500 ਕੰਪਨੀਆਂ ਵਿਧਾਨ ਸਭਾ ਚੋਣਾਂ ਚ ਸੁਰੱਖਿਆ ਲਈ ਪੰਜਾਬ ਪੁੱਜੀਆਂ
ਚੰਡੀਗੜ੍ਹ, 29 ਜਨਵਰੀ (ਪੰਜਾਬ ਮੇਲ)- ਪੰਜਾਬ ਵਿਧਾਨ ਸਭਾ ਲਈ 4 ਫਰਵਰੀ ਨੂੰ ਪੈਣ ਵਾਲੀਆਂ ਵੋਟਾਂ ਲਈ ਭਾਰਤੀ ਚੋਣ ਕਮਿਸ਼ਨ ਵੱਲੋਂ ਸਮੁੱਚੀ ਚੋਣ ਪ੍ਰਕਿਰਿਆ ਨੂੰ ਸ਼ਾਂਤੀਪੂਰਨ ਢੰਗ ਨਾਲ ਪੂਰਾ ਕਰਨ ਅਤੇ ਵੋਟਾਂ ਦੌਰਾਨ ਸ਼ਰਾਬ, ਪੈਸੇ ਅਤੇ ਨਸ਼ਿਆਂ ਦੀ ਵੰਡ ਆਦਿ ਨੂੰ ਰੋਕਣ ਲਈ ਬੇਮਿਸਾਲ ਸੁਰੱਖਿਆ ਪ੍ਰਬੰਧ ਕਰਨ ਦਾ ਫ਼ੈਸਲਾ ਕੀਤਾ ਹੈ ਤੇ ਪਹਿਲੀ ਵਾਰ ਰਾਜ ਵਿਚ ਇਸ ਮੰਤਵ ਲਈ ਕੇਂਦਰ ਦੀਆਂ 6 ਸੁਰੱਖਿਆ ਏਜੰਸੀਆਂ ਸੀ. ਆਰ. ਪੀ. ਐਫ., ਬੀ.ਐਸ.ਐਫ., ਸੀ. ਆਈ. ਐਸ. ਐਫ., ਆਈ.ਟੀ.ਬੀ.ਪੀ., ਰੇਲਵੇ ਪ੍ਰੋਟੈਕਸ਼ਨ ਫੋਰਸ ਤੇ ਐਸ.ਐਸ.ਬੀ ਤੋਂ ਇਲਾਵਾ ਦੇਸ਼ ਦੇ 13 ਰਾਜਾਂ ਦੀ ਪੁਲਿਸ ਫੋਰਸ ਦੀਆਂ 500 ਕੰਪਨੀਆਂ ਪੰਜਾਬ ਵਿਚ ਤਾਇਨਾਤ ਕਰ ਦਿੱਤੀਆਂ ਗਈਆਂ ਹਨ, ਜਿਸ ਦੀ ਨਫ਼ਰੀ ਕੋਈ 50 ਹਜ਼ਾਰ ਤੋਂ ਵੱਧ ਦੱਸੀ ਜਾ ਰਹੀ ਹੈ। ਜਦੋਂਕਿ ਪੰਜਾਬ ਪੁਲਿਸ ਦੀ ਕੋਈ 70 ਹਜ਼ਾਰ ਤੋਂ ਵੱਧ ਨਫ਼ਰੀ ਵੀ ਚੋਣਾਂ ਦੇ ਕੰਮ ਵਿਚ ਲੱਗੀ ਹੋਈ ਹੈ। ਵਰਨਣਯੋਗ ਹੈ ਕਿ ਮਗਰਲੀਆਂ ਵਿਧਾਨ ਸਭਾ ਚੋਣਾਂ ਮੌਕੇ ਕੇਂਦਰੀ ਸੁਰੱਖਿਆ ਬਲਾਂ ਦੀਆਂ ਕੋਈ 220 ਕੰਪਨੀਆਂ ਪੰਜਾਬ ਵਿਚ ਤਾਇਨਾਤ ਕੀਤੀਆਂ ਗਈਆਂ ਸਨ, ਜਦੋਂਕਿ ਇਸ ਵਾਰ ਬਾਹਰੀ ਫੋਰਸ ਦੀ ਗਿਣਤੀ ਦੁੱਗਣੀ ਤੋਂ ਵੀ ਵੱਧ ਰੱਖੀ ਗਈ ਹੈ। ਚੋਣ ਕਮਿਸ਼ਨ ਦੇ ਆਦੇਸ਼ਾਂ ‘ਤੇ ਸਾਰੇ ਸਰਹੱਦੀ ਖੇਤਰਾਂ ਤਰਨਤਾਰਨ, ਪਠਾਨਕੋਟ, ਬਟਾਲਾ, ਗੁਰਦਾਸਪੁਰ, ਅੰਮ੍ਰਿਤਸਰ ਦਿਹਾਤੀ, ਫ਼ਿਰੋਜ਼ਪੁਰ ਅਤੇ ਫ਼ਾਜ਼ਿਲਕਾ ਵਿਖੇ ਬਾਰਡਰ ਸਕਿਉਰਿਟੀ ਫੋਰਸ ਦੀ ਨਫ਼ਰੀ ਤਾਇਨਾਤ ਕੀਤੀ ਗਈ ਹੈ ਤਾਂ ਜੋ ਸਰਹੱਦ ਪਾਰੋਂ ਹੁੰਦੀਆਂ ਸਰਗਰਮੀਆਂ ‘ਤੇ ਵੀ ਸਖ਼ਤ ਨਜ਼ਰ ਰੱਖੀ ਜਾ ਸਕੇ। ਪਟਿਆਲਾ ਜ਼ਿਲ੍ਹਾ ਜਿੱਥੇ ਕਿ 8 ਵਿਧਾਨ ਸਭਾ ਹਲਕੇ ਹਨ ਅਤੇ ਸੰਗਰੂਰ ਦਾ ਜ਼ਿਲ੍ਹਾ ਜਿੱਥੇ 7 ਵਿਧਾਨ ਸਭਾ ਹਲਕੇ ਹਨ, ਵਿਖੇ 32 ਅਤੇ 24 ਕੇਂਦਰੀ ਸੁਰੱਖਿਆ ਬਲਾਂ ਦੀਆਂ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਪਟਿਆਲੇ ਨੂੰ ਇਸ ਵਿਚੋਂ 22 ਕੰਪਨੀਆਂ ਸੀ.ਆਰ.ਪੀ.ਐਫ. ਦੀਆਂ ਅਤੇ 10 ਆਰ.ਪੀ.ਐਫ. ਦੀਆਂ ਦਿੱਤੀਆਂ ਹੋਈਆਂ ਹਨ। ਬਠਿੰਡਾ ਅਤੇ ਫ਼ਾਜ਼ਿਲਕਾ ਵਰਗੇ ਜ਼ਿਲ੍ਹੇ ਜਿੱਥੇ ਚੋਣ ਪ੍ਰਚਾਰ ਕਾਫ਼ੀ ਤਿੱਖਾ ਹੈ, ਨੂੰ 24 ਅਤੇ 21 ਕੇਂਦਰੀ ਸੁਰੱਖਿਆ ਬਲਾਂ ਦੀਆਂ ਕੰਪਨੀਆਂ ਦਿੱਤੀਆਂ ਗਈਆਂ ਹਨ। ਚੋਣ ਕਮਿਸ਼ਨ ਦੇ ਆਦੇਸ਼ਾਂ ‘ਤੇ ਪੰਜਾਬ ਦੇ ਦੂਜੇ ਰਾਜਾਂ ਜੰਮੂ-ਕਸ਼ਮੀਰ, ਰਾਜਸਥਾਨ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਕੇਂਦਰੀ ਪ੍ਰਦੇਸ਼ ਨਾਲ ਲੱਗਦੀਆਂ ਸਰਹੱਦਾਂ ‘ਤੇ 109 ਨਾਕੇ ਲਾਏ ਗਏ ਹਨ, ਜਿਨ੍ਹਾਂ ਦਾ ਕੰਟਰੋਲ ਕੇਂਦਰੀ ਬਲਾਂ ਕੋਲ ਹੈ ਅਤੇ ਇਨ੍ਹਾਂ ‘ਤੇ ਨਜ਼ਰ ਰੱਖਣ ਲਈ ਕਮਿਸ਼ਨ ਨੇ ਸੀ.ਸੀ.ਟੀ.ਵੀ. ਕੈਮਰੇ ਵੀ ਲਾਏ ਹੋਏ ਹਨ। ਦੂਜੇ ਸਾਰੇ ਜ਼ਿਲ੍ਹਿਆਂ ਨੂੰ 15 ਤੋਂ ਲੈ ਕੇ 19 ਤੱਕ ਕੇਂਦਰੀ ਸੁਰੱਖਿਆ ਬਲਾਂ ਦੀਆਂ ਕੰਪਨੀਆਂ ਦਿੱਤੀਆਂ ਗਈਆਂ ਹਨ ਅਤੇ ਜ਼ਿਲ੍ਹਿਆਂ ਅੰਦਰ ਨਾਕੇ ਲਾਉਣ ਦਾ ਕੰਮ ਜ਼ਿਲ੍ਹਾ ਅਧਿਕਾਰੀਆਂ ‘ਤੇ ਛੱਡਿਆ ਗਿਆ ਹੈ, ਜਿਨ੍ਹਾਂ ਵੱਲੋਂ ਰੋਜ਼ਾਨਾ ਸਥਾਨ ਬਦਲ ਕੇ ਨਾਕੇ ਲਾਏ ਜਾ ਰਹੇ ਹਨ। ਦਿਲਚਸਪ ਗੱਲ ਇਹ ਹੈ ਕਿ ਇੱਕ ਦਰਜਨ ਤੋਂ ਵੱਧ ਦੂਰ ਦੁਰਾਡੇ ਦੇ ਸੂਬਿਆਂ ਵੱਲੋਂ ਵੀ ਪੁਲਿਸ ਫੋਰਸ ਦੀ ਨਫ਼ਰੀ ਪੰਜਾਬ ਵਿਚ ਭੇਜੀ ਗਈ ਹੈ ਜਿਨ੍ਹਾਂ ਰਾਜਾਂ ਦੀ ਹਥਿਆਰਬੰਦ ਪੁਲਿਸ ਪੰਜਾਬ ਪੁੱਜੀ ਹੈ, ਉਸ ਵਿਚ ਨਾਗਾਲੈਂਡ, ਮਿਜ਼ੋਰਮ, ਤੇਲੰਗਾਨਾ, ਤ੍ਰਿਪੁਰਾ, ਮੇਘਾਲਿਆ, ਸਿੱਕਮ, ਆਂਧਰਾ ਪ੍ਰਦੇਸ਼, ਗੁਜਰਾਤ, ਮੱਧ ਪ੍ਰਦੇਸ਼, ਰਾਜਸਥਾਨ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਕੇਂਦਰੀ ਪ੍ਰਦੇਸ਼ ਆਦਿ ਸ਼ਾਮਿਲ ਹਨ। ਚੋਣ ਕਮਿਸ਼ਨ ਵੱਲੋਂ ਰਾਜ ਦੀਆਂ ਜੇਲ੍ਹਾਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਦਿੱਤੇ ਗਏ ਆਦੇਸ਼ਾਂ ਤੋਂ ਬਾਅਦ ਕੁਝ ਅਹਿਮ ਜੇਲ੍ਹਾਂ ਦੀ ਸੁਰੱਖਿਆ ਲਈ ਕੇਂਦਰੀ ਸੁਰੱਖਿਆ ਬਲ ਵੀ ਦੂਜੀ ਫੋਰਸ ਨਾਲ ਤਾਇਨਾਤ ਕੀਤੇ ਗਏ ਹਨ।
ਕਮਿਸ਼ਨ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਨੂੰ ਕੇਂਦਰੀ ਸੁਰੱਖਿਆ ਬਲਾਂ ਦੀ ਨਫ਼ਰੀ 5 ਜਨਵਰੀ ਤੋਂ ਮਿਲਣੀ ਸ਼ੁਰੂ ਹੋ ਗਈ ਸੀ ਤੇ 24 ਜਨਵਰੀ ਤੱਕ ਸਮੁੱਚੀਆਂ 500 ਕੰਪਨੀਆਂ ਪੰਜਾਬ ਪੁੱਜ ਗਈਆਂ ਸਨ। ਇਹ ਬਾਹਰ ਦੀ ਫੋਰਸ ਨੂੰ ਮੁੱਖ ਤੌਰ ‘ਤੇ ਰੇਲਵੇ ਰਾਹੀਂ ਪੰਜਾਬ ਪਹੁੰਚਾਇਆ ਗਿਆ, ਜਦੋਂਕਿ ਚੋਣ ਕਮਿਸ਼ਨ ਵੱਲੋਂ ਬਾਹਰੋਂ ਆਈ ਫੋਰਸ ਨੂੰ ਗਸ਼ਤ ਆਦਿ ਲਈ ਵਾਹਨ ਮੁਹੱਈਆ ਕਰਨ ਹਿੱਤ ਹਜ਼ਾਰਾਂ ਦੀ ਗਿਣਤੀ ਵਿਚ ਨਿੱਜੀ ਵਾਹਨ ਕਿਰਾਏ ‘ਤੇ ਲਏ ਗਏ ਹਨ। ਬੁਲਾਰੇ ਨੇ ਇਹ ਵੀ ਦੱਸਿਆ ਕਿ ਪੰਜਾਬ ਵਿਚ ਪਹਿਲੀ ਵਾਰ ਇਸ ਪੱਧਰ ‘ਤੇ ਕੇਂਦਰੀ ਸੁਰੱਖਿਆ ਬਲਾਂ ਦੀ ਚੋਣਾਂ ਲਈ ਤਾਇਨਾਤੀ ਕੀਤੀ ਗਈ ਹੈ। ਹਾਲਾਂਕਿ ਅੱਤਵਾਦ ਦੌਰਾਨ ਵੀ ਇੱਕ ਮੌਕੇ ਚੋਣਾਂ ਕਾਮਯਾਬ ਕਰਨ ਲਈ ਇਸੇ ਪੱਧਰ ‘ਤੇ ਤਾਇਨਾਤੀ ਹੋਈ ਸੀ।