“ਮੇਰੀ ਆਤਮਾ ਮੇਰੇ ਸਰੀਰ ਵਿੱਚ ਹੈ” ਬਾਰੇ ਵਿਚਾਰ:-
“ਮੇਰੀ ਆਤਮਾ ਮੇਰੇ ਸਰੀਰ ਵਿੱਚ ਹੈ”, ਕਹਿਣ ਦੀ ਬਜਾਏ ਇਹ ਕਹਿਣਾ ਜਿਆਦਾ ਉਚਿਤ ਹੋਵੇਗਾ ਕਿ ਮੇਰੀ ਆਤਮਾ ਨੂੰ ਅਰਥਾਤ ਮੈਨੂੰ ਇਹ ਕਾਇਆ ਜਾਂ ਸਰੀਰ, ਭੌਤਿਕ ਸੰਸਾਰ ਵਿੱਚ ਵਿਚਰਨ ਲਈ ਇਕ ਜਰੀਆ ਇਕ ਸਾਧਨ ਮਿਲਿਆ ਹੈ।ਮੇਰੇ ਅੰਦਰ ਆਤਮਾ ਨਹੀਂ ਬਲਕਿ ਮੈਂ ਖੁਦ ਆਤਮਾ ਹਾਂ।ਆਮ ਬੋਲ ਚਾਲ ਵਿੱਚ ਜਿਸ ਨੂੰ ਆਪਾਂ ਆਤਮਾ ਕਹਿੰਦੇ ਹਾਂ, ਗੁਰਬਾਣੀ ਵਿੱਚ ਜਿਆਦਾਤਰ ਇਸ ਦੇ ਲਈ ਸ਼ਬਦ ‘ਆਤਮ’ ਵਰਤਿਆ ਹੈ। ‘ਆਤਮ’ ਦਾ ਅਰਥ ਹੈ ਆਪਣਾ ਆਪ ਜਾਂ ਖੁਦ।ਇਸ ਆਤਮ ਜਾਂ ਆਤਮਾ ਲਈ ਗੁਰਬਾਣੀ ਵਿੱਚ ਹੰਸ ਜਾਂ ਜੀਵ ਸ਼ਬਦ ਵੀ ਵਰਤੇ ਗਏ ਹਨ।ਅਤੇ ਸਰੀਰ ਲਈ ਸਰੀਰ, ਕਾਇਆ ਜਾਂ ਦੇਹ ਸ਼ਬਦ ਵਰਤੇ ਗਏ ਹਨ।ਫੁਰਮਾਨ ਹੈ:
“ਕਾਇਆ ਹੰਸਿ ਸੰਜੋਗੁ ਮੇਲਿ ਮਿਲਾਇਆ ॥
ਤਿਨ ਹੀ ਕੀਆ ਵਿਜੋਗੁ ਜਿਨਿ ਉਪਾਇਆ ॥”
ਸਰੀਰ ਅਤੇ ਆਤਮਾ ਦਾ ਮੇਲ ਹੋਣ ਤੇ ਇਸ ਨੂੰ ਜਨਮ ਲੈਣਾ ਅਤੇ ਇਹਨਾ ਦਾ ਵਿਛੋੜਾ ਹੋਣ ਨੂੰ ਮੌਤ ਕਹਿ ਦਿੰਦੇ ਹਾਂ।(ਜੋ ਕਿ ਅਸਲ ਵਿੱਚ ਮੌਤ ਨਹੀਂ ਮੌਜੂਦਾ ਸਰੀਰ ਨਾਲੋਂ ਜੀਵ ਆਤਮਾ ਦਾ ਵਿਛੋੜਾ ਹੈ।)
ਗੁਰੂ ਸਾਹਿਬ ਨੇ ਸਰੀਰ ਅਤੇ ਆਤਮਾ ਦੇ ਆਪਸੀ ਵਾਰਤਾਲਾਪ ਦੇ ਜ਼ਰੀਏ ਬੜਾ ਸੋਹਣਾ ਨਕਸ਼ਾ ਖਿੱਚ ਕੇ ਸਾਹਮਣੇ ਰੱਖਿਆ ਹੈ:-
ਮਾਰੂ ਸੋਲਹੇ ਮਹਲਾ ੫ ੴ ਸਤਿਗੁਰ ਪ੍ਰਸਾਦਿ ॥
ਸੰਗੀ ਜੋਗੀ ਨਾਰਿ ਲਪਟਾਣੀ ॥ ਉਰਝਿ ਰਹੀ ਰੰਗ ਰਸ ਮਾਣੀ ॥
ਕਿਰਤ ਸੰਜੋਗੀ ਭਏ ਇਕਤ੍ਰਾ ਕਰਤੇ ਭੋਗ ਬਿਲਾਸਾ ਹੇ ॥੧॥
ਜੋ ਪਿਰੁ ਕਰੈ ਸੁ ਧਨ ਤਤੁ ਮਾਨੈ ॥ ਪਿਰੁ ਧਨਹਿ ਸੀਗਾਰਿ ਰਖੈ ਸੰਗਾਨੈ ॥
ਮਿਲਿ ਏਕਤ੍ਰ ਵਸਹਿ ਦਿਨੁ ਰਾਤੀ ਪ੍ਰਿਉ ਦੇ ਧਨਹਿ ਦਿਲਾਸਾ ਹੇ ॥੨॥
ਧਨ ਮਾਗੈ ਪ੍ਰਿਉ ਬਹੁ ਬਿਧਿ ਧਾਵੈ ॥ ਜੋ ਪਾਵੈ ਸੋ ਆਣਿ ਦਿਖਾਵੈ ॥
ਏਕ ਵਸਤੁ ਕਉ ਪਹੁਚਿ ਨ ਸਾਕੈ ਧਨ ਰਹਤੀ ਭੂਖ ਪਿਆਸਾ ਹੇ ॥੩॥
ਧਨ ਕਰੈ ਬਿਨਉ ਦੋਊ ਕਰ ਜੋਰੈ ॥ ਪ੍ਰਿਅ ਪਰਦੇਸਿ ਨ ਜਾਹੁ ਵਸਹੁ ਘਰਿ ਮੋਰੈ ॥
ਐਸਾ ਬਣਜੁ ਕਰਹੁ ਗ੍ਰਿਹ ਭੀਤਰਿ ਜਿਤੁ ਉਤਰੈ ਭੂਖ ਪਿਆਸਾ ਹੇ ॥੪॥
ਸਗਲੇ ਕਰਮ ਧਰਮ ਜੁਗ ਸਾਧਾ ॥ ਬਿਨੁ ਹਰਿ ਰਸ ਸੁਖੁ ਤਿਲੁ ਨਹੀ ਲਾਧਾ ॥
ਭਈ ਕ੍ਰਿਪਾ ਨਾਨਕ ਸਤਸੰਗੇ ਤਉ ਧਨ ਪਿਰ ਅਨੰਦ ਉਲਾਸਾ ਹੇ ॥੫॥
ਧਨ ਅੰਧੀ ਪਿਰੁ ਚਪਲੁ ਸਿਆਨਾ ॥ ਪੰਚ ਤਤੁ ਕਾ ਰਚਨੁ ਰਚਾਨਾ ॥
ਜਿਸੁ ਵਖਰ ਕਉ ਤੁਮ ਆਏ ਹਹੁ ਸੋ ਪਾਇਓ ਸਤਿਗੁਰ ਪਾਸਾ ਹੇ ॥੬॥
ਧਨ ਕਹੈ ਤੂ ਵਸੁ ਮੈ ਨਾਲੇ ॥ ਪ੍ਰਿਅ ਸੁਖਵਾਸੀ ਬਾਲ ਗੁਪਾਲੇ ॥
ਤੁਝੈ ਬਿਨਾ ਹਉ ਕਿਤ ਹੀ ਨ ਲੇਖੈ ਵਚਨੁ ਦੇਹਿ ਛੋਡਿ ਨ ਜਾਸਾ ਹੇ ॥੭॥
ਪਿਰਿ ਕਹਿਆ ਹਉ ਹੁਕਮੀ ਬੰਦਾ ॥ ਓਹੁ ਭਾਰੋ ਠਾਕੁਰੁ ਜਿਸੁ ਕਾਣਿ ਨ ਛੰਦਾ ॥
ਜਿਚਰੁ ਰਾਖੈ ਤਿਚਰੁ ਤੁਮ ਸੰਗਿ ਰਹਣਾ ਜਾ ਸਦੇ ਤ ਊਠਿ ਸਿਧਾਸਾ ਹੇ ॥੮॥
ਜਉ ਪ੍ਰਿਅ ਬਚਨ ਕਹੇ ਧਨ ਸਾਚੇ ॥ ਧਨ ਕਛੂ ਨ ਸਮਝੈ ਚੰਚਲਿ ਕਾਚੇ ॥
ਬਹੁਰਿ ਬਹੁਰਿ ਪਿਰ ਹੀ ਸੰਗੁ ਮਾਗੈ ਓਹੁ ਬਾਤ ਜਾਨੈ ਕਰਿ ਹਾਸਾ ਹੇ ॥੯॥
ਆਈ ਆਗਿਆ ਪਿਰਹੁ ਬੁਲਾਇਆ ॥ ਨਾ ਧਨ ਪੁਛੀ ਨ ਮਤਾ ਪਕਾਇਆ ॥
ਊਠਿ ਸਿਧਾਇਓ ਛੂਟਰਿ ਮਾਟੀ ਦੇਖੁ ਨਾਨਕ ਮਿਥਨ ਮੋਹਾਸਾ ਹੇ ॥੧੦॥ {ਪੰਨਾ 1073}
ਪਦਅਰਥ:- ਧਨ—ਕਾਇਆਂ (-ਇਸਤ੍ਰੀ)। ਪਿਰੁ—ਜੀਵਾਤਮਾ-ਪਤੀ ।
ਅਰਥ:- ਹੇ ਭਾਈ! (ਇਹ ਜੀਵਾਤਮਾ ਅਸਲ ਵਿਚ ਵਿਰਕਤ) ਜੋਗੀ (ਹੈ, ਇਹ ਕਾਇਆਂ-) ਇਸਤ੍ਰੀ ਦਾ ਸਾਥੀ (ਜਦੋਂ ਬਣ ਜਾਂਦਾ ਹੈ, ਤਾਂ ਕਾਇਆਂ-) ਇਸਤ੍ਰੀ (ਇਸ ਨਾਲ) ਲਪਟੀ ਰਹਿੰਦੀ ਹੈ, ਇਸ ਨੂੰ ਆਪਣੇ ਮੋਹ ਵਿਚ ਫਸਾਂਦੀ ਰਹਿੰਦੀ ਹੈ, (ਤੇ ਇਸ ਨਾਲ ਮਾਇਆ ਦੇ) ਰੰਗ ਰਸ ਮਾਣਦੀ ਰਹਿੰਦੀ ਹੈ । ਕੀਤੇ ਕਰਮਾਂ ਦੇ ਸੰਜੋਗਾਂ ਨਾਲ (ਇਹ ਜੀਵਾਤਮਾ ਅਤੇ ਕਾਇਆਂ) ਇਕੱਠੇ ਹੁੰਦੇ ਹਨ, ਤੇ, (ਦੁਨੀਆ ਦੇ) ਭੋਗ ਬਿਲਾਸ ਕਰਦੇ ਰਹਿੰਦੇ ਹਨ ।1।
ਹੇ ਭਾਈ! ਜੋ ਕੁਝ ਜੀਵਾਤਮਾ-ਪਤੀ ਕਾਇਆਂ-ਇਸਤ੍ਰੀ ਨੂੰ ਆਖਦਾ ਹੈ ਉਹ ਤੁਰਤ ਮੰਨਦੀ ਹੈ । ਜੀਵਾਤਮਾ-ਪਤੀ ਕਾਇਆਂ-ਇਸਤ੍ਰੀ ਨੂੰ ਸਜਾ-ਸੰਵਾਰ ਕੇ ਆਪਣੇ ਨਾਲ ਰੱਖਦਾ ਹੈ । ਮਿਲ ਕੇ ਦਿਨ ਰਾਤ ਇਹ ਇਕੱਠੇ ਵੱਸਦੇ ਹਨ । ਜੀਵਾਤਮਾ-ਪਤੀ ਕਾਇਆਂ-ਇਸਤ੍ਰੀ ਨੂੰ (ਕਈ ਤਰ੍ਹਾਂ ਦਾ) ਹੌਸਲਾ ਦੇਂਦਾ ਰਹਿੰਦਾ ਹੈ ।2।
ਹੇ ਭਾਈ! ਕਾਇਆਂ-ਇਸਤ੍ਰੀ (ਭੀ ਜੋ ਕੁਝ) ਮੰਗਦੀ ਹੈ, (ਉਹ ਹਾਸਲ ਕਰਨ ਵਾਸਤੇ) ਜੀਵਾਤਮਾ-ਪਤੀ ਕਈ ਤਰ੍ਹਾਂ ਦੀ ਦੌੜ-ਭੱਜ ਕਰਦਾ ਫਿਰਦਾ ਹੈ । ਜੋ ਕੁਝ ਉਸ ਨੂੰ ਲੱਭਦਾ ਹੈ, ਉਹ ਲਿਆ ਕੇ (ਆਪਣੀ ਕਾਇਆਂ-ਇਸਤ੍ਰੀ ਨੂੰ) ਵਿਖਾ ਦੇਂਦਾ ਹੈ । (ਪਰ ਇਸ ਦੌੜ-ਭੱਜ ਵਿਚ ਇਸ ਨੂੰ) ਨਾਮ-ਪਦਾਰਥ ਨਹੀਂ ਲੱਭ ਸਕਦਾ, (ਨਾਮ-ਪਦਾਰਥ ਤੋਂ ਬਿਨਾ) ਕਾਇਆਂ-ਇਸਤ੍ਰੀ ਦੀ (ਮਾਇਆ ਵਾਲੀ) ਭੁੱਖ ਤ੍ਰੇਹ ਟਿਕੀ ਰਹਿੰਦੀ ਹੈ ।3।
ਹੇ ਭਾਈ! ਕਾਇਆਂ-ਇਸਤ੍ਰੀ ਦੋਵੇਂ ਹੱਥ ਜੋੜਦੀ ਹੈ ਤੇ (ਜੀਵਾਤਮਾ-ਪਤੀ ਅੱਗੇ) ਬੇਨਤੀ ਕਰਦੀ ਰਹਿੰਦੀ ਹੈ—ਹੇ ਪਿਆਰੇ! (ਮੈਨੂੰ ਛੱਡ ਕੇ) ਕਿਸੇ ਹੋਰ ਦੇਸ ਵਿਚ ਨਾਹ ਤੁਰ ਜਾਈਂ, ਮੇਰੇ ਹੀ ਇਸ ਘਰ ਵਿਚ ਟਿਕਿਆ ਰਹੀਂ । ਇਸੇ ਘਰ ਵਿਚ ਕੋਈ ਐਸਾ ਵਣਜ ਕਰਦਾ ਰਹੁ, ਜਿਸ ਨਾਲ ਮੇਰੀ ਭੁੱਖ ਤ੍ਰੇਹ ਮਿਟਦੀ ਰਹੇ (ਮੇਰੀਆਂ ਲੋੜਾਂ ਪੂਰੀਆਂ ਹੁੰਦੀਆਂ ਰਹਿਣ) ।4।
ਪਰ, ਹੇ ਭਾਈ! ਸਦਾ ਤੋਂ ਹੀ ਲੋਕ ਮਿਥੇ ਹੋਏ ਧਾਰਮਿਕ ਕਰਮ ਕਰਦੇ ਆਏ ਹਨ । ਹਰਿ-ਨਾਮ ਦੇ ਸੁਆਦ ਤੋਂ ਬਿਨਾ ਕਿਸੇ ਨੂੰ ਭੀ ਰਤਾ ਭਰ ਸੁਖ ਨਹੀਂ ਲੱਭਾ । ਹੇ ਨਾਨਕ! ਜਦੋਂ ਸਾਧ ਸੰਗਤਿ ਵਿਚ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਤਾਂ ਇਹ ਜੀਵਾਤਮਾ ਤੇ ਕਾਇਆਂ ਮਿਲ ਕੇ (ਨਾਮ ਦੀ ਬਰਕਤਿ ਨਾਲ) ਆਤਮਕ ਆਨੰਦ ਮਾਣਦੇ ਹਨ ।5।
ਹੇ ਭਾਈ! ਮਾਇਆ-ਗ੍ਰਸੀ ਕਾਇਆਂ ਦੀ ਸੰਗਤਿ ਵਿਚ ਜੀਵਾਤਮਾ ਚੰਚਲ ਚਤੁਰ ਹੋ ਕੇ ਦੁਨੀਆ ਦੀ ਖੇਡ ਹੀ ਖੇਡ ਰਿਹਾ ਹੈ । ਹੇ ਭਾਈ! ਜਿਸ (ਨਾਮ-) ਪਦਾਰਥ ਦੀ ਖ਼ਾਤਰ ਤੁਸੀ ਜਗਤ ਵਿਚ ਆਏ ਹੋ, ਉਹ ਪਦਾਰਥ ਗੁਰੂ ਪਾਸੋਂ ਮਿਲਦਾ ਹੈ ।6।
ਹੇ ਭਾਈ! ਕਾਇਆਂ (ਜੀਵਾਤਮਾ ਨੂੰ) ਆਖਦੀ ਰਹਿੰਦੀ ਹੈ—ਹੇ ਪਿਆਰੇ ਤੇ ਸੁਖ-ਰਹਿਣੇ ਲਾਡੁਲੇ ਪਤੀ! ਤੂੰ ਸਦਾ ਮੇਰੇ ਨਾਲ ਵੱਸਦਾ ਰਹੁ । ਤੈਥੋਂ ਬਿਨਾ ਮੇਰਾ ਕੁਝ ਭੀ ਮੁੱਲ ਨਹੀਂ ਹੈ । (ਮੇਰੇ ਨਾਲ) ਇਕਰਾਰ ਕਰ ਕਿ ਮੈਂ ਤੈਨੂੰ ਛੱਡ ਕੇ ਨਹੀਂ ਜਾਵਾਂਗਾ ।7।
ਹੇ ਭਾਈ! (ਜਦੋਂ ਭੀ ਕਾਇਆਂ-ਇਸਤ੍ਰੀ ਨੇ ਇਹ ਤਰਲਾ ਲਿਆ, ਤਦੋਂ ਹੀ) ਜੀਵਾਤਮਾ-ਪਤੀ ਨੇ ਆਖਿਆ—ਮੈਂ ਤਾਂ (ਉਸ ਪਰਮਾਤਮਾ ਦੇ) ਹੁਕਮ ਵਿਚ ਤੁਰਨ ਵਾਲਾ ਗ਼ੁਲਾਮ ਹਾਂ । ਉਹ ਬੜਾ ਵੱਡਾ ਮਾਲਕ ਹੈ, ਉਸ ਨੂੰ ਕਿਸੇ ਦਾ ਡਰ ਨਹੀਂ ਉਸ ਨੂੰ ਕਿਸੇ ਦੀ ਮੁਥਾਜੀ ਨਹੀਂ । ਜਿਤਨਾ ਚਿਰ ਉਹ ਮੈਨੂੰ ਤੇਰੇ ਨਾਲ ਰੱਖੇਗਾ, ਮੈਂ ਉਤਨਾ ਚਿਰ ਰਹਿ ਸਕਦਾ ਹਾਂ । ਜਦੋਂ ਸੱਦੇਗਾ, ਤਦੋਂ ਮੈਂ ਉੱਠ ਕੇ ਤੁਰ ਪਵਾਂਗਾ ।8।
ਹੇ ਭਾਈ! ਜਦੋਂ ਭੀ ਜੀਵਾਤਮਾ ਇਹ ਸੱਚੇ ਬਚਨ ਕਾਇਆਂ-ਇਸਤ੍ਰੀ ਨੂੰ ਆਖਦਾ ਹੈ, ਉਹ ਚੰਚਲ ਤੇ ਅਕਲ ਦੀ ਕੱਚੀ ਕੁਝ ਭੀ ਨਹੀਂ ਸਮਝਦੀ । ਉਹ ਮੁੜ ਮੁੜ ਜੀਵਾਤਮਾ-ਪਤੀ ਦਾ ਸਾਥ ਹੀ ਮੰਗਦੀ ਹੈ, ਤੇ, ਜੀਵਾਤਮਾ ਉਸ ਦੀ ਗੱਲ ਨੂੰ ਮਖ਼ੌਲ ਸਮਝ ਛੱਡਦਾ ਹੈ ।9।
ਹੇ ਭਾਈ! ਜਦੋਂ ਪਤੀ-ਪਰਮਾਤਮਾ ਵਲੋਂ ਹੁਕਮ ਆਉਂਦਾ ਹੈ, ਜਦੋਂ ਉਹ ਸੱਦਾ ਭੇਜਦਾ ਹੈ, ਜੀਵਾਤਮਾ ਨਾਹ ਹੀ ਕਾਇਆਂ-ਇਸਤ੍ਰੀ ਨੂੰ ਪੁੱਛਦਾ ਹੈ, ਨਾਹ ਹੀ ਉਸ ਨਾਲ ਸਲਾਹ ਕਰਦਾ ਹੈ । ਉਹ ਕਾਇਆਂ-ਮਿੱਟੀ ਨੂੰ ਛੁੱਟੜ ਕਰ ਕੇ ਉੱਠ ਕੇ ਤੁਰ ਪੈਂਦਾ ਹੈ । ਹੇ ਨਾਨਕ! ਵੇਖ, ਇਹ ਹੈ ਮੋਹ ਦਾ ਝੂਠਾ ਪਸਾਰਾ ।10।”
ਜਸਬੀਰ ਸਿੰਘ ਵਿਰਦੀ
ਜਸਬੀਰ ਸਿੰਘ ਵਿਰਦੀ
“ਮੇਰੀ ਆਤਮਾ ਮੇਰੇ ਸਰੀਰ ਵਿੱਚ ਹੈ” ਬਾਰੇ ਵਿਚਾਰ:-
Page Visitors: 2864