ਕੈਟੇਗਰੀ

ਤੁਹਾਡੀ ਰਾਇ



ਕਿਰਪਾਲ ਸਿੰਘ ਬਠਿੰਡਾ
ਜਥੇਦਾਰਾਂ ਤੋਂ ਕਾਰਵਾਈ ਦੀ ਮੰਗ ਕਰਨ ਦੀ ਥਾਂ ਸਿੱਖ ਖ਼ੁਦ ਕਾਰਵਾਈ ਕਰਨ ਦੀ ਜਾਚ ਸਿੱਖਣ
ਜਥੇਦਾਰਾਂ ਤੋਂ ਕਾਰਵਾਈ ਦੀ ਮੰਗ ਕਰਨ ਦੀ ਥਾਂ ਸਿੱਖ ਖ਼ੁਦ ਕਾਰਵਾਈ ਕਰਨ ਦੀ ਜਾਚ ਸਿੱਖਣ
Page Visitors: 2714
ਜਥੇਦਾਰਾਂ ਤੋਂ ਕਾਰਵਾਈ ਦੀ ਮੰਗ ਕਰਨ ਦੀ ਥਾਂ ਸਿੱਖ ਖ਼ੁਦ ਕਾਰਵਾਈ ਕਰਨ ਦੀ ਜਾਚ ਸਿੱਖਣ

ਪੰਥ ਦੀ ਨੁੰਮਾਇੰਦਾ ਜਥੇਬੰਦੀ ਕਹਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂਆਂ ਖਾਸ ਕਰਕੇ ਬਾਦਲ ਪ੍ਰਵਾਰ ਨੇ ਕੁਝ ਵੋਟਾਂ ਦੀ ਖਾਤਰ ਸਿੱਖ ਸਿਧਾਂਤਾਂ ਅਤੇ ਪੰਥਕ ਰਵਾਇਤਾਂ ਦਾ ਜੋ ਘਾਣ ਕੀਤਾ ਹੈ ਇਹ ਅੱਜ ਤੱਕ ਹੋਰ ਕੋਈ ਮਨੁੱਖ ਨਹੀਂ ਕਰ ਸਕਿਆ। ਸ਼ਬਦ ਗੁਰੂ ਦੇ ਸਿੱਧੇ ਵਿਰੋਧ ਵਿੱਚ ਖੜ੍ਹਨ ਵਾਲੇ ਦੇਹਧਾਰੀ ਗੁਰੂਡੰਮ ਡੇਰਿਆਂ ਜਿਵੇਂ ਕਿ ਸੱਚਾ ਸੌਦਾ ਡੇਰਾ ਸਿਰਸਾ, ਦਿਵਿਆਯੋਤੀ ਡੇਰਾ ਨੂਰਮਹਿਲ, ਰਾਧਾ ਸਵਾਮੀ ਡੇਰਾ ਬਿਆਸ, ਨਾਮਧਾਰੀ ਡੇਰਾ ਭੈਣੀ, ਨਿਰੰਕਾਰੀਆਂ, ਭਨਿਆਰਿਆਂ ਤੋਂ ਇਲਾਵਾ ਸਿੱਖ ਰਹਿਤ ਮਰਯਾਦਾ ਦੇ ਸਿੱਧੇ ਵਿਰੋਧ ਅਤੇ ਸ਼ਬਦ ਗੁਰੂ ਦੇ ਅਸਿੱਧੇ ਰੂਪ ਵਿੱਚ ਵਿਰੋਧੀ ਆਪਣੀਆਂ ਗੱਦੀਆਂ ਚਲਾ ਰਹੇ ਸਿੱਖ ਡੇਰੇਦਾਰਾਂ ਦੇ ਪੈਰੋਕਾਰਾਂ ਦੀਆਂ ਵੋਟਾਂ ਦੇ ਲਾਲਚ ਅਧੀਨ ਇਨ੍ਹਾਂ ਡੇਰਿਆਂ ਨੂੰ ਪੰਜਾਬ 'ਚ ਵੱਡੀਆਂ ਸਹੂਲਤਾਂ ਦੇ ਕੇ ਪ੍ਰਫੁਲਿਤ ਕੀਤਾ ਜਾ ਰਿਹਾ ਹੈ। ਇਨ੍ਹਾਂ ਡੇਰੇਦਾਰਾਂ ਵੱਲੋਂ ਪੰਥਕ ਰਵਾਇਤਾਂ ਨੂੰ ਢਾਹ ਲਾਈ ਜਾਣ ਸਦਕਾ ਇਨ੍ਹਾਂ ਵਿੱਚੋਂ ਕਈ ਡੇਰੇਦਾਰਾਂ ਜਿਵੇਂ ਕਿ ਨਿਰੰਕਾਰੀਆਂ, ਪਿਆਰਾ ਭਨਿਆਰਾ, ਨੂਰਮਹਿਲੀਏ ਅਤੇ ਸੱਚਾ ਸੌਦਾ ਡੇਰਾ ਸਿਰਸਾ ਦੇ ਪੈਰੋਕਾਰਾਂ ਨਾਲ ਕਈ ਵਾਰ ਸਿੱਖਾਂ ਦਾ ਖੂਨੀ ਟਕਰਾ ਹੋ ਚੁੱਕਿਆ ਹੈ ਜਿਸ ਵਿੱਚ ਅਨੇਕਾਂ ਕੀਮਤੀ ਜਾਨਾਂ ਜਾ ਚੁੱਕੀਆਂ ਹਨ। ੧੯੭੮ ਦੇ ਨਿਰੰਕਾਰੀ ਕਾਂਡ ਪਿੱਛੋਂ ਤਾਂ ਡੇਢ ਦਹਾਕੇ ਤੱਕ (ਜਿਸ ਨੂੰ ਕਾਲਾ ਦੌਰ ਜਾਂ ਅਤਵਾਦ ਤੇ ਵੱਖਵਾਦ ਦਾ ਸਮਾਂ ਕਿਹਾ ਜਾਂਦਾ ਹੈ) ਐਸੀ ਖ਼ੂਨੀ ਹਨੇਰੀ ਝੁਲੀ ਜਿਸ ਵਿੱਚ ਇੱਕ ਦੋ ਨਹੀਂ ਬਲਕਿ ਇੱਕ ਲੱਖ ਤੋਂ ਵੱਧ ਜਾਨਾਂ ਅਜਾਈਂ ਗਈਆਂ ਤੇ ਅਰਬਾਂ ਦੀ ਜਾਇਦਾਦ ਤੇ ਹੋਰ ਮਾਲੀ ਨੁਕਸਾਨ ਹੋਇਆ; ਜਿਸ ਦੇ ਜਖ਼ਮ ਸਿੱਖ ਕੌਮ ਦੇ ਪਿੰਡੇ ਉੱਤੇ ਸਦੀਆਂ ਤੱਕ ਰਿਸਦੇ ਰਹਿਣਗੇ। ਪੀੜਤਾਂ ਵਿੱਚ ਬਹੁਗਿਣਤੀ ਸਿੱਖਾਂ ਦੀ ਸੀ ਅਤੇ ਉਲਟਾ ਸਿੱਖਾਂ ਨੂੰ ਹੀ ਅਤਵਾਦੀ ਦੱਸ ਕੇ ਬਦਨਾਮ ਕੀਤਾ ਜਾ ਰਿਹਾ ਹੈ। ਇਸ ਦੇ ਬਾਵਯੂਦ ਹੋਰਨਾਂ ਸਿਆਸੀ ਪਾਰਟੀਆਂ ਨੇ ਤਾਂ ਕੁਝ ਵੋਟਾਂ ਦੇ ਲਾਲਚ ਅਧੀਨ ਡੇਰਿਆਂ ਨਾਲ ਸਾਂਝ ਪਾਉਣੀ ਹੀ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਪੰਥ ਦੇ ਨਾਮ 'ਤੇ ਵੋਟਾਂ ਮੰਗਣ ਵਾਲੇ ਬਾਦਲ ਦਲ ਦੇ ਆਗੂ ਹੋਰਨਾਂ ਸਾਰੀਆਂ ਪਾਰਟੀਆਂ ਦੇ ਆਗੂਆਂ ਨਾਲੋਂ ਵੀ ਅੱਗੇ ਹੋ ਕੇ ਉਨ੍ਹਾਂ ਡੇਰੇਦਾਰਾਂ ਦੇ ਚਰਨੀ ਲੱਗ ਕੇ ਡੇਰਾਵਾਦ ਨੂੰ ਵਡਾਵਾ ਦੇ ਰਹੇ ਹਨ।
ਜਦੋਂ ਕਦੀ ਇਨ੍ਹਾਂ ਡੇਰੇਦਾਰਾਂ ਨਾਲ ਟਕਰਾ ਵਧਦਾ ਹੈ ਉਸ ਸਮੇਂ ਤਾਂ ਜਥੇਦਾਰਾਂ ਰਾਹੀਂ ਅਕਾਲ ਤਖ਼ਤ ਤੋਂ ਇਨ੍ਹਾਂ ਡੇਰਿਆਂ ਵਿਰੁੱਧ ਹੁਕਮਨਾਮਾ ਜਾਰੀ ਕਰਵਾ ਕੇ ਇਨ੍ਹਾਂ ਦੇ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਬਾਈਕਾਟ ਦਾ ਸਿੱਖਾਂ ਲਈ ਆਦੇਸ਼ ਚਾੜ੍ਹ ਦਿੱਤਾ ਜਾਂਦਾ ਹੈ। ਇਨ੍ਹਾਂ ਹੁਕਮਨਾਮਿਆਂ ਨੂੰ ਲਾਗੂ ਕਰਨ ਲਈ ਅਨੇਕਾਂ ਸਿੱਖਾਂ ਜਾਨਾਂ ਗੁਆ ਬੈਠਦੇ ਹਨ ਤੇ ਕਈ ਜੇਲ੍ਹਾਂ ਵਿੱਚ ਨਰਕ ਭੋਗਦੇ ਹਨ ਪਰ ਜਦੋਂ ਉਨ੍ਹਾਂ ਡੇਰੇਦਾਰਾਂ ਦੀਆਂ ਵੋਟਾਂ ਦੀ ਲੋੜ ਪਵੇ ਤਾਂ ਕਦੀ ਤਾਂ ਸਾਰੀਆਂ ਰਵਾਇਤਾਂ ਤੇ ਮਰਿਆਦਾਵਾਂ ਨੂੰ ਛਿੱਕੇ ਟੰਗ ਕੇ ਉਨ੍ਹਾਂ ਵਿੱਰੁਧ ਜਾਰੀ ਹੋਏ ਹੁਕਮਨਾਮੇ ਵਾਪਸ ਲੈਣ ਲਈ ਅਕਾਲ ਤਖ਼ਤ ਦੇ ਜਥੇਦਾਰਾਂ ਦੀ ਦੁਰਵਰਤੋਂ ਕਰਦੇ ਹਨ ਅਤੇ ਕਦੀ ਇਨ੍ਹਾਂ ਹੁਕਮਨਾਮਿਆਂ ਨੂੰ ਅੱਖੋਂ ਪਰੋਖੇ ਕਰਕੇ ਪੰਥ ਦੋਖੀ ਉਨ੍ਹਾਂ ਡੇਰੇਦਾਰਾਂ ਦੇ ਪੈਰੀਂ ਜਾ ਪੈਂਦੇ ਹਨ।
  ਜਿਵੇਂ ਕਿ ੨੦੦੭ ਨੂੰ ਸੱਚਾ ਸੌਦਾ ਡੇਰਾ ਸਿਰਸਾ ਦਾ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਬਾਈਕਾਟ ਕਰਨ ਦਾ ਹੁਕਮਨਾਮਾ ਜਾਰੀ ਕੀਤਾ, ੨੪ ਸਤੰਬਰ ੨੦੧੫ ਨੂੰ ਜਥੇਦਾਰਾਂ ਨੇ ਸਾਰੀਆਂ ਪੰਥਕ ਰਵਾਇਤਾਂ ਤੇ ਨਿਯਮਾਂ ਦੀ ਉਲੰਘਣਾ ਕਰਕੇ ਇਹ ਹੁਕਮਨਾਮਾ ਵਾਪਸ ਲੈ ਲਿਆ। ਜਦੋਂ ਜਥੇਦਾਰਾਂ, ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਬਾਦਲ ਨੂੰ ਸਿੱਖ ਸੰਗਤਾਂ ਦੇ ਭਾਰੀ ਵਿਰੋਧ ਅਤੇ ਅਲੋਚਨਾ ਦਾ ਸਾਹਮਣਾ ਕਰਨਾ ਪਿਆ ਤਾਂ ਇਹ ਮੁਆਫੀ ਵਾਲਾ ਹੁਕਮਨਾਮਾ ੧੬ ਅਕਤੂਬਰ ੨੦੧੫ ਨੂੰ ਵਾਪਸ ਲੈ ਲਿਆ।
   ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸਤੰਬਰ/ਅਕਤੂਬਰ ੨੦੧੫ ਵਿੱਚ ਸਿੱਖ ਸੰਗਤਾਂ ਵੱਲੋਂ ਪ੍ਰਗਟ ਕੀਤੇ ਭਾਰੀ ਰੋਸ ਦੇ ਬਾਵਯੂਦ ਉਕਤ ਹੁਕਨਾਮਿਆਂ ਨੂੰ ਅੱਖੋਂ ਪ੍ਰੋਖੇ ਕਰਕੇ ੨੮ ਜਨਵਰੀ ੨੦੧੭ ਨੂੰ ਸਿਕੰਦਰ ਸਿੰਘ ਮਲੂਕਾ, ਜਨਮੇਜਾ ਸਿੰਘ ਸੇਖੋਂ, ਜੀਤਮਹਿੰਦਰ ਸਿੰਘ ਸਿੱਧੂ, ਬਲਰਾਜ ਸਿੰਘ ਭੂੰਦੜ ਸਮੇਤ ਵਿਧਾਨ ਸਭਾ ਚੋਣਾਂ ੨੦੧੭ ਲਈ ਅਨੇਕਾਂ ਅਕਾਲੀ ਉਮੀਦਵਾਰਾਂ ਨੇ ਸਿਰਸਾ ਡੇਰਾ ਮੁਖੀ ਦੀ ਸ਼ਰਨ ਵਿੱਚ ਪਹੁੰਚ ਕੇ ਵੋਟਾਂ ਦੀ ਭੀਖ ਮੰਗੀ ਤੇ ੧ ਫਰਵਰੀ ਨੂੰ ਡੇਰੇ ਦੇ ਸਿਆਸੀ ਵਿੰਗ ਤੋਂ ਸਮੁੱਚੇ ਅਕਾਲੀ-ਭਾਜਪਾ ਉਮੀਦਵਾਰਾਂ ਲਈ ਮੱਦਦ ਲੈਣ ਵਿੱਚ ਸਫਲਤਾ ਹਾਸਲ ਕਰ ਲਈ।
   ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਉਸੇ ਦਿਨ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਕਾਲੀ ਆਗੂਆਂ ਵਿਰੁੱਧ ਕਾਰਵਾਈ ਕਰਨ ਲਈ ਚਿੱਠੀ ਲਿਖੇ ਜਾਣ ਦੇ ਬਾਵਯੂਦ ਇਨ੍ਹਾਂ ਜਥੇਦਾਰਾਂ, ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਦਿੱਲੀ ਕਮੇਟੀ ਦੇ ਮੌਜੂਦਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਚੁੱਪ ਵੱਟੀ ਰੱਖੀ ਪਰ ੪ ਫਰਵਰੀ ਨੂੰ ਵੋਟਾਂ ਪੈ ਜਾਣ ਉਪ੍ਰੰਤ ਇਹ ਸਾਰੇ ਹੁਕਮਨਾਮੇ ਦੀ ਉਲੰਘਣਾਂ ਕਰਨ ਦੇ ਦੋਸ਼ੀ ਅਕਾਲੀ ਆਗੂਆਂ ਵਿਰੁੱਧ ਕਾਰਵਾਈ ਕਰਨ ਦੇ ਹਾਸੋਹੀਣੇ ਬਿਆਨ ਦੇਣ ਲੱਗ ਪਏੇ ਹਨ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਬੜੀ ਫੁਰਤੀ ਨਾਲ ਜਾਂਚ ਲਈ ਤਿੰਨ ਕਮੇਟੀ ਮੈਂਬਰੀ ਬਣਾ ਦਿੱਤੀ ਹੈ।

   ਸਿੱਖ ਸੰਗਤਾਂ ਹੁਣ ਇਨ੍ਹਾਂ ਜਥੇਦਾਰਾਂ ਅਤੇ ਅਕਾਲੀ ਦਲ ਦੇ ਆਗੂਆਂ ਦੀ ਕੁਟਲਤਾ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਕਿ ਅਕਾਲ ਤਖ਼ਤ ਦਾ ਹਊਆ ਸਿਰਫ ਬਾਦਲ ਵਿਰੋਧੀ ਸਿੱਖਾਂ ਲਈ ਹੈ ਜਦੋਂ ਕਿ ਬਾਦਲ ਦਲ ਲਈ ਇਹ ਇਕ ਖਿਲ੍ਹਾਉਣਾ ਹੀ ਹੈ। ਇਸੇ ਲਈ ਤਾਂ ਆਪਣੇ ਸੁਆਰਥ ਲਈ ਜਦੋ ਦਿਲ ਕਰੇ ਹੁਕਮਨਾਮੇ ਦੀਆਂ ਧੱਜੀਆਂ ਵੀ ਉਡਾ ਦਿੰਦੇ ਹਨ ਤੇ ਫਿਰ ਲੋਕਾਂ ਦੀਆਂ ਨਜ਼ਰਾਂ ਵਿੱਚ ਦੁੱਧ ਧੋਤੇ ਬਣਨ ਲਈ ਅਕਾਲ ਤਖ਼ਤ 'ਤੇ ਪੇਸ਼ ਹੋ ਕੇ ਤਨਖ਼ਾਹ ਲਵਾਉਣ ਦਾ ਡਰਾਮਾ ਵੀ ਕਰ ਲੈਂਦੇ ਹਨ। ਇਨਾਂ ਦੀ ਹਾਲਤ ਬਿਲਕੁਲ ਉਨ੍ਹਾਂ ਕਰਮਕਾਂਡੀਆਂ ਵਾਲੀ ਹੈ ਜਿਨ੍ਹਾਂ ਪ੍ਰਤੀ ਗੁਰੂ ਸਾਹਿਬ ਜੀ ਨੇ ਬਚਨ ਉਚਾਰੇ ਹਨ:
"ਪਾਪ ਕਰਹਿ ਪੰਚਾਂ ਕੇ ਬਸਿ ਰੇ ॥ ਤੀਰਥਿ ਨਾਇ ਕਹਹਿ ਸਭਿ ਉਤਰੇ ॥
ਬਹੁਰਿ ਕਮਾਵਹਿ ਹੋਇ ਨਿਸੰਕ ॥ ਜਮ ਪੁਰਿ ਬਾਂਧਿ ਖਰੇ ਕਾਲੰਕ ॥" (ਪ੍ਰਭਾਤੀ ਮ: ੫/ ੧੩੪੮)
   ਜਿਵੇਂ ਕਿ ਸਿਕੰਦਰ ਸਿੰਘ ਮਲੂਕਾ ਤਾਂ ਕੁਝ ਦਿਨ ਪਹਿਲਾਂ ਹੀ ਅਰਦਾਸ ਦੇ ਮਾਮਲੇ ਵਿੱਚ ਤਨਖਾਹ ਲਵਾ ਕੇ ਸੁਰਖੁਰੂ ਹੋਣ ਉਪ੍ਰੰਤ ਤੁਰੰਤ ਹੀ ਹੁਕਮਨਾਮੇ ਦੀ ਉਲੰਘਣਾ ਕਰਕੇ ਫਿਰ ਗਲ ਵਿੱਚ ਪੱਲਾ ਪਾ ਕੇ ਤਨਖਾਹ ਲਵਾਉਣ ਲਈ ਪੇਸ਼ ਹੋਣ ਦਾ ਡਰਾਮਾ ਕਰਨ ਲਈ ਤਿਆਰ ਹੈ। ਜੇ ਇਨ੍ਹਾਂ ਜਥੇਦਾਰਾਂ ਅਤੇ ਅਕਾਲੀ ਆਗੂਆਂ ਦੇ ਦਿਲਾਂ ਵਿੱਚ ਅਕਾਲ ਤਖ਼ਤ ਦਾ ਭੋਰਾ ਭਰ ਵੀ ਅਦਬ ਸਤਿਕਾਰ ਤੇ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਹੁੰਦੀ ਤਾਂ ਸਤੰਬਰ ੨੦੧੫ ਵਿੱਚ ਸਿਰਸਾ ਡੇਰਾ ਨੂੰ ਮੁਆਫੀ ਵਾਲਾ ਹੁਕਮਨਾਮਾ ਵਾਪਸ ਲੈਣ ਉਪ੍ਰੰਤ ਨਾ ਤਾਂ ਕਦੀ ਅਕਾਲੀ ਆਗੂ ਕੁਝ ਵੋਟਾਂ ਦੀ ਖਾਤਰ ਸਿਰਸਾ ਡੇਰਾ ਮੁਖੀ ਦੀ ਸ਼ਰਨ ਵਿੱਚ ਜਾਂਦੇ ਅਤੇ ਨਾ ਹੀ ਅਕਾਲੀ ਲੀਡਰਾਂ ਵੱਲੋਂ ਕੀਤੀ ਗਈ ਉਲੰਘਣਾਂ ਵੇਖ ਸੁਣ ਕੇ ਜਥੇਦਾਰ ਸਾਹਿਬ ੨੮ ਜਨਵਰੀ ਤੋਂ ੪ ਫਰਵਰੀ ਤੱਕ ਤਕ ਪੂਰਾ ਇੱਕ ਹਫਤਾ ਅੱਖਾਂ ਮੀਟ ਕੇ ਰੱਖਦੇ।

   ਇਨ੍ਹਾਂ ਦੀਆਂ ਹਰਕਤਾਂ ਨੂੰ ਵੇਖ ਕੇ ਪੰਜਾਬ ਦੇ ਸਿੱਖ ਤਾਂ ਤਕਰੀਬਨ ਜਾਗ ਚੁੱਕੇ ਹਨ ਇਸ ਕਾਰਨ ੪ ਫਰਵਰੀ ਨੂੰ ਪਈਆਂ ਵੋਟਾਂ ਦੇ ਰੁਝਾਨ ਤੋਂ ਪਤਾ ਲਗਦਾ ਹੈ ਕਿ ਅਕਾਲੀ ਦਲ ਨੂੰ ਸਿੱਖਾਂ ਦੀ ਵੋਟਾਂ ਨਾਮਾਤਰ ਹੀ ਪਈਆਂ ਹਨ; ਅਕਾਲੀ ਦਲ ਨੂੰ ਜੋ ਵੋਟਾਂ ਪਈਆਂ ਹਨ ਉਨ੍ਹਾਂ 'ਚੋਂ ਵੱਡਾ ਹਿੱਸਾ ਡੇਰੇਦਾਰਾਂ ਦੇ ਪੈਰੋਕਾਰਾਂ ਜਾਂ ਭਾਜਪਾ ਨਾਲ ਗੱਠਜੋੜ ਹੋਣ ਕਰਕੇ ਕੁਝ ਹਿੰਦੂ ਭਾਈਚਾਰੇ ਦੀਆਂ ਵੋਟਾਂ ਹੋਣਗੀਆਂ। ਪੰਜਾਬ ਵਿੱਚ ਬਾਦਲ ਦਲ ਦੇ ਮੁੱਖ ਆਗੂਆਂ ਵੱਲੋਂ ਸਿੱਖੀ ਸਿਧਾਂਤਾਂ ਤੇ ਪੰਥਕ ਰਵਾਇਤਾਂ ਨੂੰ ਪਿੱਠ ਦੇਣ ਸਦਕਾ ਇਨ੍ਹਾਂ ਦੀ ਜੋ ਦੁਰਗਤੀ ਇਨ੍ਹਾਂ ਚੋਣਾਂ ਵਿੱਚ ਹੋਵੇਗੀ ਸ਼ਾਇਦ ਇਤਿਹਾਸ ਵਿੱਚ ਪਹਿਲਾਂ ਕਦੀ ਵੀ ਨਾ ਹੋਈ ਹੋਵੇ ਕਿਉਂਕਿ ੧੧ ਮਾਰਚ ਨੂੰ ਚੋਣ ਨਤੀਜਿਆਂ ਵਿੱਚ ਅਕਾਲੀ ਦਲ ਸੀਟਾਂ ਅਤੇ ਵੋਟ ਪ੍ਰਤੀਸ਼ਤ ਪੱਖੋਂ ਤੀਜੇ ਨੰਬਰ 'ਤੇ ਆਉਣ ਦੀਆਂ ਬਹੁਤੀਆਂ ਸੰਭਾਵਨਾਵਾਂ ਹਨ। ਇਨ੍ਹਾਂ ਸੰਭਾਵਨਾਵਾਂ ਨੂੰ ਵੇਖਦਿਆਂ ਹੀ ਅਕਾਲੀ ਦਲ ਨੂੰ ਡਰ ਹੈ ਕਿ ਮਤਾਂ ੨੬ ਫਰਵਰੀ ਨੂੰ ਦਿੱਲੀ ਕਮੇਟੀ ਦੀਆਂ ਹੋਣ ਜਾ ਰਹੀਆਂ ਚੋਣਾਂ ਵਿੱਚ ਪੰਜਾਬ ਵਾਲਾ ਹਾਲ ਨਾ ਹੋ ਜਾਏ। ਇਹੋ ਕਾਰਣ ਹੈ ਕਿ ਦਿੱਲੀ ਕਮੇਟੀ ਦੀਆਂ ਚੋਣਾਂ ਵਿੱਚ ਸੰਭਾਵੀ ਨੁਕਸਾਨ ਘਟਾਉਣ ਦੇ ਉਪ੍ਰਾਲੇ ਵਜੋਂ ੪ ਫਰਵਰੀ ਪਿੱਛੋਂ ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਸ਼੍ਰੋਮਣੀ ਕਮੇਟੀ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਸਮੇਤ ਸਾਰੇ ਜਥੇਦਾਰ ਹੁਕਮਨਾਮੇ ਦੀ ਉਲੰਘਣਾਂ ਕਰਨ ਦੇ ਦੋਸ਼ੀ ਅਕਾਲੀ ਆਗੂਆਂ ਵਿਰੁੱਧ ਕਾਰਵਾਈ ਕਰਨ ਦੀ ਡਰਾਮੇਬਾਜ਼ੀ 'ਤੇ ਉਤਰ ਆਏ ਹਨ। ਪਰ ਸਿੱਖ ਸੰਗਤਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਹ ਅਖੌਤੀ ਅਕਾਲੀ ਆਗੂ ਅਕਾਲ ਤਖ਼ਤ ਨੂੰ ਟਿੱਚ ਕਰਕੇ ਜਾਣਦੇ ਹਨ ਜੇ ਡਰ ਹੈ ਤਾਂ ਕੇਵਲ ਵੋਟਾਂ ਦਾ।  ਇਸ ਲਈ ਇਨ੍ਹਾਂ ਨੂੰ ਸਿੱਧੇ ਰਸਤੇ ਪਾਉਣ ਲਈ ਦਿੱਲੀ ਦੀਆਂ ਸਿੱਖ ਸੰਗਤਾਂ ਨੂੰ ਚਾਹੀਦਾ ਹੈ ਕਿ ਜਥੇਦਾਰਾਂ ਤੋਂ ਕਾਰਵਾਈ ਦੀ ਮੰਗ ਕਰਨ ਦੀ ਥਾਂ ਉਹ ਖੁਦ ਕਾਰਵਾਈ ਕਰਨ ਦੀ ਜਾਚ ਸਿੱਖਣ ਅਤੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੀ ਤਰ੍ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਵੀ ਬਾਦਲ ਦਲ ਨੂੰ ਸਿੱਖ ਭਾਵਨਾਵਾਂ ਦੀ ਪਛਾਣ ਕਰਵਾ ਦੇਣ।
   ਬਾਦਲ ਦਲ ਵੱਲੋਂ ਸਿੱਖ ਸਿਧਾਂਤਾ ਅਤੇ ਅਕਾਲ ਤਖ਼ਤ ਦੇ ਰੁਤਬੇ ਨੂੰ ਮਿੱਟੀ ਘੱਟੇ ਰਲਾਉਣ ਦੀ ਆਦਤ ਤੋਂ ਦੁਖੀ ਬਾਦਲ ਵਿਰੋਧੀ ਦਲਾਂ ਜਿਵੇਂ ਕਿ ਸਰਨਾ ਦਲ, ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦਾ ਗਰੁੱਪ, ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ, ਭਾਈ ਪੰਥਪ੍ਰੀਤ ਸਿੰਘ, ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਦੀ ਅਗਵਾਈ ਵਾਲਾ ਮਿਸ਼ਨਰੀ ਗਰੁੱਪ, ਰਾਗੀ ਭਾਈ ਬਲਦੇਵ ਸਿੰਘ ਵਡਾਲਾ ਦਾ ਗਰੁੱਪ ਅਤੇ ਅਵਤਾਰ ਸਿੰਘ ਦੀ ਅਗਵਾਈ ਹੇਠ ਨਵਾਂ ਬਣਿਆ ਅਕਾਲੀ ਦਲ ਪੰਥ ਦੇ ਵਡੇਰੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਮੱਤਭੇਦਾਂ ਨੂੰ ਭੁਲਾ ਕੇ ਆਪਸੀ ਤਾਲਮੇਲ ਨਾਲ ਚੋਣਾਂ ਲੜਨ ਤਾਂ ਕਿ ਅਕਾਲ ਤਖ਼ਤ ਨੂੰ ਖਿਲ੍ਹਾਉਣਾ ਸਮਝਣ ਵਾਲੇ ਬਾਦਲ ਦਲੀਆਂ ਤੋਂ ਦਿੱਲੀ ਕਮੇਟੀ ਅਜ਼ਾਦ ਕਰਵਾਈ ਜਾ ਸਕੀ ਜੋ ਕਿ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਅਜ਼ਾਦ ਕਰਵਾਉਣ ਦਾ ਮੁੱਢ ਬੰਨ੍ਹੇਗੀ।

-ਕਿਰਪਾਲ ਸਿੰਘ ਬਠਿੰਡਾ ਫੋਨ: ੦੧੬੪-੨੨੧੦੭੯੭

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.