ਅਖਿਲੇਸ਼ ਨੂੰ ਪਾਰਟੀ ਵਿੱਚੋਂ ਕੱਢਣ ਦਾ ਫ਼ੈਸਲਾ ‘ਮੁਲਾਇਮ’ ਨੇ ਲਿਆ ਵਾਪਸ
ਲਖਨਊ, 31 ਦਸੰਬਰ (ਪੰਜਾਬ ਮੇਲ)- ਪਾਰਟੀ ਟੁੱਟਣ ਦੇ ਕੰਢੇ ’ਤੇ ਪੁਜਦੀ ਦੇਖ ਕੇ ਸਮਾਜਵਾਦੀ ਪਾਰਟੀ ਦੇ ਸੁਪਰੀਮੋ ਮੁਲਾਇਮ ਸਿੰਘ ਯਾਦਵ ਨੇ 24 ਘੰਟਿਆਂ ਦੇ ਅੰਦਰ ਹੀ ਆਪਣੇ ਫ਼ੈਸਲੇ ਨੂੰ ਬਦਲਦਿਆਂ ਪੁੱਤਰ ਤੇ ਮੁੱਖ ਮੰਤਰੀ ਅਖਿਲੇਸ਼ ਯਾਦਵ ਅਤੇ ਚਚੇਰੇ ਭਰਾ ਰਾਮਗੋਪਾਲ ਨੂੰ ਪਾਰਟੀ ’ਚ ਬਹਾਲ ਕਰ ਦਿੱਤਾ। ਦੋਵਾਂ ਨੂੰ ਸ਼ੁੱਕਰਵਾਰ ਨੂੰ ਅਨੁਸ਼ਾਸਨਹੀਣਤਾ ਦੇ ਦੋਸ਼ਾਂ ਹੇਠ ਪਾਰਟੀ ’ਚੋਂ ਛੇ ਸਾਲਾਂ ਲਈ ਕੱਢ ਦਿੱਤਾ ਗਿਆ ਸੀ। ਅਖਿਲੇਸ਼ ਨੂੰ ਪਾਰਟੀ ਦੇ ਜ਼ਿਆਦਾਤਰ ਵਿਧਾਇਕਾਂ ਅਤੇ ਵਰਕਰਾਂ ਦੀ ਹਮਾਇਤ ਮਿਲਣ ਤੋਂ ਬਾਅਦ ਮੁਲਾਇਮ ਸਿੰਘ ਯਾਦਵ ਨੇ ਆਪਣੇ ਛੋਟੇ ਭਰਾ ਤੇ ਸੂਬਾ ਪ੍ਰਧਾਨ ਸ਼ਿਵਪਾਲ ਨੂੰ ਉਨ੍ਹਾਂ ਨੂੰ ਪਾਰਟੀ ’ਚ ਬਹਾਲ ਕਰਨ ਦੇ ਫ਼ੈਸਲੇ ਦਾ ਐਲਾਨ ਕਰਨ ਲਈ ਆਖਿਆ। ਸ਼ਿਵਪਾਲ ਯਾਦਵ ਨੇ ਟਵੀਟ ਕਰ ਕੇ ਦੱਸਿਆ,‘‘ਸਮਾਜਵਾਦੀ ਪਾਰਟੀ ਸੁਪਰੀਮੋ ਦੇ ਨਿਰਦੇਸ਼ਾਂ ’ਤੇ ਅਖਿਲੇਸ਼ ਅਤੇ ਰਾਮਗੋਪਾਲ ਨੂੰ ਪਾਰਟੀ ’ਚੋਂ ਕੱਢੇ ਜਾਣ ਦੇ ਫ਼ੈਸਲੇ ਨੂੰ ਤੁਰੰਤ ਪ੍ਰਭਾਵ ਤੋਂ ਵਾਪਸ ਲਿਆ ਜਾਂਦਾ ਹੈ।’’ ਉਨ੍ਹਾਂ ਦੱਸਿਆ ਕਿ ਅਖਿਲੇਸ਼ ਨੇ ਮੁਲਾਇਮ ਸਿੰਘ ਯਾਦਵ ਨਾਲ ਮੁਲਾਕਾਤ ਕੀਤੀ ਸੀ ਜਿਸ ਤੋਂ ਬਾਅਦ ਇਹ ਫ਼ੈਸਲਾ ਬਦਲਿਆ ਗਿਆ ਹੈ। ਉਨ੍ਹਾਂ ਕਿਹਾ,‘‘ਅਸੀਂ ਸਾਰੇ ਫਿਰਕੂ ਤਾਕਤਾਂ ਨਾਲ ਰਲ ਕੇ ਲੜਾਂਗੇ ਅਤੇ ਯੂਪੀ ’ਚ ਐਸਪੀ ਸਰਕਾਰ
ਮੁੜ ਬਣਾਵਾਂਗੇ। ਆਉਂਦੀਆਂ ਚੋਣਾਂ ਦੀ ਰਣਨੀਤੀ ਲਈ ਅਸੀਂ ਵਿਚਾਰ ਵਟਾਂਦਰਾ ਕਰਾਂਗੇ।’’ ਜਨਰਲ ਸਕੱਤਰ ਰਾਮਗੋਪਾਲ ਯਾਦਵ ਵੱਲੋਂ ਐਤਵਾਰ ਨੂੰ ਸੱਦੀ ਗਈ ਪਾਰਟੀ ਦੀ ਹੰਗਾਮੀ ਕੌਮੀ ਕਨਵੈਨਸ਼ਨ ਦਾ ਹੁਣ ਬਦਲੇ ਹੋਏ ਸਿਆਸੀ ਹਾਲਾਤ ’ਚ ਕੋਈ ਮਹੱਤਵ ਨਹੀਂ ਰਹਿ ਗਿਆ ਹੈ। ਪਾਰਟੀ ਦੇ ਅੰਦਰੂਨੀ ਹਲਕਿਆਂ ਦਾ ਕਹਿਣਾ ਹੈ ਕਿ ਉਮੀਦਵਾਰਾਂ ਦੀ ਨਵੀਂ ਸੂਚੀ ਤਿਆਰ ਕੀਤੀ ਜਾਏਗੀ ਜਿਸ ਨੂੰ ਅਖਿਲੇਸ਼ ਅਤੇ ਮੁਲਾਇਮ ਵੱਲੋਂ ਰਲ ਕੇ ਤਿਆਰ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਅੱਜ ਸਵੇਰੇ ਸਿਆਸੀ ਸੰਕਟ ਦਰਮਿਆਨ ਅਖਿਲੇਸ਼ ਨੇ ਪਾਰਟੀ ਵਿਧਾਇਕਾਂ ਨਾਲ ਬੈਠਕ ਕੀਤੀ ਜਿਸ ’ਚ 229 ’ਚੋਂ 200 ਵਿਧਾਇਕ ਹਾਜ਼ਰ ਸਨ ਅਤੇ ਉਨ੍ਹਾਂ ਮੁੱਖ ਮੰਤਰੀ ’ਚ ਭਰੋਸਾ ਜਤਾਇਆ। ਬੈਠਕ ’ਚ ਪਾਰਟੀ ਦੇ ਕੁਝ ਐਮਐਲਸੀਜ਼ (ਵਿਧਾਨ ਪ੍ਰੀਸ਼ਦ ਮੈਂਬਰ) ਅਤੇ ਕੁਝ ਸੀਨੀਅਰ ਅਹੁਦੇਦਾਰ ਹਾਜ਼ਰ ਸਨ। ਥੋੜ੍ਹੇ ਸਮੇਂ ਲਈ ਕੈਬਨਿਟ ਮੰਤਰੀ ਆਜ਼ਮ ਖ਼ਾਨ ਵੀ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ 5-ਕਾਲੀਦਾਸ ਮਾਰਗ ’ਤੇ ਪੁੱਜੇ ਅਤੇ ਫਿਰ ਉਹ ਮੁਲਾਇਮ ਦੇ ਬੰਗਲੇ ’ਤੇ ਚਲੇ ਗਏ। ਅਖਿਲੇਸ਼ ਦੀ ਰਿਹਾਇਸ਼ ਦੇ ਬਾਹਰ ਵੱਡੀ ਗਿਣਤੀ ’ਚ ਸਮਰਥਕ ਪੁੱਜੇ ਹੋਏ ਸਨ ਅਤੇ ਉਹ ਪਾਰਟੀ ’ਚੋਂ ਕੱਢੇ ਜਾਣ ਦੇ ਫ਼ੈਸਲੇ ’ਤੇ ਆਪਣੀ ਨਾਰਾਜ਼ਗੀ ਜ਼ਾਹਰ ਕਰ ਰਹੇ ਸਨ। ਬੈਠਕ ਵਾਲੀ ਥਾਂ ’ਤੇ ਜਾਣ ਦੀ ਕੋਸ਼ਿਸ਼ ਦੌਰਾਨ ਅਖਿਲੇਸ਼ ਦੇ ਹਮਾਇਤੀਆਂ ਦੀ ਪੁਲੀਸ ਨਾਲ ਝੜਪ ਵੀ ਹੋਈ। ਕੁਝ ਵਫ਼ਾਦਾਰ ਸ਼ਿਵਪਾਲ ਯਾਦਵ ਦੇ ਹਮਾਇਤੀਆਂ ਨਾਲ ਘਸੁੰਨ-ਮੁੱਕੀ ਹੋ ਗਏ। ਪਹਿਲਾਂ ਮੁਲਾਇਮ ਸਿੰਘ ਯਾਦਵ ਦੀ ਹਮਾਇਤ ’ਤੇ ਆਏ ਅਮਰ ਸਿੰਘ ਨੇ ਵੀ ਪਾਸਾ ਵਟਦਿਆਂ ਪਾਰਟੀ ’ਚ ਏਕੇ ਦੀ ਦੁਹਾਈ ਦਿੱਤੀ। ਉਸ ਨੇ ਦਾਅਵਾ ਕੀਤਾ ਕਿ ਉਹ ਪਾਰਟੀ ਤੋੜਨ ਲਈ ਨਹੀਂ ਸਗੋਂ ਇਕਜੁੱਟ ਕਰਨ ਲਈ ਇਥੇ ਆਏ ਹਨ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਤੋੜਨ ਦੀ ਸਾਜ਼ਿਸ਼ ਨਾਕਾਮ ਹੋ ਗਈ ਹੈ। ਇਸ ਦੌਰਾਨ ਸਮਾਜਵਾਦੀ ਪਾਰਟੀ ਦੇ ਘਟਨਾਕ੍ਰਮ ’ਤੇ ਟਿੱਪਣੀ ਕਰਦਿਆਂ ਭਾਜਪਾ ਨੇ ਕਿਹਾ ਕਿ ਅਖਿਲੇਸ਼ ਭਾਵੇਂ ਪਾਰਟੀ ’ਚ ਪਰਤ ਆਇਆ ਹੈ ਪਰ ਉਹ ਵਿਧਾਨ ਸਭਾ ਚੋਣਾਂ ਤੋਂ ਬਾਅਦ ਮੁੜ ਸੱਤਾ ’ਚ ਨਹੀਂ ਆਏਗਾ ਕਿਉਂਕਿ ਉਸ ਦੇ ਰਾਜ ਦੇ ਪੰਜ ਸਾਲ ਨਾਕਾਮੀਆਂ ਭਰਪੂਰ ਰਹੇ। ਭਾਜਪਾ ਦੇ ਕੌਮੀ ਸਕੱਤਰ ਸ਼੍ਰੀਕਾਂਤ ਸ਼ਰਮਾ ਨੇ ਕਿਹਾ ਕਿ ਮੁਲਾਇਮ ਸਿੰਘ ਯਾਦਵ ਨੇ ਜਿਹੜਾ ਨਾਟਕ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹ ਲੋਕਾਂ ਨੂੰ ਹਜ਼ਮ ਨਹੀਂ ਹੋਏਗਾ ਅਤੇ ਉਹ ਸੱਤਾ ਤੋਂ ਲਾਂਭੇ ਹੋ ਜਾਣਗੇ।