ਗੁਰਦੁਆਰਾ ਚੌਣਾਂ ਬਨਾਮ ਗੁਰਦੁਆਰਾ ਸੁਧਾਰ
ਕੀ ਬਾਬਾ ਨਾਨਕ ਨੂੰ ਇਹੋ ਜਿਹਾ ਗੁਰਦੁਆਰਾ ਸਿਸਟਮ ਪ੍ਰਵਾਨ ਸੀ?
ਦੂਜਾ ਅਤੇ ਅੰਤਿਮ ਭਾਗ
ਇਸ ਲੇਖ ਲੜੀ ਦੇ ਪਹਿਲੇ ਭਾਗ ਵਿੱਚ ਅਸੀਂ ਤੱਥਾਂ ਅਤੇ ਗੁਰਮੱਤ ਦੀ ਕਸਵੱਟੀ ਦੇ ਆਧਾਰ ਤੇ ਇਹ ਸਪਸ਼ਟ ਕੀਤਾ ਕਿ
1. ਬਾਬਾ ਨਾਨਕ ਜੀ ਦਾ ਮਿਸ਼ਨ ਹਿੰਦੂ, ਇਸਲਾਮ, ਇਸਾਈ ਆਦਿ ਵਾਂਗੂ ਇੱਕ ਸਮਾਨਾਂਤਰ ਹੋਰ ਫਿਰਕਾ ਸਥਪਿਤ ਕਰਨਾ ਨਹੀਂ ਸੀ। ਬਲਕਿ ਉਹ ਫਿਰਕਾਪ੍ਰਸਤੀ ਵਜੋਂ ਸਥਾਪਿਤ ਹੋ ਚੁੱਕੀ ਇਸ ਅਖੌਤੀ ਧਾਰਮਿਕ ਵੰਡ ਨੂੰ ‘ਏਕੁ ਪਿਤਾ ਏਕਸ ਕੇ ਹਮ ਬਾਰਿਕ’ ਰਾਹੀਂ ਰੱਦ ਕਰਦੇ ਹੋਏ ਨਕਾਰਨ ਦਾ ਹੋਕਾ ਦਿੰਦੇ ਸਨ।
2. ਬਾਬਾ ਨਾਨਕ ਜੀ ਦੇ ਪੈਰੋਕਾਰ ਹੋਣ ਦਾ ਦਾਅਵਾ ਕਰਨ ਵਾਲੇ ਸਿੱਖ ਸਮਾਜ ਦਾ ਮੌਜੂਦਾ ਗੁਰਦੁਆਰਾ ਸਿਸਟਮ ‘ਨਾਨਕ ਫਿਲਾਸਫੀ’ ਦੀ ਮੁੱਢਲੇ ਅਸੂਲਾਂ ਤੋਂ ਭਟਕ ਕੇ ਪਹਿਲੇ ਫਿਰਕਿਆਂ ਵਾਂਗ ਇੱਕ ‘ਪੂਜਾ ਸਥਲ’ ਬਣ ਚੁੱਕਿਆ ਹੈ। ਇਸ ਸਿਸਟਮ ਵਿੱਚ ਵਿਗਾੜ ਇਸ ਹੱਦ ਤੱਕ ਆ ਚੁੱਕਾ ਹੈ ਕਿ ਸੁਧਾਰ ਸੰਭਵ ਹੀ ਨਹੀਂ ਹੈ ਅਤੇ ਸੁਧਾਰ ਦੀ ਆਸ ਕਰਨਾ ਆਪਣਾ ਕੀਮਤੀ ਸਮਾਂ, ਸਾਧਨ ਅਤੇ ਸ਼ਕਤੀ ਬਰਬਾਦ ਕਰਨ ਜੈਸੀ ਮੂਰਖਤਾਪੂਰਨ ਸੋਚ ਹੀ ਹੈ।
ਅੱਗੇ ਵੱਧਣ ਤੋਂ ਪਹਿਲਾਂ ਅਸੀਂ ਇੱਕ ਵਾਰ ਇਹ ਦੁਬਾਰਾ ਸਪਸ਼ਟ ਕਰ ਦੇਈਏ ਕਿ ਆਪਣੀ ਇੱਛਾ ਅਤੇ ਸਮਝ ਅਨੁਸਾਰ ਕਿਸੇ ਵੀ ਮੱਤ ਅਤੇ ਪੂਜਾ-ਪੱਧਤੀ ਦੀ ਪਾਲਣਾ ਕਰਨ ਦੇ ਮੁੱਢਲੇ ਮਨੁੱਖੀ ਹੱਕਾਂ ਦੀ ਅਸੀਂ ਪ੍ਰੋੜਤਾ ਕਰਦੇ ਹਾਂ। ਇਸ ਲਈ ਅਸੀਂ ਕਿਸੇ ਵੀ ਹਿੰਦੂ, ਮੁਸਲਮਾਨ, ਈਸਾਈ, ਸਿੱਖ ਆਦਿ ਮੱਤ ਦੇ ਧਾਰਨੀ ਨਾਲ ਨਫਰਤ ਜਾਂ ਨਰਾਜ਼ਗੀ ਨਹੀਂ ਰੱਖਦੇ। ਹਾਂ, ਆਪਣੀ ਸੁਧਾਰਵਾਦੀ ਆਲੋਚਣਾ ਕਰਨ ਦੇ ਮੁੱਢਲੇ ਮਨੁੱਖੀ ਹੱਕ ਰਾਹੀਂ, ਅਸੀਂ ਇਨ੍ਹਾਂ ਸਾਰਿਆਂ ਦੇ ਮੌਜੂਦਾ ਪ੍ਰਚਲਿਤ ਮਾਨਤਾਵਾਂ ਅਤੇ ਪੂਜਾ-ਪੱਧਤੀਆਂ ਨੂੰ, ਸੱਚ ਤੋਂ ਭਟਕੇ ਹੋਣ ਕਾਰਨ, ਸਹੀ ਨਹੀਂ ਮੰਨਦੇ। ਇਨ੍ਹਾਂ ਸਾਰਿਆਂ ਦੇ ਸੱਚ ਤੋਂ ਭਟਕਾਵ ਤੇ ਸਾਨੂੰ ਨਰਾਜ਼ਗੀ ਜਾਂ ਨਫਰਤ ਨਹੀਂ, ਤਰਸ ਅਤੇ ਅਫਸੋਸ ਹੁੰਦਾ ਹੈ। ਹਾਂ, ਸਿੱਖ ਫਿਰਕੇ ਦੇ ਭਟਕਾਵ ਤੇ ਸਾਨੂੰ ਜ਼ਿਆਦਾ ਅਫਸੋਸ ਹੁੰਦਾ ਹੈ ਕਿਉਂਕਿ ਇਸ ਦਾ ਮੁੱਢ ਉਸ ਬਾਬਾ ਨਾਨਕ ਜੀ ਨਾਲ ਜੋੜਿਆ ਜਾਂਦਾ ਹੈ, ਜਿਸ ਨੇ ਸਮਾਜ ਨੂੰ ਇਨ੍ਹਾਂ ਸੌੜੀਆਂ ਵਲਗਣਾਂ ਅਤੇ ਭਟਕਾਵਾਂ ਤੋਂ ਬਾਹਰ ਕੱਡਣ ਲਈ ਇਨਕਲਾਬ ਲਿਆਂਦਾ।
‘ਤੱਤ ਗੁਰਮਤਿ ਪਰਿਵਾਰ’ ਵੀ ਆਪਣੇ ਆਪ ਨੂੰ ਬਾਬਾ ਨਾਨਕ ਦੀ ਇਨਕਲਾਬੀ ਅਤੇ ਸੰਪੂਰਨ ਮਨੁੱਖਤਾਵਾਦੀ ਫਿਲਾਸਫੀ ਦਾ ਪੈਰੋਕਾਰ ਮੰਨਦਾ ਹੈ। ਸਾਡਾ ਨਿਮਾਣਾ ਮਿਸ਼ਨ ਵੀ ਸਿੱਖ ਸਮਾਜ ਜਾਂ ਕੌਮ ਦੇ ਨਾਂ ਹੇਠ, ਪੁਜਾਰੀਵਾਦੀ ਧੂੜ ਹੇਠ ਦਬਾ ਦਿਤੀ ਗਈ ਉਸ ਸੱਚੀ-ਸੁੱਚੀ ਫਿਲਾਸਫੀ ਨੂੰ ਉਸਦੇ ਮੂਲ, ਸਪਸ਼ਟ ਅਤੇ ਖਰੇ ਰੂਪ ਵਿੱਚ ਸਾਹਮਣੇ ਲਿਆਉਣ ਦਾ ਯਤਨ ਕਰਨਾ ਹੈ।
ਇਨਸਾਨੀ ਇਤਿਹਾਸ ਨੂੰ ਘੋਖਿਆਂ ਸਪਸ਼ਟ ਹੋ ਜਾਂਦਾ ਹੈ ਕਿ ਜੋ ਵੀ ਫਿਰਕਾ/ ਮੱਤ/ ਕੌਮ ਇੱਕ ਵਾਰ ਸਥਾਪਿਤ ਹੋ ਗਈ ਉਸ ਨੂੰ ਪੂਰੀ ਤਰਾਂ ਖਤਮ ਨਹੀਂ ਕੀਤਾ ਜਾ ਸਕਿਆ। ਸੋ ਸਾਨੂੰ ਇਹ ਗਿਆਤ ਹੈ ਕਿ ਵਿਸ਼ਵ ਵਿੱਚ ਹਿੰਦੂ, ਸਿੱਖ, ਇਸਲਾਮ, ਈਸਾਈਅਤ ਆਦਿ ਦੇ ਨਾਮ ਹੇਠ ਫੈਲ ਚੁੱਕੀ ਫਿਰਕਾਪ੍ਰਸਤੀ ਸੋਚ ਨੂੰ ਕਦੇਂ ਪੂਰੀ ਤਰਾਂ ਖਤਮ ਨਹੀਂ ਕੀਤਾ ਜਾ ਸਕਦਾ। ਬਾਬਾ ਨਾਨਕ ਜੀ ਵਰਗੇ ਮਹਾਂ-ਇਨਕਲਾਬੀ ਵੀ ਐਸਾ ਨਹੀਂ ਕਰ ਪਾਏ, ਸਾਡੀ ਤਾਂ ਪਾਇਆਂ ਹੀ ਕੀ ਹੈ? ਸਾਡਾ ਤਾਂ ਤੌਖਲਾ ਅਤੇ ਦਰਦ ਸਿਰਫ ਇਤਨਾ ਹੈ ਕਿ ਕਿਧਰੇ ਇਨ੍ਹਾਂ ਫਿਰਕਿਆਂ ਦੇ ਘੁੱਪ ਹਨੇਰੇ ਵਿਚ, ਇਕੋ-ਇਕ ਰੋਸ਼ਨੀ ਦੀ ਕਿਰਨ, ਬਾਬਾ ਨਾਨਕ ਵਲੋਂ ਸਮਝਾਈ ਫਿਲਾਸਫੀ, ਵੀ ਕਿਧਰੇ ਪੂਰੀ ਤਰਾਂ ਅਲੋਪ ਨਾ ਹੋ ਜਾਏ। ਸਾਰੀ ਮਨੁੱਖਤਾ ਸਮੇਤ ਸਾਡੇ ਲਈ ਤਸੱਲੀ ਦੀ ਗੱਲ ਇਹ ਹੈ ਕਿ ਬਾਬਾ ਨਾਨਕ ਦੀ ਮੂਲ ਬਾਣੀ ਦੇ ਰੂਪ ਵਿੱਚ ਕਸਵੱਟੀ ਸਾਡੇ ਕੋਲ ਹੈ। ਇਸ ਲਈ ਸੱਚ ਨੂੰ ਜਾਣਨ ਦਾ ਕੋਈ ਵੀ ਚਾਹਵਾਣ, ਸ਼ਰਧਾ ਅਤੇ ਫਿਰਕਿਆਂ ਦੀ ਵਲੱਗਣ ਤੋਂ ਆਜ਼ਾਦ ਹੋ ਕੇ, ਇਸ ਕਸਵੱਟੀ `ਤੇ, ਕੱਚ ਦਾ ਖਿਲਾਰ ਦੂਰ ਕਰਕੇ, ਸੱਚ ਨੂੰ ਪਛਾਣ ਅਤੇ ਅਪਣਾ ਸਕਦਾ ਹੈ।
ਸਾਡਾ ਇਹ ਤਰਲਾ ਰੂਪ ਹੋਕਾ ਸਿਰਫ ਉਨ੍ਹਾਂ ਸੱਜਣਾਂ ਲਈ ਹੈ, ਜੋ ਮਨੁੱਖਤਾ ਦੇ ਭਲੇ, ਲਈ ਉਸ ਰੋਸ਼ਨੀ ਦੀ ਕਿਰਨ ਨੂੰ ਅਪਣਾ ਕੇ, ਅੱਗੇ ਸੂਰਜ ਦਾ ਤੇਜ ਬਨਾਉਣਾ ਲੋਚਦੇ ਹਨ। ਜਿਹੜੇ ਸੱਜਣ ਇਨ੍ਹਾਂ ਫਿਰਕਿਆਂ ਦੀਆਂ ਵਲਗਣਾਂ ਵਿੱਚ ਮਸਤ ਰਹਿ ਕੇ ‘ਧਰਮੀ’ ਹੋਣ ਦਾ ਭਰਮ ਪਾਲਣ ਵਿੱਚ ਖੁਸ਼ੀ ਮਹਿਸੂਸ ਕਰਦੇ ਹਨ, ਉਨ੍ਹਾਂ ਨੂੰ ਆਪਣੀ ਸੋਚ ਮੁਬਾਰਕ!
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕਿਸੇ ਵੀ ਸੋਚ ਅਤੇ ਲਹਿਰ ਦੇ ਪ੍ਰਚਾਰ-ਪ੍ਰਸਾਰ ਲਈ ਪ੍ਰਚਾਰ ਕੇਂਦਰ ਦਾ ਬਹੁਤ ਵੱਡਾ ਮਹੱਤਵ ਹੈ। ਸੋ ਜਿਥੇ ਬਾਬਾ ਨਾਨਕ ਜੀ ਦੇ ਫਿਲਾਸਫੀ ਦੇ ਸੱਚ ਨੂੰ, ਪ੍ਰਚਲਿਤ ਕੱਚ ਦੇ ਗੁਬਾਰ-ਖਿਲਾਰ ਵਿਚੋਂ, ਪਛਾਨਣ ਲਈ ਸੁਹਿਰਦ ਖੋਜ ਦੀ ਲੋੜ ਹੈ, ਉਥੇ ਹੀ ਉਹ ਸੱਚ ਦੇ ਪ੍ਰਚਾਰ-ਪ੍ਰਸਾਰ ਲਈ ਪ੍ਰਚਾਰ ਕੇਂਦਰ ਵੀ ਜ਼ਰੂਰੀ ਹਨ। ਪਰ ਲੋੜ ਹੈ ਇਹ ਵਿਚਾਰਣ ਦੀ ਕਿ ਪ੍ਰਚਾਰ-ਕੇਂਦਰ ਕਿਸ ਤਰਾਂ ਦੇ ਹੋਣ?
ਨਾਨਕ ਫਿਲਾਸਫੀ ਨੂੰ ਇਸਦੇ ਖਰੇ ਅਤੇ ਸਪਸ਼ਟ ਰੂਪ ਵਿੱਚ ਸਾਹਮਣੇ ਲਿਆਉਣ ਦੇ ਚਾਹਵਾਨ ਸੱਜਣਾਂ ਵਿੱਚ ਹੇਠ ਲਿਖੇ ਕੁੱਝ ਗੁਣ ਜ਼ਰੂਰੀ ਹਨ।
1. ਉਨ੍ਹਾਂ ਵਿੱਚ ਕਿਸੇ ਵੀ ਸਵਾਲ/ਕਿੰਤੂ ਤੇ ਡਰ, ਨਰਾਜ਼ਗੀ ਜਾਂ ਗੁੱਸਾ ਆਦਿ ਨਹੀਂ ਆਉਣਾ ਚਾਹੀਦਾ। ਬਾਬਾ ਨਾਨਕ ਦੇ ਫਿਲਾਸਫੀ ਦੀ ਸ਼ੁਰੂਆਤ ਹੀ ਪ੍ਰਚਲਿਤ ਮਾਨਤਾਵਾਂ ਅਤੇ ਪ੍ਰੰਪਰਾਵਾਂ ਤੇ ਵੱਡੇ ਕਿੰਤੂਆਂ/ਸਵਾਲਾਂ ਨਾਲ ਹੋਈ ਸੀ। ਜਦੋਂ ਕਿ ਸਾਡੀ ਹਾਲਾਤ ਤਾਂ ਇਹ ਹੈ ਕਿ ਆਪਣੇ ਆਪ ਨੂੰ ਵੱਡੇ ਜਾਗਰੂਕ ਅਤੇ ਵਿਦਵਾਨ ਮੰਨਣ ਵਾਲੇ ਸੱਜਣ ਵੀ ‘ਸ਼ਬਦ ਗੁਰੁ ਗ੍ਰੰਥ ਸਾਹਿਬ ਜੀ’ ਦੇ ਮੌਜੂਦਾ ਪ੍ਰਚਲਿਤ ਸਰੂਪ ਨੂੰ ‘ਕਿਤਾਬ’ ਕਹਿਣ ਮਾਤਰ ਤੇ ਹੀ ਫਤਵੇਬਾਜ਼ ਬਣਦੇ ਹੋਏ ਕਲਮ ਨੂੰ ‘ਲੱਠ’ ਬਣਾਉਂਦੇ ਹੋਏ, ਨਾਸਤਿਕ-ਕਾਮਰੇਡ ਦੇ ਫੁੰਕਾਰੇ ਮਾਰਣ ਲਗ ਪੈਂਦੇ ਹਨ। ਉਹ ਆਪ ਭਾਈ ਗੁਰਦਾਸ ਦੀਆਂ ਰਚਨਾਵਾਂ ਦੇ ਹਵਾਲੇ ਵੀ ਦਿੰਦੇ ਜਿਸ ਵਿੱਚ ਇਸੇ ਗਿਆਨ-ਸੋਮੇ ਦੇ ਪਹਿਲੇ ਸਰੂਪ ਨੂੰ ‘ਆਸਾ ਹੱਥ ਕਿਤਾਬ ਕੱਛ’ ਵਿੱਚ ਕਿਤਾਬ ਕਿਹਾ ਗਿਆ ਹੈ।
2. ਸੱਚ ਦੀ ਪਛਾਣ ਵੱਲ ‘ਵਾਪਸੀ ਦੇ ਸਫਰ’ ਵਿੱਚ ਉਨ੍ਹਾਂ ਦੀ ਸ਼ਰਧਾ ਕਿਸੇ ਵੀ ਤਰਾਂ ਰੋੜਾ ਨਹੀਂ ਬਨਣੀ ਚਾਹੀਦੀ। ਬੇਲੋੜੀ ਸ਼ਰਧਾ ਸੱਚ ਦੀ ਪਛਾਣ ਅਤੇ ਗ੍ਰਹਿਨ ਕਰਨ ਦੇ ਰਸਤੇ ਵਿੱਚ ਇੱਕ ਵੱਡੀ ਰੁਕਾਵਟ ਹੈ। ਆਪਣੇ ਆਪ ਨੂੰ ਸਿੱਖ ਸਮਾਜ ਦੇ ਜਾਗਰੂਕ ਤਬਕੇ ਦਾ ਹਿੱਸਾ ਮੰਨਣ ਵਾਲੇ ਸੱਜਣ ਵੀ, ਕਿਸੇ ਨਵੇਂ ਨੁਕਤੇ ਦੇ ਸਾਹਮਣੇ ਆਉਣ ਤੇ, ਬਿਨ੍ਹਾਂ ਤੱਥਾਂ ਨੂੰ ਵਿਚਾਰੇ, "ਹੁਣ ਇਹ ਵੀ ਗਲਤ ਹੋ ਗਿਆ?" ਦੀ ਰੱਟ ਲਾਉਂਦੇ ਆਮ ਵੇਖੇ ਜਾਂਦੇ ਹਨ।
3. ਇਸ ਮਿਸ਼ਨ ਨਾਲ ਜੁੜੇ ਸੱਜਣਾਂ ਵਿੱਚ ਇਹ ਸਾਫਗੋਈ ਅਤੇ ਹਿੰਮਤ ਹੋਣੀ ਚਾਹੀਦੀ ਹੈ ਕਿ ਜਿਹੜੀ ਗੱਲ ਜਾਂ ਨੁਕਤਾ ਉਨ੍ਹਾਂ ਦੀ ਸਮਝ ਵਿੱਚ ਆ ਗਿਆ ਹੈ, ਉਨ੍ਹਾਂ ਨੂੰ ਠੀਕ ਲਗਦਾ ਹੈ, ਉਸ ਬਾਰੇ ਦ੍ਰਿੜ, ਈਮਾਨਦਾਰਾਨਾ ਅਤੇ ਸਪਸ਼ਟ ਸਟੈਂਡ ਲੈਣ। ਨਹੀਂ ਤਾਂ ਮਿਸ਼ਨਰੀ ਕਾਲਜਾਂ ਸਮੇਤ ਆਪਣੇ ਆਪ ਨੂੰ ਜਾਗਰੂਕ ਮੰਨਣ ਵਾਲਿਆਂ ਵਿਚੋਂ ਬਹੁਤਿਆਂ ਦੀ ਹਾਲਾਤ ‘ਬੱਕਰੀ ਵਲੋਂ ਮੀਂਗਨਾਂ ਪਾ ਕੇ ਦੁਧ ਦੇਣ’ ਵਾਂਗੂ ਹੈ। ‘ਤੁਹਾਡੀ ਗੱਲ ਤਾਂ ਸੋਲਾਂ ਆਣੇ ਸੱਚ ਹੈ ਪਰ ਪੰਥ ਹਾਲੀਂ ਤਿਆਰ ਨਹੀਂ’, ‘ਜਦੋਂ ਤੱਕ ਪੰਥ ਇਸ ਬਾਰੇ ਕੋਈ ਫੈਸਲਾ ਨਹੀਂ ਕਰਦਾ ਅਸੀਂ ਇਹ ਨਹੀਂ ਅਪਣਾ ਸਕਦੇ’ ਆਦਿ ਜੁੱਮਲੇ ਐਸੇ ਸੱਜਣ ਆਮ ਵਰਤਦੇ ਵੇਖੇ ਜਾ ਸਕਦੇ ਹਨ। ਅਕਾਲ ਤਖਤ ਦੇ ਨਾਮ ਹੇਠ ਮੱਥੇ ਮੜ ਦਿੱਤੀ ਗਈ ਪੁਜਾਰੀਵਾਦੀ ਵਿਵਸਥਾ ਹੀ ਉਨ੍ਹਾਂ ਲਈ ‘ਪੰਥ’ ਹੈ, ਨਾਨਕ ਦਾ ਦਰਸਾਇਆ ਰਾਹ ਨਹੀਂ!
‘ਨਾਨਕ ਫਿਲਾਸਫੀ’ ਦੇ ਪ੍ਰਚਾਰ ਕੇਂਦਰ ਦੀ ਰੂਪ-ਰੇਖਾ ਦੀ ਸਮਝ ਵੀ ਬਾਬਾ ਨਾਨਕ ਦੀ ਫਿਲ਼ਾਸਫੀ ਅਤੇ ਜੀਵਨ ਤੋਂ ਹੀ ਲਈ ਜਾ ਸਕਦੀ ਹੈ ‘ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ’ ਦਾ ਹੋਕਾ ਦੇਣ ਵਾਲੀ ਬਾਣੀ ਸੇਧ ਬਾਰੇ ਕਿਸੇ ਬਿਲਡਿੰਗ ਨੂੰ ‘ਰੱਬ ਦਾ ਘਰ’ ਹੋਣ ਦੇ ਵਿਚਾਰ ਦੀ ਪ੍ਰੌੜਤਾ ਨਹੀਂ ਕਰਦੀ। ਸੋ ਐਸਾ ‘ਪ੍ਰਚਾਰ ਕੇਂਦਰ’ ਅਜੌਕੇ ਗੁਰਦੁਆਰੇ ਨਹੀਂ ਹੋ ਸਕਦੇ ਜਿਨ੍ਹਾਂ ਨੂੰ ਸਿੱਖਾਂ ਵਲੋਂ ‘ਰੱਬ ਦਾ ਘਰ’ ਸਮਝਿਆ ਜਾ ਰਿਹਾ ਹੈ। ਕੁੱਝ ਸੱਜਣ ‘ਧਰਮਸਾਲ’ ਦੇ ਨਾਮ ਨੂੰ ਬਾਬਾ ਨਾਨਕ ਦੇ ਸਥਾਪਿਤ ਸਥਾਨ ਨਾਲ ਜੋੜਦੇ ਹਨ। ਅਸਲ ਨੁਕਤਾ ਕਿਸੇ ਸਥਾਨ ਦੇ ਨਾਮ ਦਾ ਨਹੀਂ, ਬਲਕਿ ਉਸਦੇ ਰੂਪ ਰੇਖਾ, ਵਰਤੋਂ ਦਾ ਹੈ। ਕਿਸੇ ਸਥਾਨ ਨੂੰ ਮੰਦਿਰ, ਗੁਰਦੁਆਰਾ, ਗਿਰਜਾ, ਮਸਜਿਦ, ਠਾਕੁਰਦੁਆਰਾ ਜਾਂ ਧਰਮਸਾਲ ਆਦਿ ਨਾਮ ਨਾਲ ਬਹੁੱਤਾ ਫਰਕ ਨਹੀਂ ਪੈਂਦਾ, ਅਸਲ ਫਰਕ ਤਾਂ ਇਸ ਨਾਲ ਪੈਂਦਾ ਹੈ ਕਿ ਉਥੇ ਕੀਤਾ ਕੀ ਜਾ ਰਿਹਾ ਹੈ? ਜਿਥੋਂ ਤੱਕ ‘ਧਰਮਸਾਲ’ ਦੇ ਇਤਿਹਾਸਿਕ ਪੱਖ ਦੀ ਗੱਲ ਹੈ, ਉੱਥੇ ਇਹ ਲਿਖਿਆ ਮਿਲਦਾ ਹੈ, ‘ਘਰ ਘਰ ਅੰਦਰਿ ਧਰਮਸਾਲ’। ਇਥੇ ਕਿਸੇ ਥਾਂ ਵਿਸ਼ੇਸ਼ ਦੀ ਨਹੀਂ ਬਲਕਿ ਹਰ ਘਰ ਨੂੰ ‘ਧਰਮਸਾਲ’ (ਅਸਲ ਧਰਮ ਅਨੁਸਾਰੀ ਵਿਹਾਰ ਦਾ ਠਿਕਾਨਾ) ਬਣਾਉਣ ਦੀ ਗੱਲ ਕੀਤੀ ਹੈ। ਇਹ ਹੈ ਵੀ ਬਹੁਤ ਇਨਕਲਾਬੀ ਨੁਕਤਾ ਜੋ ਸਾਡੀ ਪਕੜ ਤੋਂ ਬਹੁਤ ਪਹਿਲਾ ਛੁਡਾ ਦਿਤਾ ਗਿਆ। ਕਿਸੇ ਸਮਾਜ ਦੀ ਸਭ ਤੋਂ ਛੋਟੀ ਤੇ ਮਜ਼ਬੂਤ ਇਕਾਈ ਹੈ, ਪਰਿਵਾਰ ਜਾਂ ਘਰ। ਸੋ ਜਿਸ ਸਮਾਜ ਦੇ ਘਰ ਘਰ ਵਿੱਚ (ਸਹੀ) ਧਰਮ ਅਨੁਸਾਰੀ ਵਿਹਾਰ ਹੋਵੇਗਾ ਉਸ ਸਮਾਜ ਨੂੰ ‘ਬੇਗਮਪੁਰਾ’ ਬਨਣ ਤੋਂ ਕੌਣ ਰੋਕ ਸਕਦਾ ਹੈ? ਜਦਕਿ ਅਜੌਕਿਆਂ ਸਾਰਿਆਂ ਫਿਰਕਿਆਂ ਵਿੱਚ ਪੁਜਾਰੀ ਸ਼੍ਰੇਣੀ, ਇਸ ‘ਘਰ-ਪਰਿਵਾਰ’ ਵਰਗੀ ਮੂਲ ਇਕਾਈ ਨੂੰ ‘ਧਰਮਸਾਲ’ ਬਣਾਉਣ ਦੀ ਗੱਲ ਨੂੰ ਵਿਸਾਰ ਕੇ, ਇੱਕ ਥਾਂ ਵਿਸ਼ੇਸ਼ ਨੂੰ ‘ਧਰਮਸਾਲ’ (ਮੰਦਿਰ, ਮਸਜ਼ਿਦ, ਗੁਰਦੁਆਰਾ, ਗਿਰਜ਼ਾ) ਆਦਿ ਨਾਂ ਦੇ ਕੇ, ਉਥੇ ਇੱਕ ਨਿਸਚਿਤ ਕਰਮਕਾਂਡੀ ਵਿਹਾਰ ਕਰਨ ਨੂੰ ਹੀ ‘ਧਰਮੀ’ ਹੋਣ ਦਾ ਭਰਮ ਫੈਲਾ ਰਹੀ ਹੈ। ਸੋ ਨਾਨਕ ਦੇ ਦੱਸੇ ਰਾਹ ਵੱਲ ‘ਵਾਪਸੀ ਦੇ ਸਫਰ’ ਦਾ ਪਹਿਲਾ ਕਦਮ ਇਹ ਹੈ ਕਿ ਅਸੀਂ ਸਮਾਜ ਦੀ ਮੂਲ ਇਕਾਈ ‘ਘਰ-ਪਰਿਵਾਰ’ ਦੇ ਵਿਹਾਰ ਨੂੰ ਸੱਚ (ਧਰਮ) ਆਧਾਰਿਤ ਕਰਦੇ ਹੋਏ ‘ਧਰਮਸਾਲ’ ਦਾ ਰੂਪ ਦੇਈਏ।
ਅੱਗੇ ਤੁਰਦੇ ਹਾਂ, ਮੁੱਖ ਮੁੱਦੇ ਵੱਲ! ਭਾਵ ਨਾਨਕ ਫਿਲਾਸਫੀ ਦੇ ਅਸਲ ‘ਪ੍ਰਚਾਰ ਕੇਂਦਰ’ ਦੀ ਰੂਪ ਰੇਖਾ ਵੱਲ। ਇਹ ਇੱਕ ਅਫਸੋਸਜਨਕ ਸੱਚਾਈ ਹੈ ਕਿ ਜਿਸ ਵੀ ਸਥਾਨ ਨਾਲ ਨਿਯਮਤ ‘ਪੂਜਾਰੀ-ਪੂਜਾ’ ਵਾਲਾ ਕਾਰ-ਵਿਹਾਰ ਜੁੜ ਗਿਆ ਉਸ ਵਿੱਚ ਕਰਮਕਾਂਡਾਂ ਦਾ ਖਿਲਾਰ ਵੱਧਦਾ ਹੀ ਜਾਣਾ ਹੈ। ਅਜੌਕਾ ਗੁਰਦੁਆਰਾ ਸਿਸਟਮ ਇਸ ਵਿਗਾੜ ਦੀ ਜ਼ਿੰਦਾ ਮਿਸਾਲ ਹੈ। ਸੋ ਇਹ ਚੇਤੇ ਰਹੇ ਕਿ ‘ਨਾਨਕ ਫਿਲਾਸਫੀ’ ਦੇ ਇਸ ਸਹੀ ਪ੍ਰਚਾਰ ਕੇਂਦਰ ਨਾਲ ਰਸਮੀ ਪੂਜਾ ਵਾਲਾ ਕੋਈ ਵਿਹਾਰ ਨਾ ਜੁੜੇ। ਇਸ ਪ੍ਰਚਾਰ ਕੇਂਦਰ ਦੀ ਬਿਲਡਿੰਗ ਲੋੜ ਅਨੁਸਾਰ ਛੋਟੀ-ਵੱਡੀ ਹੋ ਸਕਦੀ ਹੈ, ਪਰ ਸਾਦਾ ਅਤੇ ਸਵੱਛ ਹੋਵੇ। ਉਸ ਤੇ ਬੇਲੌੜਾ ਸੰਗਮਰਮਰ ਅਤੇ ਸੋਨਾ ਆਦਿ ਨਾ ਥੋਪਿਆ ਜਾਵੇ।
ਇਹ ਪ੍ਰਚਾਰ ਕੇਂਦਰ ਨਾਨਕ ਫਿਲਾਸਫੀ ਦੀ ਅਸਲ ‘ਪ੍ਰਯੋਗਸ਼ਾਲਾ’ ਹੋਵੇ। ਇਥੇ ਭਾਈ, ਸੇਵਾਦਾਰ ਆਦਿ ਦੇ ਨਾਂ ਹੇਠ ਰਸਮੀ ਪੁਜਾਰੀ ਸ਼੍ਰੇਣੀ ਦੀ ਕੋਈ ਲੋੜ ਨਹੀਂ ਕਿਉਂਕਿ ਉਥੇ ਵਾਧੂ ਦੇ ਕਰਮਕਾਂਡਾਂ ਦਾ ਕੋਈ ਖਿਲਾਰ ਹੋਣਾ ਹੀ ਨਹੀਂ ਹੈ। ਅੱਜ ਦਾ ਸਮਾਂ ਬਹੁਤ ਵਿਅਸਤ ਸਮਾਂ ਹੈ, ਕਿਸੇ ਕੌਲ ਵੀ ਜ਼ਿਆਦਾ ਸਮਾਂ ਨਹੀਂ ਹੁੰਦਾ। ਸੋ ਇਸ ‘ਪ੍ਰਚਾਰ-ਕੇਂਦਰ’ ਵਿੱਚ ਗੁਰਮਤਿ ਵਿਚਾਰ ਲਈ ਹਫਤੇ ਵਿੱਚ ਇੱਕ ਜਾਂ ਦੋ ਵਾਰ ਪ੍ਰੋਗਰਾਮ ਰੱਖਿਆ ਜਾਵੇ। ਇਸ ਵਿੱਚ ਹਾਜ਼ਰੀਨ ਸੱਜਣ ਆਪ ਹੀ ਲੌੜੀਂਦੀਆਂ ਸੇਵਾਵਾਂ ਨਿਬਾਹੁਣ ਅਤੇ ਕਿਸੇ ਪੁਜਾਰੀ ਸ਼੍ਰੇਣੀ ਦੇ ਮੋਹਤਾਜ਼ ਨਾ ਰਹਿਣ, ਕਿਉਂਕਿ ਜਿਸ ਸਥਾਨ ਤੇ ਇੱਕ ਵਾਰ ਪੁਜਾਰੀ ਸ਼੍ਰੇਣੀ ਨੇ ਪੈਰ ਫਸਾ ਲਿਆ, ਉਥੇ ਕਰਮਕਾਂਡੀ ਖਿਲਾਰ ਪੈਣ ਤੋਂ ਕੋਈ ਨਹੀਂ ਰੋਕ ਸਕਦਾ। ਗੁਰਮਤਿ ਦੇ ਮੂਲ ਸੋਮੇ ਵਜੋਂ ‘ਸ਼ਬਦ ਗੁਰੂ ਗ੍ਰੰਥ ਸਾਹਿਬ’ ਜੀ ਦੀ ਗੁਰਮਤਿ ਵਿਚਾਰ ਪ੍ਰਸਾਰ ਲਈ ਇਸ ਕੇਂਦਰ ਵਿੱਚ ਕਿਸੇ ਵੀ ਰੂਪ ਵਿੱਚ ਵਰਤੋਂ ਕੀਤੀ ਜਾ ਸਕਦੀ ਹੈ ਪਰ ਸਰੂਪ ਵਿਸ਼ੇਸ਼ ਨਾਲ ਜੋੜ ਕੇ ਗੋਲਕਾਂ ਅਤੇ ਹੋਰ ਪੁਜਾਰੀ ਕਰਮਕਾਂਡ ਦਾ ਖਿਲਾਰ ਨਾ ਫੈਲਣ ਦਿਤਾ ਜਾਵੇ।
ਜਿਥੋਂ ਤੱਕ ਹਫਤਾਵਾਰੀ ਦੀਵਾਨ ਦੀ ਗੱਲ ਹੈ, ਉਥੇ ਅਜੌਕੇ ਦੀਵਾਨਾਂ ਵਾਂਗੂ ‘ਇਕ ਪਾਸੜ’ ਪ੍ਰਸਾਰਣ ਨਹੀਂ ਹੋਣਾ ਚਾਹੀਦਾ (ਜਿਥੇ ਪ੍ਰਚਾਰਕ ਭਾਂਵੇ ਕਿਤਨਾ ਵੀ ਆਪਾ-ਵਿਰੋਧੀ ਅਤੇ ਗੁਰਮਤਿ ਵਿਰੋਧੀ ਪ੍ਰਚਾਰ ਕਰ ਕੇ ਚਲੇ ਜਾਣ, ਅਖੌਤੀ ਸ਼ਰਧਾ ਰੂਪੀ ਬੇੜੀ ਵਿੱਚ ਜਕੜੀ ‘ਸਾਧ-ਸੰਗਤ’ ਕੋਈ ਕਿੰਤੂ ਨਹੀਂ ਕਰਦੀ) ਬਲਕਿ ਉੱਥੇ ‘ਵਿਚਾਰ-ਚਰਚਾ’ ਦਾ ਮਾਹੌਲ ਹੋਣਾ ਚਾਹੀਦਾ ਹੈ। ਉਥੇ ਕਿਸੇ ਨੂੰ ਵੀ ਸਵਾਲ ਕਰਨ ਦੀ ਖੁੱਲ ਹੋਣੀ ਚਾਹੀਦੀ ਹੈ। ਉਥੇ ਆਣ ਵਾਲੇ ਲੋਕਾਂ ਵਿੱਚ ਸਵਾਲ ਕਰਨ ਦੀ ਰੁੱਚੀ ਪੈਦਾ ਕਰਨੀ ਚਾਹੀਦੀ ਹੈ ਤਾਂਕਿ ਉਹ ਸਮਾਜ ਵਿੱਚ ਹੋ ਰਹੇ ਗਲਤ ਵਰਤਾਰਿਆਂ ਬਾਰੇ ਸਵਾਲ ਚੁੱਕਣ ਦੀ ਚੰਗੀ ਪਿਰਤ ਪੈਦਾ ਕਰ ਸਕਣ। ਬਾਕੀ ਇਸ ਨਿਯਮਤ ਸਮਾਗਮ ਦੀ ਰੂਪ-ਰੇਖਾ ਵਿਚ, ਗੁਰਮਤਿ ਅਨੁਸਾਰ, ਹਾਂ-ਪੱਖੀ ਕੁੱਝ ਵੀ ਸ਼ਾਮਿਲ ਕੀਤਾ ਜਾ ਸਕਦਾ ਹੈ, ਬਸ ਖਿਆਲ ਰਹੇ ਉਹ ਰਸਮੀ ਕਰਮਕਾਂਡ ਦਾ ਰੂਪ ਧਾਰਨ ਨਾ ਕਰ ਜਾਵੇ।
ਇਹ ਤਾਂ ਹੋਈ ਇੱਕ ਮੂਲ਼ ਅਤੇ ਹੇਠਲੇ ਪੱਧਰ ਦੇ ‘ਪ੍ਰਚਾਰ ਕੇਂਦਰ’ ਦੀ ਰੂਪ ਰੇਖਾ। ਨਾਨਕ ਫਿਲਾਸਫੀ ਦਾ ਇੱਕ ਮੂਲ਼ ਤੱਤ ‘ਮਾਨਵਤਾ’ (ਸਰਬੱਤ ਦਾ ਭਲਾ) ਹੈ। ਸੋ ਆਪਣੇ ਵਿੱਤ ਅਤੇ ਸਾਧਨਾਂ ਅਨੁਸਾਰ ‘ਮਨੁੱਖੀ ਭਲਾਈ’ ਦੇ ਸੁੱਚੱਜੇ ਕਾਰਜਾਂ ਲਈ ਵੀ ਯਤਨ ਕਰਨੇ ਚਾਹੀਦੇ ਹਨ। ਇਸ ਲਈ ਇਸ ‘ਪ੍ਰਚਾਰ-ਕੇਂਦਰ’ ਨਾਲ ਇਹੋ ਜਿਹੇ ਕਾਰਜ ਜੋੜੇ ਜਾ ਸਕਦੇ ਹਨ।
ਕੁਝ ਸੱਜਣ, ਸਾਡੇ ਤੇ ਇਹ ਇਲਜ਼ਾਮ ਲਾਉਣਗੇ ਕਿ ਅਸੀਂ ਗੁਰੁਦੁਆਰਿਆਂ ਵਿੱਚ ਜਾਣ ਤੋਂ ਮਨਾ ਕਰ ਰਹੇ ਹਾਂ। ਐਸਾ ਬਿਲਕੁਲ ਨਹੀਂ ਹੈ। ਅਸੀਂ ਸੇਧ ਬਾਬਾ ਨਾਨਕ ਜੀ ਦੀ ਦੱਸੀ ਫਿਲਾਸਫੀ ਅਤੇ ਉਨ੍ਹਾਂ ਦੇ ਜੀਵਨ ਤੋਂ ਲੈਣੀ ਹੈ। ਸੋ ਬਾਬਾ ਨਾਨਕ ਜੀ ਦੇ ਜੀਵਨ ਵਾਂਗੂ ਇੱਕ ‘ਸੱਚੇ-ਸਿੱਖ’ ਨੂੰ ਗੁਰਦੁਆਰਾ, ਮੰਦਿਰ, ਮਸਜ਼ਿਦ, ਗਿਰਜ਼ਾ ਆਦਿ ਕਿਧਰੇ ਵੀ ਜਾਣ ਦੀ ਮਨਾਹੀ ਨਹੀਂ ਹੈ। ਪਰ ਉਥੇ ਜਾਣ ਦਾ ਮਕਸਦ ਬਾਬਾ ਨਾਨਕ ਜੀ ਵਾਂਗੂ ਸੱਚ ਦਾ ਪ੍ਰਚਾਰ ਨਿਡਰਤਾ ਅਤੇ ਸਪਸ਼ਟਤਾ ਨਾਲ, ਬਿਨਾਂ ਕਿਸੇ ਲੜਾਈ ਜਾਂ ਜ਼ਬਰਦਸਤੀ ਦੇ, ਕਰਨਾ ਹੋਣਾ ਚਾਹੀਦਾ ਹੈ, ਨਾ ਕਿ ਉਥੇ ਦੀ ਕਰਮਕਾਂਡੀ ਕਾਰਜ ਪ੍ਰਣਾਲੀ ਵਿੱਚ ਸ਼ਰਧਾ ਨਾਲ ਸ਼ਾਮਿਲ ਹੋਣ ਵਾਸਤੇ।
ਸੋ ਉਪਰੋਕਤ ਵਿਚਾਰ ਦੀ ਰੋਸ਼ਨੀ ਵਿਚ, ‘ਤੱਤ ਗੁਰਮਤਿ ਪਰਿਵਾਰ’ ਨਾਨਕ ਫਲਸਫੇ ਨੂੰ, ਸਮੁੱਚੀ ਮਨੁੱਖਤਾ ਦੀ ਭਲਾਈ ਲਈ, ਇਸ ਦੇ ਸੱਚੇ ਅਤੇ ਖਰੇ ਰੂਪ ਵਿੱਚ ਸਾਹਮਣੇ ਲਿਆ ਕੇ, ਦੁਨੀਆਂ ਤੱਕ ਪਹੁੰਚਾਉਣ ਦੇ ਮਿਸ਼ਨ ਦੇ ਆਸ਼ਕਾਂ ਨੂੰ ਨਿਮਾਣਾ ਹੋਕਾ ਦਿੰਦਾ ਹੈ ਕਿ ਉਹ ਦੁਬਿਧਾ ਦਾ ਤਿਆਗ ਕਰਕੇ, ਪੱਕਾ ਮਨ ਬਣਾ ਲੈਣ। ‘ਡਗਮਗ ਛਾਡਿ ਰੇ ਮਨ ਬਉਰਾ॥’ ਦੀ ਸੇਧ ਵਿੱਚ ਦ੍ਰਿੜਤਾ ਦਾ ਪੱਲਾ ਫੜਣ ਅਤੇ ‘ਗੁਰਦੁਆਰਾ ਸੁਧਾਰ’ ਦੇ ਛੁਣਛੁਣਿਆਂ ਤੇ ਆਪਣਾ ਕੀਮਤੀ ਸਮਾਂ, ਸਾਧਨ ਅਤੇ ਸ਼ਕਤੀ ਵਿਅਰਥ ਨਾ ਗਵਾਉਣ। ਇਸ ਪਾਵਨ ਮਿਸ਼ਨ ਲਈ ਮਿਲ ਬੈਠ ਕੇ ਵਿਚਾਰਾਂ ਅੱਗੇ ਤੋਰੀਆਂ ਜਾਣ।। ਕੁੱਝ ਸੱਜਣ ਇਹ ਸ਼ੰਕਾ ਵੀ ਕਰ ਸਕਦੇ ਹਨ ਕਿ ਐਸੀ ਖਰੀ ਸੋਚ ਵਾਲੇ, ਅਸੀਂ ਕੁੱਝ ਹੀ ਸੱਜਣ ਹੋਵਾਂਗੇ ਜੋ ਭੀੜ ਵਿੱਚ ਇਕੱਲੇ ਰਹਿ ਜਾਵਾਂਗੇ। ਐਸੇ ਸੱਜਣਾਂ ਨੂੰ ਅਸੀਂ ਫੇਰ ਬਾਬਾ ਨਾਨਕ ਜੀ ਦੇ ਜੀਵਨ ਤੋਂ ਸੇਧ ਲੈਣ ਦੀ ਗੁਜਾਰਿਸ਼ ਕਰਾਂਗੇ। ਬਾਬਾ ਨਾਨਕ ਜੀ ਨੇ ਜਦੋਂ ਇਹ ਮਿਸ਼ਨ ਸ਼ੁਰੂ ਕੀਤਾ, ਉਹ ਇਕੱਲੇ ਹੀ ਸਨ। ਨਾ ਤਾਂ ਪਰਿਵਾਰ ਉਨ੍ਹਾਂ ਨਾਲ ਸੀ ਨਾ ਹੀ ਮਰਦਾਨਾ ਜੀ। ਅਸੀਂ ਤਾਂ ਇੱਕ ਤੋਂ ਜਿਆਦਾ ਹੀ ਹੋਵਾਂਗੇ। ਨਾਲ ਸਾਡੇ ਕੌਲ ਬਾਬਾ ਨਾਨਕ ਜੀ ਦੀ ਬਖਸ਼ੀ ‘ਗੁਰਬਾਣੀ’ ਰੂਪੀ ਸੌਗਾਤ ਵੀ ਹੈ। ਬਸ ਲੋੜ ਹੈ, ਮਨ ਬਣਾ ਕੇ ਸੱਚ ਦੀ ਡਗਰ `ਤੇ ਨੇਕ-ਨੀਅਤੀ ਨਾਲ ਕਦਮ ਪੁੱਟਣ ਦੀ। ਫੇਰ ਵੇਖਣਾ ‘ਅਕੇਲੇ ਹੀ ਨਿਕਲ ਪੜ੍ਹੇ ਥੇ, ਹਮ ਤੋ ਸੱਚ ਕੀ ਰਾਹ ਪਰ। ਲੋਕ ਸੱਚ ਸੇ ਜੁੜਤੇ ਗਏ, ਔਰ ਕਾਫਿਲਾ ਬਣਤਾ ਗਿਆ’ (ਹਮ ਅਕੇਲੇ ਹੀ ਚਲੇ ਥੇ ਜਾਨਬ-ਏ-ਮੰਜ਼ਿਲ ਮਗਰ, ਕਾਫਲੇ ਮਿਲਤੇ ਗਏ, ਕਾਰਵਾਂ ਬਨਤਾ ਗਿਆ) ਦੀ ਕਹਾਵਤ ਕਿਵੇਂ ਹਕੀਕਤ ਬਣਦੀ ਹੈ। ਪਿਛਲੇ ਕੁੱਝ ਉਪਰਾਲਿਆਂ ਵਾਂਗ ਪਰਿਵਾਰ ਇਸ ਉਪਰਾਲੇ ਲਈ ਇੱਕ ਵਾਰ ਫੇਰ ‘ਸੰਯੋਜਕ’ ਦੀ ਭੂਮਿਕਾ ਨਿਬਾਹੁਣ ਵਿੱਚ ਪਰਿਵਾਰ ਖੁਸ਼ੀ ਮਹਿਸੂਸ ਕਰੇਗਾ।
ਬਾਕੀ ਜਿਹੜੇ ਜਾਗਰੂਕ ਹੋਣ ਦਾ ਭਰਮ ਪਾਲਦੇ ਹੋਏ ਆਪਣੇ ਸੀਮਿਤ ਘੇਰਿਆਂ ਵਿੱਚ ਗੁਰਦੁਆਰਾ-ਸੁਧਾਰ ਦਾ ਛੁਣਛੁਣਾ ਫੜ ਕੇ ਖੁਸ਼ਫਹਿਮੀ ਵਿੱਚ ਰਹਿਣਾ ਚਾਹੁੰਦੇ ਹਨ, ਉਨ੍ਹਾਂ ਨੂੰ ‘ਲਗੇ ਰਹੋ ਮੁੰਨਾ ਭਾਈ’ ਕਹਿਣ ਤੋ ਸਿਵਾ ਹੋਰ ਕੀਤਾ ਵੀ ਕੀ ਜਾ ਸਕਦਾ ਹੈ?
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
19 ਫਰਵਰੀ 2019
ਤਤ ਗੁਰਮਤਿ ਪਰਿਵਾਰ
ਗੁਰਦੁਆਰਾ ਚੌਣਾਂ ਬਨਾਮ ਗੁਰਦੁਆਰਾ ਸੁਧਾਰ, ਦੂਜਾ ਅਤੇ ਅੰਤਿਮ ਭਾਗ
Page Visitors: 2717