ਗੁਰਸਿਖਾਂ ਦਾ ਰੋਣਾ ਵੀ ਭਗਤੀ ਹੈ
ਅੱਜ ਸ਼ਾਮ ਨੂੰ ਪ੍ਰੋ: ਦਰਸ਼ਨ ਸਿੰਘ ਜੀ ਹੁਰਾ ਦੁਆਰਾ ਕੀਤੇ ਹੋਏ ਪਿੰਡ ਮਲਸੀਆਂ ਦੇ ਪ੍ਰੋਗਰਾਮ ਦਾ ਛੋਟਾ ਜਿਹਾ ਕਲਿੱਪ ਸੁਨਣ ਨੂੰ ਮਿਲਿਆ ਜਿਸ ਵਿਚ ਪ੍ਰੋਫ਼ੇਸਰ ਸਾਹਿਬ ਨੇ ਸਾਹਿਬਜਾਦੇ ਅਜੀਤ ਸਿੰਘ ਅਤੇ ਜੁਝਾਰ ਸਿੰਘ ਜੀ ਦੀ ਮਿਸਾਲ ਦਿੰਦਿਆਂ ਹੋਇਆਂ ਅੱਜ ਦੇ ਹਲਾਤਾਂ ਤੇ ਚੋਟ ਮਾਰੀ ਤਾ ਵਿਆਖਿਆਣ ਕਰਦੇ-ਕਰਦੇ ਉਹਨਾ ਦਾ ਗਲਾ ਭਰ ਆਇਆ ਤਾ ਮੈਨੂੰ ਤੁਰੰਤ ਗੁਰੂ ਰਾਮ ਦਾਸ ਜੀ ਦਾ ਉਚਾਰਿਆ ਹੋਇਆ ਸ਼ਬਦ ਯਾਦ ਆ ਗਿਆ ਕਿ :-
ਗੁਰਮੁਖਿ ਹਸੈ ਗੁਰਮੁਖਿ ਰੋਵੈ ॥
ਜਿ ਗੁਰਮੁਖਿ ਕਰੇ ਸਾਈ ਭਗਤਿ ਹੋਵੈ ॥ (ਮਹਲਾ ੪)
ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜੀਵਨ ਦੀ ਕੋਈ ਭੀ ਕਿਰਿਆ ਜੋ ਗੁਰੂ ਨੂੰ ਸਨਮੁਖ ਰਖ ਕੇ ਕੀਤੀ ਜਾਂਦੀ ਹੈ, ਜਾ ਗੁਰੂ ਨੂੰ ਪੈਮਾਨਾ ਬਣਾ ਕੇ ਕੀਤੀ ਜਾਂਦੀ ਹੈ। ਸਿਖ ਵਾਸਤੇ ਉਹੀ ਕਿਰਿਆ ਭਗਤੀ ਹੋ ਨਿਬੜਦੀ ਹੈ ਜਿਵੇ ਕਿ ਗੁਰਸਿਖ ਅਗਰ ਰੋਂਦਾ ਹੈ ਤਾ ਉਹ ਭੀ ਸਮਾਜ ਦੇ ਹਲਾਤਾਂ ਨੂੰ ਮੁੱਖ ਰੱਖ ਕੇ ਅਤੇ ਜੇ ਹੱਸਦਾ ਜਾਂ ਖੇੜੇ ਵਿਚ ਹੈ ਤਾ ਉਹ ਭੀ ਪੰਥ ਦੀ ਚੜਦੀਕਲਾ ਨੂੰ ਵੇਖਦੇ ਹੋਏ।
ਵੈਸੇ ਰੋਣਾ ਤਾ ਮਨੁੱਖ ਦੀ ਬਹੁਤ ਵੱਡੀ ਕਮਜੋਰੀ ਹੈ। ਤੁਸੀਂ ਆਮ ਲੋਕਾਂ ਨੂੰ ਗੱਲ-ਗੱਲ ਤੇ ਰੋਂਦਿਆਂ ਵੇਖਿਆ ਹੋਵੇਗਾ ਅਤੇ ਕੁਦਰਤੀ ਤੌਰ ਤੇ ਜਿਆਦਾਤਰ ਇਹ ਕਮਜੋਰੀ ਔਰਤ ਦੀ ਮੰਨੀ ਜਾਂਦੀ ਹੈ। ਪਰ ਐਸੀ ਕੀ ਗੱਲ ਹੈ ਕਿ ਗੁਰੂ ਸਾਹਿਬ ਰੋਣ ਨੂੰ ਭੀ ਭਗਤੀ ਦਰਸਾਉਂਦੇ ਹਨ ?
ਇਸ ਬਾਰੇ ਬੜੇ ਸੰਖੇਪ ਲਫਜਾਂ ਵਿੱਚ ਜੋ ਮੇਨੂੰ ਸਮਝ ਆਈ ਉਹ ਇਹ ਹੈ ਕਿ ਰੋਣਾ ਕੇਵਲ ਉਹਨਾ ਲੋਕਾਂ ਦੀ ਕਮਜੋਰੀ ਹੈ ਜੋ ਕਿਸਮਤਵਾਦੀ ਹਨ, ਪਰ ਕਰਮਵਾਦੀਆਂ ਲਈ ਤਾਂ ਰੌਣਾ ਭੀ ਆਪਣੀ ਮੰਜਿਲ ਵੱਲ ਵੱਧਣ ਦੀ ਸਪੱਸ਼ਟਤਾ ਦੀ ਨਿਸ਼ਾਨੀ ਹੈ।
ਕਾਸ਼ ਸਾਨੂੰ ਗੁਰਸਿਖੀ ਜੀਵਨ ਦੇ ਅਨਮੋਲ ਫਲਸਫੇ ਨੂੰ ਸਮਝਦੇ ਹੋਏ ਰੋਣਾ ਅਤੇ ਹੱਸਣਾ ਆ ਜਾਵੇ।
ਪ੍ਰਭਦੀਪ ਸਿੰਘ
ਟਾਈਗਰ ਜਥਾ ਯੂਕੇ