-: ਗੁਰਚਰਨ ਸਿੰਘ ਜਿਉਣਵਾਲਾ ਦਾ ਕਰਮ ਸਿਧਾਂਤ :-
ਗੁਰਮਤਿ ਨੂੰ ਇਸ ਦੇ ਸਹੀ ਅਰਥਾਂ ਦੇ ਉਲਟ ਪ੍ਰਚਾਰਨ ਵਾਲੇ ਮੁੱਖ ਨਾਵਾਂ ਵਿੱਚੋਂ ਇਕ ਨਾਮ ਹੈ ਗੁਰਚਰਨ ਸਿੰਘ ਜਿਉਣਵਾਲਾ। ਜਿਸ ਨੇ ਗੁਰਮਤਿ ਦੀ ਏ ਬੀ ਸੀ ਤੱਕ ਵੀ ਨਹੀਂ ਸਮਝੀ, ਪਰ ਦਾਅਵਾ ਦੂਜਿਆਂ ਨਾਲੋਂ ਕਿਤੇ ਵਧ ਜਾਗਰੁਕ ਅਤੇ ਵਿਕਸਿਤ ਦਿਮਾਗ਼ ਵਾਲਾ ਗੁਰਮਤਿ ਪ੍ਰਚਾਰਕ ਹੋਣ ਦਾ ਕਰਦਾ ਹੈ। ਇਸ ਸਖਸ਼ ਨੂੰ ਇਹ ਵੀ ਨਹੀਂ ਪਤਾ ਕਿ ਕੇਸ ਕੱਟਾਉਣ ਦਾ ਜਾਂ ਰੱਖਣ ਦਾ ਗੁਰਮਤਿ ਨਾਲ ਕੋਈ ਸੰਬੰਧ ਨਹੀਂ ਹੈ।(ਕੇਸ ਰੱਖਣੇ ਸਿੱਖ ਪੰਥ ਨਾਲ ਸੰਬੰਧਤ ਵਿਸ਼ਾਂ ਹੈ)।ਕੇਸ ਕਟਾਉਣ ਜਾਂ ਰੱਖਣ ਦਾ ਜੇ ਗੁਰਮਤਿ ਵਿਚਾਰਧਾਰਾ ਨਾਲ ਕੋਈ ਸੰਬੰਧ ਨਹੀਂ ਹੈ ਤਾਂ ਇਸ ਗੱਲ ਦਾ ਗੁਰਮਤਿ ਦੇ ਕਰਮ ਸਿਧਾਂਤ ਨਾਲ ਸੰਬੰਧ ਹੋਣ ਦਾ ਤੇ ਸਵਾਲ ਹੀ ਪੈਦਾ ਨਹੀਂ ਹੁੰਦਾ। ਯਾਦ ਰਹੇ ਕਿ ਮੋਟੇ ਤੌਰ ਤੇ ਗੁਰਮਤਿ ਦਾ ਕਰਮ ਸਿਧਾਂਤ ਇਹ ਹੈ ਕਿ— ਪਿਛਲੇ (ਮਨੁੱਖਾ-)ਜਨਮ ਵਿੱਚ ਕੀਤੇ ਕਰਮਾਂ ਕਰਕੇ ਬੰਦਾ ਸੁਖ-ਦੁਖ ਭੋਗਦਾ ਹੈ—
“ਸੁਖੁ ਦੁਖੁ ਪੁਰਬ ਜਨਮ ਕੇ ਕੀਏ ॥ (ਪੰਨਾ 1030)” --
- “ਸੋਹਾਗਣੀ ਕਿਆ ਕਰਮੁ ਕਮਾਇਆ ॥ ਪੂਰਬਿ ਲਿਖਿਆ ਫਲੁ ਪਾਇਆ ॥ (ਪੰਨਾ 72)”
ਇਸ ਜਨਮ ਵਿੱਚ ਜੋ ਸਾਡੇ ਨਾਲ ਵਾਪਰਦਾ ਹੈ, ਉਹ ਕਰਮ-ਫਲ਼ ਵਜੋਂ ਹੈ। ਅਤੇ ਇਹ ਮਨੁੱਖਾ ਜਨਮ, ਕਰਮ ਭੂਮੀ ਹੈ। ਜੋ ਇਸ ਮਨੁੱਖਾ ਜਨਮ ਵਿੱਚ ਬੀਜਿਆ ਹੈ ਜਾਂ ਬੀਜਾਂਗੇ ਉਹ ਅੱਗੇ ਵੱਢ ਲਵਾਂਗੇ। ਕਰਮਾਂ ਦਾ ਸੰਬੰਧ ਆਤਮਕ ਜਾਂ ਮਾਨਸਕ ਤੌਰ ਤੇ ਕੀਤੇ ਕਰਮਾਂ ਨਾਲ ਹੈ, ਅਤੇ ਕੇਸ ਰੱਖਣੇ ਜਾਂ ਨਾ ਰੱਖਣੇ ਇਸ ਗੱਲ ਦਾ ਆਤਮਕਤਾ ਜਾਂ ਮਾਨਸਿਕਤਾ ਨਾਲ ਕੋਈ ਸੰਬੰਧ ਨਹੀਂ ਹੈ।
ਹਿੰਦੂ ਘਰਾਣੇ ਵਿੱਚ ਜੰਮਕੇ ਕੇਸ ਰੱਖਣੇ/ ਸਿੱਖ ਧਰਮ ਅਖਤਿਆਰ ਕਰਨ ਵਾਲੀਆਂ ਗੁਰਚਰਨ ਸਿੰਘ ਨੇ ਜਿਹੜੀਆਂ ਉਦਾਹਰਣਾਂ ਦਿੱਤੀਆਂ ਹਨ, ਉਹਨਾਂ ਵਿੱਚ ਅਖੀਰ ਤੇ ਆਪਣੀ ਉਦਾਹਰਣ ਵੀ ਦਿੱਤੀ ਹੈ।
ਆਪਣੀ ਉਦਾਹਰਣ ਵਿੱਚ ਗੁਰਚਰਨ ਸਿੰਘ ਨੇ ਕੇਸਾਂ ਵਾਲੀ ਗੱਲ ਦਾ ਜ਼ਿਕਰ ਨਹੀਂ ਕੀਤਾ ਕਿਸੇ ਦੂਸਰੀ ਗੱਲ ਦਾ ਜ਼ਿੱਕਰ ਕੀਤਾ ਹੈ। ਅਜੋਕੇ ਸਮੇਂ ਵਿੱਚ ਵੀ ਕਈ ਅਖੌਤੀ ਵਿਦਵਾਨਾਂ ਨੇ ਪਹਿਲਾਂ ਕੇਸ ਕਟਾਏ ਹੋਏ ਸਨ ਅਤੇ ਹੁਣ ਕੁਝ ਸਮੇਂ ਤੋਂ ਉਹਨਾਂਨੇ ਕੇਸ ਰੱਖ ਲਏ ਹਨ। ਪਰ ਜਿਆਦਾਤਰ ਦੇਖਣ ਵਿੱਚ ਆਇਆ ਹੈ ਕਿ ਇਹ ਕੁਝਕੁ ਵਿਦਵਾਨ ਜਿਹਨਾਂ ਨੇ ਪਹਿਲਾਂ ਕੇਸ ਕੱਟੇ ਹੋਏ ਸਨ ਅਤੇ ਹੁਣ ਰੱਖ ਲਏ ਹਨ, ਇਹਨਾਂ ਲੋਕਾਂ ਦਾ ਗੁਰਮਤਿ ਪ੍ਰਚਾਰ, ਅਸਲ ਗੁਰਮਤਿ ਦੇ ਉਲਟ ਹੀ ਹੁੰਦਾ ਹੈ। ਇਹ ਨਹੀਂ ਕਿ ਸਾਰੀ ਉਮਰ ਕੇਸ ਨਾ ਰੱਖੇ ਹੋਣ ਤੋਂ ਬਾਅਦ ਹੁਣ ਇਹਨਾਂ ਨੇ ਕੇਸ ਇਸ ਲਈ ਨਹੀਂ ਰੱਖ ਲਏ ਕਿ ਇਹਨਾਂ ਨੂੰ ਸਿੱਖੀ ਨਾਲ ਕੋਈ ਖਾਸ ਮੋਹ ਜਾਗ ਪਿਆ ਹੈ। ਬਲਕਿ ਇਸ ਪਿੱਛੇ ਮਜਬੂਰੀ ਇਹ ਹੈ ਕਿ, ਇਹ ਲੋਕ ਜਿਹੜਾ ਗੁਰਮਤਿ-ਪ੍ਰਚਾਰ ਕਰਦੇ ਹਨ, ਗੁਰਮਤਿ ਸਿਧਾਂਤਾਂ ਦੇ ਉਲਟ ਹੁੰਦਾ ਹੈ।
ਐਸੇ ਵਿੱਚ ਹੋਰ ਸਵਾਲਾਂ ਦੇ ਨਾਲ ਨਾਲ ਇਸ ਗੱਲ ਕਰਕੇ ਵੀ ਇਹਨਾਂ ਤੇ ਉਂਗਲ ਉਠਦੀ ਹੈ, ਕਿ ਤੁਸੀਂ ਖੁਦ ਤਾਂ ਦਾਹੜੀ ਕੇਸ ਰੱਖੇ ਨਹੀਂ ਹੋਏ ਗੁਰਮਤਿ ਦਾ ਕੀ ਪ੍ਰਚਾਰ ਕਰੋਗੇ। ਸੋ ਇਹਨਾਂ ਲੋਕਾਂ ਨੇ ਇਸ ਸਵਾਲ ਤੋਂ ਬਚਣ ਲਈ (ਲੋਕ ਦਿਖਾਵੇ ਲਈ) ਦਾਹੜੀ ਕੇਸ ਸਜਾ ਲਏ ਹਨ। ਗੁਰਚਰਨ ਸਿੰਘ ਜਿਉਣ ਵਾਲਾ ਵੀ ਉਹਨਾਂ ਅਖੌਤੀ ਵਿਦਵਾਨਾਂ ਵਿੱਚੋਂ ਹੀ ਇੱਕ ਹੈ। ਇਸ ਨੇ ਵੀ ਕੁਝ ਸਾਲ ਪਹਿਲਾਂ, ਜਦੋਂ ਤੋਂ ਇਹ ਗੁਰਮਤਿ ਦਾ ਪ੍ਰਚਾਰ ਕਰਨ ਲੱਗਾ ਹੈ, ਤੋਂ ਪਹਿਲਾਂ ਤੱਕ ਦਾਹੜੀ ਕੇਸ ਕਟਾਏ ਹੋਏ ਸਨ (ਹੋਰ ਉਦਾਹਰਣਾਂ ਦੇਣ ਦੇ ਨਾਲ ਨਾਲ ਇਸ ਨੇ ਕੇਸਾਂ ਬਾਰੇ ਆਪਣੀ ਗੱਲ ਸਾਂਝੀ ਨਹੀਂ ਕੀਤੀ)।
ਹੁਣ ਆਈਏ ਕਰਮ ਸਿਧਾਂਤ ਬਾਰੇ-
ਇਸ ਨੇ ਜਰਮਨੀ ਤੋਂ ਉਚ ਵਿਦਿਆ ਹਾਸਲ ਕੀਤੀ ਹੈ। ਪਰ ਸਾਰੀ ਉਮਰ ਟੈਕਸੀ ਹੀ ਚਲਾਈ ਹੈ ਅਤੇ ਹੁਣ ਟਰੱਕ ਡਰਾਇਵਰੀ ਕਰਦਾ ਹੈ। ਆਪਣੇ ਵੱਡੇ ਭਰਾ ਨੂੰ ਕਿਸਾਨੀ ਕਰਨ ਕਰਕੇ ਆਪਣੇ ਆਪ ਤੋਂ ਕਾਫੀ ਨੀਵੇਂ ਦਰਜੇ ਤੇ ਸਮਝਦਾ ਹੈ। ਪਰ ਮੈਂ ਨਹੀਂ ਸਮਝਦਾ ਕਿ ਕੋਈ ਵੀ ਕਿੱਤਾ ਨੀਵੇਂ ਦਰਜੇ ਦਾ ਹੁੰਦਾ ਹੈ। ਇਸ ਦੇ ਟੈਕਸੀ ਚਲਾਉਣ ਨੂੰ ਵੀ ਅਤੇ ਹੁਣ ਟਰੱਕ ਚਲਾਉਣ ਨੂੰ ਮੈਂ ਨੀਵਾਂ ਕਿੱਤਾ ਨਹੀਂ ਸਮਝਦਾ। ਪਰ ਇੱਥੇ ਇਹ ਗੱਲ ਇਸ ਲਈ ਕਰਨੀ ਪਈ ਹੈ ਕਿ ਟੈਕਸੀ ਚਲਾਉਣ ਲਈ ਜਾਂ ਟਰੱਕ ਡਰਾਇਵਰੀ ਕਰਨ ਲਈ ਜਰਮਨੀ ਤੋਂ ਉਚ ਵਿਦਿਆ ਹਾਸਲ ਕਰਨ ਦੀ ਜਰੂਰਤ ਨਹੀਂ ਪੈਂਦੀ। ਇਥੇ ਕਰਮ ਅਤੇ ਕਰਮ-ਫਲ ਸਿਧਾਂਤ ਕੰਮ ਕਰਦਾ ਹੈ। ਇਸ ਨੇ ਬਿਲਕੁਲ ਵੀ ਨਹੀਂ ਸੋਚਿਆ ਹੋਵੇਗਾ ਕਿ ਜਰਮਨੀ ਤੋਂ ਉਚ ਵਿਦਿਆ ਹਾਸਲ ਕਰਕੇ ਟਰੱਕ ਡਰਾਇਵਰੀ ਕਰਨੀ ਹੈ। ਬੰਦਾ ਚਾਹੁੰਦਾ ਕੁਝ ਹੋਰ ਕਰਨਾ ਹੈ ਪਰ ਆਪਣੇ ਪਿਛਲੇ ਕੀਤੇ ਕਰਮਾਂ ਦੇ ਫਲ਼ ਕਰਕੇ ਕਰਦਾ ਕੁਝ ਹੋਰ ਹੈ-
“ਨਰ ਚਾਹਤ ਕਛੁ ਅਉਰ ਅਉਰੈ ਕੀ ਅਉਰੈ ਭਈ ॥ ਪੰਨਾ 1428” --
-- “ਮਤਾ ਕਰੈ ਪਛਮ ਕੈ ਤਾਈ ਪੂਰਬ ਹੀ ਲੈ ਜਾਤ ॥ ਪੰਨਾ 496”
ਸੋ ਇਹ ਹੈ ਗੁਰਮਤਿ ਦਾ ਕਰਮ ਸਿਧਾਂਤ। ਗੁਰਬਾਣੀ ਵਿੱਚੋਂ ਸੈਂਕੜੇ ਹੀ ਕਰਮ ਸਿਧਾਂਤ ਸੰਬੰਧੀ ਉਦਾਹਰਣਾਂ ਪੇਸ਼ ਕੀਤੀਆਂ ਜਾ ਸਕਦੀਆਂ ਹਨ, ਪਰ ਗੁਰਚਰਨ ਸਿੰਘ ‘ਕਰਮ ਸਿਧਾਂਤ’ ਨੂੰ ਮੁੱਢੋਂ ਹੀ ਰੱਦ ਕਰੀ ਜਾ ਰਿਹਾ ਹੈ। ਗੁਰਮਤਿ ਪ੍ਰਤੀ ਇਸਦੀ ਅਗਿਆਨਤਾ ਦਾ ਨਮੂੰਨਾ ਦੇਖੋ।
ਆਪਣੇ ਕੋਲੋਂ ਹੀ ਕਹਾਣੀ ਘੜਦਾ ਹੋਇਆ ਲਿਖਦਾ ਹੈ—“ ਕਰਮ ਸਿਧਾਂਤ ਮੁਤਾਬਕ ਤਾਂ ਆਪਣੇ ਪਿਛਲੇ ਜਨਮ ਦੇ ਮਾੜੇ ਕਰਮਾਂ ਕਰਕੇ ਡਾ. ਅੰਬੇਦਕਰ ਸ਼ੂਦਰ ਪੈਦਾ ਹੋਇਆ ਸੀ।
” ਵਿਚਾਰ:- ਗੁਰਬਾਣੀ ਤਾਂ ਉਚੀ ਨੀਵੀਂ ਜਾਤ-ਪਾਤ ਨੂੰ ਹੀ ਨਹੀਂ ਮੰਨਦੀ। ਆਪਣੇ ਆਪ ਨੂੰ ਉਚੀ ਜਾਤਿ ਦਾ ਮੰਨਣ ਕਰਕੇ ਬ੍ਰਹਮਣ ਨੂੰ ਥਾਂ ਥਾਂ ਤੇ ਉਸ ਦੀ ਇਸ ਘਟੀਆ ਸੋਚ ਕਰਕੇ ਨਿੰਦਿਆ ਹੈ, ਤਾਂ ਕੋਈ ਗੁਰਮਤਿ ਦਾ ਜਾਣਕਾਰ ਕਿਉਂ ਕਹੇਗਾ ਕਿ ਕਰਮਾਂ ਦੇ ਫਲ਼ ਕਰਕੇ ਅੰਬੇਡਕਰ ਸ਼ੂਦਰ ਪੈਦਾ ਹੋਇਆ? ਸਾਇੰਸ ਕਿੰਨੀ ਤਰੱਕੀ ਕਰ ਗਈ ਹੈ। ਇਹ ਸਾਰੀ ਤਰੱਕੀ ਮਨੁੱਖ ਨੂੰ ਸੁਖ ਸਹੂਲਤਾਂ ਪੁਚਾਉਣ ਲਈ ਹੀ ਹੈ। ਪਰ ਅੱਜ ਤੋਂ ਸੌ ਸਾਲ ਪਹਿਲਾਂ ਦੇ ਮੁਕਾਬਲੇ ਅੱਜ ਦੇ ਇਨਸਾਨ ਨੂੰ ਦੇਖੋ, ਸੁਖ ਸਹੂਲਤਾਂ ਹਾਸਲ ਹੋਣ ਨਾਲ ਇਨਸਾਨ ਪਹਿਲਾਂ ਨਾਲੋਂ ਸੁਖੀ ਹੋਇਆ ਹੈ ਜਾਂ ਸਰੀਰਕ ਅਤੇ ਮਾਨਸਿਕ ਤੌਰ ਤੇ ਜਿਆਦਾ ਰੋਗੀ ਹੋਇਆ ਹੈ ?
ਕੋਈ ਵੀ ਨਹੀਂ ਚਾਹੁੰਦਾ ਕਿ ਉਸ ਨੂੰ ਕੋਈ ਦੁਖ ਸਹਾਰਨਾ ਪਵੇ, ਪਰ ਫੇਰ ਵੀ ਇਹ ਦੁਖੀ ਹੈ। ਕਿਉਂ?
ਕਾਰਣ ਹੈ ਕਰਮ ਅਤੇ ਕਰਮ-ਫਲ ਸਿਧਾਂਤ। ਜੋ ਇਸ ਨੇ ਪਹਿਲਾਂ ਬੀਜਿਆ ਹੈ ਉਹ ਵੱਢ ਰਿਹਾ ਹੈ। ਜੋ ਹੁਣ ਬੀਜ ਰਿਹਾ ਹੈ, ਅੱਗੇ ਵਢ ਲਵੇਗਾ।
(ਨੋਟ:-- ਯਾਦ ਰਹੇ ਕਿ ਕੇਸ ਰੱਖਣ ਜਾਂ ਕਟਾਉਣ ਦਾ ਗੁਰਮਤਿ ਵਿਚਾਰਧਾਰਾ ਨਾਲ ਬੇਸ਼ੱਕ ਕੋਈ ਸੰਬੰਧ ਨਹੀਂ (ਸਿੱਖ ਪੰਥ ਜਾਂ ਸਿੱਖ ਜਗਤ ਨਾਲ ਇਸ ਦਾ ਸੰਬੰਧ ਹੈ), ਪਰ ਫੇਰ ਵੀ ਕਿਸੇ ਦੂਸਰੇ ਦੇ ਜ਼ਬਰਦਸਤੀ ਜਾਂ ਧੋਖੇ ਨਾਲ ਕੇਸ ਕਟਣੇ, ਗੁਨਾਹ ਹੈ। ਕਾਰਣ—ਇਸ ਵਿੱਚ ਕਿਸੇ ਦੀਆਂ ਭਾਵਨਾਵਾਂ, ਕਿਸੇ ਦੀ ਆਸਥਾ, ਕਿਸੇ ਦਾ ਯਕੀਨ ਜੁੜਿਆ ਕੋਇਆ ਹੈ। ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪੁਚਾਉਣੀ, ਜਰੂਰ ਗੁਨਾਹ ਹੈ) ਇਹ ਲੇਖ ਹੇਠਲੇ ਲਿੰਕ ਤੇ ਛਪੇ ਗੁਰਚਰਨ ਸਿੰਘ ਜਿਉਣਵਾਲਾ ਦੇ ਲੇਖ ਸੰਬੰਧੀ ਹੈ:- https://www.facebook.com/harlaj.singh/posts/993004860828831
ਜਸਬੀਰ ਸਿੰਘ ਵਿਰਦੀ"
ਜਸਬੀਰ ਸਿੰਘ ਵਿਰਦੀ
-: ਗੁਰਚਰਨ ਸਿੰਘ ਜਿਉਣਵਾਲਾ ਦਾ ਕਰਮ ਸਿਧਾਂਤ :-
Page Visitors: 2833