-: ਆਪੇ ਸਾਜੇ ਕਰੇ ਆਪਿ ਜਾਈ ਭਿ ਰਖੈ ਆਪਿ ॥” ਦੇ ਅਰਥਾਂ ਬਾਰੇ :-
ਚਮਕੌਰ ਸਿੰਘ ਬਰਾੜ ਨੇ ਇਸ ਉਪਰ ਦਿੱਤੀ ਪੰਗਤੀ ਦੇ ਅਰਥ ਲਿਖੇ ਹਨ-
ਅਰਥ—ਹੇ ਭਾਈ! ਇਹ ਸਰਿਸਟੀ ਪ੍ਰਭੂ ਨੇ ( ਆਪਣੇ ਨਿਯਮਾ ਵਿਚ ਹੀ) ਆਪ ਹੀ ਰਚੀ ਹੈ ਅਤੇ ਆਪ ਦੀ ਪੈਦਾ ਕੀਤੀ ਹੋਈ ਨੂੰ ਆਪ ਹੀ ਦੇਖ ਰੇਖ ਕਰਦਾ ਹੈ ਭਾਵ ਆਪਣੇ ਨਿਯਮਾ ਵਿਚ ਹੀ ਦੇਖ ਰੇਖ ਕਰਦਾ ਹੈ। ਆਪ ਹੀ ਘੜਦਾ ਹੈ ਅਤੇ ਆਪ ਹੀ ਢਾਅਹੁੰਦਾ ਹੈ।
ਭਾਵ ਅਰਥ—ਸਾਰੀ ਕੁਦਰਤ ਪ੍ਰਭੂ ਨੇ ਆਪਣੇ ਨਿਯਮਾ ਵਿਚ ਹੀ ( ਹੁਕਮ ਵਿਚ ਹੀ) ਬਣਾਈ ਹੈ ਅਤੇ ਨਿਯਮਾ ਵਿਚ ਹੀ ਸਾਰੇ ਜੀਵਾਂ ਦੀ ਸੰਭਾਲ ਕਰਦਾ ਹੈ।”
ਔਖੇ ਸ਼ਬਦਾਂ ਦੇ ਅਰਥ— ਸਾਜੇ—ਬਣਾਂਦ ( ਵਰਤਮਾਨ ਕਾਲ ਦੀ ਕਿਰਿਆ ਨੋਟ ਫੇਰ ਕੁਦਰਤੀ ਨਿਯਮਾ ਵਿਚ ਸਾਜੇ ), ਕਰੇ—ਕਰਦਾ ਹੈ ( ਵਰਤਮਾਨ ਕਾਲ ਦੀ ਕਿਰਿਆ),, ਜਾਈ—ਪੈਦਾ ਕੀਤੇ ਹੋਈ ਨੂੰ ( ਭੂਤਕਾਲ ਕਿਰਦੰਤ, ਕਰਮ ਕਾਰਕ) ਭਿ—ਵੀ ( ਕਿਰਿਆ ਵਿਸ਼ੇਸ਼ਣ),, ਰਖੈ—ਰਖਦਾ ਹੈ ( ਵਰਤਮਾਨ ਇਕ ਵਚਨ ਦੀ ਕਿਰਿਆ), ਆਪਿ—ਨਿਜਵਾਚਕਪੜਨਾਵ ਸਾਧਾਰਨ ਕਰਤਾ ਕਾਰਕ)”
ਵਿਚਾਰ:-- ਚਮਕੌਰ ਸਿੰਘ ਜੀ! ਤੁਸੀਂ ਕਹਿੰਦੇ ਹੋ, ‘ਸਾਜੇ- ਵਰਤਮਾਨ ਦੀ ਕਿਰਿਆ ਹੈ’। ਤਾਂ- “ਇਹ ਸਰਿਸ਼ਟੀ ਪ੍ਰਭੂ ਨੇ (ਆਪਣੇ ਨਿਯਮਾਂ ਵਿੱਚ ਹੀ) ਆਪ ਹੀ **ਰਚੀ ਹੈ**”, ਕੀ ਇਹ ਵਰਤਮਾਨ ਦੀ ਕਿਰਿਆ ਹੈ? ਚਮਕੌਰ ਸਿੰਘ ਜੀ! ‘ਰਚੀ ਹੈ’ ਵਰਤਮਾਨ ਕਾਲ ਦੀ ਬਜਾਏ ਭਵਿੱਖਤ ਕਾਲ ਵਿੱਚ ਅਰਥ ਕਰਨ ਪਿੱਛੇ ਮੈਂ ਸਮਝ ਸਕਦਾ ਹਾਂ ਕਿ ਕੀ ਕਾਰਣ ਹੈ।ਤੁਹਾਡੇ ਜ਼ਹਨ ਵਿੱਚ ਦੇਵ ਸਮਾਜੀ ਵਿਚਾਰਧਾਰਾ ਘਰ ਕਰ ਚੁੱਕੀ ਹੈ।ਦੇਵ ਸਮਾਜੀ ਧਰਮ ਅਨੁਸਾਰ ਜੋ ਕੁਝ ਵੀ ਹੈ ਕੁਦਰਤ ਹੀ ਹੈ।ਕੁਦਰਤ ਤੋਂ ਬਿਨਾ ਕੋਈ ਨਿਰਾਕਾਰ ਪਰਮਾਤਮਾ, ਜਿਸ ਨੂੰ ਕਿ ਸਭ ਕਾਸੇ ਦਾ ਕਰਤਾ ਦੱਸਿਆ ਜਾਂਦਾ ਹੈ, ਦੀ ਕੋਈ ਸੱਚਾਈ ਨਹੀਂ ਹੈ। ਹੁਣ ਜੇ ਤੁਸੀਂ ਇਹ ਕਹਿੰਦੇ ਹੋ ਕਿ ਪਰਮਾਤਮਾ ਆਪ ਸ੍ਰਿਸ਼ਟੀ ਨੂੰ *ਰਚਦਾ ਹੈ* ਤਾਂ ਮੰਨਣਾ ਪਏਗਾ ਕਿ ਉਸ ਨਿਰਾਕਾਰ ਪਰਮਾਤਮਾ ਦਾ ਵੁਜੂਦ ਹੈ ਜਿਹੜਾ ਸ੍ਰਿਸ਼ਟੀ ਦੀ ਰਚਨਾ ਕਰਦਾ ਹੈ। ਪਰ ਤੁਹਾਡੀ ਆਪਣੀ ਮਨਮੱਤ ਇਹ ਗੱਲ ਮੰਨਣ ਦੀ ਇਜਾਜਤ ਨਹੀਂ ਦਿੰਦੀ।ਸਾਫ ਲਫਜ਼ਾਂ ਵਿੱਚ ਤੁਸੀਂ ਪ੍ਰਭੂ ਦੀ ਮੌਜੂਦਗੀ ਤੋਂ ਇਨਕਾਰੀ ਨਹੀਂ ਹੋ ਸਕਦੇ।ਕਿਉਂਕਿ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਤੇ ਸਿੱਖ ਹੋਣ ਜਾਂ ਨਾ ਹੋਣ ਬਾਰੇ ਪ੍ਰਸ਼ਨ ਚਿਹਨ ਲੱਗ ਸਕਦਾ ਹੈ। ਸੋ ਉਪਰੋਂ ਉਪਰੋਂ ਪਰਮਾਤਮਾ ਦੀ ਹੋਂਦ ਮੰਨਣੀ ਤੁਹਾਡੀ ਮਜਬੂਰੀ ਹੈ। ਹੁਣ ਤੁਸੀਂ ਕਹੋਗੇ ਕਿ ਦੇਖੋ ਮੈਂ; ਦੇਖ ਰੇਖ ਕਰਦਾ ਹੈ, ਆਪ ਹੀ ਘੜਦਾ ਅਤੇ ਆਪ ਹੀ ਢਾਉਂਦਾ ਹੈ (ਵਰਤਮਾਨ ਕਾਲ ਦੇ) ਅਰਥ ਕੀਤੇ ਹਨ ਕਿ ਨਹੀਂ? ਚਮਕੌਰ ਸਿੰਘ ਜੀ! ਬਿਲਕੁਲ ਤੁਸੀਂ ਵਰਤਮਾਨ ਕਾਲ ਦੇ ਅਰਥ ਜਰੂਰ ਕੀਤੇ ਹਨ, ਪਰ ਨਾਲ ‘ਨਿਯਮ’ ਸ਼ਬਦ ਵੀ ਤੇ ਜੋੜ ਦਿੱਤਾ ਹੈ। ‘ਨਿਯਮ’ ਸ਼ਬਦ ਜੁੜਨ ਨਾਲ ‘ਪ੍ਰਭੂ ਕਰਦਾ ਹੈ’, ਵਾਲੀ ਗੱਲ ਤਾਂ ਇਕ ਫਾਰਮੈਲਟੀ ਬਣਕੇ ਰਹਿ ਜਾਂਦਾ ਹੈ। ਪਾਠਕਾਂ ਤੇ ਅਸਲੀ ਪ੍ਰਭਾਵ ਤੇ ਇਹੀ ਪੈਂਦਾ ਹੈ ਅਤੇ ਤੁਸੀਂ ਇਹੀ ਪ੍ਰਭਾਵ ਪਾਉਣਾ ਚਾਹੁੰਦੇ ਹੋ ਕਿ ਸੰਸਾਰ ਤੇ ਸਭ ਕੁਝ ਕੁਦਰਤੀ ਨਿਯਮਾਂ ਅਨੁਸਾਰ ਹੋਈ ਜਾਂਦਾ ਹੈ।
ਚਮਕੌਰ ਸਿੰਘ ਜੀ! ਅਰਥਾਏ ਜਾਣ ਵਾਲੀਆਂ ਪੰਗਤੀਆਂ ਵਿੱਚ ‘ਨਿਯਮਾਂ’ ਦੀ ਗੱਲ ਕੀਤੀ ਹੋਵੇ ਜਾਂ ਨਾ ਪਰ ਤੁਹਾਡੀਆਂ ਵਿਆਖਿਆਵਾਂ ਵਿੱਚ ਆਮ ਤੌਰ ਤੇ ‘ਨਿਯਮਾਂ’ ਦੀ ਗੱਲ ਬੜੀ ਕੀਤੀ ਹੁੰਦੀ ਹੈ।ਜਿੰਨੀ ਪ੍ਰਮੁੱਖਤਾ ਨਾਲ ਗੁਰਬਾਣੀ ਵਿੱਚ ਪ੍ਰਮਾਤਮਾ ਦੀ ਗੱਲ ਕੀਤੀ ਗਈ ਹੈ, ਓਨੀ ਹੀ ਪ੍ਰਮੁੱਖਤਾ ਨਾਲ ਤੁਹਾਡੀਆਂ ਵਿਆਖਿਆਵਾਂ ਵਿੱਚ ‘ਨਿਯਮਾਂ’ ਦੀ ਗੱਲ ਕੀਤੀ ਮਿਲਦੀ ਹੈ। ਦੱਸ ਸਕਦੇ ਹੋ ਕਿ ਅਰਥਾਏ ਜਾਣ ਵਾਲੀਆਂ ਪੰਗਤੀਆਂ ਵਿੱਚ ਕਿਤੇ ਨਿਯਮਾਂ ਦੀ ਗੱਲ ਕੀਤੀ ਵੀ ਗਈ ਹੈ, ਜਾਂ ਆਪਣੇ ਕੋਲੋਂ ਹੀ ਹਰ ਗੱਲ ਵਿੱਚ ਨਿਯਮਾਂ ਦੀ ਗੱਲ ਵਾੜਨੀ ਤੁਹਾਡੇ ਨਿਜੀ ਸਵਾਰਥ ਲਈ ਲਾਜਮੀ ਹੈ? ਜੇ ਪ੍ਰਭੂ ਨੇ ਸ੍ਰਿਸ਼ਟੀ ਨਿਯਮਾਂ ਵਿੱਚ ਰਚੀ ਹੈ ਤਾਂ, ਦੱਸ ਸਕਦੇ ਹੋ ਕਿ ਉਸਨੇ ਸ੍ਰਿਸ਼ਟੀ ਕਿਹੜੇ ਔਜਾਰਾਂ ਅਤੇ ਕਿਹੜੇ ਨਿਯਮਾਂ ਦਾ ਪ੍ਰਯੋਗ ਕਰਕੇ ਰਚੀ ਹੈ?
ਏਨਾ ਵਿਸ਼ਾਲ ਅਤੇ ਅੰਤ-ਹੀਣ ਬ੍ਰਹਮੰਡ ਰਚਣ ਦੀ ਗੱਲ ਛੱਡੋ, ਦੱਸ ਸਕਦੇ ਹੋ ਕਿ ਇਕ ਨਿੱਕਾ ਜਿਹਾ ਜੱਰਾ ਕਿਹੜੇ ਨਿਯਮਾਂ ਨਾਲ ਰੱਚਿਆ ਜਾ ਸਕਦਾ ਹੈ, ਜਾਂ ਪ੍ਰਭੂ ਨੇ ਕਿਹੜੇ ਨਿਯਮਾਂ ਨਾਲ ਰਚਿਆ ਹੋਵੇਗਾ?
ਜਿਹੜੇ ਨਿਯਮਾਂ ਦੀ ਗੱਲ ਤੁਸੀਂ ਕਰਦੇ ਹੋ, ਦੱਸ ਸਕਦੇ ਹੋ ਕਿ ਜਦੋਂ ਸਰਿਸ਼ਟੀ ਨਹੀਂ ਸੀ ਸਾਜੀ ਉਸ ਵਕਤ ਉਸਦੇ ਉਹ ਨਿਯਮ, ਕਿਥੇ ਅਤੇ ਕਿਸ ਅਵਸਥਾ ਵਿੱਚ ਮੌਜੂਦ ਸਨ?
ਕੀ ਪਹਿਲਾਂ ਨਿਯਮ ਰਚੇ ਜਾਂ ਸ੍ਰਿਸ਼ਟੀ?
ਜਾਂ ਜਦੋਂ ਸ੍ਰਿਸ਼ਟੀ ਰਚੀ ਨਾਲ ਹੀ ਨਿਯਮ ਵੀ ਸਾਜੇ ਗਏ?
ਜਸਬੀਰ ਸਿੰਘ ਵਿਰਦੀ"
ਜਸਬੀਰ ਸਿੰਘ ਵਿਰਦੀ
-: ਆਪੇ ਸਾਜੇ ਕਰੇ ਆਪਿ ਜਾਈ ਭਿ ਰਖੈ ਆਪਿ ॥” ਦੇ ਅਰਥਾਂ ਬਾਰੇ :-
Page Visitors: 2902