ਹਰਮਿਸ ਟਰਾਂਸਪੋਰਟ ਦੀਆਂ ਬੱਸਾਂ ਦੀ ਇੰਡੋ-ਕੈਨੇਡੀਅਨ ਬੱਸਾਂ ਦੇ ਅਮਲੇ ਨੇ ਕੀਤੀ ਤੋੜ-ਭੰਨ
ਰਾਜਪੁਰਾ, 4 ਜਨਵਰੀ (ਪੰਜਾਬ ਮੇਲ)- ਇੰਡੋ-ਕੈਨੇਡੀਅਨ ਬੱਸ ਦੇ ਅਮਲੇ ਵੱਲੋਂ ਜਲੰਧਰ ਤੋਂ ਦਿੱਲੀ ਏਅਰਪੋਰਟ ਤੱਕ ਸਵਾਰੀਆਂ ਢੋਣ ਵਾਲੀ ਹਰਮਿਸ ਇੰਟਰਨੈਸ਼ਨਲ ਟਰਾਂਸਪੋਰਟ ਜਲੰਧਰ ਦੀਆਂ ਬੱਸਾਂ ਦੀ ਕੌਮੀਸ਼ਾਹ ਮਾਰਗ ਨੰਬਰ 1 ‘ਤੇ ਪਿੰਡ ਗੰਡਿਆਂ ਨੇੜੇ ਘੇਰ ਕੇ ਤੋੜ-ਭੰਨ ਕੀਤੀ ਗਈ ਅਤੇ ਅਮਲੇ ਨੂੰ ਬੱਸਾਂ ਬੰਦ ਕਰਨ ਲਈ ਧਮਕਾਉਣ ਦੇ ਬਾਵਜੂਦ ਪੁਲਿਸ ਵੱਲੋਂ ਕਾਰਵਾਈ ਨਾ ਕੀਤੇ ਜਾਣ ‘ਤੇ ਹਰਮਿਸ ਇੰਟਰਨੈਸ਼ਨਲ ਟਰਾਂਸਪੋਰਟ ਦੇ ਪ੍ਰਬੰਧਕਾਂ ਵੱਲੋਂ ਪੁਲਿਸ ਕਾਰਗੁਜ਼ਾਰੀ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ। ਹਰਮਿਸ ਇੰਟਰਨੈਸ਼ਨਲ ਟਰਾਂਸਪੋਰਟ ਜਲੰਧਰ ਦੇ ਮਾਲਕ ਆਨੰਦ ਮੋਹਿਤ ਗਿੱਲ ਨੇ ਦੱਸਿਆ ਕਿ ਉਨ੍ਹਾਂ ਦੀਆਂ 6 ਬੱਸਾਂ ਪਿਛਲੇ ਕਰੀਬ ਦੋ ਮਹੀਨੇ ਤੋਂ ਪਰਮਿਟ ‘ਤੇ ਜਲੰਧਰ ਤੋਂ ਦਿੱਲੀ ਏਅਰਪੋਰਟ ਤੱਕ ਰੋਜ਼ਾਨਾ ਸਵਾਰੀਆ ਢੋਅ ਰਹੀਆਂ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਐਤਵਾਰ ਦੇਰ ਸ਼ਾਮ ਨੂੰ ਜਦੋਂ ਉਨ੍ਹਾਂ ਦੀਆਂ ਦੋ ਬੱਸਾਂ ਪੀ.ਬੀ. 01-ਬੀ. 2192 ਅਤੇ ਪੀ.ਬੀ. 01- ਬੀ. 2194 ਜਲੰਧਰ ਤੋਂ ਦਿੱਲੀ ਖਾਲੀ ਜਾ ਰਹੀਆਂ ਸਨ, ਤਾਂ ਬਾਦਲਾਂ ਦੀ ਮਾਲਕੀ ਵਾਲੀ ਇੰਡੋ-ਕਨੇਡੀਅਨ ਬੱਸ ਵਿਚ ਸਵਾਰ ਮੈਨੇਜਰ ਹਰਦੀਪ ਅਰੋੜਾ ਸਮੇਤ ਕਰੀਬ ਡੇਢ ਦਰਜਨ ਬੰਦਿਆਂ ਨੇ ਲੋਹੇ ਦੀਆਂ ਰਾਡਾਂ ਅਤੇ ਡਾਂਗਾ ਨਾਲ ਲੈਸ ਹੋ ਕੇ ਕੌਮੀ ਸ਼ਾਹ ਮਾਰਗ ਨੰਬਰ 1 ‘ਤੇ ਪਿੰਡ ਗੰਡਿਆਂ ਨੇੜੇ ਉਨ੍ਹਾਂ ਦੀਆਂ ਬੱਸਾਂ ਮੂਹਰੇ ਆਪਣੀ ਬੱਸ ਲਗਾ ਕੇ ਬੱਸਾਂ ਰੋਕ ਲਈਆਂ ਅਤੇ ਇੰਡੋ-ਕਨੇਡੀਅਨ ਵਿਚ ਸਵਾਰ ਡਰਾਈਵਰ, ਕੰਡਕਟਰਾਂ ਅਤੇ ਹੋਰਨਾਂ ਲੱਠਮਾਰਾਂ ਨੇ ਉਨ੍ਹਾਂ (ਹਰਮਿਸ) ਦੀਆਂ ਬੱਸਾਂ ‘ਤੇ ਲੋਹੇ ਦੀਆਂ ਰਾਡਾਂ ਅਤੇ ਡਾਂਗਾ ਨਾਲ ਹਮਲਾ ਕਰਕੇ ਭੰਨ-ਤੋੜ ਕਰ ਦਿੱਤੀ ਅਤੇ ਨਾਲ ਹੀ ਉਕਤ ਬੱਸਾਂ ਦੇ ਅਮਲੇ ਡਰਾਈਵਰ ਬਲਜਿੰਦਰ ਸਿੰਘ ਖੰਨਾ, ਪਰਵਿੰਦਰ ਸਿੰਘ ਤਰਨਤਾਰਨ, ਕੰਡਕਟਰ ਸ਼ਸ਼ੀ ਅਤੇ ਸੰਦੀਪ ਕੁਮਾਰ ਨੂੰ ਧਮਕਾਇਆ ਕਿ ਉਹ ਇਸ ਰੂਟ ‘ਤੇ ਆਪਣੀਆਂ ਬੱਸਾਂ ਲੈ ਕੇ ਜਾਣੀਆਂ ਬੰਦ ਕਰ ਦੇਣ, ਨਹੀਂ ਤਾਂ ਭਿਆਨਕ ਨਤੀਜਾ ਭੁਗਤਣਾ ਪਵੇਗਾ। ਉਨ੍ਹਾਂ ਦੇ ਬੱਸ ਅਮਲੇ ਨੇ ਭੱਜ ਕੇ ਹਮਲਾਵਰਾਂ ਤੋਂ ਆਪਣੀ ਜਾਨ ਬਚਾਈ। ਮੋਹਿਤ ਗਿੱਲ ਨੇ ਦੋਸ਼ ਲਗਾਇਆ ਕਿ ਇੰਡੋ-ਕਨੇਡੀਅਨ ਦੀ ਦਿੱਲੀ ਤੱਕ ਚੌਧਰ ਕਾਇਮ ਰੱਖਣ ਵਾਸਤੇ ਇਸ ਦੇ ਮਾਲਕਾਂ ਵੱਲੋਂ ਹੋਰਨਾਂ ਬੱਸ ਟਰਾਂਸਪੋਰਟਰਾਂ ਦਾ ਕਾਰੋਬਾਰ ਖਤਮ ਕਰਨ ਲਈ ਅਜਿਹਾ ਕੀਤਾ ਜਾ ਰਿਹਾ ਹੈ, ਜੋ ਕਿ ਵੱਡੀ ਧੱਕੇਸ਼ਾਹੀ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਟਰਾਂਸਪੋਰਟ ਦੇ ਮੈਨੇਜਰ ਸੁਖਬੀਰ ਸਿੰਘ ਵੱਲੋਂ ਇਸ ਸਬੰਧੀ ਥਾਣਾ ਸ਼ੰਭੂ ਦੀ ਪੁਲਿਸ ਕੋਲ ਸ਼ਿਕਾਇਤ ਕਰਨ ਦੇ ਬਾਵਜੂਦ ਦੂਜੇ ਦਿਨ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਸੰਪਰਕ ਕਰਨ ‘ਤੇ ਥਾਣਾ ਸ਼ੰਭੂ ਦੇ ਮੁਖੀ ਇੰਸਪੈਕਟਰ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਹਰਮਿਸ ਇੰਟਰਨੈਸ਼ਨਲ ਅਤੇ ਇੰਡੋ-ਕਨੇਡੀਅਨ ਦੋਵੇਂ ਧਿਰਾਂ ਦੇ ਝਗੜੇ ਸਬੰਧੀ ਸ਼ਿਕਾਇਤਾਂ ਮਿਲੀਆਂ ਹਨ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਦਕਿ ਇਸ ਸਬੰਧੀ ਡੀ.ਐੱਸ.ਪੀ. ਘਨੌਰ ਗੋਬਿੰਦਰ ਸਿੰਘ ਦਾ ਕਹਿਣਾ ਹੈ ਕਿ ਦੋਵੇਂ ਧਿਰਾਂ ਨੂੰ ਬੁਲਾਇਆ ਗਿਆ ਹੈ। ਦੋਵੇਂ ਧਿਰਾਂ ਬਾਹਰ ਹਨ ਉਨ੍ਹਾਂ ਦੇ ਆਉਣ ‘ਤੇ ਬਿਆਨ ਦਰਜ ਕਰਕੇ ਮਾਮਲੇ ਦੀ ਜਾਂਚ ਉਪਰੰਤ ਅਗਲੇਰੀ ਕਾਰਵਾਈ ਕੀਤੀ ਜਾਵੇਗੀ।