ਕੈਟੇਗਰੀ

ਤੁਹਾਡੀ ਰਾਇ



ਕਿਰਪਾਲ ਸਿੰਘ ਬਠਿੰਡਾ
ਸਰਬਤ ਖ਼ਾਲਸਾ -2016
ਸਰਬਤ ਖ਼ਾਲਸਾ -2016
Page Visitors: 2736

   ਸਰਬਤ ਖ਼ਾਲਸਾ -2016
ਕਿਰਪਾਲ ਸਿੰਘ ਬਠਿੰਡਾ
ਪਿਛਲੇ ਸਾਲ ਤਰਨ ਤਾਰਨ ਦੇ ਨਜ਼ਦੀਕ ਪਿੰਡ ਚੱਬਾ ਵਿਖੇ ਸਰਬਤ ਖ਼ਾਲਸਾ-2015 ਕਰਵਾਉਣ ਵਾਲੇ ਪ੍ਰਬੰਧਕਾਂ ਨੇ ਇਸ ਸਾਲ ਫਿਰ 10 ਨਵੰਬਰ 2016 ਨੂੰ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਸਰਬਤ ਖ਼ਾਲਸਾ ਦਾ ਇਕੱਠ ਬੁਲਾਉਣ ਦਾ ਐਲਾਨ ਕੀਤਾ ਹੋਇਆ ਹੈ। ਇਸ ਸਾਲ ਦਾ ਸਰਬਤ ਖ਼ਾਲਸਾ ਪਿਛਲੇ ਸਾਲ ਦੇ ਸਰਬਤ ਖ਼ਾਲਸਾ ਨਾਲੋਂ ਵੀ ਵੱਧ ਵਿਵਾਦਾਂ ਦੇ ਘੇਰੇ ਵਿੱਚ ਹੈ। ਇਸ ਕਾਰਨ ਬਹੁਤ ਸਾਰੇ ਪੰਥ ਦਾ ਦਰਦ ਰੱਖਣ ਵਾਲੇ ਵੀਰ ਅਕਸਰ ਹੀ ਫੋਨ ਕਰਕੇ ਪੁੱਛਦੇ ਰਹਿੰਦੇ ਹਨ ਕਿ
 ਇਸ ਸਾਲ ਦੇ ਸਰਬਤ ਖ਼ਾਲਸਾ ਦੀ ਹੋਣੀ ਕੀ ਹੋਵੇਗੀ?
 ਕੀ ਇਸ ਵਿੱਚੋਂ ਪੰਥ ਦੇ ਭਲੇ ਲਈ ਕੋਈ ਆਸ ਦੀ ਕਿਰਨ ਵਿਖਾਈ ਦੇਵੇਗੀ ਜਾਂ ਪਿਛਲੇ ਸਾਲ ਵਾਲਾ ਹੀ ਹਸ਼ਰ ਹੋਵੇਗਾ?
ਇਸ ਸਬੰਧੀ ਸੇਧ ਦਿੰਦਾ ਕੋਈ ਲੇਖ ਲਿਖਣ ਦੀ ਪ੍ਰੇਰਣਾ ਵੀ ਕਈ ਸੁਹਿਰਦ ਵੀਰਾਂ ਵੱਲੋਂ ਆਉਂਦੀ ਰਹਿੰਦੀ ਹੈ। ਪਰ ਕਾਫੀ ਸਮੇਂ ਤੋਂ ਕੁਝ ਲਿਖਣ ਨੂੰ ਇਸ ਕਾਰਣ ਮੇਰਾ ਦਿਲ ਨਹੀਂ ਸੀ ਕਰਦਾ ਕਿਉਂਕਿ ਆਮ ਤੌਰ ’ਤੇ ਇਕ ਲੇਖਕ ਦੀ ਲੇਖਣੀ ਵਿੱਚ ਪਿਛਲੇ ਤਜ਼ਰਬਿਆਂ ਦੇ ਅਧਾਰ ’ਤੇ ਬਣਾਈ ਰਾਇ ਹੀ ਹੋ ਸਕਦੀ ਹੈ ਪਰ ਕਈ ਵਾਰ ਅਕਾਲ ਪੁਰਖ਼ ਦੀ ਐਸੀ ਕਲਾ ਵੀ ਵਰਤਦੀ ਹੈ ਜਿਸ ਸਦਕਾ ਪਿਛਲੇ ਨਤੀਜਿਆਂ ਤੋਂ ਕੁਝ ਵੱਖਰਾ ਵੀ ਵਾਪਰ ਸਕਦਾ ਹੈ। ਇਸ ਕਾਰਣ ਪਿਛਲੇ ਤਜ਼ਰਬਿਆਂ ਦੇ ਅਧਾਰ ’ਤੇ ਬਣਾਈ ਸੋਚ ਮੁਤਾਬਿਕ ਲਿਖਣਾ ਕਈ ਵਾਰ ਸਮੇਂ ਤੋਂ ਪਹਿਲਾਂ ਲਿਖੀ ਗੱਲ ਵੀ ਸਿੱਧ ਹੋ ਸਕਦੀ ਹੈ। ਦਿਲ ਵਿੱਚ ਸਿੱਖੀ ਜ਼ਜਬਾ ਤੇ ਦਰਦ ਰੱਖਣ ਵਾਲੇ ਮੇਰੇ ਇੱਕ ਪੁਰਾਣੇ ਦੋਸਤ ਜੋ ਅਕਸਰ ਹੀ ਪੰਥ ਦੀ ਹੋਣੀ ਸਬੰਧੀ ਚਿੰਤਨ ਅਤੇ ਚਿੰਤਾ ਦੋਵੇਂ ਹੀ ਕਰਦੇ ਰਹਿੰਦੇ ਹਨ ਅਤੇ ਸਰਬਤ ਖ਼ਾਲਸਾ ਦੇ ਸਮਰਥਕ ਵੀ ਹਨ; ਨੇ ਬੀਤੀ ਰਾਤ ਫਿਰ ਗੱਲ ਛੇੜਦਿਆਂ ਕਿਹਾ ਕਿ ਤੁਸੀਂ ਸਰਬਤ ਖ਼ਾਲਸਾ-2016 ਸਬੰਧੀ ਹਾਲੀ ਤੱਕ ਕੁਝ ਨਹੀਂ ਲਿਖਿਆ; ਤੁਹਾਨੂੰ ਜਰੂਰ ਕੁਝ ਨਾ ਕੁਝ ਲਿਖਣਾ ਚਾਹੀਦਾ ਹੈ।
 ਮੈਂ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਮੈਨੂੰ ਇਸ ਸਰਬਤ ਖ਼ਾਲਸਾ ਵਿੱਚੋਂ ਕੁਝ ਪ੍ਰਾਪਤੀ ਹੁੰਦੀ ਨਜ਼ਰ ਨਹੀਂ ਆ ਰਹੀ। ਮੈਂ ਸਮਝਦਾ ਹਾਂ ਕਿ ਆਪਣੇ ਖਿਆਲਾਂ ਅਨੁਸਾਰ ਲਿਖਿਆ ਜਾਣਾ ਸ਼ਾਇਦ ਤੁਹਾਡੇ ਵਰਗੇ ਦੋਸਤਾਂ ਨੂੰ ਪਸੰਦ ਨਾ ਆਵੇ ਇਸ ਕਾਰਣ ਕੁਝ ਨਾ ਲਿਖਣਾ ਹੀ ਬਿਹਤਰ ਸਮਝ ਰਿਹਾ ਹਾਂ। ਉਸ ਦੋਸਤ ਨੇ ਪੁੱਛਿਆ ਕਿ ਕੁਝ ਪ੍ਰਾਪਤੀ ਨਾ ਹੋਣ ਸਬੰਧੀ ਤੁਹਾਡੀ ਬਣੀ ਧਾਰਣਾਂ ਪਿੱਛੇ ਕਾਰਣ ਕੀ ਹਨ? ਅਤੇ ਤੁਹਾਡੇ ਖਿਆਲ ਅਨੁਸਾਰ ਸਰਬਤ ਖ਼ਾਲਸਾ ਦੀ ਸਫਲਤਾ ਲਈ ਕਿਹੜੇ ਜਰੂਰੀ ਨੁਕਤੇ ਹਨ ਜਿਨ੍ਹਾਂ ’ਤੇ ਵੀਚਾਰ ਕਰਨਾ ਜਰੂਰੀ ਹੈ ਇਨ੍ਹਾਂ ਨੁਕਤਿਆਂ ਨੂੰ ਵਿਰੋਧ ਦੇ ਰੂਪ ਵਿੱਚ ਨਹੀਂ ਬਲਕਿ ਸੁਝਾਉ ਦੇ ਰੂਪ ਵਿੱਚ ਹੀ ਕੁਝ ਲਿਖਣਾ ਚਾਹੀਦਾ ਹੈ। ਇਸ ਉਪ੍ਰੰਤ ਪਿਛਲੇ ਸਾਲ ਦੇ ਸਰਬਤ ਖ਼ਾਲਸਾ ਦੀਆਂ ਤਿਆਰੀਆਂ ਦੌਰਾਨ ਅਤੇ ਉਸ ਉਪ੍ਰੰਤ ਵਾਪਰੀਆਂ ਘਟਨਾਵਾਂ ਨੂੰ ਤਾਜਾ ਕਰਦਿਆਂ ਆਪਣੇ ਵੀਚਾਰਾਂ ਨੂੰ ਹੇਠ ਲਿਖੇ ਅਨੁਸਾਰ ਲਿਖਣ ਦਾ ਯਤਨ ਕਰ ਰਿਹਾ ਹਾਂ:-
1.    ਖ਼ਾਲਸਾ ਪੰਥ ਇਸ ਸਮੇਂ ਕੁਝ ਆਗੂਆਂ ਦੇ ਆਪਣੇ ਨਿੱਜੀ ਸੁਆਰਥਾਂ ਕਾਰਨ ਅਨੇਕਾਂ ਰਾਜਨੀਤਕ ਅਤੇ ਧਾਰਮਿਕ ਵਖਰੇਵਿਆਂ ਕਾਰਨ ਬੇਅੰਤ ਧੜਿਆਂ ਵਿੱਚ ਵੰਡਿਆ ਹੋਇਆ ਹੈ। ਜਦ ਤੱਕ ਇਹ ਸਾਰੇ ਧੜੇ ਅਤੇ ਉਨ੍ਹਾਂ ਦੇ ਮੁਖੀ ਆਪਣੇ ਸਾਰੇ ਨਿਜੀ ਸੁਆਰਥਾਂ ਦਾ ਤਿਆਗ ਕਰਕੇ ਪੰਥਕ ਹਿੱਤਾਂ ਲਈ ਕੁਝ ਕਰ ਗੁਜਰਨ ਦੀ ਸਿਧਾਂਤਕ ਤੌਰ ’ਤੇ ਏਕਤਾ ਨਹੀਂ ਕਰਦੇ ਉਤਨਾਂ ਚਿਰ ਨਾ ਤਾਂ ਕੋਈ ਐਸੀ ਇਕੱਤ੍ਰਤਾ ਹੋ ਸਕਦੀ ਹੈ ਜਿਸ ਨੂੰ ਸਰਬਤ ਖ਼ਾਲਸਾ ਦਾ ਨਾਮ ਦਿੱਤਾ ਜਾ ਸਕੇ ਅਤੇ ਨਾ ਹੀ ਇੱਕ ਜਾਂ ਦੋ ਧੜਿਆਂ ਦੇ ਮੁਖੀਆਂ ਵੱਲੋਂ ਇਕੱਤਰ ਕੀਤੀ ਵੱਡੀ ਤੋਂ ਵੱਡੀ ਭੀੜ ਨੂੰ ਸਰਬਤ ਖ਼ਾਲਸਾ ਦਾ ਨਾਮ ਦੇ ਕੇ ਉਸ ਵੱਲੋਂ ਪਾਸ ਕੀਤੇ ਮਤਿਆਂ ਦੀ ਕੋਈ ਕੀਮਤ ਹੀ ਪੈਣੀ ਹੈ।
ਪਿਛਲੇ ਸਾਲ ਦੇ ਸਰਬਤ ਖ਼ਾਲਸਾ ਵੱਲੋਂ ਪਾਸ ਕੀਤੇ ਮਤਿਆਂ ਦਾ ਹਸ਼ਰ ਸਾਡੇ ਸਾਹਮਣੇ ਹੈ। ਆਪਣੀਆਂ ਅਨੇਕਾਂ ਵੱਡੀਆਂ ਗਲਤੀਆਂ ਕਾਰਨ ਜਿਸ ਬਾਦਲ ਦਲ/ ਸਰਕਾਰ ਦੇ ਆਗੂ ਲੋਕਾਂ ਦੇ ਸਵਾਲਾਂ ਦਾ ਸਾਹਮਣਾ ਕਰਨ ਤੋਂ ਅ-ਸਮਰਥ ਹੋ ਜਾਣ ਕਾਰਨ ਆਪਣੇ ਘਰਾਂ ਤੋਂ ਬਾਹਰ ਨਿਕਲਣ ਦੇ ਕਾਬਲ ਨਹੀਂ ਸਨ ਰਹੇ; ਉਨ੍ਹਾਂ ਨੂੰ ਸਰਬਤ ਖ਼ਾਲਸਾ ਦੇ ਦੱਸੇ ਜਾ ਰਹੇ 5 ਲੱਖ ਸਿੱਖਾਂ ਦੇ ਇਕੱਠ ਵੱਲੋਂ ਪਾਸ ਕੀਤੇ ਮਤਿਆਂ ਨੇ ਐਸਾ ਬਲ ਬਖ਼ਸ਼ਿਆ ਕਿ ਉਹ ਗੱਡੀਆਂ ’ਤੇ ‘Proud to be Akali' ਸਾਨੂੰ ਅਕਾਲੀ ਹੋਣ ਦਾ ਮਾਨ ਹੈ’ ਦੇ ਪੋਸਟਰ ਲਾ ਕੇ ਸ਼ਰੇਆਮ ਦਨਦਨਾ ਰਹੇ ਹਨ ਤੇ ਸਰਬਤ ਖ਼ਾਲਸਾ ਵੱਲੋਂ ਥਾਪੇ ਜਥੇਦਾਰਾਂ ਸਮੇਤ ਮੁੱਖ ਆਗੂਆਂ ’ਤੇ ਦੇਸ਼ ਧ੍ਰੋਹੀ ਦਾ ਕੇਸ ਦਰਜ ਕਰਕੇ ਜੇਲ੍ਹਾਂ ਵਿੱਚ ਸੁੱਟ ਦਿੱਤੇ। ਪੰਜ ਲੱਖ ਲੋਕ ਇਕੱਠੇ ਕਰਨ ਵਾਲੇ ਆਗੂ ਉਨ੍ਹਾਂ ਦੀ ਰਿਹਾਈ ਲਈ ਧਰਨੇ ਮਾਰਨ ਲਈ ਪੰਜ ਸੌ ਦਾ ਇਕੱਠ ਕਰਨ ਵਿੱਚ ਵੀ ਸਫਲ ਨਾ ਹੋ ਸਕੇ।
 ਕਾਰਣ ਇੱਕੋ ਸੀ ਕਿ ਉਸ ਇਕੱਠ ਵਿੱਚ ਸਿਧਾਂਤਕ ਏਕਤਾ ਨਾ ਦੀ ਕੋਈ ਚੀਜ ਨਹੀਂ ਸੀ; ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੀਆਂ ਤਾਜ਼ਾ ਵਾਪਰੀਆਂ ਘਟਨਾਵਾਂ ਦੇ ਰੋਸ ਵਜੋਂ ਸਿੱਖਾਂ ਵਿੱਚ ਉਠੇ ਉਭਾਰ ਦਾ ਸਿਆਸੀ ਲਾਹਾ ਲੈਣ ਦੇ ਮਕਸਿਦ ਨਾਲ ਕੁਝ ਧਿਰਾਂ ਉਸ ਇਕੱਠ ਵਿੱਚ ਵੱਡੇ ਪੱਧਰ ’ਤੇ ਸ਼ਾਮਲ ਹੋਈਆਂ ਸਨ ਪਰ ਇੱਕ ਦੂਸਰੇ ’ਤੇ ਵਿਸ਼ਵਾਸ਼ ਕਰਨ ਨੂੰ ਕੋਈ ਵੀ ਧਿਰ ਦਿਲੋਂ ਤਿਆਰ ਨਹੀਂ ਸੀ। ਸਰਬਤ ਖ਼ਾਲਸਾ ਦੇ ਮੁਖ ਪ੍ਰਬੰਧਕ ਹਨ ਸ਼੍ਰੋ.ਅ.ਦ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਤੇ ਨਵੇਂ ਬਣੇ ਯੂਨਾਇਡ ਅਕਾਲੀ ਦਲ ਦੇ ਕਰਤਾ ਧਰਤਾ ਭਾਈ ਮੋਹਕਮ ਸਿੰਘ ਤੇ ਗੁਰਦੀਪ ਸਿੰਘ ਬਠਿੰਡਾ।
 1991 ਤੋਂ ਲੈ ਕੇ ਅੱਜ ਤੱਕ ਸ: ਮਾਨ ਅਤੇ ਗੁਰਦੀਪ ਸਿੰਘ ਬਠਿੰਡਾ ਦੀ ਸ਼ਮੂਲੀਅਤ ਵਾਲੇ ਰੋਡੇ ਗੁਰੁਪ ਨੇ ਵਿਧਾਨ ਸਭਾ ਅਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੂੰ ਮੁੱਖ ਰੱਖ ਕੇ ਅਨੇਕਾਂ ਵਾਰ ਚੋਣ ਸਮਝੌਤੇ ਅਤੇ ਸਿਆਸੀ ਗੱਠਜੋੜ ਕੀਤੇ ਪਰ ਹਰ ਵਾਰ ਲਾਹਾ ਲੈਣ ਤੋਂ ਬਹੁਤ ਪਹਿਲਾਂ ਹੀ ਸਖ਼ਸ਼ੀਅਤਾਂ ਦੇ ਟਕਰਾ ਅਤੇ ਇੱਕ ਦੂਸਰੇ ’ਤੇ ਬੇਵਿਸ਼ਵਾਸ਼ੀ ਕਾਰਨ ਸਮਝੌਤੇ ਤੜੱਕ ਕਰ ਕੇ ਤੁੱਟਦੇ ਰਹੇ। ਜਿਨ੍ਹਾਂ ਚੋਣਾਂ ਲਈ ਇਨ੍ਹਾਂ ਨੇ ਬਾਦਲ ਦੇ ਵਿਰੁੱਧ ਗੱਠਜੋੜ ਬਣਾ ਕੇ ਚੋਣ ਲੜਨ ਦਾ ਅਹਿਦ ਲਿਆ ਹੁੰਦਾ ਸੀ ਉਨ੍ਹਾਂ ਹੀ ਚੋਣਾਂ ਵਿੱਚ ਆਪਸੀ ਵਿਰੋਧ ਇਸ ਕਦਰ ਕਰਦੇ ਰਹੇ ਹਨ ਜਿਸ ਨਾਲ ਬਾਦਲ ਦਲ ਨੂੰ ਸਿੱਧੇ ਅਸਿੱਧੇ ਤੌਰ ’ਤੇ ਲਾਹਾ ਮਿਲਦਾ ਰਿਹਾ।
 ਲੋਕਾਂ ਦੀ ਧਾਰਨਾ ਬਣ ਚੁੱਕੀ ਹੈ ਕਿ ਬਾਦਲ ਦਲ ਦੇ ਕਬਜ਼ੇ ਵਿੱਚ ਸਾਰੀਆਂ ਪੰਥਕ ਸੰਸਥਾਵਾਂ ਲਿਆ ਕੇ ਪੰਥ ਦਾ ਬੇਅੰਤ ਨੁਕਸਾਨ ਕਰਵਾਉਣ ਵਾਲੇ ਸ: ਮਾਨ ਅਤੇ ਰੋਡੇ ਗਰੁੱਪ ਹਨ ਜਿਹੜੇ ਹਮੇਸ਼ਾਂ ਪੰਥਕ ਸਫਾਂ ਵਿੱਚ ਏਕਤਾ ਹੋਣ ਦੇ ਰਾਹ ਵਿੱਚ ਰੋੜਾ ਬਣੇ। ਭਾਵੇਂ ਸ: ਮਾਨ ਨੇ ਹੁਣ ਤੱਕ ਜ਼ਾਹਰਾ ਤੌਰ ’ਤੇ ਨਾ ਹੀ ਅਕਾਲੀ ਦਲ ਬਾਦਲ ਅਤੇ ਨਾ ਹੀ ਕਾਂਗਰਸ ਨਾਲ ਕਦੀ ਸਾਂਝ ਰੱਖੀ ਹੈ ਪਰ ਰੋਡੇ-ਗੁਰਦੀਪ ਸਿੰਘ ਦਾ ਵਿਵਹਾਰ ਤਾਂ ਸਭ ਦੇ ਸਾਹਮਣੇ ਹੈ। ਕਦੀ ਇਹ ਸ: ਰਵੀਇੰਦਰ ਸਿੰਘ ਦੀ ਪ੍ਰਧਾਨਗੀ ਹੇਠ ਅਕਾਲੀ ਦਲ (1920) ਬਣਾ ਕੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਹਮਾਇਤ ਵਿੱਚ ਕੰਮ ਕਰ ਕੇ ਨਿੱਜੀ ਲਾਭ ਪ੍ਰਾਪਤ ਕਰਦੇ ਰਹੇ ਅਤੇ ਕਦੀ ਰਵੀਇੰਦਰ ਸਿੰਘ ਤੋਂ ਵੱਖ ਹੋ ਕੇ ਅਕਾਲੀ ਦਲ ਬਾਦਲ ਵਿੱਚ ਸ਼ਾਮਲ ਹੋ ਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸੋਚ ਦਾ ਕਤਲ ਕੀਤਾ। ਭਿੰਡਰਾਂਵਾਲੇ ਦੀ ਸੋਚ ਦਾ ਕਤਲ ਕਰਨ ਦੇ ਇਵਜ਼ ਵਜੋਂ ਗੁਰਦੀਪ ਸਿੰਘ ਨੇ ਤਾਂ ਹੈਲਥ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਦੇ ਅਹੁੱਦੇ ਦਾ ਅਨੰਦ ਮਾਣਿਆ ਅਤੇ ਭਾਈ ਜਸਵੀਰ ਰੋਡੇ ਹਾਲੇ ਵੀ ਅਕਾਲ ਤਖ਼ਤ ਦਾ ਜਥੇਦਾਰ ਬਣਨ ਦੀ ਲਾਲਸਾ ਅਧੀਨ ਬਾਦਲ ਦੇ ਤਲਬੇ ਚੱਟ ਰਿਹਾ ਹੈ।
 ਸਿਆਸੀ ਗੋਟੀਆਂ ਖੇਡ੍ਹਨ ਦੇ ਮਾਹਰ ਸ: ਬਾਦਲ ਵੀ ਕਿਸੇ ਨੂੰ ਸਿਆਸੀ ਚੋਗ਼ਾ ਉਤਨੀ ਦੇਰ ਹੀ ਪਾਉਂਦੇ ਹਨ ਜਦ ਤੱਕ ਅਗਲੇ ਦੀ ਝੋਲ਼ੀ ਵਿੱਚ ਦਾਣੇ ਹੋਣ। ਇਸ ਨੀਤੀ ਅਧੀਨ ਜਦੋਂ ਸ: ਗੁਰਦੀਪ ਸਿੰਘ ਨੂੰ ਅਹੁੱਦੇ ਤੋਂ ਵੱਖ ਹੋਣਾ ਪਿਆ ਤਾਂ ਆਪਣੀ ਕੀਮਤ ਵਧਾਉਣ ਲਈ ਭਾਈ ਰੋਡੇ ਨੂੰ ਛੱਡ ਕੇ ਭਾਈ ਮੋਹਕਮ ਸਿੰਘ ਨਾਲ ਮਿਲ ਕੇ ਯੂਨਾਇਟਡ ਅਕਾਲੀ ਦਲ ਬਣਾ ਕੇ ਮੁੜ ਸ: ਸਿਮਰਨਜੀਤ ਸਿੰਘ ਮਾਨ ਨਾਲ ਗੱਠਜੋੜ ਕਰਕੇ ਸਰਬੱਤ ਖ਼ਾਲਸੇ ਦੇ ਆਗੂ ਬਣ ਬੈਠੇ। ਇਨ੍ਹਾਂ ਦਾ ਇਹ ਗੱਠਜੋੜ ਕਿਤਨੀ ਦੇਰ ਚਲਦਾ ਹੈ ਇਹ ਦੋਵੇਂ ਧਿਰਾਂ ਹੀ ਜਾਨਣ ਜਾਂ ਅਕਾਲ ਪੁਰਖ਼ ਹੀ ਜਾਣਦਾ ਹੈ। ਇਹੋ ਕਾਰਣ ਹੈ ਕਿ ਬਹੁਤੀਆਂ ਪੰਥਕ ਧਿਰਾਂ ਇਨ੍ਹਾਂ ’ਤੇ ਵਿਸ਼ਵਾਸ਼ ਕਰਨ ਲਈ ਤਿਆਰ ਨਹੀਂ ਹਨ ਜਿਸ ਕਾਰਨ ਨਾ ਤਾਂ ਉਨ੍ਹਾਂ ਨੇ ਇਨ੍ਹਾਂ ਆਗੂਆਂ ਦੀ ਅਗਵਾਈ ਹੇਠ ਹੋਏ ਪਿਛਲੇ ਸਰਬਤ ਖ਼ਾਲਸਾ ਵਿੱਚ ਸ਼ਮੂਲੀਅਤ ਕੀਤੀ ਸੀ ਅਤੇ ਨਾ ਹੀ ਹੁਣ ਵਾਲੇ ਸਰਬਤ ਖ਼ਾਲਸਾ ਵਿੱਚ ਸ਼ਮੂਲੀਅਤ ਕਰਨ ਲਈ ਤਿਆਰ ਹਨ।
 ਉਨ੍ਹਾਂ ਦਾ ਮੰਨਣਾ ਹੈ ਕਿ ਇਹ ਲੋਕ ਜਾਣੇ ਅਣਜਾਣੇ ਐਸੀ ਖੇਡ੍ਹ ਖੇਡ੍ਹਦੇ ਹਨ ਜਿਸ ਨਾਲ ਉਲਟਾ ਬਾਦਲ ਨੂੰ ਹੀ ਸਿੱਧਾ ਜਾਂ ਅਸਿੱਧਾ ਲਾਭ ਪਹੁੰਚਦਾ ਹੋਵੇ। ਲੋਕਾਂ ਦਾ ਮੰਨਣਾ ਹੈ ਕਿ ਬਾਦਲ ਸਰਕਾਰ ਵੱਲੋਂ ਸਰਬਤ ਖ਼ਾਲਸਾ ਦੇ ਆਗੂਆਂ ਤੇ ਇਸ ਦੇ ਜਥੇਦਾਰਾਂ ਨੂੰ ਕਦੀ ਫੜ ਕੇ ਜੇਲ੍ਹ ਵਿੱਚ ਸੁੱਟਣਾਂ ਤੇ ਕਦੀ ਉਨ੍ਹਾਂ ਨੂੰ ਛੱਡ ਦੇਣ ਦਾ ਰਾਜ਼ ਇਹੋ ਹੈ ਕਿ ਬਾਦਲ ਦਲ ਚਾਹੁੰਦਾ ਹੈ ਕਿ ਆਮ ਸਿੱਖਾਂ ਵਿੱਚ ਇਹ ਵੀਚਾਰ  ਬਣਿਆ ਰਹੇ ਕਿ ਇਹ ਪੰਥ ਲਈ ਸਰਕਾਰ ਨਾਲ ਲੜ ਰਹੇ ਹਨ; ਜਿਸ ਕਾਰਨ ਇਨ੍ਹਾਂ ਦੀ ਪੰਥਕ ਹਲਕਿਆਂ ਵਿੱਚ ਪਛਾਣ ਬਣੀ ਰਹੀ ਤੇ ਸਮਾਂ ਆਉਣ ’ਤੇ ਬਾਦਲ ਵਿਰੋਧੀ ਵੋਟ ਵੰਡਣ ਦੇ ਕਾਬਲ ਹੋ ਕੇ ਅਸਿੱਧੇ ਰੂਪ ਵਿੱਚ ਬਾਦਲ ਦਲ ਨੂੰ ਫਾਇਦਾ ਪਹੁੰਚਾਉਂਦੇ ਰਹਿਣ।
2.    ਪਿਛਲੇ ਸਾਲ ਹੋਏ ਸਰਬਤ ਖ਼ਾਲਸਾ ਦੇ ਪ੍ਰਬੰਧਕਾਂ ਨੇ ਸਵ: ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕਾਂਡ ਵਿੱਚ ਉਮਰ ਕੈਦ ਦੀ ਸਜਾ ਭੁਗਤ ਰਹੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਅਕਾਲ ਤਖ਼ਤ ਦਾ ਜਥੇਦਾਰ, ਭਾਈ ਧਿਆਨ ਸਿੰਘ ਮੰਡ ਨੂੰ ਭਾਈ ਹਵਾਰਾ ਦੀ ਗੈਰ ਹਾਜਰੀ ਵਿੱਚ ਕਾਰਜਕਾਰੀ ਜਥੇਦਾਰ; ਭਾਈ ਅਮਰੀਕ ਸਿੰਘ ਅਜਨਾਲਾ ਨੂੰ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦਾ ਜਥੇਦਾਰ ਅਤੇ ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦਾ ਜਥੇਦਾਰ ਨਿਯੁਕਤ ਕੀਤਾ ਗਿਆ। ਦੱਸਿਆ ਜਾਂਦਾ ਹੈ ਕਿ ਹਾਜਰ ਸੰਗਤਾਂ ਦੀ ਜੈਕਾਰਿਆਂ ਨਾਲ ਪ੍ਰਵਾਨਗੀ ਸਿਰਫ ਭਾਈ ਹਵਾਰਾ ਦੇ ਨਾਮ ਨੂੰ ਹੀ ਮਿਲੀ ਅਤੇ ਜਿਉਂ ਹੀ ਦੂਸਰੇ ਜਥੇਦਾਰਾਂ ਦੇ ਨਾਮ ਲੈਣੇ ਸ਼ੁਰੂ ਕੀਤੇ ਤਾਂ ਸੰਗਤਾਂ ਵਿੱਚ ਘੁਸਰ-ਮੁਸਰ ਹੋਣੀ ਸ਼ੁਰੂ ਹੋ ਗਈ ਸੀ ਅਤੇ ਇੱਕ ਦੋ ਜਥੇਦਾਰਾਂ ਦੇ ਨਾਮ ’ਤੇ ਤਾਂ ਵਿਰੋਧ ਦੀ ਅਵਾਜ਼ ਵੀ ਸੁਣਾਈ ਦਿੱਤੀ ਜਿਨਾਂ ਨੂੰ ਸਟੇਜ ਪ੍ਰਬੰਧਕਾਂ ਵੱਲੋਂ ਅਣਸੁਣੀ ਕਰ ਕੇ ਆਪ ਹੀ ਜੈਕਾਰੇ ਛੱਡ ਕੇ ਜਥੇਦਾਰ ਐਲਾਨ ਦਿੱਤਾ।
 ਇਹ ਤਿੰਨੇ ਹੀ ਮੁਤਬਾਜੀ ਜਥੇਦਾਰ ਇੱਕ ਹੀ ਦਮਦਮੀ ਟਕਸਾਲ ਦੇ ਵਿਦਿਆਰਥੀ/ਸਮਰਥਕ ਹੋਣ ਕਾਰਣ ਪੰਥ ਪ੍ਰਵਾਨਤ ਰਹਿਤ ਮਰਯਾਦਾ ਮੰਨਣ ਤੋਂ ਇਨਕਾਰੀ ਹਨ ਇਸ ਲਈ ਉਨ੍ਹਾਂ ਨੂੰ ਸਰਬਪ੍ਰਵਾਨਤ ਜਥੇਦਾਰ ਕਹਿਣਾ ਕਿਸੇ ਦੇ ਸੰਘੋਂ ਥੱਲੇ ਨਹੀਂ ਉਤਰਦਾ। ਆਮ ਸਿੱਖਾਂ ਨੇ ਇਹ ਸ਼ਰੇਆਮ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਜੇ ਸ਼੍ਰੋਮਣੀ ਕਮੇਟੀ ਵੱਲੋਂ ਨਾਮਜ਼ਦ ਜਥੇਦਾਰ ਬਾਦਲ ਦੀ ਜੇਬ ’ਚੋਂ ਨਿਕਲਦੇ ਹਨ ਤਾਂ ਸਰਬਤ ਖ਼ਾਲਸਾ ਵੱਲੋਂ ਨਿਯੁਕਤ ਕੀਤੇ ਜਥੇਦਾਰ ਮਾਨ-ਗੁਰਦੀਪ, ਮੋਹਕਮ ਦੀ ਜੇਬ ’ਚੋਂ ਨਿਕਲੇ ਹਨ। ਇਸ ਲਈ ਦੋਵਾਂ ਧਿਰਾਂ ਦੇ ਜਥੇਦਾਰਾਂ ਕੋਲੋਂ ਪੰਥ ਦੇ ਭਲੇ ਦੀ ਕੋਈ ਆਸ ਨਹੀਂ ਰੱਖੀ ਜਾ ਸਕਦੀ।
 ਉਸ ਸਮੇਂ ਹੀ ਇਹ ਅਵਾਜ਼ ਉਠਣੀ ਸ਼ੁਰੂ ਹੋ ਗਈ ਸੀ ਕਿ ਭਾਈ ਹਵਾਰਾ ਦੇ ਨਾਮ ਦੀ ਤਾਂ ਸਿਰਫ ਵਰਤੋਂ ਹੀ ਕੀਤੀ ਗਈ ਹੈ ਉਨ੍ਹਾਂ ਦੇ ਜੇਲ੍ਹ ਵਿੱਚ ਹੋਣ ਕਰਕੇ ਮਨਮਾਨੀਆਂ ਤਾਂ ਇਨ੍ਹਾਂ ਆਪਣੀਆਂ ਹੀ ਕਰਨੀਆਂ ਹਨ। ਇਹ ਗੱਲ ਉਸ ਸਮੇਂ ਜੱਗ ਜ਼ਾਹਰ ਹੋ ਗਈ ਜਦੋਂ ਭਾਈ ਹਵਾਰਾ ਨੇ ਸਰਬੱਤ ਖ਼ਾਲਸਾ ਤੋਂ ਬਾਹਰ ਰਹਿ ਗਈਆਂ ਜਥੇਬੰਦੀਆਂ ਨੂੰ ਇਸ ਨਾਲ ਜੋੜਨ ਦੇ ਮਨਸ਼ੇ ਨਾਲ ਜੇਲ੍ਹ ਵਿੱਚੋਂ ਆਪਣੇ ਵਕੀਲ ਰਾਹੀਂ ਲਿਖਤੀ ਬਿਆਨ ਜਾਰੀ ਕੀਤਾ ਕਿ ਮੌਜੂਦਾ ਪੰਥ ਪ੍ਰਵਾਨਤ ਸਿੱਖ ਰਹਿਤ ਮਰਯਾਦਾ ’ਤੇ ਕੋਈ ਕਿੰਤੂ ਪ੍ਰੰਤੂ ਨਾ ਕੀਤਾ ਜਾਵੇ। ਇਸ ਪੰਥ ਹਿਤਕਾਰੀ ਐਲਾਨ ਨੂੰ ਬਾਕੀ ਦੇ ਤਿੰਨੇ ਜਥੇਦਾਰਾਂ ਨੇ ਤੁਰੰਤ ਇਕ ਮੀਟਿੰਗ ਕਰਕੇ ਇਸ ਅਧਾਰ ’ਤੇ ਰੱਦ ਕਰ ਦਿੱਤਾ ਕਿ ਭਾਈ ਹਵਾਰਾ ਨੇ ਇਹ ਬਿਆਨ ਬਾਕੀ ਦੇ ਜਥੇਦਾਰਾਂ ਨਾਲ ਸਲਾਹ ਮਸ਼ਵਰਾ ਕੀਤੇ ਤੋਂ ਬਗੈਰ ਜਾਰੀ ਕੀਤਾ ਹੈ ਇਸ ਲਈ ਇਹ ਮੰਨਣਯੋਗ ਨਹੀਂ ਹੈ।
 ਭਾਈ ਹਵਾਰਾ ਨੇ ਦੂਸਰੀ ਵਾਰ ਫਿਰ ਸਲਾਹ ਦਿੱਤੀ ਕਿ ਸਰਬਤ ਖ਼ਾਲਸਾ ਸ਼੍ਰੋਮਣੀ ਕਮੇਟੀ ਵੱਲੋਂ ਹਟਾਏ ਗਏ ਪੰਜ ਪਿਆਰਿਆਂ ਦੀ ਸਰਪ੍ਰਸਤੀ ਹੇਠ ਹੋਵੇ; ਉਨ੍ਹਾਂ ਦੀ ਅਗਵਾਈ ਹੇਠ ਇਕ ਕਮੇਟੀ ਬਣਾਈ ਜਾਵੇ ਜਿਹੜੀ ਸਰਬਤ ਖ਼ਾਲਸਾ ਸੱਦਣ ਅਤੇ ਉਸ ਵਿੱਚ ਫੈਸਲੇ ਲੈਣ ਦਾ ਵਿਧੀ ਵਿਧਾਨ ਤਿਆਰ ਕਰੇ। ਜਿਹੜੀਆਂ ਧਿਰਾਂ 2015 ਵਾਲੇ ਸਰਬਤ ਖ਼ਾਲਸੇ ਵਿੱਚ ਸ਼ਾਮਲ ਨਹੀਂ ਸੀ ਹੋਈਆਂ ਉਨ੍ਹਾਂ ਦੀ ਸ਼ਮੂਲੀਅਤ ਕਰਾਉਣ ਲਈ ਕਮੇਟੀ ਨਿਜੀ ਤੌਰ ’ਤੇ ਮਿਲ ਕੇ ਗਿਲੇ ਸ਼ਿਕਵੇ ਦੂਰ ਕਰੇ ਤੇ ਉਨ੍ਹਾਂ ਦੇ ਸੁਝਾਵਾਂ ’ਤੇ ਵੀਚਾਰ ਕਰਨ ਦਾ ਵਿਸ਼ਵਾਸ਼ ਦਿਵਾ ਕੇ ਸ਼ਾਮਲ ਹੋਣ ਦੀ ਪ੍ਰੇਰਣਾਂ ਕਰੇ।
 ਜਿਹੜੀਆਂ ਜਥੇਬੰਦੀਆਂ ਨੇ 2015 ਵਾਲੇ ਸਰਬਤ ਖ਼ਾਲਸਾ ਤੋਂ ਦੂਰੀ ਬਣਾ ਕੇ ਰੱਖੀ ਸੀ; ਭਾਈ ਹਵਾਰਾ ਦੇ ਇਸ ਫੈਸਲੇ ਨਾਲ ਸਹਿਮਤੀ ਪ੍ਰਗਟ ਕਰਦਿਆਂ; ਉਨ੍ਹਾਂ ਵਿੱਚੋਂ ਬਹੁਤ ਸਾਰੀਆਂ ਜਥੇਬੰਦੀਆਂ ਨੇ ਹੁਣ ਸ਼ਾਮਲ ਹੋਣ ਦੀ ਹਾਮੀ ਭਰ ਦਿੱਤੀ ਸੀ ਪਰ ਸਰਬਤ ਖ਼ਾਲਸਾ ਦੇ ਪ੍ਰਬੰਧਕਾਂ ਅਤੇ ਇਸ ਵੱਲੋਂ ਨਿਯੁਕਤ ਕੀਤੇ ਜਥੇਦਾਰਾਂ ਨੇ ਭਾਈ ਹਵਾਰਾ ਦੀ ਇਸ ਰਾਇ ਨੂੰ ਵੀ ਇਸ ਅਧਾਰ ’ਤੇ ਰੱਦ ਕਰ ਦਿੱਤਾ ਕਿ ਪੰਜ ਪਿਆਰਿਆਂ ਨੇ ਨਾ ਹੀ ਸਰਬਤ ਖ਼ਾਲਸਾ-2015 ਵੱਲੋਂ ਨਿਯੁਕਤ ਕੀਤੇ ਜਥੇਦਾਰਾਂ ਨੂੰ ਮਾਨਤਾ ਦਿੱਤੀ ਸੀ ਅਤੇ ਨਾ ਹੀ ਇਸ ਵਿੱਚ ਪਾਸ ਕੀਤੇ ਮਤਿਆਂ ਨਾਲ ਸਹਿਮਤੀ ਪ੍ਰਗਟ ਕੀਤੀ ਸੀ ਇਸ ਲਈ ਜਦ ਤੱਕ ਉਹ ਪਾਸ ਕੀਤੇ ਮਤਿਆਂ ਨਾਲ ਸਹਿਮਤੀ ਅਤੇ ਨਿਯੁਕਤ ਕੀਤੇ ਜਥੇਦਾਰਾਂ ਨੂੰ ਪ੍ਰਵਾਨ ਨਹੀਂ ਕਰਦੇ ਉਤਨੀ ਦੇਰ ਉਨ੍ਹਾਂ ਨਾਲ ਕੋਈ ਗੱਲਬਾਤ ਨਹੀਂ ਹੋ ਸਕਦੀ।
 ਹੁਣ ਜਿਹੜਆਂ ਜਥੇਬੰਦੀਆਂ ਬਿਨਾਂ ਕਿਸੇ ਵਿਧੀ ਵਿਧਾਨ ਤੋਂ ਸੱਦੇ ਗਏ ਸਰਬਤ ਖ਼ਾਲਸਾ ਵਿੱਚ ਪਹਿਲਾਂ ਸ਼ਾਮਲ ਨਹੀਂ ਸੀ ਹੋਈਆਂ ਉਹ ਇੱਕ ਸਾਲ ਉਪ੍ਰੰਤ ਆਪਣੇ ਫੈਸਲੇ ਦੇ ਉਲਟ ਉਨ੍ਹਾਂ ਹੀ ਆਗੂਆਂ ਦੀ ਸਿਰਮੌਰਤਾ ਨੂੰ ਕਿਵੇਂ ਪ੍ਰਵਾਨ ਕਰਨਗੇ; ਜਿਨ੍ਹਾਂ ਦੇ ਪਿਛਲੇ ਤਜਰਬੇ ਦੇ ਅਧਾਰ ’ਤੇ ਉਨ੍ਹਾਂ ਨਾਲ ਦੂਰੀ ਬਣਾ ਕੇ ਫੈਸਲਾ ਕਰ ਚੁੱਕੇ ਹਨ। ਪਿਛਲੇ ਦਿਨਾਂ ਵਿੱਚ ਖ਼ਬਰ ਛਪੀ ਸੀ ਕਿ ਦੋ ਸੁਹਿਰਦ ਵਿਚੋਲਿਆਂ ਦੇ ਯਤਨਾਂ ਸਦਕਾ ਪੰਜ ਪਿਆਰਿਆਂ ਤੇ ਤਿੰਨੇ ਮੁਤਬਾਜੀ ਜਥੇਦਾਰਾਂ ਦੀ ਆਪਸੀ ਏਕਤਾ ਹੋ ਗਈ ਹੈ। ਕਿੰਨਾਂ ਸ਼ਰਤਾਂ ਅਤੇ ਅਸੂਲਾਂ ’ਤੇ ਏਕਤਾ ਹੋਈ ਹੈ ਇਸ ਨੂੰ ਹਾਲੀਤੱਕ ਗੁਪਤ ਰੱਖਿਆ ਗਿਆ ਹੈ। ਜਦ ਤੱਕ ਏਕਤਾ ਲਈ ਤਹਿ ਕੀਤੇ ਅਸੂਲ ਜਨਤਕ ਨਹੀਂ ਹੁੰਦੇ ਉਤਨੀ ਦੇਰ ਏਕਤਾ ਸਬੰਧੀ ਕੁਝ ਨਹੀਂ ਕਿਹਾ ਜਾ ਸਕਦਾ ਅਤੇ ਇਨ੍ਹਾਂ 8 ਬੰਦਿਆਂ ਦੀ ਏਕਤਾ ਸਮੁਚੇ ਪੰਥ ਦੀ ਏਕਤ ਕਰਵਾ ਸਕਦੀ ਹੈ? ਇਸ ਸਬੰਧੀ ਹਾਲੀ ਤੱਕ ਗੈਰ ਯਕੀਨੀ ਬਣੀ ਹੋਈ ਹੈ।
3.    “ਹੋਇ ਇਕਤ੍ਰ ਮਿਲਹੁ ਮੇਰੇ ਭਾਈ ; ਦੁਬਿਧਾ ਦੂਰਿ ਕਰਹੁ ਲਿਵ ਲਾਇ ॥ ਹਰਿ ਨਾਮੈ ਕੇ ਹੋਵਹੁ ਜੋੜੀ ; ਗੁਰਮੁਖਿ, ਬੈਸਹੁ ਸਫਾ ਵਿਛਾਇ ॥” (ਬਸੰਤੁ ਮ: 5/ ਅੰਕ 1185) ਦੀ ਉਦਾਹਰਣ ਦੇ ਕੇ ਆਪਣੀ ਵਿਛਾਈ ਹੋਈ ਸਫਾ ’ਤੇ ਬੈਠਣ ਦੀਆਂ ਦਲੀਲਾਂ ਤਾਂ ਹਰ ਕੋਈ ਦਿੰਦਾ ਰਹਿੰਦਾ ਹੈ ਪਰ ਇਹ ਉਦਾਹਰਣ ਦੇਣ ਵਾਲਾ ਖ਼ੁਦ ਵੀ ਨਾ ਆਪ ਕਿਸੇ ਵੱਲੋਂ ਵਿਛਾਈ ਸਫਾ ’ਤੇ ਬੈਠਣ ਨੂੰ ਤਿਆਰ ਹੈ ਅਤੇ ਨਾ ਹੀ ਦੂਸਰੇ ਦੀ ਗੁਰਮਤਿ ਅਨੁਸਾਰ ਕਹੀ ਹੋਈ ਕਿਸੇ ਗੱਲ ਨੂੰ ਸੁਣਨ ਸਮਝਣ ਲਈ ਤਿਆਰ ਹੈ। ਹੁਣ ਤੱਕ ਜਿਨੀਆਂ ਵੀ ਜਥੇਬੰਦੀਆਂ ਸਰਬਤ ਖ਼ਾਲਸਾ ਦਾ ਸਮਰਥਨ ਕਰ ਰਹੀਆਂ ਹਨ ਜਾਂ ਸਮਰਥਨ ਕੀਤੇ ਜਾਣ ਦੀ ਸੰਭਾਵਨਾ ਹੈ ਉਹ ਤਕਰੀਬਨ ਸਾਰੀਆਂ ਹੀ ਦਮਦਮੀ ਟਕਸਾਲ ਜਾਂ ਡੇਰਾਵਾਦੀ ਸੋਚ ਤੋਂ ਪ੍ਰਭਾਵਤ ਹਨ। ਅਖੰਡ ਕੀਰਤਨੀ ਜਥੇ ਅਤੇ ਮਿਸ਼ਨਰੀ ਵੀਚਾਰਧਾਰਾ ਵਾਲੇ ਪ੍ਰਚਾਰਕਾਂ ਦੀ ਇਸ ਤੋਂ ਦੂਰ ਰਹਿਣ ਦੀ ਹੀ ਸੰਭਾਵਨਾ ਹੈ।
 ਮਿਸ਼ਨਰੀ ਵੀਚਾਰਧਾਰੇ ਵਾਲੇ ਪ੍ਰਚਾਰਕਾਂ ਨੂੰ ਇਹ ਡੇਰਾਵਾਦੀ ਸੋਚ ਪੰਥ ਦਾ ਹਿੱਸਾ ਮੰਨਣਾ ਤਾਂ ਇੱਕ ਪਾਸੇ ਰਿਹਾ ਬਲਕਿ ਪੰਥਦੋਖੀਆਂ ਦਾ ਖਿਤਾਬ ਦੇਣ ਤੋਂ ਵੀ ਗੁਰੇਜ ਨਹੀਂ ਕਰਦੇ; ਹਾਲਾਂ ਕਿ ਮਿਸ਼ਨਰੀ ਸੋਚ ਵਾਲੇ ਪ੍ਰਚਾਰਕ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਵੀਚਾਰਧਾਰਾ ਦੇ ਬਹੁਤ ਹੀ ਨਜ਼ਦੀਕ ਹਨ ਤੇ ਡੇਰਾਵਾਦੀ ਸੋਚ ਵਾਲੇ ਇਸ ਵੀਚਾਰਧਾਰਾ ਤੋਂ ਬਹੁਤ ਹੀ ਦੂਰ ਹਨ। ਜਿਹੜੇ ਡੇਰਾਵਾਦੀ ਸੋਚ ਵਾਲੇ ਪ੍ਰਚਾਰਕ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਵੀਚਾਰਧਾਰਾ ਤੋਂ ਸੇਧ ਲੈਣ ਦੀ ਬਜਾਏ ਆਪਣੇ ਡੇਰੇ ਦੇ ਮੰਨੇ ਜਾ ਰਹੇ ਮਹਾਂ ਪੁਰਖਾਂ ਦੀਆਂ ਸੁਣੀਆਂ ਸੁਣਾਈਆਂ ਗੁਰਮਤਿ ਵਿਰੋਧੀ ਸਾਖੀਆਂ ਤੋਂ ਵੱਧ ਪ੍ਰਭਾਵਤ ਹਨ, ਉਨ੍ਹਾਂ ਲਈ ਤਾਂ ਮਿਸ਼ਨਰੀ ਸੋਚ ਦੇ ਪ੍ਰਚਾਰਕ ਸਭ ਤੋਂ ਵੱਡੇ ਪੰਥ ਦੁਸ਼ਮਣ ਨਜ਼ਰ ਆਉਂਦੇ ਹਨ ਤੇ ਉਨ੍ਹਾਂ ਦਾ ਕਤਲ ਕਰਕੇ ਇਸ ਸੋਚ ਨੂੰ ਖਤਮ ਕਰਨ ਨੂੰ ਹੀ ਵੱਡੀ ਪੰਥਕ ਸੇਵਾ ਮੰਨੀ ਬੈਠੇ ਹਨ।
 ਧੁੰਮਾ ਬ੍ਰਿਗੇਡ ਵੱਲੋਂ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ’ਤੇ ਕਾਤਲਾਨਾ ਹਮਲਾ ਅਤੇ ਉਨ੍ਹਾਂ ਵੱਲੋਂ ਗੁਰਬਾਣੀ ਵਿੱਚੋਂ ਅਨੇਕਾਂ ਪ੍ਰਮਾਣ ਦੇ ਕੇ ਗੁਰਮਤਿ ਅਨੁਸਾਰੀ ਕਹੀਆਂ ਗੱਲਾਂ ਨੂੰ ਜਿਸ ਤਰ੍ਹਾਂ ਤਰੋੜ ਮਰੋੜ ਕੇ ਪੇਸ਼ ਕਰਕੇ ਅਨਭੋਲ ਸੰਗਤਾਂ ਨੂੰ ਗੁਮਰਾਹ ਕਰ ਕੇ ਉਨ੍ਹਾਂ ਵਿਰੁੱਧ ਭੜਕਾਉਣ ਦਾ ਸਿਲਸਿਲਾ ਜਾਰੀ ਹੈ ਇਸ ਨਾਲ ਕੋਈ ਸੰਭਾਵਨਾ ਨਹੀਂ ਦਿਸਦੀ ਕਿ ਨੇੜਲੇ ਭਵਿੱਖ ਵਿੱਚ ਇਹ ਦੋਵੇਂ ਧਿਰਾਂ ਮਿਲ ਸਕਣ। ਸਰਬਤ ਖ਼ਾਲਸਾ ਵੱਲੋਂ ਨਿਯੁਕਤ ਕੀਤੇ ਜਥੇਦਾਰਾਂ ਨੇ ਵੀ ਇਨ੍ਹਾਂ ਦੋ ਵੀਚਾਰਧਾਰਾਵਾਂ ਵਾਲੇ ਸਿੱਖਾਂ ਨੂੰ ਇੱਕ ਪਲੇਟਫਾਰਮ ’ਤੇ ਲਿਆਉਣ ਦਾ ਯਤਨ ਤਾਂ ਕੀ ਕਰਨਾ ਸੀ ਸਗੋਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਉਪਰ ਧੁੰਮਾ ਬ੍ਰਿਗੇਡ ਵੱਲੋਂ ਕੀਤੇ ਕਾਤਲਾਨਾ ਹਮਲੇ ਉਪ੍ਰੰਤ ਟਕਸਾਲੀਆਂ ਦੀ ਇੱਕ ਸਟੇਜ ਤੋਂ ਭਾਈ ਅਮਰੀਕ ਸਿੰਘ ਅਜਨਾਲਾ ਵੱਲੋਂ ਭਾਈ ਢੱਡਰੀਆਂ ਵਾਲੇ ਵਿਰੁੱਧ ਨਿੰਦਣਯੋਗ ਘਟੀਆ ਸ਼ਬਦਾਵਲੀ ਤਾਂ ਵਰਤੀ ਹੀ ਗਈ ਸਗੋਂ ਕਾਤਲਾਂ ਨੂੰ ਮਿਸ਼ਨਰੀ ਵੀਚਾਰਧਾਰਾ ਵਾਲੇ ਪ੍ਰਚਾਰਕਾਂ ਵਿਰੁਧ ਉਕਸਾਉਣ ਲਈ ਇਹ ਸਲਾਹ ਦੇਣਾ ਕਿ ਢੱਡਰੀਆਂ ਵਾਲਾ ਤਾਂ ਗਊ ਹੈ ਜੇ ਮਾਰਨਾ ਹੀ ਤਾਂ ਪਹਿਲਾਂ ਪੰਥਪ੍ਰੀਤ ਤੇ ਧੂੰਦੇ ਨੂੰ ਮਾਰਨਾ ਚਾਹੀਦਾ ਹੈ।
 ਕੀ ਇਹ ਘਟੀਆ ਸੋਚ ਵਾਲਾ ਸੁਝਾਉ “ਸਭੁ ਕੋ ਮੀਤੁ ਹਮ ਆਪਨ ਕੀਨਾ ; ਹਮ ਸਭਨਾ ਕੇ ਸਾਜਨ ॥”  (ਧਨਾਸਰੀ ਮ: 5/ ਅੰਕ 671) ਅਤੇ  “ਨਾ ਕੋ ਬੈਰੀ, ਨਹੀ ਬਿਗਾਨਾ ; ਸਗਲ ਸੰਗਿ ਹਮ ਕਉ ਬਨਿ ਆਈ ॥” (ਕਾਨੜਾ ਮ: 5/ ਅੰਕ 1299) ਦਾ ਸਿਧਾਂਤ ਦੇਣ ਵਾਲੇ ਗੁਰੂ ਗ੍ਰੰਥ ਸਾਹਿਬ ਦੇ ਸਿੱਖਾਂ ਦਾ ਜਥੇਦਾਰ, ਭਾਈ ਅਮਰੀਕ ਸਿੰਘ ਵਰਗਾ ਕੋਈ ਘਟੀਆ ਸੋਚ ਵਾਲਾ ਮਨੁੱਖ ਹੋ ਸਕਦਾ ਹੈ। ਹੈਰਾਨੀ ਇਹ ਹੈ ਕਿ ਸਰਬਤ ਖ਼ਾਲਸਾ ਦੇ ਨਾ ਹੀ ਪ੍ਰਬੰਧਕਾਂ ਤੇ ਨਾ ਹੀ ਇਸ ਵੱਲੋਂ ਨਿਯੁਕਤ ਕੀਤੇ ਕਿਸੇ ਜਥੇਦਾਰ ਵੱਲੋਂ ਭਾਈ ਅਮਰੀਕ ਸਿੰਘ ਦੇ ਇਸ ਘਟੀਆ ਬਿਆਨ ਨਾਲੋਂ ਆਪਣਾ ਨਾਤਾ ਤੋੜਿਆ ਜਾਂ ਇਸ ਦੀ ਨਿੰਦਾ ਕੀਤੀ ਹੈ। ਹੁਣ ਵੀ ਜਿਸ ਸਮੇਂ ’ਤੇ ਗੁਰਦੀਪ ਸਿੰਘ ਭਾਈ ਢੱਡਰੀਆਂ ਵਾਲਾ ਨੂੰ ਮਿਲ ਕੇ ਸੱਦਾ ਦੇਣ ਦੀ ਗੱਲ ਕਰ ਰਿਹਾ ਹੁੰਦਾ ਹੈ ਤਾਂ ਉਸੇ ਸਮੇਂ ਅਮਰੀਕ ਸਿੰਘ ਦਾ ਬਿਆਨ ਆ ਜਾਂਦਾ ਹੈ ਕਿ ਢੱਡਰੀਆਂ ਵਾਲਾ ਏਜੰਸੀਆਂ ਦਾ ਬੰਦਾ ਹੈ। ਤਾਂ ਦੱਸੋ ਇਨ੍ਹਾਂ ਦੂਹਰੇ ਮਿਆਰਾਂ ਵਾਲੇ ਆਗੂਆਂ ’ਤੇ ਕੋਈ ਕਿਵੇਂ ਯਕੀਨ ਕਰਕੇ ਸਿਆਸੀ ਇਛਾਵਾਂ ਪਾਲ ਰਹੇ ਇਨ੍ਹਾਂ ਆਗੂਆਂ ਵੱਲੋਂ ਵਿਛਾਈ ਸਫਾ ’ਤੇ ਬੈਠਣ ਲਈ ਤਿਆਰ ਹੋ ਸਕਦਾ ਹੈ?
ਸੋ ਉਕਤ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਇੱਕੋ ਨਤੀਜੇ ’ਤੇ ਪੁਜਿਆ ਜਾ ਸਕਦਾ ਹੈ ਕਿ 2016 ਵਾਲੇ ਸਰਬਤ ਖ਼ਾਲਸੇ ਦਾ ਹਸ਼ਰ 2015 ਨਾਲੋਂ ਚੰਗਾ ਹੋਣ ਦੇ ਕਾਰਨ ਬਹੁਤ ਹੀ ਘੱਟ ਹਨ ਜਦੋਂ ਕਿ ਉਸ ਤੋਂ ਮਾੜਾ ਹਸ਼ਰ ਹੋਣ ਦੇ ਕਈ ਕਾਰਨ ਹਨ।
ਪੰਥਕ ਲੋੜਾਂ ਪੂਰੀਆਂ ਕਰਨ ਲਈ ਸਰਬਤ ਖ਼ਾਲਸਾ ਦੀ ਸਫਲਤਾ ਲਈ ਕੀਤਾ ਕੀ ਜਾਵੇ? ਇਸ ਲਈ ਮੇਰਾ ਇੱਕੋ ਸੁਝਾਉ ਹੈ ਕਿ ਸਿੱਖਾਂ ਦਾ ਇੱਕੋ ਵਾਹਦ ਗੁਰੂ ਗ੍ਰੰਥ ਸਾਹਿਬ ਹੈ; ਇਸ ਸਬੰਧੀ ਕਿਸੇ ਵੀ ਸਿੱਖ ਦੀਆਂ ਦੋ ਰਾਵਾਂ ਨਹੀਂ ਹਨ। ਇਸ ਖ਼ਿਆਲ ਸਬੰਧੀ ਵੀ ਕਿਸੇ ਦੀਆਂ ਦੋ ਰਾਵਾਂ ਨਹੀਂ ਹਨ ਕਿ ਸਾਡਾ ਧਾਰਮਿਕ ਪਿਤਾ ਗੁਰੂ ਗੋਬਿੰਦ ਸਿੰਘ ਜੀ, ਧਾਰਮਿਕ ਮਾਤਾ ਮਾਤਾ ਸਾਹਿਬ ਕੌਰ ਜੀ, ਜਨਮ ਕੇਸਗੜ੍ਹ ਸਾਹਿਬ ਤੇ ਵਾਸੀ ਅਨੰਦਪੁਰ ਦੇ ਹਾਂ। ਜੇ ਵਖਰੇਵਾਂ ਹੈ ਤਾਂ ਕੇਵਲ ਸਿੱਖ ਰਹਿਤ ਮਰਯਾਦਾ ਅਤੇ ਨਾਨਕਸ਼ਾਹੀ ਕੈਲੰਡਰ ਦਾ। ਸੋ ਸਭ ਤੋਂ ਪਹਿਲਾਂ ਪੰਥ ਪ੍ਰਵਾਨਤ ਅਤੇ ਅਕਾਲ ਤਖ਼ਤ ਤੋਂ ਜਾਰੀ ਹੋਈ ਸਿੱਖ ਰਹਿਤ ਮਰਿਆਦਾ ਤੇ ਨਾਨਕਸ਼ਾਹੀ ਕੈਲੰਡਰ ਨੂੰ ਸਮੁਚੀਆਂ ਧਿਰਾਂ ਮਾਨਤਾ ਦੇਣ ਤਾਂ ਕਿਸੇ ਵੀ ਧਿਰ ਵਿੱਚ ਕੋਈ ਵਖਰੇਵਾਂ ਰਹਿ ਹੀ ਨਹੀਂ ਜਾਵੇਗਾ ਤੇ ਪੰਥਕ ਏਕਤਾ ਆਪਣੇ ਆਪ ਹੋ ਜਾਵੇਗੀ। ਨਾ ਹੀ ਸਿੱਖ ਰਹਿਤ ਮਰਿਆਦਾ ਤੇ ਨਾ ਹੀ ਨਾਨਕਸ਼ਾਹੀ ਕੈਲੰਡਰ ਕਿਸੇ ਮਿਸ਼ਨਰੀ ਕਾਲਜ ਜਾਂ ਇਸ ਵੀਚਾਰਧਾਰਾ ਅਨੁਸਾਰ ਪ੍ਰਚਾਰ ਕਰ ਰਹੇ ਮੁੱਖ ਪ੍ਰਚਾਰਕ ਭਾਈ ਢੱਡਰੀਆਂ ਵਾਲਾ, ਭਾਈ ਪੰਥਪ੍ਰੀਤ ਸਿੰਘ, ਭਾਈ ਸਰਬਜੀਤ ਸਿੰਘ ਧੂੰਦਾ ਨੇ ਬਣਾਇਆ ਹੈ। ਉਹ ਤਾਂ ਸਗੋਂ ਪੰਥਕ ਨੂੰ ਏਕਤਾ ਦੀ ਲੜੀ ਵਿੱਚ ਪ੍ਰੋਣ ਲਈ ਇਨ੍ਹਾਂ ’ਤੇ ਪਹਿਰਾ ਦੇਣ ਲਈ ਬਚਨਵੱਧ ਹਨ।
 ਇੱਥੋਂ ਤੱਕ ਕਿ ਕੁਝ ਸਮਾਂ ਪਹਿਲਾਂ ਪ੍ਰੋ: ਦਰਸ਼ਨ ਸਿੰਘ ਵੀ ਇਨ੍ਹਾਂ ਦੋਵਾਂ ਪੰਥਕ ਫੈਸਲਿਆਂ ’ਤੇ ਦ੍ਰਿੜਤਾ ਨਾਲ ਪਹਿਰਾ ਦੇਣ ਦੇ ਹੱਕ ਵਿੱਚ ਰਿਹਾ ਹੈ ਪਰ ਇਨ੍ਹਾਂ ਡੇਰਾਵਾਦੀਆਂ ਦੀਆਂ ਭਰਾ ਮਾਰੂ ਨੀਤੀਆਂ ਦਾ ਸਤਾਇਆ ਹੋਇਆ ਬਿਲਕੁਲ ਹੀ ਬਗਾਵਤ ਕਰਨ ਦੇ ਰਾਹ ਪੈਣ ਲਈ ਮਜ਼ਬੂਰ ਹੋ ਗਿਆ ਹੈ। ਹੁਣ ਉਹ ਤਰਕ ਦੇ ਰਹੇ ਹਨ ਜੋ ਕੁਝ ਸਿੱਖ ਲਈ ਜਰੂਰੀ ਸੀ ਉਹ ਗੁਰੂ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰ ਕੇ ਉਸ ਨੂੰ ਗੁਰਿਆਈ ਦੀ ਗੱਦੀ ’ਤੇ ਬਿਰਾਜਮਾਨ ਕਰ ਦਿੱਤਾ ਹੈ। ਸਿੱਖ ਰਹਿਤ ਮਰਿਆਦਾ ਦੇ ਅਧਾਰ ’ਤੇ ਕਿਸੇ ਵੀ ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਦੀ ਕੋਈ ਰਚਨਾ ਪੜ੍ਹਨ ਲਈ ਮਜ਼ਬੂਰ ਨਹੀਂ ਕੀਤਾ ਜਾ ਸਕਦਾ। ਹਾਂ ਆਪਣੀ ਜਾਣਕਾਰੀ ਲਈ ਉਹ ਕਿਸੇ ਵੀ ਧਰਮ ਗ੍ਰੰਥ ਜਾਂ ਪੁਸਤਕ ਪੜ੍ਹਨ ਲਈ ਅਜਾਦ ਹੈ।
ਸੋ ਅਜਿਹੀ ਸਥਿਤੀ ਮੁੜ ਪੈਦਾ ਕਰਕੇ ਪੰਥ ਵਿੱਚ ਦੁਫੇੜ ਪਾਉਣ ਤੋਂ ਰੋਕਣ ਦਾ ਇੱਕੋ ਇੱਕੋ ਰਾਹ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਮੌਰਤਾ ਕਾਇਮ ਰੱਖਣ, ਪੰਥ ਪ੍ਰਵਾਨਤ ਸਿੱਖ ਰਹਿਤ ਮਰਯਾਦਾ ਤੇ ਨਾਨਕਸ਼ਾਹੀ ਕੈਲੰਡਰ ’ਤੇ ਪਹਿਰਾ ਦੇਣ ਲਈ ਦ੍ਰਿੜ ਹੋਣ ਦਾ ਪ੍ਰਣ ਕਰਨ ਵਾਲੇ ਸਿੱਖ ਹੀ ਪੰਥ ਦਾ ਹਿੱਸਾ ਹੋਣਾ ਪ੍ਰਵਾਨ ਕੀਤਾ ਜਾਵੇ। ਬਹੁਤੀ ਭੀੜ ਇਕੱਠੀ ਕਰਨ ਦੀ ਥਾਂ ਅਜਿਹਾ ਪ੍ਰਣ ਪੱਤਰ ਭਰਨ ਵਾਲੇ ਸਿੱਖਾਂ ਅਤੇ ਜਥੇਬੰਦੀਆਂ ਦੇ ਨੁੰਮਾਇੰਦੇ ਵਿਦਵਾਨ ਸੱਜਨ ਹੀ ਕਿਸੇ ਬੰਦ ਕਮਰੇ ਵਿੱਚ ਸਰਬਤ ਖ਼ਾਲਸਾ ਦੀ ਮੀਟਿੰਗ ਕਰਨ। ਉਨ੍ਹਾਂ ਨੂੰ ਮੀਟਿੰਗ ਵਿੱਚੋਂ ਬਾਹਰ ਉਸ ਸਮੇਂ ਹੀ ਆਉਣ ਦਿੱਤਾ ਜਾਵੇ ਜਦ ਤੱਕ ਕਿ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈ ਕੇ ਸਰਬਸੰਮਤੀ ਵਾਲੇ ਫੈਸਲੇ ’ਤੇ ਪਹੁੰਚ ਜਾਣ। ਇਸ ਤਰ੍ਹਾਂ ਲਏ ਸਰਬਸੰਮਤੀ ਵਾਲੇ ਫੈਸਲੇ ਨੂੰ ਉਨ੍ਹਾਂ ਵਿੱਚੋਂ ਮੌਕੇ ’ਤੇ ਚੁਣਿਆ ਗਿਆ ਕੋਈ ਇੱਕ ਆਗੂ ਪੜ੍ਹ ਕੇ ਸੁਣਾ ਦੇਵੇ ਜਿਸ ਨੂੰ ਸਰਬਤ ਖਾਲਸਾ ਦਾ ਫੈਸਲਾ ਜਾਣ ਕੇ ਸਾਰੇ ਸਿੱਖ ਮੰਨਣ ਲਈ ਪਾਬੰਦ ਹੋਣ।
 ਜੇ ਲੋੜ ਸਮਝੀ ਜਾਵੇ ਤਾਂ ਇਸੇ ਢੰਗ ਨਾਲ ਸਿੱਖ ਰਹਿਤ ਮਰਯਾਦਾ ਅਤੇ ਨਾਨਕਸ਼ਾਹੀ ਕੈਲੰਡਰ ਵਿੱਚ ਕੋਈ ਸੋਧ ਕਰ ਸਕਦੇ ਹਨ। ਪਰ ਇਹ ਧਿਆਨ ਰੱਖਣ ਦੀ ਲੋੜ ਹੈ ਕਿ ਐਸੇ ਫੈਸਲੇ ਕੇਵਲ ਗੁਰਬਾਣੀ ਜਾਂ ਕੈਲੰਡਰ ਵਿਗਿਆਨ ਦੀ ਸੂਝ ਰੱਖਣ ਵਾਲੇ ਵਿਦਵਾਨ ਸੱਜਨ ਹੀ ਕਰਨ ਦੇ ਅਧਿਕਾਰੀ ਹੋਣ ਨਾ ਕਿ ਪੰਜ ਪੱਖ ਜਾਂ ਇਸ ਤੋਂ ਵੱਧ ਲੋਕਾਂ ਦੇ ਅਜੇਹੇ ਇਕੱਠ ਜਿਨ੍ਹਾਂ ਵਿੱਚੋਂ ਨਾ ਕਿਸੇ ਦਾ ਸੁਝਾਉ ਲੈਣਾ ਸੰਭਵ ਹੋਵੇ ਤੇ ਨਾ ਹੀ ਕੋਈ ਉਸਾਰੂ ਸੁਝਾਉ ਦੇਣ ਦੇ ਸਮਰੱਥ ਹੋਵੇ ਪਰ ਉਹ ਸਿਰਫ ਸਟੇਜ ਤੋਂ ਕਾਹਲੀ ਵਿੱਚ ਪੜ੍ਹੇ ਗਏ ਮਤੇ (ਜਿਨ੍ਹਾਂ ਦੀ ਪੂਰੀ ਸ਼ਬਦਾਵਲੀ ਵੀ ਕਿਸੇ ਨੂੰ ਸਮਝ ਨਾ ਆਈ ਹੋਵੇ ਪਰ ਫਿਰ ਵੀ ਉਹ ਕੇਵਲ) ਜੈਕਾਰੇ ਛੱਡ ਕੇ ਪ੍ਰਵਾਨਗੀ ਦੇਣ ਲਈ ਹੀ ਵਰਤੇ ਗਏ ਹੋਣ।
 
 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.