-: ‘ਕੋਈ ਜਾਨੈ ਕਵਨੁ ਈਹਾ ਜਗਿ ਮੀਤੁ’ ਦੇ ਅਰਥਾਂ ਬਾਰੇ :-
“ਕੋਈ ਜਾਨੈ ਕਵਨੁ ਈਹਾ ਜਗਿ ਮੀਤੁ ॥
ਜਿਸੁ ਹੋਇ ਕ੍ਰਿਪਾਲੁ ਸੋਈ ਬਿਧਿ ਬੂਝੈ ਤਾ ਕੀ ਨਿਰਮਲ ਰੀਤਿ ॥੧॥ ਰਹਾਉ ॥”
ਚਮਕੌਰ ਸਿੰਘ ਬਰਾੜ ਨੇ ਇਸ ਪੰਗਤੀ ਦੇ ਅਰਥ ਕੀਤੇ ਹਨ:-
- ਅਰਥ+++ ਹੇ ਭਾਈ ! ਇਹ ਗੱਲ ਕੋਈ ਵਿਰਲਾ ਹੀ ਮਨੁੱਖ ਜਾਣਦਾ ਹੈ ਕਿ ਇਸ ਜਗਤ ਵਿੱਚ ਉਸਦਾ ਅਸ਼ਲੀ ਜਾਂ ਸਦਾ ਰਹਿਣ ਵਾਲਾ ਮਿੱਤਰ ਜਾਂ ਮੱਦਦਗਾਰ ਕੌਣ ਹੈ॥ ਪਰ ਜਿਸ ਤੇ ਪ੍ਰਭੂ ਮਿਹਰ ਕਰ ਦੇਵੇ ਉਸ ਨੂੰ ਇਸ ਬਿਧੀ ਦੀ ਜਾਂ ਉਸਦੀ ਬਿਧੀ ਦੀ ਸਮਝ ਪੈ ਜਾਂਦੀ ਹੈ ਅਤੇ ਜਿਸ ਨੂੰ ਇਹ ਸਮਝ ਪੈ ਜਾਵੇ ਉਸਦੀ ਜੀਵਨ ਜੁਗਤ ਹਮੇਸ਼ਾ ਲਈ ਸੌਖੀ ਹੋ ਜਾਂਦੀ ਹੈ ਜਾਂ ਦੁਨੀਆਂ ਦੇ ਵਿਕਾਰਾਂ ਤੋਂ ਮੁਕਤ ਹੋ ਕੇ ਪਵਿੱਤਰ ਹੋ ਜਾਂਦੀ ਹੈ॥ 1॥ ਰਹਾਊ ॥
ਚਮਕੌਰ ਸਿੰਘ ਜੀ! ਇਸ ਪੰਗਤੀ ਵਿੱਚ ਆਏ *ਬਿਧਿ* ਦੇ ਅਰਥਾਂ ਨੂੰ ਤੁਸੀਂ ਵਧੇਰੇ ਵਿਸਥਾਰ ਨਾਲ ਸਮਝਾਉਣ ਲਈ (ਜਾਂ ਅਸਲੀ ਮਹਿਨਿਆਂ ਵਿੱਚ ਕਿਹਾ ਜਾਵੇ ਤਾਂ ਇਹ ਹੈ ਕਿ ਅਰਥਾਂ ਨੂੰ ਆਪਣੀ ਸੋਚ ਦੀ ਰੰਗਤ ਦੇਣ ਲਈ) ਤੁਸੀਂ ਨੋਟ ਲਿਖਿਆ ਹੈ:-
- ਤੁਹਾਡਾ ਨੋਟ:—ਏਥੈ ਸ਼ਬਦ **ਬਿਧਿ** ਨੂੰ ਸਮਝਣਾ ਬਹੁਤ ਜਰੂਰੀ ਹੈ ਕਿਉਂਕਿ ਇਹ ਬਿਧਿ ਜਾਂ ਕਿਰਿਆ ਜਾਂ ਤਰੀਕਾ ਜੋ ਪ੍ਰਭੂ ਨੇ ਬਣਾਇਆ ਹੋਇਆ ਹੈ। ਭਾਵ ਜੋ ਪ੍ਰਭੁ ਨੇ ਆਪਣੇ ਤਰੀਕੇ ਨਾਲ ਜਾਂ ਆਪਣੇ ਨਿਯਮਾ ਨਾਲ ਸੰਸਾਰਕ ਕਿਰਿਆਵਾ ਨੂੰ ਚਲਾਇਆ ਹੈ । ਏਸ ਸ਼ਬਦ ਵਿਚ ਬਿਧਿ ਤੋਂ ਭਾਵ ਮਨੁਖ ਦੇ ਜੀਵਨ ਨੂੰ ਬਤੀਤ ਕਰਨ ਬਾਰੇ ਹੈ। ਭਾਵ ਇਹ ਉਸਦੇ ਹੁਕਮ ਵਿਚ ਹੈ ਜਾ ਕਾਨੂੰਨ ਵਿਚ ਹੈ ਕਿ ਜਿਹੜਾ ਕੋਈ ਕੰਮ ਕਰਦਾ ਹੈ ਉਹ ਹੀ ਉਸਦਾ ਜਿੰਮੇਵਾਰ ਹੁੰਦਾ ਹੈ। ਜੋ ਇਸ ਜੁਗਤ ਨੂੰ ਜਾ ਕਾਨੁੰਨ ਨੂੰ ਸਮਝ ਲਵੇ ਉਸਦਾ ਜੀਵਨ ਜਾਂਚ ਅਨੰਦਮਈ ਬਣ ਜਾਂਦੀ ਹੈ। ਏਸੇ ਤਰਾਂ ਸਾਰੇ ਸੰਸਾਰ ਨੂੰ ਚਲਣ ਲਈ ਪ੍ਰਭੁ ਨੇ ਬਿਧਿ ਬਣਾਈ ਹੈ ਭਾਵ ਪਕੇ ਨਿਯਮ ਬਣਾਏ ਹੋਏ ਹਨ। ਜੋ ਵੀ ਇੰਨਾ ਪਕੇ ਨਿਯਮਾ ਨੂੰ ਸਮਝ ਲੈਂਦਾ ਹੈ। ਉਹ ਪ੍ਰਭੁ ਦਾ ਰੂਪ ਬਣ ਜਾਂਦਾ ਹੈ। ਉਸਦਾ ਅਸਲੀ ਅਨੰਦ ਮਈ ਜੀਵਨ ਹੈ।
ਚਮਕੌਰ ਸਿੰਘ ਜੀ! ਆਪਣੇ ਲਿਖੇ ‘ਨੋਟ’ ਵਿੱਚ ‘ਬਿਧਿ’ ਦੇ ਤੁਸੀਂ ਜੋ ਅਰਥ ਸਮਝਾਏ ਹਨ, ਇਹਨਾਂ ਦਾ ਰਹਾਉ ਵਾਲੀ ਪੰਗਤੀ ਨਾਲ ਕੋਈ ਰੱਤੀ ਭਰ ਵੀ ਮੇਲ ਹੈ????
ਤੁਹਾਡੇ ਆਪਣੇ ਅਰਥਾਂ ਨੂੰ ਹੀ ਜੇ ਸਹੀ ਮੰਨਕੇ ਚੱਲੀਏ ਤਾਂ— ‘ਕੋਈ ਵਿਰਲਾ ਹੀ ਜਾਣਦਾ ਹੈ ਕਿ ਜਗਤ ਵਿੱਚ ਉਸ ਦਾ ਅਸਲੀ ਮਿੱਤਰ ਜਾਂ ਮਦਦਗਾਰ ਕੌਣ ਹੈ। ਪਰ ਜਿਸ ਤੇ ਉਹ ਮਿਹਰ ਕਰ ਦੇਵੇ ਉਸ ਨੂੰ ਇਸ ਬਿਧਿ ਦੀ ਸਮਝ ਆ ਜਾਂਦੀ ਹੈ’। ‘ਕਿਸ ਬਿਧਿ ਦੀ ਗੱਲ ਹੈ?’ ਇਹ ਗੱਲ ਤਾਂ ਪੰਗਤੀ ਵਿੱਚ ਹੀ ਦਰਜ ਹੋਵੇਗੀ ਜਾਂ ਜੋ **ਤੁਹਾਡੇ ਦਿਮਾਗ਼ ਵਿੱਚ** ਕਿਤੋਂ ਫੀਡ ਹੋਇਆ ਪਿਆ ਹੈ ਉਸ ਬਿਧਿ ਬਾਰੇ ਗੱਲ ਹੋਵੇਗੀ?
ਪੰਗਤੀ ਵਿੱਚ, *ਨਿਯਮਾਂ, ਸੰਸਾਰਕ ਕਿਰਿਆਵਾਂ, ਕਾਨੂੰਨ, ਜੀਵਨ ਬਤੀਤ ਕਰਨ ਬਾਰੇ …. ਆਦਿ* ਦਾ ਕੋਈ ਰੱਤੀ ਭਰ ਵੀ ਸੰਕੇਤ ਨਜ਼ਰ ਆ ਰਿਹਾ ਹੈ???
ਜਿਹੜਾ ਤੁਸੀਂ ਲਿਖਿਆ ਹੈ-
- “ਕਾਨੂੰਨ ਵਿੱਚ ਹੈ ਕਿ ਜਿਹੜਾ ਕੋਈ ਕੰਮ ਕਰਦਾ ਹੈ ਉਹ ਹੀ ਉਸਦਾ ਜਿੰਮੇਵਾਰ ਹੈ”?????????
ਇਸ ਤਰ੍ਹਾਂ ਦੀ ਗੱਲ ਦਾ ਕਿਤੇ ਰੱਤੀ ਭਰ ਵੀ ਜ਼ਿਕਰ ਨਜ਼ਰ ਆ ਰਿਹਾ ਹੈ?????
ਚਮਕੌਰ ਸਿੰਘ ਜੀ! ਤੁਸੀਂ ਹਮੇਸ਼ਾਂ ਨਿਯਮਾਂ ਦੀ, ਸੰਸਾਰਕ ਕਿਰਿਆਵਾਂ ਦੀ ਗੱਲ ਕਰਦੇ ਰਹਿੰਦੇ ਹੋ, ਸ਼ਬਦ ਵਿੱਚ ਕਿਤੇ ਦਿਖਾ ਸਕਦੇ ਹੋ ਕਿ ਗੁਰੂ ਸਾਹਿਬ ਨੇ ਕਿਹੜੇ ਨਿਯਮਾਂ ਜਾਂ ਸੰਸਾਕਰ ਕਿਰਿਆਵਾਂ ਦੀ ਗੱਲ ਕੀਤੀ ਹੈ?????
ਚਮਕੌਰ ਸਿੰਘ ਜੀ! ਧੰਨ ਹੋ ਤੁਸੀਂ ਅਤੇ ਤੁਹਾਡੀ ਵਿਦਵਤਾ, ਜਿਹੜੇ ਏਨੀਆਂ ਡੂੰਘੀਆਂ ਗੁਰਬਾਣੀ ਵਿਆਖਿਆਵਾਂ ਕਰ ਲੈਂਦੇ ਹੋ। ਅਤੇ ਉਸ ਤੋਂ ਵੀ ਵਧ ਧੰਨ ਹਨ ਉਹ ਸੱਜਣ ਪੁਰਸ਼ ਜਿਹੜੇ ਤੁਹਾਡੀਆਂ **ਇਸ ਤਰ੍ਹਾਂ ਦੀਆਂ** ਵਿਆਖਿਆਵਾਂ ਨੂੰ ਲਾਇਕ ਕਰ ਦਿੰਦੇ ਹਨ ਜਾਂ ‘ਬਹੁਤ ਵਧੀਆ’ ਵਰਗੇ ਕਮੈਂਟ ਲਿਖ ਦਿੰਦੇ ਹਨ। --
-ਹਰ ਸ਼ਾਖ ਪੇ ਉਲੂ ਬੈਠਾ ਹੈ ਅੰਜਾਮੇ ਗੁਲਿਸਤਾਂ ਕਿਆ ਹੋਗਾ?--
- ਪਾਠਕਾਂ ਲਈ:-- ਪਾਠਕ ਧਿਆਨ ਦੇਣ ਰਹਾਉ ਦੀ ਇਸ ਪੰਗਤੀ ਵਿੱਚ ਇਹ ਗੱਲ ਸਮਝਾਈ ਗਈ ਹੈ ਕਿ ਜੱਗ ਤੇ ਪੱਕੇ ਤੌਰ ਤੇ ਕੋਈ ਕਿਸੇ ਦਾ ਸੰਗੀ ਸਾਥੀ ਜਾਂ ਮਿੱਤਰ ਨਹੀਂ ਹੈ। ਜਿਸ ਤੇ ਉਸ ਦੀ ਕਿਰਪਾ ਹੁੰਦੀ ਹੈ, ਉਸੇ ਨੂੰ ਇਹ ਗੱਲ ਸਮਝ ਆਉਂਦੀ ਹੈ। ਜਿਸ ਨੂੰ ਇਹ ਗੱਲ ਸਮਝ ਆ ਜਾਂਦੀ ਹੈ ਉਹ ਇਹਨਾਂ (ਝੂਠੇ ਅਤੇ ਆਰਜ਼ੀ) ਰਿਸਤਿਆਂ ਦੀ ਅਪਣਤ ਨਿਭਾਉਣ ਲਈ ਦੁਨਿਆਵੀ ਧੰਦਿਆਂ ਵਿੱਚ ਫਸਣ ਦੀ ਬਜਾਏ ਸਦਗੁਣਾਂ ਵਾਲੇ ਕੰਮ ਕਰਦੇ ਹਨ। ਬਾਕੀ ਦੇ ਸਾਰੇ ਸ਼ਬਦ ਵਿੱਚ ਵੀ ਇਸੇ ਗੱਲ ਨੂੰ ਵਿਸਥਾਰ ਨਾਲ ਸਮਝਾਇਆ ਗਿਆ ਹੈ ਕਿ ਇਹ ਜੋ ਹੁਣ ਸਾਡੇ ਇੱਕ ਦੂਜੇ ਨਾਲ ਸੰਬੰਧ ਬਣੇ ਹਨ, ਇਹ ਪਿਛਲੇ ਜਨਮਾਂ ਦੇ ਸੰਜੋਗਾਂ ਕਰਕੇ ਹਨ ਅਤੇ ਜੀਵਨ ਸਮਾਪਤ ਹੋਣ ਤੇ ਇਹ ਹੁਣ ਵਾਲੇ ਸਾਰੇ ਸੰਬੰਧ ਵੀ ਏਥੇ ਹੀ ਖਤਮ ਹੋ ਜਾਂਦੇ ਹਨ। ਜਿਹਨਾਂ ਨੂੰ ਅਸੀਂ ਆਪਣੇ ਸਕੇ ਸੰਬੰਧੀ ਸਮਝੀ ਬੈਠੇ ਹਾਂ ਉਹਨਾਂ ਨਾਲ ਇਹ ਸੰਬੰਧ ਇਸ ਜੀਵਨ ਤੱਕ ਹੀ ਹਨ।
ਪਰ ਚਮਕੌਰ ਸਿੰਘ ਦੇ ਜ਼ਹਨ ਤੇ ਤਾਂ “ਕੁਦਰਤ ਅਤੇ ਕੁਦਰਤੀ ਨਿਯਮਾਂ ਵਾਲੀ ਦੇਵ ਸਮਾਜੀ” ਵਿਚਾਰਧਾਰਾ ਹਾਵੀ ਹੋਈ ਪਈ ਹੈ। ਇਸ ਲਈ ਉਹਨਾ ਦੇ ਅਰਥਾਂ ਵਿੱਚ ‘ਕੁਦਰਤੀ ਨਿਯਮ, ਕੁਦਰਤ ਦੇ ਕਾਨੂੰਨ, ਸੰਸਾਰਕ ਕਿਰਿਆਵਾਂ…’ ਆਦਿ ਵਾਲੀ ਰੰਗਤ ਆਪ ਮੁਹਾਰੀ ਹੀ ਹੋ ਜਾਂਦੀ ਹੈ। ਜਾਂ ਫੇਰ ਬਦੋ ਬਦੀ ਇਸ ਤਰ੍ਹਾਂ ਦੀ ਰੰਗਤ ਦੇਣ ਲਈ ਜੋੜ-ਤੋੜ ਕਰ ਲੈਂਦੇ ਹਨ।
ਜਸਬੀਰ ਸਿੰਘ ਵਿਰਦੀ"
ਜਸਬੀਰ ਸਿੰਘ ਵਿਰਦੀ
-: ‘ਕੋਈ ਜਾਨੈ ਕਵਨੁ ਈਹਾ ਜਗਿ ਮੀਤੁ’ ਦੇ ਅਰਥਾਂ ਬਾਰੇ :-
Page Visitors: 2865