ਅਸੈਂਬਲੀ ਚੋਣਾਂ ‘ਚ ਹਿੱਸਾ ਲੈਣ ਲਈ ਪ੍ਰਵਾਸੀਆਂ ਨੇ ਪਾਏ ਪੰਜਾਬ ਨੂੰ ਚਾਲੇ
ਸੈਕਰਾਮੈਂਟੋ, 18 ਜਨਵਰੀ (ਪੰਜਾਬ ਮੇਲ)- 4 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਇਸ ਵੇਲੇ ਪੰਜਾਬ ਵਿਚ ਚੋਣ ਮਾਹੌਲ ਸਿਖਰਾਂ ‘ਤੇ ਪਹੁੰਚ ਚੁੱਕਾ ਹੈ। ਹਰ ਉਮੀਦਵਾਰ ਆਪੋ-ਆਪਣੇ ਹਲਕੇ ਤੋਂ ਚੋਣ ਜਿੱਤਣ ਲਈ ਪੂਰੀ ਵਾਹ ਲਾ ਰਿਹਾ ਹੈ। ਨੁੱਕੜ ਮੀਟਿੰਗਾਂ ਤੋਂ ਲੈ ਕੇ ਵੱਡੀਆਂ ਰੈਲੀਆਂ ਦਾ ਆਯੋਜਨ ਵੀ ਹੋ ਰਿਹਾ ਹੈ। ਰਾਜਨੀਤਿਕ ਪਾਰਟੀਆਂ ਆਪੋ-ਆਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਹੀਆਂ ਹਨ। ਪਾਰਟੀ ਵਰਕਰ ਆਪਣੇ ਉਮੀਦਵਾਰਾਂ ਲਈ ਦਿਨ-ਰਾਤ ਇਕ ਕਰ ਰਹੇ ਹਨ। ਚੋਣ ਜ਼ਾਬਤੇ ਕਾਰਨ ਇਸ ਵਾਰ ਪੰਜਾਬ ਚੋਣਾਂ ‘ਚ ਪੋਸਟਰ, ਬੈਨਰ ਅਤੇ ਝੰਡੀਆਂ ਘੱਟ ਹੀ ਦੇਖਣ ਨੂੰ ਮਿਲ ਰਹੀਆਂ ਹਨ। ਹਰ ਥਾਂ ‘ਤੇ ਚੋਣਾਂ ਬਾਰੇ ਹੀ ਚਰਚਾ ਚੱਲ ਰਹੀ ਹੈ। ਇਸ ਦੇ ਨਾਲ-ਨਾਲ ਹੀ ਉਮੀਦਵਾਰ ਆਪਣਾ ਖਰਚਾ ਕਰਨ ‘ਤੇ ਵੀ ਪਾਬੰਦ ਹਨ। ਉਮੀਦਵਾਰਾਂ ਨੇ ਆਪੋ-ਆਪਣੇ ਹਲਕਿਆਂ ਵਿਚ ਆਪਣੀਆਂ ਨਾਮਜ਼ਦਗੀਆਂ ਦਾਖਲ ਕਰ ਦਿੱਤੀਆਂ ਹਨ। ਨਾਮ ਵਾਪਸ ਲੈਣ ਤੋਂ ਬਾਅਦ ਆਉਣ ਵਾਲੇ ਸਮੇਂ ਵਿਚ ਇਸ ਦੇ ਲਈ ਬਾਕਾਇਦਾ ਸਰਕਾਰੀ ਤੌਰ ‘ਤੇ ਉਮੀਦਵਾਰਾਂ ਦੀ ਅੰਤਿਮ ਸੂਚੀ ਜਾਰੀ ਕਰ ਦਿੱਤੀ ਜਾਵੇਗੀ।
ਇਸ ਵਾਰ ਪ੍ਰਵਾਸੀ ਪੰਜਾਬੀ ਵਿਦੇਸ਼ਾਂ ਵਿਚ ਰਹਿੰਦੇ ਹੋਏ ਵੀ ਪੰਜਾਬ ਦੀਆਂ ਚੋਣਾਂ ਉਪਰ ਲਗਾਤਾਰ ਨਿਗ੍ਹਾ ਰੱਖ ਰਹੇ ਹਨ। ਸੋਸ਼ਲ ਮੀਡੀਆ ਰਾਹੀਂ ਆਪੋ-ਆਪਣੀ ਪਾਰਟੀਆਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਵਾਰ ਹਜ਼ਾਰਾਂ ਦੀ ਗਿਣਤੀ ਵਿਚ ਪ੍ਰਵਾਸੀ ਪੰਜਾਬੀ ਪੰਜਾਬ ਪਹੁੰਚ ਚੁੱਕੇ ਹਨ ਜਾਂ ਆਉਣ ਵਾਲੇ ਸਮੇਂ ਵਿਚ ਉਥੇ ਜਾਣ ਦਾ ਮਨ ਬਣਾਈ ਬੈਠੇ ਹਨ। ਅਮਰੀਕਾ-ਕੈਨੇਡਾ ਵਿਚ 20 ਲੱਖ ਦੇ ਕਰੀਬ ਪ੍ਰਵਾਸੀ ਰਹਿੰਦੇ ਹਨ। ਇਨ੍ਹਾਂ ਵਿਚੋਂ ਬਹੁਤਿਆਂ ਦਾ ਰੁਝਾਨ ਆਪਣੇ ਪਿਛੋਕੜ ਵੱਲ ਹੈ। ਇਹ ਲੋਕ ਫੋਨ ਜਾਂ ਹੋਰ ਵਸੀਲਿਆਂ ਰਾਹੀਂ ਆਪੋ-ਆਪਣੇ ਨਗਰਾਂ, ਸ਼ਹਿਰਾਂ ਅਤੇ ਪਿੰਡਾਂ ਵਿਚ ਆਪਣੇ ਪਸੰਦੀਦਾ ਉਮੀਦਵਾਰ ਨੂੰ ਵੋਟਾਂ ਪਾਉਣ ਲਈ ਪ੍ਰੇਰ ਰਹੇ ਹਨ। ਅਮਰੀਕਾ-ਕੈਨੇਡਾ ਵਿਚ ਵੀ ਇਨ੍ਹਾਂ ਚੋਣਾਂ ਸੰਬੰਧੀ ਥਾਂ-ਥਾਂ ‘ਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਆਪਣੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ।
ਸੋਸ਼ਲ ਮੀਡੀਆ ਖਾਸ ਕਰਕੇ ਫੇਸਬੁੱਕ ‘ਤੇ ਵਿਰੋਧੀ ਪਾਰਟੀਆਂ ਨੂੰ ਪੂਰੀ ਤਰ੍ਹਾਂ ਭੰਡਿਆ ਜਾ ਰਿਹਾ ਹੈ ਤੇ ਆਪਣੇ ਉਮੀਦਵਾਰਾਂ ਦੀ ਸਿਫਤ ਕੀਤੀ ਜਾ ਰਹੀ ਹੈ। ਇਹ ਚੋਣਾਂ 4 ਫਰਵਰੀ ਨੂੰ ਹੋਣਗੀਆਂ। 11 ਮਾਰਚ ਨੂੰ ਇਨ੍ਹਾਂ ਦੀ ਗਿਣਤੀ ਕੀਤੀ ਜਾਵੇਗੀ ਅਤੇ 15 ਮਾਰਚ ਦਿਨ ਬੁੱਧਵਾਰ ਨੂੰ ਇਸ ਦੇ ਨਤੀਜੇ ਆਉਣਗੇ।