ਖ਼ਬਰਾਂ
ਅੱਤਵਾਦ ‘ਤੇ ਅਮਰੀਕਾ ਦੀ ਪਾਕਿਸਤਾਨ ਨੂੰ ਚੇਤਾਵਨੀ
Page Visitors: 2443
ਅੱਤਵਾਦ ‘ਤੇ ਅਮਰੀਕਾ ਦੀ ਪਾਕਿਸਤਾਨ ਨੂੰ ਚੇਤਾਵਨੀ
Posted On 23 Oct 2016
ਕਿਹਾ, ਅੱਤਵਾਦ ਨੂੰ ਨਾ ਰੋਕਿਆ ਤਾਂ ਘਰ ‘ਚ ਦਾਖਲ ਹੋ ਕੇ ਮਾਰਾਂਗੇਵਾਸ਼ਿੰਗਟਨ, 23 ਅਕਤੂਬਰ (ਪੰਜਾਬ ਮੇਲ) – ਭਾਰਤ ਮਗਰੋਂ ਹੁਣ ਅਮਰੀਕਾ ਨੇ ਪਾਕਿਸਤਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਪਾਕਿਸਤਾਨ ਨੇ ਅੱਤਵਾਦੀ ਸਮੂਹਾਂ ਵਿਰੁੱਧ ਕਦਮ ਨਾ ਚੁੱਕੇ ਤਾਂ ਮਜਬੂਰਨ ਉਨ੍ਹਾਂ ਨੂੰ ਪਾਕਿਸਤਾਨ ‘ਚ ਦਾਖਲ ਹੋ ਕੇ ਅੱਤਵਾਦੀਆਂ ਨੂੰ ਮਾਰਨਾ ਪਏਗਾ। ਅਮਰੀਕਾ ਨੇ ਭਾਰਤ ਵੱਲੋਂ ਪੀਓਕੇ ‘ਚ ਸਰਜੀਕਲ ਸਟਰਾਈਕ ਦਾ ਸਮਰਥਨ ਕੀਤਾ ਹੈ। ਅਮਰੀਕਾ ਨੇ ਕਿਹਾ ਕਿ ਲੋੜ ਪਈ ਤਾਂ ਉਹ ਪਾਕਿਸਤਾਨ ਤੋਂ ਚਲਦੇ ਅੱਤਵਾਦੀ ਨੈਟਵਰਕਾਂ ਨੂੰ ਖ਼ਤਮ ਕਰਨ ਲਈ ਆਪਣੇ ਦਮ ‘ਤੇ ਕਾਰਵਾਈ ਤੋਂ ਨਹੀਂ ਝਿੱਜਕੇਗਾ। ਵਾਸ਼ਿੰਗਟਨ ‘ਚ ਇਕ ਪ੍ਰੋਗਰਾਮ ਦੌਰਾਨ ਅੱਤਵਾਦ ਵਿਰੁੱਧ ਗਠਤ ਇਕਾਈ ਦੇ ਕਾਰਜਕਾਰੀ ਸਕੱਤਰ ਐਡਮ ਜੁਬਿਨ ਨੇ ਕਿਹਾ ਕਿ ਸਮੱਸਿਆ ਇਹ ਹੈ ਕਿ ਪਾਕਿਸਤਾਨ ਸਰਕਾਰ ਅੰਦਰ ਮੌਜੂਦ ਕੁੱਝ ਤਾਕਤਾਂ, ਖਾਸ ਤੌਰ ‘ਤੇ ਆਈਐਸਆਈ, ਪਾਕਿਸਤਾਨ ‘ਚ ਸਰਗਰਮ ਅੱਤਵਾਦੀ ਸੰਗਠਨਾਂ ਵਿਰੁੱਧ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦੀ ਤੇ ਆਈਐਸਆਈ ਵੱਲੋਂ ਕੁੱਝ ਅੱਤਵਾਦੀ ਸੰਗਠਨਾਂ ਨੂੰ ਸ਼ਹਿ ਦਿੱਤੀ ਜਾ ਰਹੀ ਹੈ।
ਜੁਬਿਨ ਨੇ ਹਾਲਾਂਕਿ ਇਹ ਵੀ ਕਿਹਾ ਕਿ ਅੱਤਵਾਦ ਰੋਕੂ ਮੁਹਿੰਮ ‘ਚ ਪਾਕਿਸਤਾਨ ਅਮਰੀਕਾ ਦਾ ਮਹੱਤਵਪੂਰਨ ਹਿੱਸੇਦਾਰ ਹੈ। ਉਨ੍ਹਾਂ ਕਿਹਾ ਕਿ ਨਿਸ਼ਚਿਤ ਤੌਰ ‘ਤੇ ਪਾਕਿਸਤਾਨ ਖੁਦ ਵੀ ਸਕੂਲਾਂ, ਬਾਜ਼ਾਰਾਂ ਅਤੇ ਮਸਜਿਦਾਂ ‘ਚ ਹੋਏ ਖੂੰਖਾਰ ਅੱਤਵਾਦੀ ਹਮਲਿਆਂ ਤੋਂ ਪੀੜਤ ਹੈ। ਇਹ ਹਮਲੇ ਹਾਲੇ ਵੀ ਜਾਰੀ ਹੈ। ਇਸ ਤਰ੍ਹਾਂ ਦੇ ਹਿੰਸਕ ਹਮਲਿਆਂ ਦੇ ਚਲਦਿਆਂ ਪਾਕਿਸਤਾਨ ਨੂੰ ਪਿੱਛੇ ਰਹਿਣਾ ਪਿਆ ਹੈ। ਦੱਸ ਦੇਈਏ ਕਿ ਪਾਕਿਸਤਾਨ ਲਗਾਤਾਰ ਇਹ ਦਾਅਵੇ ਕਰਦਾ ਰਿਹਾ ਹੈ ਕਿ ਉਸ ਦੀ ਧਰਤੀ ‘ਤੇ ਸਰਗਰਮ ਅੱਤਵਾਦੀ ਸੰਗਠਨਾਂ ਵਿਰੁੱਧ ਉਸ ਨੇ ਸਖ਼ਤ ਕਾਰਵਾਈ ਕੀਤੀ ਹੈ। ਪਰ ਅਮਰੀਕਾ ਦੀ ਇਸ ਫਟਕਾਰ ਨਾਲ ਪਾਕਿਸਤਾਨ ਦੇ ਦਾਅਵਿਆਂ ਦੀ ਪੋਲ ਖੁੱਲਦੀ ਹੈ।