਖ ਵਿਦਵਾਨ ਸ. ਪਾਲ ਸਿੰਘ ਪੁਰੇਵਾਲ ਜੀ ਨੇ ਬਹੁਤ ਹੀ ਮਿਹਨਤ ਨਾਲ ਬਣਾਇਆ ਸੀ ਅਤੇ ਲਗਪਗ 10 ਸਾਲ ਦੀ ਸੋਚ ਵਿਚਾਰ ਤੋਂ ਪਿਛੋਂ ਸ਼੍ਰੋਮਣੀ ਕਮੇਟੀ ਨੇ 2003 ’ਚ ਇਹ ਕੈਲੰਡਰ ਲਾਗੂ ਕੀਤਾ ਗਿਆ ਸੀ। ਦੇਸ਼-ਵਿਦੇਸ਼ ਦੀਆˆ ਸੰਗਤਾˆ ਨੇ ਇਸ ਨੂੰ ਖੁਸ਼ੀ–ਖੁਸ਼ੀ ਪ੍ਰਵਾਨ ਕਰ ਲਿਆ ਸੀ। ਪਰ ਕਿਉਂਕਿ ਇਹ ਕੈਲੰਡਰ ਹਿੰਦੂ ਪੰਡਿਤਾਂ ਦੇ ਬਿਕ੍ਰਮੀ ਕੈਲੰਡਰ ਤੋਂ ਬਿਲਕੁਲ ਵੱਖਰਾ ਹੋਣ ਕਰਕੇ ਸਿੱਖ ਕੌਮ ਨੂੰ ਹਿੰਦੂ ਕੌਮ ਨਾਲੋਂ ਵੱਖਰੀ ਤੇ ਅਜਾਦ ਹਸਤੀ ਸਿੱਧ ਕਰਦਾ ਸੀ ਇਸ ਲਈ ਇਹ ਕੈਲੰਡਰ ਆਰਐੱਸਐੱਸ ਨੂੰ ਪਹਿਲੇ ਹੀ ਦਿਨ ਤੋਂ ਅੱਖ ’ਚ ਕਣ ਵਾਂਗ ਰੜਕ ਰਿਹਾ ਸੀ ਤੇ ਇਸ ਨੂੰ ਖਤਮ ਕਰਨ ਦੇ ਮਨਸੂਬੇ ਘੜੇ ਜਾ ਰਹੇ ਸਨ।
 ਅਖੀਰ ਆਪਣੇ ਏਜੰਟ ਸੰਤ ਸਮਾਜ ਤੇ ਦਾਸਾਂ ਦੇ ਦਾਸ ਪ੍ਰਕਾਸ਼ ਸਿੰਘ ਬਾਦਲ ਦਾ ਗੱਠਜੋੜ ਕਰਵਾ ਕੇ ਇਸ ਨੂੰ ਖਤਮ ਕਰਨ ਦਾ ਮੁੱਢ ਬੰਨ੍ਹ ਦਿੱਤਾ। ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾਉਣ ਲਈ ਧੁੰਮਾ ਤੇ ਮੱਕੜ ਦੀ ਦੋ ਮੈਂਬਰੀ ਕਮੇਟੀ ਬਣਾ  ਲਈ ਗਈ। ਇਨ੍ਹਾਂ ਵੀਚਾਰਿਆਂ ਨੂੰ ਕੈਲੰਡਰ ਵਿਗਿਆਨ ਦੀ ਤਾਂ ਕੋਈ ਸਮਝ ਹੀ ਨਹੀਂ ਤੇ ਨਾ ਹੀ ਇਹ ਸੋਝੀ ਹੈ ਕਿ ਵੱਖ ਵੱਖ ਕੈਲੰਡਰਾਂ ਦੇ ਸਾਲ ਦੀ ਲੰਬਾਈ ਵੱਖ ਵੱਖ ਕਿਉਂ ਹੋ ਜਾਂਦੀ ਹੈ! ਇਨ੍ਹਾਂ ਦੇ ਗਿਆਨ ਦਾ ਪੱਧਰ ਤਾਂ ਡਾਲੀ ਕਰਨ ਵਾਲਿਆਂ ਦੇ ਪੱਧਰ ਦਾ ਹੀ ਕਿਉਂਕਿ ਇਹ ਵੀਚਾਰੇ ਵੀ ਤਾਂ ਡੇਰਿਆਂ ਤੇ ਗੁਰਦੁਆਰਿਆਂ ਵਿੱਚ ਡਾਲੀ ਦੀ ਸੇਵਾ ਕਰਦੇ ਕਰਦੇ ਹੀ ਸੇਵਾ ਦਾ ਫ਼ਲ ਪ੍ਰਾਪਤ ਕਰਕੇ ਇਸ ਮੁਕਾਮ ’ਤੇ ਪਹੁੰਚੇ ਹਨ। ਇਸ ਲਈ ਬਹੁਤ ਮਗਜ਼ ਖਪਾਈ ਕਰਨ ਦੀ ਥਾਂ ਇਨ੍ਹਾਂ ਨੇ ਕੈਲੰਡਰ ਸੋਧਣ ਲਈ ਡਾਲੀ ਵਾਲੀ ਬਾਲਟੀ ਫੜ ਲਈ ਤੇ ਸਾਰੇ ਕੈਲੰਡਰਾਂ ਵਿੱਚੋਂ ਥੋਹੜਾ ਥੋਹੜਾ ਇਕੱਠਾ ਕਰਕੇ ਉਸ ਵਿੱਚ ਪਾਉਂਦੇ ਗਏ ਤੇ ਅਖੀਰ ਤਿਆਰ ਹੋ ਗਿਆ ਧੁਮੱਕੜਸ਼ਾਹੀ ਕੈਲੰਡਰ ਜਿਸ ਨੂੰ ਨਾਨਕਸ਼ਾਹੀ ਕੈਲੰਡਰ ਦੇ ਕਪੜੇ ਪਵਾ ਕੇ ਸਿੱਖ ਕੌਮ ਨਾਲ ਧੋਖਾ ਕਰਨ ਲਈ ਕਹਿਣ ਲੱਗ ਪਏ ਕਿ ਇਹ ਸੋਧਿਆ ਹੋਇਆ ਨਾਨਕਸ਼ਾਹੀ ਕੈਲੰਡਰ ਹੈ ਤੇ ਜਿਹੜਾ ਇਸ ਨੂੰ ਨਹੀਂ ਮੰਨੇਗਾ ਉਹ ਪੰਥ ਦੋਖੀ ਹੋਵੇਗਾ।  
        ਧੁਮੱਕੜਸ਼ਾਹੀ  ਕੈਲੰਡਰ 545 ’ਚ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਤਾਂ ਚੰਦਰ-ਸੂਰਜੀ ਮੁਤਾਬਕ ਹੈ ਪਰ ਜੋਤੀ ਜੋਤ ਦਿਹਾੜਾ 8 ਅੱਸੂ ਸੂਰਜੀ ਬਿਕ੍ਰਮੀ ਮੁਤਾਬਕ ਹੈ। 8 ਅੱਸੂ/22 ਸਤੰਬਰ ਤਾˆ ਨਾਨਕਸ਼ਾਹੀ ਵਾਲੀ ਹੈ ਪਰ ਮਹੀਨੇ ਦਾ ਅਰੰਭ (ਸੰਗਰਾਦ) ਸੂਰਜੀ ਬਿਕ੍ਰਮੀ ਦ੍ਰਿਕਗਿਣਤ ਮੁਤਾਬਕ ਹੋਣ ਕਰਕੇ ਇਸ ਸਾਲ ਇਹ ਦਿਹਾੜਾ 22 ਸਤੰਬਰ /7 ਅੱਸੂ ਨੂੰ ਆਵੇਗਾ ਅਤੇ ਅਗਲੇ ਸਾਲ 22 ਸਤੰਬਰ 6 ਅੱਸੂ ਨੂੰ ਹੋਵੇਗਾ। ਜਦੋਂ ਕਿ ਇਤਿਹਾਸਿਕ ਤੌਰ ’ਤੇ ਇਹ ਦਿਹਾੜਾ 8 ਅੱਸੂ ਦਾ ਹੈ।
ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਅਤੇ ਗੁਰਗੱਦੀ ਦਿਹਾੜੇ ਦੀ ਤਾਰੀਖ ਨਾਨਕ ਸ਼ਾਹੀ ਵਾਲੀ ਪਰ ਸ਼ਹੀਦੀ ਦਿਹਾੜਾ ਚੰਦਰ-ਸੂਰਜੀ ਬਿਕ੍ਰਮੀ ਮੁਤਾਬਕ। ਗੁਰੂ ਅਰਜਨ ਦੇਵ ਜੀ ਸ਼ਹੀਦੀ ਦਿਹਾੜਾ ਜੇਠ ਸੁਦੀ 4 ਮੁਤਾਬਕ 2013 ਵਿਚ 12 ਜੂਨ, 2014 ਵਿੱਚ 1 ਜੂਨ, 2015 ਵਿੱਚ 22 ਮਈ, ਅਤੇ 2016 ਵਿੱਚ 8 ਜੂਨ, 2017 ਵਿੱਚ 29 ਮਈ ਨੂੰ ਆਵੇਗਾ। ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਦਿਵਸ ਹਰ ਸਾਲ 11 ਜੂਨ ਨੂੰ ਆਵੇਗਾ। 2012 ਵਿੱਚ ਜੇਠ ਸੁਦੀ 4 ਮੁਤਾਬਕ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਤਾˆ 24 ਮਈ ਨੂੰ ਸੀ ਪਰ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਦਿਵਸ 11 ਜੂਨ ਨੂੰ ਮਨਾਇਆ ਗਿਆ ਸੀ ਤਾˆ ਸਵਾਲ ਪੈਦਾ ਹੋਇਆ ਸੀ ਕਿ ਗੁਰੂ ਅਰਜਨ ਦੇਵ ਜੀ 24 ਮਈ ਨੂੰ ਸ਼ਹੀਦ ਹੋ ਗਏ ਸਨ, 11 ਜੂਨ ਨੂੰ ਗੁਰੂ ਹਰਿਗੋਬਿੰਦ ਸਾਹਿਬ ਨੂੰ ਗੁਰਗੱਦੀ ਕਿਸ ਨੇ ਦਿੱਤੀ ਸੀ? ਅਤੇ 24 ਮਈ ਤੋਂ 11 ਜੂਨ ਦੇ ਦਰਮਿਆਨ 18 ਦਿਨ ਲਈ ਗੁਰਗੱਦੀ ’ਤੇ ਕੌਣ ਵਿਰਾਜਮਾਨ ਸੀ? ਇਸ ਸਵਾਲ ਦਾ ਜਵਾਬ ਅੱਜ ਤਾਈਂ ਨਹੀˆ ਆਇਆ। ਅਜੇਹੀ ਸਥਿਤੀ ਹੀ 2014, 15, 16 ਅਤੇ 17 ਵਿੱਚ ਵੀ ਹੋਵੇਗੀ।
 ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਅਤੇ ਜੋਤੀ ਜੋਤ ਦਿਹਾੜਾ ਚੰਦਰ- ਸੂਰਜੀ ਬਿਕ੍ਰਮੀ ਮੁਤਾਬਕ ਅਤੇ ਗੁਰਗੱਦੀ ਦਿਵਸ 11 ਮੱਘਰ/24 ਨਵੰਬਰ, ਇਹ ਤਾਰੀਖ ਨਾਨਕਸ਼ਾਹੀ ਕੈਲੰਡਰ ਦੀ ਹੈ। ਸੰਗਰਾਦ ਸੂਰਜੀ ਬਿਕ੍ਰਮੀ ਦ੍ਰਿਕਗਿਣਤ ਵਾਲੀ ਹੋਣ ਕਰਕੇ ਇਸ ਸਾਲ ਇਹ ਦਿਹਾੜਾ 9 ਮੱਘਰ ਨੂੰ ਆਵੇਗਾ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਸਾਰੇ ਦਿਹਾੜੇ ਇਕ ਕੈਲੰਡਰ ਮੁਤਾਬਕ ਕਿਉਂ ਨਹੀਂ ਮਨਾਏ ਜਾ ਸਕਦੇ ?  8 ਫਰਵਰੀ 2013 ਨੂੰ ਜੋ ਵਿਗਾੜਿਆ ਹੋਇਆ ਕੈਲੰਡਰ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤਾ ਗਿਆ ਹੈ ਇਹ ਚੰਦਰ-ਸੂਰਜੀ ਬਿਕ੍ਰਮੀ, ਦ੍ਰਿਕ ਗਣਿਤ, ਸੂਰਜੀ ਬਿਕ੍ਰਮੀ, ਨਾਨਕਸ਼ਾਹੀ ਅਤੇ ਸੀ: ਈ: ਕੈਲੰਡਰ ਦਾ ਮਿਲਗੋਭਾ ਹੈ। ਇਹ ਹੈ ਭਾਈ ਹਰਨਾਮ ਸਿੰਘ ਧੁੰਮਾ ਅਤੇ ਅਵਤਾਰ ਸਿੰਘ ਮੱਕੜ ਦੀ ਵਿਦਵਤਾ ਦਾ ਇਕ ਨਮੂਨਾ ਭਾਵ ਧੁਮੱਕੜਸ਼ਾਹੀ ਕੈਲੰਡਰ। ਡਾਲੀ ਵਾਲੀ ਦਾਲ ਵੇਖ ਕੇ ਤਾਂ ਬੇਸ਼ੱਕ ਇਹ ਦੋਵੇਂ ਨੱਕ ਚੜ੍ਹਾਉਣ ਲੱਗ ਪਏ ਹਨ ਕਿਉਂਕਿ ਇਨ੍ਹਾਂ ਵਾਸਤੇ ਵਿਸ਼ੇਸ਼ ਤੌਰ ’ਤੇ ਸ਼ਾਹੀ ਪਨੀਰ  ਤੇ ਹੋਰ ਕਈ ਤਰ੍ਹਾਂ ਦੇ ਪਕਵਾਨ ਗੁਰੂ ਕੇ ਲੰਗਰਾਂ ਵਿੱਚੋਂ ਵੱਖਰੇ ਤੌਰ ’ਤੇ ਬਣ ਕੇ ਆਉਣ ਲੱਗ ਪਏ ਹਨ ਪਰ ਪਤਾ ਨਹੀਂ ਨਾਨਕਸ਼ਾਹੀ ਕੈਲੰਡਰ ਦਾ ਹੁਲੀਆ ਡਾਲੀ ਵਾਲੀ ਦਾਲ ਵਰਗਾ ਕਿਉਂ ਬਣਾ ਦਿੱਤਾ ਹੈ ?
ਨਾਨਕਸ਼ਾਹੀ  ਕੈਲੰਡਰ ਦੇ ਵਿਰੋਧੀ ਅਕਸਰ ਹੀ ਇਹ ਦਲੀਲ ਦਿੰਦੇ ਹਨ ਕਿ ਅਸੀˆ ਉਹ ਕੈਲੰਡਰ ਕਿਉਂ ਛੱਡੀਏ, ਜੋ ਗੁਰੂ ਕਾਲ ’ਚ ਲਾਗੂ ਸੀ। ਦੂਸਰੀ ਦਲੀਲ ਸੀ ਕਿ ਪੁਰੇਵਾਲ ਵਾਲੇ ਕੈਲੰਡਰ ਵਿੱਚ ਚਾਰ ਚਾਰ ਗੁਰਪੁਰਬ ਇੱਕੇ ਹੀ ਦਿਨ ਆ ਜਾਂਦੇ ਹਨ ਪਰ ਇਨ੍ਹਾਂ ਦੇ ਕੁਸੋਧੇ ਕੈਲੰਡਰ ਵਿੱਚ ਉਹੀ ਚਾਰ ਚਾਰ ਗੁਰਪੁਰਬ ਇਕੱਠੇ ਆ ਰਹੇ ਹਨ। ਗੁਰੂ ਕਾਲ ’ਚ ਜਿਹੜਾ ਸੂਰਜੀ ਬਿਕ੍ਰਮੀ ਕੈਲੰਡਰ ਲਾਗੂ ਸੀ ਉਸ ਨੂੰ 'ਸੂਰਜੀ ਸਿਧਾˆਤ ਮੁਤਾਬਕ ਬਣਾਇਆ ਜਾˆਦਾ ਸੀ ਜਿਸ ਦੇ ਸਾਲ ਦੀ ਲੰਬਾਈ 365.25875 ਦਿਨ ਸੀ। 8 ਫਰਵਰੀ 2013 ਨੂੰ ਸ਼੍ਰੋਮਣੀ ਕਮੇਟੀ ਵੱਲੋਂ ਜੋ ਸੋਧਿਆ ਹੋਇਆ (ਅਸਲ ’ਚ ਵਿਗਾੜਿਆ ਹੋਇਆ) ਕੈਲੰਡਰ ਜਾਰੀ ਕੀਤਾ ਗਿਆ ਹੈ ਉਹ ਦ੍ਰਿਕਗਿਣਤ ਸਿਧਾˆਤ ਮੁਤਾਬਕ ਹੈ ਜਿਸ ਦੇ ਸਾਲ ਦੀ ਲੰਬਾਈ 365.25636 ਦਿਨ ਹੈ। ਜੇ ਪੁਰਾਤਨ ਰਵਾਇਤ ਹੀ ਰੱਖਣੀ ਹੈ ਤਾˆ ਸੂਰਜ ਸਿਧਾˆਤ ਨੂੰ ਛੱਡ ਕੇ ਦ੍ਰਿਕਗਿਣਤ ਸਿਧਾˆਤ ਕਿਉਂ ਅਪਨਾਇਆ ਗਿਆ ਹੈ? ਗੁਰੂ ਨਾਨਕ ਸਾਹਿਬ ਨੇ ਪੈਦਲ ਸਫਰ ਕਰਕੇ ਹੀ ਸਾਰੀ ਦੁਨੀਆਂ ਵਿੱਚ ਪ੍ਰਚਾਰ ਫੇਰੀਆਂ ਕੀਤੀਆਂ ਤੇ ਦਰਖਤਾਂ ਦੇ ਕੱਚੇ ਫਲ ਖਾ ਕੇ ਗੁਜਾਰਾ ਕਰਦੇ ਰਹੇ, ਜਿੱਥੇ ਰਾਤ ਪੈ ਜਾਂਦੀ ਉਥੇ ਹੀ ਧਰਤੀ ਤੇ ਲੇਟ ਕੇ ਰਾਤ ਲੰਘਾਉਂਦੇ ਰਹੇ ਜਿਸ ਦਾ ਜਿਕਰ ਭਾਈ ਗੁਰਦਾਸ ਜੀ ਨੇ ਇੰਝ ਕੀਤਾ ਹੈ :  
‘ਪਹਿਲਾ ਬਾਬੇ ਪਾਯਾ ਬਖਸੁ ਦਰਿ ਪਿਛੋ ਦੇ ਫਿਰਿ ਘਾਲਿ ਕਮਾਈ।
ਰੇਤੁ ਅਕੁ ਆਹਾਰੁ ਕਰਿ ਰੋੜਾ ਕੀ ਗੁਰ ਕਰੀ ਵਿਛਾਈ।
ਭਾਰੀ ਕਰੀ ਤਪਸਿਆ ਵਡੇ ਭਾਗੁ ਹਰਿ ਸਿਉ ਬਣਿ ਆਈ।
ਬਾਬਾ ਪੈਧਾ ਸਚਖੰਡਿ ਨਉ ਨਿਧਿ ਨਾਮੁ ਗਰੀਬੀ ਪਾਈ।
ਬਾਬਾ ਦੇਖੈ ਧਿਆਨ ਧਰਿ ਜਲਤੀ ਸਭਿ ਪ੍ਰਿਥਵੀ ਦਿਸਿ ਆਈ।
ਬਾਝਹੁ ਗੁਰੂ ਗੁਬਾਰ ਹੈ ਹੈ ਹੈ ਕਰਦੀ ਸੁਣੀ ਲੁਕਾਈ।
ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ।
ਚੜ੍ਹਿਆ ਸੋਧਣਿ ਧਰਤਿ ਲੁਕਾਈ ॥24॥’ (ਵਾਰ 1 ਪਉੜੀ 24)
ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਘੋੜਿਆਂ ਦੀ ਸਵਾਰੀ ਕਰਨੀ ਸ਼ੁਰੂ ਕੀਤੀ ਪਰ ਅੱਜ ਗੁਰੂ ਕੀ ਗੋਲਕ ਵਿੱਚੋਂ ਵਿਦੇਸ਼ੀ ਕੈਮਰੀ ਕਾਰਾਂ ਖ੍ਰੀਦ ਕੇ ਉਸਤੇ ਸਵਾਰੀ ਕਰਦੇ ਹਨ ਤੇ ਤਿੰਨ ਤਿੰਨ ਕਰੋੜ ਦਾ ਪੈਟਰੋਲ ਫੂਕ ਦਿੰਦੇ ਹਨ ਉਸ ਸਮੇਂ
ਇਨ੍ਹਾਂ ਨੂੰ ਕਿਉਂ ਨਹੀਂ ਯਾਦ ਆਉਂਦਾ ਕਿ ਗੁਰੂ ਨਾਕ ਸਾਹਿਬ ਜੀ ਵਾਂਗ ਪੈਦਲ ਚੱਲ ਕੇ ਜਾਂ ਘੋੜ ਸਵਾਰੀ ਰਾਹੀਂ ਪੈਂਡਾ ਤਹਿ ਕਰਕੇ ਹੀ ਪ੍ਰਚਾਰ ਕੀਤਾ ਜਾਵੇ! ਗੁਰੂ ਨਾਨਕ ਸਾਹਿਬ ਜੀ ਰੇਤ ਅੱਕ ਦਾ ਆਹਾਰ ਕਰਦੇ ਰਹੇ ਪਰ ਇਹ ਗੁਰੂ ਕੇ ਲੰਗਰ ਵਿੱਚ ਪੰਕਤ ਵਿੱਚ ਬੈਠ ਕੇ ਲੰਗਰ ਵੀ ਨਹੀਂ ਛਕ ਸਕਦੇ ਤੇ ਇਨ੍ਹਾਂ ਵਾਸਤੇ ਵਿਸ਼ੇਸ਼ ਤੌਰ ’ਤੇ ਵੱਖਰੇ ਸ਼ਾਹੀ ਪਕਵਾਨ ਬਣ ਕੇ ਆਉਂਦੇ ਹਨ ਆਮ ਸੰਗਤ ਨਾਲੋਂ ਵੱਖਰੇ ਵੀਆਈਪੀ ਲੰਗਰ ਚਲਾ ਕੇ ਗੁਰੂ ਸਾਹਿਬ ਜੀ ਦੇ ਲੰਗਰ ਦੀ ਭਾਵਨਾ ਹੀ ਖਤਮ ਕਰ ਰਹੇ ਹਨ। ਗੁਰੂ ਸਾਹਿਬ ਰੋੜਾਂ ਵਾਲੀ ਜ਼ਮੀਨ ’ਤੇ ਸੌਂ ਕੇ ਗੁਜਾਰਾ ਕਰਦੇ ਸਨ ਪਰ ਇਹ ਪੰਜ ਤਾਰਾ ਹੋਟਲਾਂ ਜਾਂ ਹੋਟਲਾਂ ਸਮਾਨ ਬਣਾਏ ਰੈਸਟ ਹਾਊਸਾਂ ਵਿੱਚ ਗੁਰਸ਼ਰਲੇ ਉਡਾਉਂਦੇ ਹਨ। ਕੀ ਇੱਕਲੇ ਸੁਦੀਆਂ ਵਦੀਆਂ ਵਾਲੇ ਉਸ ਦੋਸ਼ਪੂਰਨ ਕੈਲੰਡਰ ਨਾਲ ਜੁੜੇ ਰਹਿਣਾ ਹੀ ਪੁਰਾਤਨ ਵਿਰਸੇ ਨਾਲ ਜੁੜਨਾ ਹੈ? ਜਿਸ ਦੀਆਂ ਤਿਥਾਂ ਦੇ ਵਾਧੇ ਘਾਟੇ ਦੇ ਗੋਰਖਧੰਦੇ ਨੂੰ ਇਹ ਖ਼ੁਦ ਵੀ ਨਹੀਂ ਸਮਝ ਸਕਦੇ ਕਿ ਇੱਕ ਸਾਲ ਵਿੱਚ ਹੀ ਗੁਰਪੁਰਬਾਂ ਵਿੱਚ 18-19 ਦਿਨਾਂ ਦਾ ਅੰਤਰ ਕਿਵੇਂ ਪੈ ਜਾਂਦਾ ਹੈ, ਇੱਕ ਮਹੀਨੇ ਵਿੱਚ ਦੋ ਦੋ ਤਿਥਾਂ ਤੇ ਦੋ ਦੋ ਤਿਥਾਂ ਇਕ ਹੀ ਦਿਨ ਵਿੱਚ ਕਿਵੇਂ ਆ ਜਾਂਦੀਆਂ ਹਨ, ਇੱਕ ਸਾਲ ਵਿੱਚ 13 ਮਹੀਨੇ ਕਿਵੇਂ ਆ ਜਾਂਦੇ ਹਨ ? ਹੈਰਾਨੀ ਹੈ ਕਿ ਜਿਹੜੀਆˆ ਧਿਰਾˆ ਗੁਰੂ ਕਾਲ ’ਚ ਪ੍ਰਚਲਤ ਕੈਲੰਡਰ ਵਿਚ, 1964 ਵਿੱਚ ਹਿੰਦੂ ਵਿਦਵਾਨਾˆ ਵੱਲੋਂ ਕੀਤੀ ਗਈ ਸੋਧ ਨੂੰ ਤਾˆ ਪ੍ਰਵਾਨ ਕਰਦੀਆˆ ਹਨ ਪਰ 2003 ਵਿੱਚ ਸਿੱਖ ਵਿਦਵਾਨਾˆ ਵੱਲੋˆ ਕੀਤੀ ਗਈ ਸੋਧ ਤੇ ਇਤਰਾਜ਼ ਕਰਦੀਆˆ ਹਨ। ਜੇ ਸੂਰਜੀ ਸਿਧਾˆਤ ਨੂੰ ਛੱਡ ਕਿ ਦ੍ਰਿਕ ਗਣਿਤ ਸਿਧਾˆਤ ਅਪਨਾਇਆ ਜਾˆ ਸਕਦਾ ਹੈ ਤਾˆ ਦ੍ਰਿਕ ਗਣਿਤ ਸਿਧਾˆਤ ਦੀ ਥਾˆ ਨਾਨਕਸ਼ਾਹੀ ਸਿਧਾˆਤ ਕਿਉਂ ਨਹੀ? ਕਿੰਨੀ ਹੈਰਾਨੀ ਦੀ ਗੱਲ ਹੈ ਜਿਹੜੀ ਗੱਲ ਰੋਮ ਵਾਸੀਆˆ ਨੂੰ ਸੋਲਵੀˆ ਸਦੀ ’ਚ ਸਮਝ ਆ ਗਈ ਸੀ ਕਿ ਸਾਡੇ ਕੈਲੰਡਰੀ ਸਾਲ ਦੀ ਲੰਬਾਈ (365.250000 ਦਿਨ) ਮੌਸਮੀ ਸਾਲ ਦੀ ਲੰਬਾਈ (365.242196 ਦਿਨ) ਤੋਂ 0.07804 ਦਿਨ ਵੱਧ ਹੈ; ਇਹ ਗੱਲ ਸਿੱਖਾਂ ਨੂੰ ਇੱਕੀਵੀˆ ਸਦੀ ਵਿਚ ਵੀ ਉਨ੍ਹਾਂ ਦੇ ਸਾਲਾਂ ਵਿੱਚ 11 ਦਿਨਾਂ ਤੋਂ 19 ਦਿਨਾਂ ਦੇ ਅੰਤਰ ਦੀ ਸੋਝੀ ਨਹੀਂ ਆ ਰਹੀ? ਕੀ ਐਸਾ ਕਰਕੇ ਇਹ ਸਿੱਖਾਂ ਦੀ ਬੁੱਧੀ ਦਾ ਸਾਰੀ ਦੁਨੀਆਂ ਵਿੱਚ ਜਲੂਸ ਨਹੀਂ ਕੱਢ ਰਹੇ ?
ਕਿਰਪਾਲ ਸਿੰਘ ਬਠਿੰਡਾ 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.