-: ਸਪੱਸ਼ਟੀਕਰਣ ਬਾਰੇ ਸਪੱਸ਼ਟੀਕਰਣ :-
ਚਮਕੌਰ ਸਿੰਘ ਬਰਾੜ ਦਾ ਸਪੱਸ਼ਟੀਕਰਣ:-
- “ਅੰਧਿਵਿਸ਼ਵਾਸ਼ੀ, ਲਕੀਰ ਦੇ ਫਕੀਰ, ਅਤੇ ਗੁਰਬਾਣੀ ਨੂੰ ਰੋਜੀ ਰੋਟੀ ਲਈ ਕਮਾਈ ਬਣਾਉਣ ਵਾਲੇ ਮੇਰੀ ਪੋਸਟ ਤੋਂ ਦੂਰ ਹੀ ਰਹਿਣ। ਮੈਂ ਉਂਨਾਂ ਦੀ ਸੋਚ ਨੂੰ ਬਦਲ ਨਹੀਂ ਸਕਦਾ ਅਤੇ ਨਾ ਹੀ ਮੇਰਾ ਮਕਸਦ ਹੈ। ”
ਮੇਰਾ ਸਪੱਸ਼ਟੀਕਰਣ:-
- ਚਮਕੌਰ ਸਿੰਘ ਜੀ! ਹੋਰਨਾ ਬਾਰੇ ਤੇ ਮੈਂ ਕੁਝ ਨਹੀਂ ਕਹਿ ਸਕਦਾ, ਪਰ ਜਿਹਨਾ ਵੱਲ ਇਸ਼ਾਰਾ ਕਰਕੇ ਤੁਸੀਂ ਇਹ ਸਪੱਸ਼ਟੀਕਰਣ ਦਿੱਤਾ ਹੈ, ਉਹਨਾਂ ਵਿੱਚੋਂ ਮੈਂ ਵੀ ਇਕ ਹਾਂ। ਇਸ ਲਈ ਤੁਹਾਡੇ ਸਪੱਸ਼ਟੀਕਰਣ ਦੇ ਜਵਾਬ ਵਿੱਚ ਮੈਂ ਵੀ ਆਪਣਾ ਸਪੱਸ਼ਟੀ ਕਰਣ ਦੇਣਾ ਜਰੂਰੀ ਸਮਝਦਾ ਹਾਂ।
ਨਾ ਤੇ ਮੈਂ ਅੰਧਵਿਸ਼ਵਾਸ਼ੀ ਹਾਂ, ਨਾ ਲਕੀਰ ਦਾ ਫਕੀਰ ਅਤੇ ਨਾ ਹੀ ਗੁਰਬਾਣੀ ਨੂੰ ਕਦੇ ਵੀ ਅੱਜ ਤੱਕ ਰੋਜੀ ਰੋਟੀ ਦਾ ਸਾਧਨ ਬਣਾਇਆ ਹੈ। ਛੋਟੇ ਹੁੰਦੇ ਅਸੀਂ ਸਾਰਾ ਪਰਿਵਾਰ ਕਲੇਰਾਂ (ਨਾਨਕ ਸਰ) ਵਾਲੇ ਸੰਤ (ਈਸ਼ਰ ਸਿੰਘ) ਦੇ ਠਾਠ ਤੇ ਜਾਇਆ ਕਰਦੇ ਸੀ। ਅਤੇ ਬਾਬਾ ਜੀ ਦੇ ਦਰਸ਼ਨ ਕਰਨ ਕਰਕੇ ਆਪਣੇ ਆਪ ਨੂੰ ਦੂਜਿਆਂ ਨਾਲੋਂ ਕਿਤੇ ਵੱਧ ਭਾਗਾਂ ਵਾਲੇ ਸਮਝਿਆ ਕਰਦੇ ਸੀ।
ਪਰ ਅੱਜ ਤੋਂ ਤਕਰੀਬਨ 35-40 ਸਾਲ ਪਹਿਲਾਂ ਪ੍ਰੋ: ਸਾਹਿਬ ਸਿੰਘ ਜੀ ਦਾ ਗੁਰਬਾਣੀ ਟੀਕਾ ਪੜ੍ਹਨ ਦਾ ਮੌਕਾ ਮਿਲਿਆ ਤਾਂ ਸਮਝ ਆਈ ਕਿ ਅਸੀਂ ਗੁਰਬਾਣੀ ਦੇ ਅਸਲੀ ਸੰਦੇਸ਼ ਤੋਂ ਕਿੰਨੇ ਭਟਕੇ ਹੋਏ ਸੀ। ਉਸ ਸਮੇਂ ਤੋਂ ਬਾਅਦ ਕਦੇ ਕਿਸੇ ਸੰਤ-ਬਾਬੇ ਦੇ ਡੇਰੇ ਜਾਂ ਕਿਸੇ ਠਾਠ ਤੇ ਜਾਣ ਵਾਲ ਮੂੰਹ ਨਹੀਂ ਕੀਤਾ, ਨਾ ਹੀ ਇਸ ਦੀ ਕਦੇ ਜਰੂਰਤ ਮਹਿਸੂਸ ਹੋਈ। (ਸ਼ੁਰੂ ਸ਼ੁਰੂ ਵਿੱਚ ਕਾਫੀ ਸਮੇਂ ਤੱਕ ਘਰ ਦੇ ਕਈ ਮੈਂਬਰਾਂ ਦਾ ਮੈਨੂੰ ਵਿਰੋਧ ਵੀ ਸਹਾਰਨਾ ਪਿਆ। ਜੇ ਮੈਂ ਅੰਧ ਵਿਸ਼ਵਾਸ਼ੀ ਜਾਂ ਲਕੀਰ ਦਾ ਫਕੀਰ ਹੁੰਦਾ ਤਾਂ ਮੈਂ ਉਸ ਵਕਤ ਵੀ ਆਪਣੀ ਸੋਚ ਨਹੀਂ ਸੀ ਬਦਲਣੀ)।
ਦੂਸਰਾ ਗੁਰਬਾਣੀ ਨੂੰ ਰੋਜ਼ੀ ਰੋਟੀ ਲਈ ਕਮਾਈ ਦਾ ਸਾਧਨ ਬਨਾਉਣ ਵਾਲੀ ਤੁਹਾਡੀ ਗੱਲ ਬਾਰੇ—
-ਚਮਕੌਰ ਸਿੰਘ ਜੀ! ਕੁਝ ਤੇ ਘਰ ਦੇ ਸਰਕਮ ਸਟਾਂਸਿਜ਼ ਕਰਕੇ ਅਤੇ ਕੁਝ ਮੈਂ ਸ਼ੁਰੂ ਤੋਂ ਪੜ੍ਹਾਈ ਵਿੱਚ ਕੁਝ ਜਿਆਦਾ ਵਧੀਆ ਨਾ ਹੋਣ ਕਰਕੇ ਛੋਟੀ ਉਮਰ ਤੋਂ ਹੀ, ਮੈਂ ਕੰਮ ਵਿੱਚ ਲੱਗ ਗਿਆ ਸੀ। ਉਸ ਵੇਲੇ ਤੋਂ ਲੈ ਕੇ ਹੁਣ ਰਿਟਾਇਰਮੈਂਟ ਹੋਣ ਦੇ ਚਾਰ ਸਾਲ ਬਾਅਦ ਤੱਕ ਵੀ ਆਪਣੇ ਆਪ ਨੂੰ ਕੰਮ ਵਿੱਚ ਜਿਆਦਾ ਤੋਂ ਜਿਆਦਾ ਮਸਰੂਫ ਰੱਖਣ ਦੀ ਕੋਸ਼ਿਸ਼ ਕਰੀਦੀ ਹੈ। ਫੇਸਬੁੱਕ ਤੇ ਜਿਆਦਾ ਸਮਾਂ ਦੇਣ ਦੀ ਇੱਛਾ ਹੋਣ ਦੇ ਬਾਵਜੂਦ ਵੀ ਕੁਝ ਨਾ ਕੁਝ ਹੱਥੀਂ ਕੰਮ ਕਰਦੇ ਰਹਿਣ ਨੂੰ ਜਿਆਦਾ ਤਰਜੀਹ ਦੇਣ ਦੀ ਕੋਸ਼ਿਸ਼ ਕਰੀਦੀ ਹੈ। ਗੁਰਬਾਣੀ ਨੂੰ ਕਮਾਈ ਦਾ ਸਾਧਨ ਬਨਾਉਣ ਦੀ ਗੱਲ ਤਾਂ ਦੂਰ, ਇਮਾਨਦਾਰੀ ਅਤੇ ਮਿਹਨਤ ਦਾ ਪੱਲਾ ਤਾਂ ਮੈਂ ਓਦੋਂ ਵੀ ਨਹੀਂ ਛੱਡਿਆ ਜਦੋਂ ਆਰਥਿਕ ਤੌਰ ਤੇ ਘਰ ਦੇ ਹਾਲਾਤ ਕੋਈ ਜਿਆਦਾ ਵਧੀਆ ਨਹੀਂ ਸਨ। ਹੁਣ ਤੇ ਐਸਾ ਕੁਝ ਕਰਨਾ ਹੀ ਕੀ ਹੈ, ਜਦੋਂ ਕਿ ਵਾਹਿਗੁਰੂ ਦਾ ਦਿੱਤਾ ਉਹ ਕੁਝ ਵੀ ਹੈ ਜਿਸ ਦੀ ਕਦੇ ਸੁਪਨੇ ਵਿੱਚ ਵੀ ਉਮੀਦ ਨਹੀਂ ਸੀ।
ਬਲਕਿ ਜਿਹੜੇ ਗੁਰਬਾਣੀ ਨੂੰ ਆਪਣੀ ਹੀ ਸੋਚ ਮੁਤਾਬਕ ਪ੍ਰਚਾਰਨ ਦੀ ਜ਼ਿਦ ਤੇ ਅੜੇ ਹੋਏ ਹਨ, ਮੈਨੂੰ ਉਹਨਾਂ ਤੇ ਸ਼ੱਕ ਹੁੰਦਾ ਹੈ ਕਿ ਉਹਨਾਂ ਨੂੰ ਜਰੂਰ ਕਿਤੋਂ ਕੋਈ ਆਰਥਿਕ ਲਾਭ ਪਹੁੰਚ ਰਿਹਾ ਹੋਵੇਗਾ, ਤਾਂ ਹੀ ਆਪਣੀ ਗ਼ਲਤੀ ਪਤਾ ਲੱਗਣ ਦੇ ਬਾਵਜੂਦ ਆਪਣੀ ਗ਼ਲਤੀ ਨਾ ਮੰਨਕੇ, ਗੁਰਮਤਿ ਦੇ ਉਲਟ ਬਣੀ ਆਪਣੀ ਸੋਚ ਮੁਤਬਕ ਅਰਥ ਕਰੀ ਜਾਂਦੇ ਹਨ। ਸ਼ਾਇਦ ਇਸ ਲਈ ਕਿ ਜੇ ਇਸ ਤਰ੍ਹਾਂ ਕੀਤਾ ਤਾਂ ਉਹਨਾਂ ਨੂੰ ਕਿਤੋਂ ਜੋ ਆਰਥਿਕ ਲਾਭ ਪਹੁੰਚ ਰਿਹਾ ਹੈ, ਉਹ ਮਿਲਣਾ ਬੰਦ ਹੋ ਸਕਦਾ ਹੈ।
ਤੁਸੀਂ ਲਿਖਿਆ ਹੈ—“ਮੈਂ ਉਨ੍ਹਾਂਦੀ ਸੋਚ ਨੂੰ ਬਦਲ ਨਹੀਂ ਸਕਦਾ”
ਚਮਕੌਰ ਸਿੰਘ ਜੀ! ਆਪਣੇ ਵਿਆਕਰਣ-ਗਿਆਨ ਦਾ ਭਰਮ ਪਾ ਕੇ ਪਾਠਕਾਂ ਦੀ ਸੋਚ ਬਦਲਣ ਦਾ ਤੇ ਤੁਸੀਂ ਪੂਰਾ ਜ਼ੋਰ ਲਗਾ ਰੱਖਿਆ ਹੈ। ਜੇ ਐਸਾ ਨਾ ਹੁੰਦਾ ਤਾਂ ਪ੍ਰੋ: ਸਾਹਿਬ ਸਿੰਘ ਜੀ ਦੇ ਗੁਰਬਾਣੀ ਦਰਪਣ ਦੇ ਹੁੰਦਿਆਂ ਉਹਨਾਂ ਦੇ ਅਰਥਾਂ ਨੂੰ ਗ਼ਲਤ ਠਹਿਰਾ ਕੇ ਆਪਣੇ ਆਪ ਨੂੰ ਪ੍ਰੋ: ਸਾਹਿਬ ਤੋਂ ਵੀ ਵਧ ਵਿਦਵਾਨ ਸਾਬਤ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਨਾ ਲਗਾਉਂਦੇ। ਆਪਣੇ ਕੀਤੇ ਅਰਥਾਂ ਤੋਂ ਉਠੇ ਸਵਾਲਾਂ ਦੇ ਜਵਾਬ ਦੇਣ ਤੋਂ ਬਚਣ ਦੇ ਮਾਰੇ ਇਸ ਤਰ੍ਹਾਂ ਦੇ ਸਪੱਸ਼ਟੀਕਰਣ ਨਾ ਦਿੰਦੇ ਜਿਸ ਤਰ੍ਹਾਂ ਦਾ ਹੁਣ ਦਿੱਤਾ ਹੈ। ਜੇ ਤੁਹਾਨੂੰ ਆਪਣੇ ਕੀਤੇ ਅਰਥਾਂ ਦੇ ਸਹੀ ਹੋਣ ਤੇ ਏਨਾ ਭਰੋਸਾ ਹੁੰਦਾ ਤਾਂ ਤੁਸੀਂ ਡੰਕੇ ਦੀ ਚੋਟ ਤੇ ਆਪਣੇ ਅਰਥਾਂ ਤੋਂ ਉਠੇ ਸਵਾਲਾਂ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਸੱਦਾ ਦੇਣਾ ਸੀ। ਇਹ ਤੁਹਾਡੀਆਂ ਫੋਕੀਆਂ ਗੱਲਾਂ ਹਨ ਕਿ ਤੁਸੀਂ ਆਪਣੇ ਕੀਤੇ ਅਰਥਾਂ ਨੂੰ ਕਦੇ ਅੰਤਿਮ ਨਹੀਂ ਮੰਨਿਆ। ਅਸਲੀਅਤ ਇਹ ਹੈ ਕਿ ਤੁਸੀਂ ਆਪਣੇ ਕੀਤੇ ਅਰਥਾਂ ਨੂੰ ਹਮੇਸ਼ਾਂ ਅੰਤਿਮ ਹੀ ਸਮਝਕੇ ਆਪਣੀ ਜ਼ਿਦ ਤੇ ਅੜੇ ਰਹਿੰਦੇ ਹੋ। ਆਪਣੇ ਵਿਰੋਧੀ (ਅਤੇ ਗੁਰਮਤਿ ਅਨੁਸਾਰੀ) ਵਿਚਾਰਾਂ ਵਾਲਿਆਂ ਨੂੰ ਅੰਧਵਿਸ਼ਵਾਸ਼ੀ ਅਤੇ ਲਕੀਰ ਦੇ ਫਕੀਰ ਦੱਸ ਕੇ ਤੁਸੀਂ ਆਪਣੇ ਗੁਰਮਤਿ ਦੇ ਉਲਟ ਪ੍ਰਚਾਰ ਤੇ ਸਹੀ ਹੋਣ ਦਾ ਪੜਦਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹੋ।
ਚਮਕੌਰ ਸਿੰਘ ਜੀ! ਨਾ ਤੁਹਾਨੂੰ ਅਤੇ ਨਾ ਹੀ ਮੈਨੂੰ, ਕਿਸੇ ਨੂੰ ਵੀ ਸਪੱਸ਼ਟੀ ਕਰਣ ਦੇਣ ਦੀ ਤਾਂ ਜਰੂਰਤ ਹੀ ਨਹੀਂ, ਸਪੱਸ਼ਟੀਕਰਣ ਤੇ ਹਰ ਇਕ ਦੀ ਲਿਖਤ ਵਿੱਚੋਂ ਝਲਕਣਾ ਚਾਹੀਦਾ ਹੈ ਅਤੇ ਝਲਕ ਰਿਹਾ ਹੈ। ਤੁਸੀਂ ਵੀ ਅਤੇ ਪਾਠਕ ਵੀ ਦੇਖ ਸਕਦੇ ਹਨ ਕਿ ਤੁਹਾਡੀਆਂ ਲਿਖਤਾਂ ਤੋਂ ਉਠੇ ਮੇਰੇ ਸਵਾਲ ਹਮੇਸ਼ਾਂ ਤਰਕ-ਸੰਗਤ ਹੁੰਦੇ ਹਨ। ਕਿਤੇ ਵੀ ਕੋਈ ਐਸਾ ਸਵਾਲ ਨਹੀਂ ਮਿਲੇਗਾ, ਜਿਸ ਵਿੱਚ ਮੈਂ ਕਿਹਾ ਹੋਵੇ ਕਿ ਜਿਹੜੀ ਗੱਲ ਸਦੀਆਂ ਤੋਂ ਕਿਸੇ ਵਿਸ਼ਵਾਸ਼ ਅਧੀਨ ਮੰਨੀ ਜਾ ਰਹੀ ਹੈ, ਤੁਸੀਂ ਇਸ ਨੂੰ ਕਿਵੇਂ ਗ਼ਲਤ ਕਹਿ ਸਕਦੇ ਹੋ?
ਤੁਹਾਡੇ ਲਈ ਮੇਰੇ ਸਵਾਲ, ਵਿਸ਼ਵਾਸ਼ ਤੇ ਆਧਾਰਿਤ ਨਹੀਂ, ਤਰਕ ਸੰਗਤ ਹੁੰਦੇ ਹਨ (ਜੇ ਨਹੀਂ ਹੁੰਦੇ ਤਾਂ ਤੁਸੀਂ ਉਸੇ ਵਕਤ ਮੈਨੂੰ ਪੌਇੰਟ ਆਉਟ ਕਰ ਸਕਦੇ ਸੀ/ਹੋ)।
ਮੈਂ ਹਮੇਸ਼ਾਂ ਪ੍ਰੋ: ਸਾਹਿਬ ਸਿੰਘ ਜੀ ਦੀਆਂ ਲਿਖਤਾਂ ਤੋਂ ਸੇਧ ਲੈ ਕੇ ਹੀ ਵਿਚਾਰ ਵਟਾਂਦਰਾ ਕਰਦਾ ਹਾਂ। ਇਸ ਦੇ ਉਲਟ ਤੁਸੀਂ ਆਪਣੀਆਂ ਲਿਖਤਾਂ ਤੇ ਹਮੇਸ਼ਾਂ ਪ੍ਰੋ: ਸਾਹਿਬ ਸਿੰਘ ਜੀ ਦੇ ਨਾਮ ਦਾ ਲੇਬਲ ਜਰੂਰ ਲਗਾ ਲੈਂਦੇ ਹੋ, ਪਰ ਤੁਹਾਡੇ ਸਾਰੇ ਅਰਥ ਹਮੇਸ਼ਾਂ ਪ੍ਰੋ: ਸਾਹਿਬ ਸਿੰਘ ਜੀ ਦੀਆਂ ਲਿਖਤਾਂ ਨੂੰ ਗ਼ਲਤ ਕਰਾਰ ਦੇਣ ਵਾਲੇ ਹੁੰਦੇ ਹਨ। ਅਤੇ ਅੱਜ ਤੱਕ ਤੁਸੀਂ ਕਦੇ ਪ੍ਰੋ: ਸਾਹਿਬ ਸਿੰਘ ਜੀ ਦੇ ਅਰਥਾਂ ਨੂੰ ਗ਼ਲਤ ਸਾਬਤ ਵੀ ਨਹੀਂ ਕਰ ਸਕੇ।
(‘ਗੋਤਮ ਤਪਾ ਅਹਿਲਿਆ …॥’ ਵਾਲੇ ਜਿਸ ਸ਼ਬਦ ਦੀ ਵਿਆਖਿਆ ਨਾਲ ਤੁਸੀਂ ਆਪਣਾ ਇਹ ਸਪੱਸ਼ਟੀਕਰਣ ਦਿੱਤਾ ਹੈ, ਉਸ ਸ਼ਬਦ ਦੀ ਵਿਆਖਿਆ ਬਾਰੇ ਸਮਾਂ ਮਿਲਣ ਤੇ ਵਿਚਾਰ ਸਾਂਝੇ ਕੀਤੇ ਜਾਣਗੇ।)
ਜਸਬੀਰ ਸਿੰਘ ਵਿਰਦੀ"
ਜਸਬੀਰ ਸਿੰਘ ਵਿਰਦੀ
-: ਸਪੱਸ਼ਟੀਕਰਣ ਬਾਰੇ ਸਪੱਸ਼ਟੀਕਰਣ :-
Page Visitors: 2676