ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਪੈਸੇ ਵੰਡਣ ਆਏ ਅਕਾਲੀ ਵਰਕਰ ਨੂੰ ਪਿੰਡ ਵਾਸੀਆਂ ਨੇ ਘੇਰਿਆ
ਪੈਸੇ ਵੰਡਣ ਆਏ ਅਕਾਲੀ ਵਰਕਰ ਨੂੰ ਪਿੰਡ ਵਾਸੀਆਂ ਨੇ ਘੇਰਿਆ
Page Visitors: 2515

ਪੈਸੇ ਵੰਡਣ ਆਏ ਅਕਾਲੀ ਵਰਕਰ ਨੂੰ ਪਿੰਡ ਵਾਸੀਆਂ ਨੇ ਘੇਰਿਆ

Posted On 03 Feb 2017

ajaku
ਹਾਕੂਵਾਲਾ ’ਚ ਅਕਾਲੀ ਚੇਅਰਮੈਨ ਦੀ ਗੱਡੀ ਪਿੰਡ ਵਾਸੀਆਂ ਦੇ ਨਾਲ ਚੜ੍ਹੇ ਰਣਇੰਦਰ ਸਿੰਘ। -ਫੋਟੋ: ਸ਼ਾਂਤ
ਲੰਬੀ, 3 ਫਰਵਰੀ (ਪੰਜਾਬ ਮੇਲ)- ਪੰਚਾਇਤ ਸਮਿਤੀ ਲੰਬੀ ਦੇ ਚੇਅਰਮੈਨ ਤੇ ਅਕਾਲੀ ਆਗੂ ਗੁਰਬਖਸ਼ੀਸ਼ ਸਿੰਘ ਵਿੱਕੀ ਮਿੱਡੂਖੇੜਾ ਨੂੰ ਅੱਜ ਪਿੰਡ ਹਾਕੂਵਾਲਾ ’ਚ ਕਥਿਤ ਤੌਰ ’ਤੇ ਵੋਟਾਂ ਖ਼ਾਤਰ ਨੋਟ ਵੰਡਣ ਗਏ ਨੂੰ ਘੇਰਾ ਪੈ ਗਿਆ। ਕਾਂਗਰਸੀ ਵਰਕਰਾਂ ਨੇ ਸ੍ਰੀ ਮਿੱਡੂਖੇੜਾ ਦੀ ਫਾਰਚੂਨਰ ਗੱਡੀ ਘੇਰ ਕੇ ਧਰਨਾ ਲਗਾ ਦਿੱਤਾ। ਕਾਂਗਰਸੀ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ, ਉਸ ਦੇ ਪੁੱਤਰ ਰਣਇੰਦਰ ਸਿੰਘ ਅਤੇ ‘ਆਪ’ ਉਮੀਦਵਾਰ ਜਰਨੈਲ ਸਿੰਘ ਵੀ ਧਰਨੇ ’ਚ ਸ਼ਾਮਲ ਹੋਏ। ਚੇਅਰਮੈਨ ਮਿੱਡੂਖੇੜਾ ਤੇ ਉਸ ਦਾ ਲੜਕਾ ਗੁਰਲਾਲ ਸਿੰਘ ਮੌਕੇ ਤੋਂ ਖਿਸਕ ਗਏ। ਚੋਣ ਅਮਲੇ ਦੀ ਵੀਡੀਓਗ੍ਰਾਫ਼ੀ ਟੀਮ-3 ਦੇ ਮੁਖੀ ਪ੍ਰਵੀਨ ਮਿੱਡਾ ਤੇ ਕਿੱਲਿਆਂਵਾਲੀ ਚੌਕੀ ਦੇ ਇੰਚਾਰਜ ਸੁਖਦੇਵ ਸਿੰਘ ਨੇ ਕਾਂਗਰਸੀ ਤੇ ਅਕਾਲੀ ਵਰਕਰਾਂ ਦੀ ਮੌਜੂਦਗੀ ’ਚ ਪੀਜੇਬੀ 13 ਨੰਬਰ ਗੱਡੀ ਦੀ ਤਲਾਸ਼ੀ ਲਈ, ਜਿਸ ’ਚੋਂ ਕੁਝ ਨਹੀਂ ਮਿਲਿਆ। ਗ਼ੌਰਤਲਬ ਹੈ ਕਿ ਵਿੱਕੀ ਮਿੱਡੂਖੇੜਾ ਅਕਾਲੀ ਦਲ ਵੱਲੋਂ ਪਿੰਡ ਹਾਕੂਵਾਲਾ ਦੇ ਇੰਚਾਰਜ ਹਨ। ਉਨ੍ਹਾਂ ਕਿਹਾ ਕਿ ਉਹ ਤਾਂ ਇੱਕ ਬਜ਼ੁਰਗ ਦੀ ਮੌਤ ’ਤੇ ਗੋਡਾ ਨਿਵਾਉਣ ਹਾਕੂਵਾਲਾ ਆਏ ਸਨ ਪਰ ਕਾਂਗਰਸੀਆਂ ਨੇ ਉਨ੍ਹਾਂ ’ਤੇ ਜਾਨਲੇਵਾ ਹਮਲਾ ਕਰ ਦਿੱਤਾ। ਘਟਨਾ ਬਾਰੇ ਪਿੰਡ ’ਚ ਹੋਕਾ ਦੇਣ ’ਤੇ ਵੱਡੀ ਗਿਣਤੀ ’ਚ ਲੋਕ ਇਕੱਤਰ ਹੋ ਗਏ। ਗੱਡੀ ਘੇਰਨ ਦੀ ਸੂਚਨਾ ਮਿਲਣ ’ਤੇ ਕੈਪਟਨ ਅਮਰਿੰਦਰ ਸਿੰਘ ਤੇ ਜਰਨੈਲ ਸਿੰਘ ਕੁੱਝ ਮਿੰਟਾਂ ਦੇ ਫਾਸਲੇ ’ਤੇ ਪੁੱਜੇ ਪਰ ਦੋਵੇਂ ਆਹਮੋ-ਸਾਹਮਣੇ ਨਹੀਂ ਹੋਏ। ਕੈਪਟਨ ਅਮਰਿੰਦਰ ਸਿੰਘ ਦੇ ਪੁੱਜਣ ’ਤੇ ਕਾਫ਼ੀ ਗਿਣਤੀ ਪਿੰਡ ਵਾਸੀ ਫਾਰਚੂਨਰ ਗੱਡੀ ’ਤੇ ਚੜ੍ਹ ਗਏ, ਜਿਨ੍ਹਾਂ ’ਚ ਰਣਇੰਦਰ ਸਿੰਘ ਵੀ ਸ਼ਾਮਲ ਸੀ।
ਕਾਂਗਰਸੀ ਵਰਕਰਾਂ ਮਲਕੀਤ ਸਿੰਘ ਹਾਕੂਵਾਲਾ ਤੇ ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਤਕਰੀਬਨ ਸਵੇਰੇ ਸਾਢੇ 10-11 ਵਜੇ ਵਿੱਕੀ ਮਿੱਡੂਖੇੜਾ, ਉਸ ਦਾ ਲੜਕਾ ਗੁਰਲਾਲ ਅਤੇ 3 ਹੋਰ ਵਿਅਕਤੀ ਫਾਰਚੂਨਰ ’ਚ ਵੋਟਰਾਂ ਨੂੰ ਪੈਸੇ ਵੰਡਣ ਆਏ ਸਨ। ਮਲਕੀਤ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਗੁਰਲਾਲ ਨੇ ਗਾਲੀ-ਗਲੋਚ ਕੀਤਾ ਅਤੇ ਉਸ ’ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਹੋਰ ਪਿੰਡ ਵਾਸੀਆਂ ਦੇ ਇਕੱਠੇ ਹੋਣ ’ਤੇ ਵਿੱਕੀ ਮਿੱਡੂਖੇੜਾ, ਗੁਰਲਾਲ ਸਿੰਘ ਵਗੈਰਾ ਗੱਡੀ ’ਚੋਂ ਕਾਲੇ ਰੰਗ ਦਾ ਰਾਸ਼ੀ ਵਾਲਾ ਛੋਟਾ ਬੈਗ ਲੈ ਕੇ ਖਿਸਕ ਗਏ। ਗੁਰਲਾਲ ਸਿੰਘ ਨੇ ਦੋਸ਼ ਲਾਇਆ ਕਿ ਮਨਜੀਤ, ਇਕਬਾਲ, ਸੁਖਵਿੰਦਰ, ਜਗਸੀਰ, ਜਰਨੈਲ ਤੇ 15-20 ਹੋਰਾਂ ਨੇ ਉਨ੍ਹਾਂ ’ਤੇ ਜਾਨਲੇਵਾ ਹਮਲਾ ਕੀਤਾ ਅਤੇ ਬਾਅਦ ’ਚ ਰਣਇੰਦਰ ਨੇ ਆਪਣੇ ਸਮਰਥਕਾਂ ਨਾਲ ਗੱਡੀ ਦੀ ਛੱਤ ਤੇ ਸ਼ੀਸ਼ਾ ਭੰਨ ਦਿੱਤਾ।
ਧਰਨੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਅਕਾਲੀ ਵੋਟਾਂ ਲਈ ਪੈਸੇ ਵੰਡਣਗੇ ਤਾਂ ਲੋਕਾਂ ਦਾ ਗੱਡੀਆਂ ਭੰਨਣਾ ਜਾਇਜ਼ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦਾ ਨੇੜਲਾ ਤੇਜਿੰਦਰ ਸਿੰਘ ਮਿੱਡੂਖੇੜਾ ਵੀਰਵਾਰ ਰਾਤ ਨੂੰ ਪਿੰਡ ਕੱਖਾਂਵਾਲੀ ਦੇ ਲੋਕਾਂ ਨੂੰ ਕਥਿਤ ਤੌਰ ’ਤੇ ਪੈਸੇ ਵੰਡਦਾ ਰੰਗੇ ਹੱਥੀਂ ਫੜਿਆ ਗਿਆ ਸੀ। ਉਸ ਨੂੰ ਸ਼ਰੇਆਮ ਮੁਆਫ਼ੀ ਮੰਗਣ ਬਾਅਦ ਹੀ ਜਾਣ ਦਿੱਤਾ ਗਿਆ। ‘ਆਪ’ ਉਮੀਦਵਾਰ ਜਰਨੈਲ ਸਿੰਘ ਨੇ ਕਿਹਾ ਕਿ ਹਾਕੂਵਾਲਾ ਵਾਸੀਆਂ ਨੇ ਅਕਾਲੀਆਂ ਦੀ ਗੁੰਡਾਗਰਦੀ ਖ਼ਿਲਾਫ਼ ਹੋਕਾ ਦੇ ਕੇ ਹੌਸਲੇ ਵਾਲਾ ਕੰਮ ਕੀਤਾ ਹੈ। ਜ਼ਿਲ੍ਹਾ ਪੁਲੀਸ ਮੁਖੀ ਧਰੁਮਣ ਐਚ ਨਿੰਬਲੇ ਨੇ ਕਿਹਾ ਕਿ ਦੋਵੇਂ ਧਿਰਾਂ ਦੀਆਂ ਸ਼ਿਕਾਇਤ ਪੁੱਜੀਆਂ ਹਨ ਅਤੇ ਪੜਤਾਲ ਕੀਤੀ ਜਾ ਰਹੀ ਹੈ। ਅਕਾਲੀ ਦਲ ਦੇ ਕੌਮੀ ਜਥੇਬੰਦਕ ਸਕੱਤਰ ਤੇਜਿੰਦਰ ਸਿੰਘ ਮਿੱਡੂਖੇੜਾ ਨੇ ਅਮਰਿੰਦਰ ਸਿੰਘ ਦੇ ਕੱਖਾਂਵਾਲੀ ਪਿੰਡ ਬਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.