’84 ਸਿੱਖ ਕਤਲੇਆਮ; ਜੱਜ ਨੇ ਸੱਜਣ ਕੁਮਾਰ ਨੂੰ ਲਿਆ ਲੰਮੇਂ ਹੱਥੀਂ
ਨਵੀਂ ਦਿੱਲੀ, 19 ਅਕਤੂਬਰ (ਪੰਜਾਬ ਮੇਲ)- ਦਿੱਲੀ ਹਾਈ ਕੋਰਟ ਨੇ ਕਿਹਾ ਕਿ ਉਹ ‘ਵਿਲੱਖਣ’ ਦਿਨ ਹੋਵੇਗਾ, ਜਦੋਂ ਪਟੀਸ਼ਨਰ ਫ਼ੈਸਲਾ ਲੈਣਗੇ ਕਿ ਉਨ੍ਹਾਂ ਦੇ ਕੇਸ ਉੱਤੇ ਕਿਹੜਾ ਜੱਜ ਸੁਣਵਾਈ ਕਰੇਗਾ। ਕਾਂਗਰਸੀ ਆਗੂ ਤੇ ਹੋਰਾਂ ਵੱਲੋਂ ਡਿਵੀਜ਼ਨ ਬੈਂਚ ਦੇ ਇਕ ਜੱਜ ਉੱਤੇ ਪੱਖਪਾਤੀ ਹੋਣ ਦੇ ਦੋਸ਼ ਲਗਾ ਕੇ 1984 ਦੇ ਸਿੱਖ ਕਤਲੇਆਮ ਸਬੰਧੀ ਕੇਸ ਨੂੰ ਤਬਦੀਲ ਕਰਨ ਲਈ ਪਾਈ ਅਪੀਲ ‘ਤੇ ਸੁਣਵਾਈ ਦੌਰਾਨ ਅਦਾਲਤ ਨੇ ਇਹ ਗੱਲ ਕਹੀ।
ਜਸਟਿਸ ਪੀ.ਐੱਸ. ਤੇਜੀ ਅਤੇ ਜਸਟਿਸ ਗੀਤਾ ਮਿੱਤਲ ਦੇ ਬੈਂਚ ਨੇ ਕਿਹਾ,
‘ਉਹ ਇਤਿਹਾਸ ਵਿਚ ਨਿਰਾਲਾ ਦਿਨ ਹੋਵੇਗਾ, ਜਦੋਂ ਕਿਸੇ ਕੇਸ ਨਾਲ ਸਬੰਧਤ ਧਿਰਾਂ ਫ਼ੈਸਲਾ ਕਰਨਗੀਆਂ ਕਿ ਕਿਹੜਾ ਜੱਜ ਉਨ੍ਹਾਂ ਦੇ ਕੇਸ ‘ਤੇ ਸੁਣਵਾਈ ਕਰੇਗਾ।’
ਬੈਂਚ ਨੇ ਕਿਹਾ ਕਿ ਉਹ 1984 ਦੇ ਕਤਲੇਆਮ ਤੋਂ ਵੀ ਪਹਿਲਾਂ ਦੇ ਕੇਸਾਂ ‘ਤੇ ਸੁਣਵਾਈ ਕਰਨ ਲਈ ਸੰਘਰਸ਼ ਕਰ ਰਹੇ ਹਨ, ਤਾਂ ਜੋ ਇਨਸਾਫ਼ ਦੀ ਉਡੀਕ ਵਿਚ ਬੈਠੇ ਲੋਕਾਂ ਨੂੰ ਹੋਰ ਇੰਤਜ਼ਾਰ ਨਾ ਕਰਨਾ ਪਵੇ। ਇਸ ਬੈਂਚ ਵੱਲੋਂ 1987 ਹਾਸ਼ਿਮਪੁਰਾ ਕਤਲੇਆਮ ‘ਤੇ ਵੀ ਸੁਣਵਾਈ ਕੀਤੀ ਜਾ ਰਹੀ ਹੈ। ਅਦਾਲਤ ਨੇ ਕਿਹਾ, ‘ਅੱਜਕੱਲ੍ਹ ਹਰੇਕ ਮੁਸ਼ਕਿਲ ਕੇਸ ਵਿਚ ਅਜਿਹੀਆਂ ਅਰਜ਼ੀਆਂ ਦਾਖ਼ਲ ਕੀਤੀਆਂ ਜਾਂਦੀਆਂ ਹਨ ਪਰ ਪਟੀਸ਼ਨਰ ਇਸ ਗੱਲ ਨੂੰ ਨਹੀਂ ਸਮਝਦੇ ਕਿ ਅਜਿਹੀਆਂ ਕਾਰਵਾਈਆਂ ਨਾਲ ਅਦਾਲਤਾਂ ਦਾ ਕਿੰਨਾ ਸਮਾਂ ਖ਼ਰਾਬ ਹੁੰਦਾ ਹੈ।’
ਸੱਜਣ ਕੁਮਾਰ ਤੇ ਸਾਬਕਾ ਵਿਧਾਇਕ ਮਹਿੰਦਰ ਯਾਦਵ ਵੱਲੋਂ ਜਸਟਿਸ ਪੀ.ਐੱਸ. ਤੇਜੀ ਉੱਤੇ ਪੱਖਪਾਤੀ ਹੋਣ ਦੇ ਦੋਸ਼ ਲਾਉਣ ਵਾਲੀ ਅਪੀਲ ਦਾ ਵਿਰੋਧ ਕਰਦਿਆਂ ਪੀੜਤ ਧਿਰ ਵੱਲੋਂ ਪੇਸ਼ ਹੋਏ ਸੀਨੀਅਰ ਐਡਵੋਕੇਟ ਐੱਚ.ਐੱਸ. ਫੂਲਕਾ ਨੇ ਕਿਹਾ ਕਿ ਅਦਾਲਤ ਨੂੰ ਅਜਿਹੇ ਦੋਸ਼ਾਂ ‘ਤੇ ਸੁਣਵਾਈ ਨਹੀਂ ਕਰਨੀ ਚਾਹੀਦੀ।