ਮਨਪ੍ਰੀਤ ਬਾਦਲ ਦੇ ਉਪ ਦਫ਼ਤਰ ‘ਤੇ ਗੋਲੀਬਾਰੀ
ਬਠਿੰਡਾ, 1 ਫਰਵਰੀ (ਪੰਜਾਬ ਮੇਲ)- ਬਠਿੰਡਾ (ਸ਼ਹਿਰੀ) ਤੋਂ ਕਾਂਗਰਸੀ ਉਮੀਦਵਾਰ ਮਨਪ੍ਰੀਤ ਬਾਦਲ ਦੇ ਸਬ-ਦਫ਼ਤਰ ‘ਤੇ ਅੱਧੀ ਰਾਤ ਨੂੰ ਫਾਇਰਿੰਗ ਹੋਈ, ਜਿਸ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਥਾਣਾ ਕੈਨਾਲ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 336, 25, 54,59 ਤਹਿਤ ਕੇਸ ਦਰਜ ਕਰ ਲਿਆ ਹੈ। ਮਨਪ੍ਰੀਤ ਬਾਦਲ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ ਕਿ ਉਸ ਦੇ ਜਨਤਾ ਨਗਰ ਵਿਚਲੇ ਦਫ਼ਤਰ ‘ਤੇ ਹਾਕਮ ਧਿਰ ਦੇ ਗੁੰਡਿਆਂ ਵੱਲੋਂ ਹਮਲਾ ਕੀਤਾ ਗਿਆ ਹੈ। ਉਨ੍ਹਾਂ ਚੋਣ ਕਮਿਸ਼ਨ ਨੂੰ ਕਾਰਤੂਸਾਂ ਦੇ ਖੋਲਾਂ ਦੀ ਤਸਵੀਰ ਵੀ ਭੇਜੀ ਹੈ। ਉਨ੍ਹਾਂ ਕਿਹਾ ਕਿ ਬਠਿੰਡਾ ਸ਼ਹਿਰੀ ਅਤਿ ਸੰਵੇਦਨਸ਼ੀਲ ਹਲਕਾ ਹੈ, ਜਿਸ ਕਾਰਨ ਇਸ ਤਰ੍ਹਾਂ ਦੇ ਹੋਰ ਹਮਲੇ ਹੋ ਸਕਦੇ ਹਨ। ਕਾਂਗਰਸ ਦਾ ਜਨਤਾ ਨਗਰ ਦੀ ਗਲੀ ਨੰਬਰ ਦੋ ਵਿਚ ਉਪ ਦਫ਼ਤਰ ਹੈ, ਜਿਥੇ ਰਾਤ ਤਕਰੀਬਨ ਢਾਈ ਵਜੇ ਗੋਲੀ ਚੱਲੀ। ਅੱਜ ਕਾਂਗਰਸੀ ਆਗੂਆਂ ਨੇ ਦਫ਼ਤਰ ਅੱਗੇ ਵੱਜੀਆਂ ਗੋਲੀਆਂ ਦੇ ਨਿਸ਼ਾਨ ਅਤੇ ਕਾਰਤੂਸਾਂ ਦੇ ਖੋਲ ਦਿਖਾਏ। ਆਸ ਪਾਸ ਦੇ ਘਰਾਂ ਦੀਆਂ ਔਰਤਾਂ ਨੇ ਦੱਸਿਆ ਕਿ ਰਾਤ ਉਨ੍ਹਾਂ ਨੂੰ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਇੱਕ ਔਰਤ ਨੇ ਕਿਹਾ ਕਿ ਉਸ ਨੂੰ ਸ਼ਟਰ ਖੜਕਣ ਦੀ ਆਵਾਜ਼ ਸੁਣੀ ਸੀ।
ਘਟਨਾ ਬਾਰੇ ਹਾਲੇ ਭੇਤ ਬਣਿਆ ਹੋਇਆ ਹੈ। ਦੂਜੇ ਪਾਸੇ ਅਕਾਲੀ ਉਮੀਦਵਾਰ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਦਾ ਇਸ ਗੋਲੀਬਾਰੀ ਨਾਲ ਕੋਈ ਸਬੰਧ ਨਹੀਂ ਹੈ ਅਤੇ ਉਨ੍ਹਾਂ ਨੂੰ ਬਦਨਾਮ ਕਰਨ ਖ਼ਾਤਰ ਇਹ ਡਰਾਮਾ ਕੀਤਾ ਜਾ ਰਿਹਾ ਹੈ। ਐੱਸ.ਪੀ. ਸਿਟੀ ਬਲਰਾਜ ਸਿੰਘ ਸਿੱਧੂ ਸਮੇਤ ਪੁਲਿਸ ਟੀਮ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਆਂਢ-ਗੁਆਂਢ ‘ਚੋਂ ਪੁੱਛ ਪੜਤਾਲ ਕੀਤੀ। ਉਨ੍ਹਾਂ ਕਿਹਾ ਕਿ ਥਾਣਾ ਕੈਨਾਲ ‘ਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਰਾਤ ਸਮੇਂ ਦਫ਼ਤਰ ਬੰਦ ਸੀ, ਜਿਸ ਕਾਰਨ ਕੋਈ ਨੁਕਸਾਨ ਨਹੀਂ ਹੋਇਆ।