ਸਰਬਤ ਖ਼ਾਲਸਾ ਧਿਰਾਂ ਵੱਲੋਂ ਬਾਦਲਾਂ ਨਾਲ ਅੰਦਰੋਂ ਰਲੇ ਹੋਣ ਦੇ ਸ਼ੱਕ
’ਤੇ ਗੁਰਬਚਨ ਸਿੰਘ ਨੂੰ ਬਾਦਲ ਵਿਰੁੱਧ ਲੰਬੀ ਤੋਂ ਖੜ੍ਹਾ ਕਰਨ ਦੇ ਐਲਾਨ ਨੇ ਲਾਈ ਮੋਹਰ
ਕਿਰਪਾਲ ਸਿੰਘ ਫ਼ੋਨ ਨੰ: 9855480797
ਸਰਬਤ ਖ਼ਾਲਸਾ ਧਿਰਾਂ ਵੱਲੋਂ ਗਰਮ ਨਾਹਰੇਬਾਜ਼ੀ ਕਰਨੀ, ਬਾਦਲ ਸਰਕਾਰ ਵੱਲੋਂ ਉਨ੍ਹਾਂ ’ਤੇ ਕੇਸ ਦਰਜ ਕਰਕੇ ਜੇਲ੍ਹਾਂ ਵਿੱਚ ਸੁੱਟਣਾ ਅਤੇ ਕੁਝ ਸਮੇਂ ਪਿੱਛੋਂ ਉਨ੍ਹਾਂ ਨੂੰ ਰਿਹਾ ਕਰ ਦੇਣਾ; ਕਦੀ ਬਾਬਾ ਬਲਜੀਤ ਸਿੰਘ ਦਾਦੂਵਾਲ ਦੇ ਗੁਰਦੁਆਰੇ ’ਤੇ ਕਬਜ਼ਾ ਕਰ ਲੈਣਾ ਅਤੇ ਕੁਝ ਸਮੇਂ ਬਾਅਦ ਵਾਪਸ ਕਰ ਦੇਣ ਦੀ ਡਰਾਮੇਬਾਜ਼ੀ ਤੋਂ ਆਮ ਭੋਲ਼ੇ ਸਿੱਖ ਸਮਝਦੇ ਹਨ ਕਿ ਸਿਰਫ ਸਰਬਤ ਖ਼ਾਲਸਾ ਧਿਰ ਹੀ ਪੰਥ ਲਈ ਅਵਾਜ਼ ਉਠਾਉਂਦੀ ਹੈ ਤੇ ਇਸੇ ਕਾਰਨ ਸਰਕਾਰ ਉਨ੍ਹਾਂ ਦੀ ਅਵਾਜ਼ ਬੰਦ ਕਰਨ ਲਈ ਉਨ੍ਹਾਂ ’ਤੇ ਭਾਰੀ ਤਸ਼ੱਦਦ ਕਰਦੀ ਹੈ। ਪਰ ਸੁਚੇਤ ਸਿੱਖ ਹਮੇਸ਼ਾਂ ਹੀ ਅੰਦਾਜ਼ਾ ਲਾਉਂਦੇ ਰਹਿੰਦੇ ਸਨ ਕਿ ਇਹ ਸਭ ਕੁਝ ਦੋਵਾਂ ਧਿਰਾਂ ਦੀ ਮਿਲੀਭੁਗਤ ਰਾਹੀਂ ਹੀ ਹੋ ਰਿਹਾ ਹੈ। ਇਸ ਡਰਾਮੇਬਾਜ਼ੀ ਪਿੱਛੇ ਮੁੱਖ ਉਦੇਸ਼ ਇਹ ਹੁੰਦਾ ਹੈ ਕਿ ਸਰਬਤ ਖ਼ਾਲਸਾ ਧਿਰ ਪ੍ਰਤੀ ਗਰਮ ਧਿਰ ਦੇ ਸਿੱਖਾਂ ਵਿੱਚ ਇਤਨੀ ਕੁ ਪਛਾਣ ਬਣੀ ਰਹੇ ਕਿ ਚੋਣਾਂ ਮੌਕੇ ਉਹ ਬਾਦਲ ਵਿਰੋਧੀ ਸਿੱਖਾਂ ਦੀਆਂ ਕੁਝ ਵੋਟਾਂ ਹਾਸਲ ਕਰਨ ਦੇ ਸਮਰਥ ਬਣੇ ਰਹਿਣ। ਚੋਣਾਂ ਮੌਕੇ ਇਹ ਲੋਕ ਆਪਣੇ ਉਮੀਦਵਾਰ ਖੜ੍ਹੇ ਕਰ ਦਿੰਦੇ ਹਨ ਤੇ ਉਹ ਉਨ੍ਹਾਂ ਬਾਦਲ ਵਿਰੋਧੀ ਸਿੱਖਾਂ ਦੀਆਂ ਵੋਟਾਂ ਲੈਣ ਵਿੱਚ ਕਾਮਯਾਬ ਹੋ ਜਾਂਦੇ ਹਨ ਜਿਹੜੀਆਂ ਇਨ੍ਹਾਂ ਦੀ ਗੈਰ ਮੌਜੂਦਗੀ ਵਿੱਚ ਬਾਦਲ ਧੜੇ ਨੂੰ ਤਕੜੀ ਟੱਕਕ ਦੇ ਰਹੇ ਵਿਰੋਧੀ ਉਮੀਦਵਾਰ ਨੂੰ ਪੈ ਜਾਣ ਦੀ ਸੰਭਾਵਨਾ ਹੁੰਦੀ ਹੈ। ਵੋਟਾਂ ਦੀ ਇਹ ਵੰਡ ਬਾਦਲ ਧੜੇ ਨੂੰ ਅਸਾਨੀ ਨਾਲ ਸਤਾ ਪ੍ਰਾਪਤ ਕਰਨ ਵਿੱਚ ਵੱਡੀ ਸਹਾਈ ਹੁੰਦੀ ਹੈ।
ਮੁਤਬਾਜ਼ੀ ਜਥੇਦਾਰਾਂ ਅਤੇ ਸਰਬਤ ਖ਼ਾਲਸਾ ਧਿਰਾਂ ਵੱਲੋਂ ਬਾਦਲਾਂ ਨਾਲ ਅੰਦਰੋਂ ਰਲੇ ਹੋਣ ਦੇ ਸ਼ੱਕ ’ਤੇ ਗੁਰਬਚਨ ਸਿੰਘ ਨੂੰ ਬਾਦਲ ਵਿਰੁੱਧ ਲੰਬੀ ਤੋਂ ਖੜ੍ਹਾ ਕਰਨ ਦੇ ਐਲਾਨ ਨੇ ਪੱਕੀ ਮੋਹਰ ਲਾ ਦਿੱਤੀ ਹੈ। ਇਸ ਗੱਲ ਦਾ ਅੰਦਾਜ਼ਾ ਇੱਥੋਂ ਲਗਦਾ ਹੈ ਕਿ ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਥਾਂ ਥਾਂ ਹੋਈ ਬੇਅਦਬੀ, ਪੰਜਾਬ ਸਰਕਾਰ ਵੱਲੋਂ ਕੋਈ ਵੀ ਦੋਸ਼ੀ ਨਾ ਫੜਿਆ ਜਾਣਾ, ਰੋਸ ਪ੍ਰਗਟ ਕਰ ਰਹੇ ਸਿੱਖਾਂ ’ਤੇ ਅੰਨ੍ਹੇਵਾਹ ਗੋਲ਼ੀ ਚਲਾ ਕੇ ਦੋ ਸਿੱਖਾਂ ਨੂੰ ਸ਼ਹੀਦ ਕਰ ਦੇਣਾ ਅਤੇ ਕਈਆਂ ਨੂੰ ਜਖ਼ਮੀ ਕਰ ਦੇਣਾ ਉਲਟਾ ਸਿੱਖਾਂ ਨੂੰ ਬਦਨਾਮ ਕਰਕੇ ਲੋਕਾਂ ਨੂੰ ਸ਼ਾਂਤ ਕਰਨ ਲਈ ਦੋ ਸਿੱਖ ਭਰਾਵਾਂ ’ਤੇ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੇ ਮੁੱਖ ਦੋਸ਼ ਦਾ ਕੇਸ ਦਰਜ ਕਰ ਕੇ ਉਨ੍ਹਾਂ ’ਤੇ ਭਾਰੀ ਤਸੱਦਦ ਕੀਤਾ ਪਰ ਇਸ ਦੇ ਬਾਵਯੂਦ ਉਨ੍ਹਾਂ ਵਿਰੁੱਧ ਕੋਈ ਵੀ ਸਬੂਤ ਹਾਸਲ ਕਰਨ ਵਿੱਚ ਕਾਮਯਾਬੀ ਨਾ ਮਿਲਨੀ; ਚੋਣਾਂ ਵਿੱਚ ਕੀਤੇ ਜਾਣ ਵਾਲੇ ਬੇਤਹਾਸ਼ਾ ਕੀਤੇ
ਜਾਂਦੇ ਖਰਚੇ ਲਈ ਧਨ ਕਮਾਉਣ ਲਈ ਸਰਕਾਰੀ ਸਰਪ੍ਰਸਤੀ ਹੇਠ ਨਸ਼ਾ ਤਸ਼ਕਰੀ ਕਰਵਾ ਕੇ ਪੰਜਾਬ ਦੀ ਲਗਪਗ ਸਾਰੀ ਜੁਆਨੀ ਨੂੰ ਨਸ਼ੇੜੀ ਬਣਾ ਦੇਣਾ, ਰੁਜ਼ਗਾਰ ਮੰਗਦੇ ਪੜ੍ਹੇ ਲਿਖੇ ਕਾਬਲ ਬੇਰੁਜ਼ਗਾਰਾਂ ਦੀ ਤਕਰੀਬਨ ਹਰ ਰੋਜ ਡਾਂਗਾਂ ਨਾਲ ਸੇਵਾ ਕਰਨੀ, ਖਾਦਾਂ ਅਤੇ ਕੀਟ-ਨਾਸ਼ਕ ਦੁਆਈਆਂ ਵਿੱਚੋਂ ਮੋਟਾ ਕਮਿਸ਼ਨ ਲੈ ਕੇ ਨਕਲੀ ਖਾਦਾਂ ਤੇ ਕੀਟ-ਨਾਸ਼ਕਾਂ ਸਦਕਾ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋਣਾਂ ਤੇ ਕਿਸਾਨਾਂ ਨੂੰ ਲਾਹੇਵੰਦ ਭਾ ਦਿਵਾਉਣ ਲਈ ਲੋਕ ਸਭਾ ਚੋਣਾਂ ਮੌਕੇ ਮੋਦੀ ਵੱਲੋਂ ਸਵਾਮੀਨਾਥਨ ਰੀਪੋਰਟ ਲਾਗੂ ਕੀਤੇ ਜਾਣ ਵਾਲੇ ਵਾਅਦੇ ਤੋਂ ਮੁੱਕਰ ਜਾਣ ਦੇ ਵਾਬਯੂਦ ਵੀ ਬਾਦਲ ਦਲ ਵੱਲੋਂ ਕੇਵਲ ਹਰਸਿਮਰਤ ਕੌਰ ਬਾਦਲ ਨੂੰ ਕੇਂਦਰੀ ਮੰਤਰੀ ਬਣਾਏ ਰੱਖਣ ਲਈ ਮੋਦੀ ਦੇ ਚੋਣ ਦੇ ਚੋਣ ਵਾਅਦਿਆਂ ਤੋਂ ਮੁੱਕਰ ਜਾਣ ਦਾ ਕੋਈ ਵੀ ਵਿਰੋਧ ਨਾ ਕਰਨਾ, ਸਿਵਲ ਤੇ ਪੁਲਿਸ ਪ੍ਰਸ਼ਾਸਨ ਨੂੰ ਅਸਿੱਧੇ ਤੌਰ ’ਤੇ ਹਲਕਾ ਇੰਚਾਰਜਾਂ ਦੇ ਹੱਥ ਸੌਂਪੇ ਜਾਣ ਕਰਕੇ ਆਮ ਲੋਕਾਂ ਦੀ ਕੋਈ ਸੁਣਵਾਈ ਨਾ ਹੋਣਾ ਆਦਿਕ ਅਨੇਕਾਂ ਹੋਰ ਕਾਰਨ ਹਨ ਜਿਨ੍ਹਾਂ ਕਰਕੇ ਪੰਜਾਬ ਦੇ ਲੋਕ ਬਾਦਲ ਦਲ ਨੂੰ ਚੋਣਾਂ ਵਿੱਚ ਸਬਕ ਸਿਖਾਉਣ ਦੀ ਪੱਕੀ ਧਾਰੀ ਬੈਠੇ ਹਨ। ਜਲਾਲਾਬਾਦ ਵਿੱਚ ਸ਼ੇਰ ਸਿੰਘ ਘੁਬਾਏ ਦੀ ਬਗਾਵਤ ਅਤੇ ਆਪ ਵੱਲੋਂ ਸਭ ਤੋਂ ਮਜ਼ਬੂਤ ਉਮੀਦਵਾਰ ਭਗਵੰਤ ਮਾਨ ਖੜ੍ਹਾ ਕੀਤੇ ਜਾਣ ਪਿੱਛੋਂ ਸੁਖਬੀਰ ਬਾਦਲ ਦੀ ਹਾਰ ਤਾਂ ਤੈਅ ਹੈ ਹੀ; ਹਲਕਾ ਲੰਬੀ ਤੋਂ ਆਪ ਵੱਲੋਂ ਪ੍ਰਕਾਸ਼ ਸਿੰਘ ਬਾਦਲ ਵਿਰੁੱਧ ਦਿੱਲੀ ਦੇ ਵਿਧਾਇਕ ਜਰਨੈਲ ਸਿੰਘ ਨੂੰ ਚੋਣ ਮੈਦਾਨ ਵਿੱਚ ਖੜ੍ਹਾ ਕੀਤੇ ਜਾਣ ਅਤੇ ਉਸ ਦੀ ਚੰਗੀ ਹਵਾ ਬਣਨ ਨਾਲ ਬਾਦਲ ਲਈ ਵੀ ਵੱਡਾ ਸੰਕਟ ਖੜ੍ਹਾ ਹੋ ਗਿਆ ਹੈ।
ਬਾਦਲ ਪ੍ਰਵਾਰ ਅੰਦਰੋਂ ਇਹ ਤਾਂ ਮੰਨ ਹੀ ਚੁੱਕਾ ਹੈ ਕਿ ਇਸ ਵਾਰ ਉਨ੍ਹਾਂ ਦੇ ਹੱਥੋਂ ਸਤਾ ਖੁੱਸ ਰਹੀ ਹੈ ਪਰ ਦੋਵਾਂ ਬਾਦਲਾਂ ਦਾ ਉਨ੍ਹਾਂ ਦੇ ਜੱਦੀ ਹਲਕਿਆਂ ਵਿੱਚੋਂ ਹਾਰ ਜਾਣਾ ਬਹੁਤ ਵੱਡੀ ਨਮੋਸ਼ੀ ਸਿੱਧ ਹੋਣੀ ਹੈ। ਇਸ ਸਮੇਂ ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗੀ ਕਿ ਵੱਡੇ ਬਾਦਲ ਨੂੰ ਇਸ
ਨਮੋਸ਼ੀ ਵਿੱਚੋਂ ਕੱਢਣ ਲਈ ਪਰਦੇ ਪਿੱਛੇ ਦੋਵੇਂ ਧਿਰਾਂ ਨੇ ਇਹ ਸਾਜਿਸ਼ ਘੜੀ ਕਿ ਕਿਸੇ ਚੋਣ ਰੈਲੀ ਵਿੱਚ ਬਾਦਲ ’ਤੇ ਜੁੱਤੀ ਸੁਟਾ ਦਿੱਤੀ ਜਾਵੇ, ਲੋਕਾਂ ਦੀ ਨਜਰਾਂ ਵਿੱਚ ਜੁੱਤੀ ਸੁੱਟਣ ਵਾਲਾ ਹੀਰੋ ਦੀ ਤਰ੍ਹਾਂ ਉੱਭਰੇਗਾ ਤੇ ਫਿਰ ਉਸ ਨੂੰ ਬਾਦਲ ਵਿਰੁੱਧ ਉਮੀਦਵਾਰ ਖੜ੍ਹਾ ਕਰਕੇ ਬਾਦਲ ਵਿਰੋਧੀ ਵੋਟ ਦਾ ਕੁਝ ਹਿੱਸਾ ਉਸ ਉਮੀਦਵਾਰ ਨੂੰ ਚਲਾ ਜਾਵੇਗਾ ਜਿਸ ਕਾਰਨ ਬਾਦਲ ਸਾਹਬ ਦਾ ਬੇੜਾ ਪਾਰ ਲੰਘ ਜਾਵੇਗਾ। ਨਹੀਂ ਤਾਂ ਜਰਾ ਸੋਚੋ ਕਿ ਬਾਦਲ ਜਿਸ ਨੂੰ ਪਲੱਸ ਜ਼ੈੱਡ ਸਕਿਉਰਟੀ ਮਿਲੀ ਹੋਵੇ, ਉਸ ਦੇ ਨਿਕਟਵਰਤੀਆਂ ਦਾ ਹਰ ਵਕਤ ਉਸ ਦੁਆਲੇ ਵੱਡਾ ਘੇਰਾ ਮੌਜੂਦ ਰਹਿੰਦਾ ਹੋਵੇ, ਉਸ ਦੇ ਨੇੜੇ ਜੁੱਤੀ ਸੁੱਟਣ ਵਾਲਾ ਇਤਨਾ ਨਜ਼ਦੀਕ ਕਿਵੇਂ ਚਲਾ ਗਿਆ ਕਿ ਉਸ ਨੇ ਬਾਦਲ ਦੇ ਇਤਨੀ ਜੋਰ ਦੀ ਜੁੱਤੀ ਮਾਰੀ ਕਿ ਬਾਦਲ ਦੀ ਐਨਕ ਟੁੱਟ ਗਈ ਤੇ ਉਸ ਦੀ ਅੱਖ ਸੁੱਜ ਗਈ। ਫਿਰ ਜੁੱਤੀ ਸੁੱਟਣ ਵਾਲਾ ਵੀ ਮੁਤਬਾਜ਼ੀ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲੇ ਦਾ ਸਕਾ ਭਰਾ ਹੋਵੇ ਤੇ ਵਿਸ਼ੇਸ਼ ਤੌਰ ’ਤੇ ਅਬੋਹਰ ਤੋਂ ਆਇਆ ਹੋਵੇ! ਇਸ ਘਟਨਾਂ ਦੇ ਤੁਰੰਤ ਪਿੱਛੋਂ ਮੁਤਬਾਜ਼ੀ ਜਥੇਦਾਰਾਂ ਅਤੇ ਸਰਬਤ ਖ਼ਾਲਸਾ ਧਿਰਾਂ ਵੱਲੋਂ ਹਮਲਾਵਰ ਗੁਰਬਚਨ ਸਿੰਘ ਨੂੰ ਬਾਦਲ ਵਿਰੱਧ ਲੰਬੀ ਤੋਂ ਖੜ੍ਹਾ ਕਰਨ ਦੇ ਐਲਾਨ ਅਤੇ ਆਪ ਦੇ ਉਮੀਦਵਾਰ ਜਰਨੈਲ ਸਿੰਘ ਤੇ ਕਾਂਗਰਸ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੂੰ ਗੁਰਬਚਨ ਸਿੰਘ ਦੇ ਹੱਕ ਵਿੱਚ ਬੈਠ ਜਾਣ ਦੀ ਕੀਤੀ ਅਪੀਲ ਨੇ ਇਹ ਪੱਕੀ ਮੋਹਰ ਲਾ ਦਿੱਤੀ ਹੈ ਕਿ ਲੋਕਾਂ ਨੂੰ ਜ਼ਾਹਰਾ ਤੌਰ ’ਤੇ ਵਿਰੋਧੀ ਦਿੱਸ ਰਹੀਆਂ ਦੋਵੇਂ ਧਿਰਾਂ ਅੰਦਰੋਂ ਮਿਲੀਆਂ ਹਨ। ਇਨ੍ਹਾਂ ਦੋਵਾਂ ਧਿਰਾਂ ਨੂੰ ਪਤਾ ਹੈ ਕਿ ਨਾ ਹੀ ਆਪ ਨੇ ਅਤੇ ਨਾ ਹੀ ਕਾਂਗਰਸ ਨੇ ਆਪਣੇ ਉਮੀਦਵਾਰ ਵਾਪਸ ਲੈਣੇ ਹਨ ਇਸ ਲਈ ਗੁਰਬਚਨ ਸਿੰਘ ਦੀ ਚੋਣ ਮੈਦਾਨ ਵਿੱਚ ਮੌਜੂਦਗੀ ਨਾਲ ਬਾਦਲ ਵਿਰੋਧੀ ਵੋਟ ਤਿੰਨ ਹਿੱਸਿਆਂ ਵਿੱਚ ਵੰਡੀ ਜਾਵੇਗੀ ਤੇ ਬਾਦਲ ਦੇ ਚੋਣ ਜਿੱਤ ਜਾਣ ਦੇ ਅਸਾਰ ਬਣ ਸਕਦੇ ਹਨ। ਜੇ ਕਰ ਆਪ ਤੇ ਕਾਂਗਰਸ ਦੋਵੇਂ ਜਾਂ ਇਨ੍ਹਾਂ ਵਿੱਚੋਂ ਕੋਈ ਇੱਕ ਗੁਰਬਚਨ ਸਿੰਘ ਦੇ ਹੱਕ ਵਿੱਚ ਬੈਠ ਜਾਣ ਦਾ ਐਲਾਨ ਕਰ ਵੀ ਦੇਣ ਤਾਂ ਬਾਦਲ ਦਲ ਦੇ ਹੱਥ ਵਿੱਚ ਇੱਕ ਹੋਰ ਵੱਡਾ ਹਥਿਆਰ ਮਿਲ ਜਾਵੇਗਾ। ਉਹ ਪ੍ਰਚਾਰਨਗੇ ਕਿ ਆਪ ਤੇ ਕਾਂਗਰਸ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਵਾਲੇ ਗਲਤ ਅਨਸਰਾਂ ਨੂੰ ਸ਼ਹਿ ਦੇ ਕੇ ਪੰਜਾਬ ਦਾ ਮਹੌਲ ਵਿਗਾੜ ਰਹੇ ਹਨ।
ਸੁਖਬੀਰ ਬਾਦਲ ਉਪਰ ਹੋਏ ਪਥਰਾ ਪਿੱਛੇ ਬਾਦਲ ਪਹਿਲਾਂ ਹੀ ਭਗਵੰਤ ਮਾਨ ਦਾ ਹੱਥ ਹੋਣਾ ਤੇ ਹਰਸਿਮਰਤ ਕੌਰ ਬਾਦਲ ਵੱਲੋਂ ਇਹ ਚਿਤਾਵਨੀ ਦੇਣਾ ਕਿ ਜੇ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਅਕਾਲੀਆਂ ਨੂੰ ਇਸ਼ਾਰਾ ਕਰ ਦਿੱਤਾ ਤਾਂ ਇਨ੍ਹਾਂ (ਭੜਕਾਉਣ ਵਾਲਿਆਂ ਨੂੰ) ਮੂੰਹ ਵਿਖਾਉਣਾ ਤਾਂ ਇੱਕ ਪਾਸੇ ਰਿਹਾ ਜਿਉਂਦੇ ਰਹਿਣਾ ਵੀ ਮੁਸ਼ਕਲ ਹੋ ਜਾਵੇਗਾ; ਇਸੇ ਨੀਤੀ ਦਾ ਖੁਲਾਸਾ ਕਰਦੇ ਹਨ। ਉਕਤ ਸਾਰੀਆਂ ਕੜੀਆਂ ਨੂੰ ਗਹੁ ਨਾਲ ਵੇਖੀਏ ਤਾਂ ਇਹ ਦੋਵੇਂ ਧਿਰਾਂ ਦਹਿਸ਼ਤ ਦਾ ਮਾਹੌਲ ਬਣਾ ਕੇ ‘ਆਪ’ ਦੇ ਤੇਜੀ ਨਾਲ ਚੋਣ ਪ੍ਰਚਾਰ ਨੂੰ ਠੱਲ੍ਹ ਪਾਉਣ ਲਈ ਤੇ ਬਾਦਲ ਦਲ ਨੂੰ ਲਾਭ ਪਹੁੰਚਾਉਣਾ ਚਾਹੁੰਦੀਆਂ ਹਨ। ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਲੋਕ ਤੰਤਰ ਵਿੱਚ ਚੋਣਾਂ ਮੌਕੇ ਸਭ ਤੋਂ ਵੱਡਾ ਹਥਿਆਰ ਵੋਟ ਹੈ ਨਾ ਕਿ ਛਿੱਤਰ ਜਾਂ ਡਾਂਗ ਇਸ ਲਈ ਜੇ ਕਿਸੇ ਉਮੀਦਵਾਰ ਜਾਂ ਪਾਰਟੀ ਪ੍ਰਤੀ ਲੋਕਾਂ ਦਾ ਗੁੱਸਾ ਹੈ ਤਾਂ ਉਸ ਵਿਰੁੱਧ ਆਪਣੀ ਜ਼ਮੀਰ ਦੀ ਅਵਾਜ਼ ਸੁਣ ਕੇ ਵੋਟ ਦੀ ਵਰਤੋਂ ਕਰਨੀ ਚਾਹੀਦੀ ਹੈ ਨਾ ਕਿ ਜੁੱਤੀ ਜਾਂ ਡਾਂਗ ਦੀ ਕਿਉਂਕਿ ਜੁੱਤੀ, ਡਾਂਗ ਜਾਂ ਗੋਲ਼ੀ ਦੀ ਵਰਤੋਂ ਕਰਨ ਨਾਲ ਤਾਂ ਸਰਕਾਰ ਲਈ ਕਾਨੂੰਨ ਵਿਵਸਥਾ ਦੇ ਨਾਮ ’ਤੇ ਆਪਣੇ ਵਿਰੋਧੀਆਂ ਨੂੰ ਦਬਾਉਣਾ ਬਹੁਤ ਹੀ ਅਸਾਨ ਹੋ ਜਾਵੇਗਾ। ਸੋ ਜੇ ਮੁਤਬਾਜ਼ੀ ਜਥੇਦਾਰ ਅਤੇ ਸਰਬਤ ਖ਼ਾਲਸਾ ਧਿਰ ਬਾਦਲ ਨੂੰ ਸੱਚ ਮੁੱਚ ਹੀ ਹਰਾਉਣਾ ਚਾਹੁੰਦੇ ਹਨ ਤਾਂ ਬਾਦਲ ਵਿਰੋਧੀ ਵੋਟ ਵੰਡਣ ਦੀ ਨੀਤੀ ’ਤੇ ਚੱਲਣ ਦੀ ਥਾਂ ਉਹ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਘਟਨਾਵਾਂ ਦੇ ਰੋਸ ਵਜੋਂ ਬਾਦਲ ਨੂੰ ਸਿਰੋਪਾ ਨਾ ਦੇਣ ਵਾਲੇ ਦਰਬਾਰ ਸਾਹਿਬ ਦੇ ਅਰਦਾਸੀਏ ਭਾਈ ਬਲਵੀਰ ਸਿੰਘ ਜਿਸ ਨੇ ਪਹਿਲਾਂ ਬਾਦਲ ਨੂੰ ਹਰਾਉਣ ਲਈ ਲੰਬੀ ਤੋਂ ਚੋਣ ਲੜਨ ਦੀ ਇੱਛਾ ਪ੍ਰਗਟਾਈ ਸੀ ਤੋਂ ਸੇਧ ਲੈਣ ਕੇ ਬਾਦਲ ਨੂੰ ਹਰਾਉਣ ਦੇ ਯੋਗ ਹੋਣ ਵਾਲੇ ਉਮੀਦਵਾਰ ਨੂੰ ਆਪਣੀ ਹਿਮਾਇਤ ਦੇਣ।
ਇਹ ਦੱਸਣਯੋਗ ਹੈ ਕਿ ਭਾਈ ਬਲਵੀਰ ਸਿੰਘ, ਬਾਦਲ ਨੂੰ ਹਰਾਉਣ ਲਈ ਜਰਨੈਲ ਸਿੰਘ ਨੂੰ ਹਮਾਇਤ ਦੇ ਚੁੱਕੇ ਹਨ।
ਕਿਰਪਾਲ ਸਿੰਘ ਬਠਿੰਡਾ
ਸਰਬਤ ਖ਼ਾਲਸਾ ਧਿਰਾਂ ਵੱਲੋਂ ਬਾਦਲਾਂ ਨਾਲ ਅੰਦਰੋਂ ਰਲੇ ਹੋਣ ਦੇ ਸ਼ੱਕ
Page Visitors: 2828