ਆਸਾਰਾਮ ਦਾ ਨਵਾਂ ਕਾਰਾ, ਹੁਣ ਅਸਪਤਾਲ ‘ਚ ਛੇੜੀ ਨਰਸ
ਨਵੀਂ ਦਿੱਲੀ, 25 ਸਤੰਬਰ (ਪੰਜਾਬ ਮੇਲ)- ਇੱਕ ਨਾਬਾਲਗ ਲੜਕੀ ਨਾਲ ਯੌਨ ਸ਼ੋਸ਼ਣ ਦਾ ਦੋਸ਼ੀ 80 ਸਾਲਾ ਆਸਾ ਰਾਮ ਇੰਨਾ ਬੀਮਾਰ ਹੈ ਕਿ ਉਸ ਤੋਂ ਚੱਲ ਸਕਣਾ ਵੀ ਮੁਸ਼ਕਿਲ ਦੱਸਿਆ ਜਾਂਦਾ ਹੈ, ਪਰ ਉਸ ਦੀ ਸੋਚ ਅਜੇ ਵੀ ਕਿਹੋ ਜਿਹੀ ਹੈ, ਇਹ ਸਭ ਏਮਜ਼ ਦੀ ਇਕ ਨਰਸ ਨਾਲ ਗੱਲਬਾਤ ਤੋਂ ਪਤਾ ਲੱਗਦਾ ਹੈ।
ਦਿੱਲੀ ਦੇ ਆਲ ਇੰਡੀਆ ਮੈਡੀਕਲ ਇੰਸਟੀਚਿਊਟ (ਏਮਜ਼) ਵਿੱਚ ਮੈਡੀਕਲ ਜਾਂਚ ਕਰਾਉਣ ਲਈ ਤਿਹਾੜ ਜੇਲ ਤੋਂ ਲਿਆਂਦੇ ਗਏ ਆਸਾ ਰਾਮ ਨੂੰ ਖੜੇ ਰਹਿਣ ਲਈ ਅੱਧੀ ਦਰਜਨ ਸਟਾਫ ਦੀ ਮਦਦ ਲੈਣੀ ਪਈ ਸੀ। ਜਾਂਚ ਤੋਂ ਪਹਿਲਾਂ ਡਾਕਟਰਾਂ ਨੇ ਨਾਸ਼ਤਾ ਕਰਾਉਣ ਨੂੰ ਕਿਹਾ ਤਾਂ ਇਕ ਨਰਸ ਮੱਖਣ ਤੇ ਬਰੈੱਡ ਲੈ ਕੇ ਆਈ। ਆਸਾ ਰਾਮ ਉਸ ਨਰਸ ਨੂੰ ਦੇਖ ਕੇ ਬੋਲੇ, ‘ਤੂੰ ਤਾਂ ਖੁਦ ਮੱਖਣ ਵਰਗੀ ਹੈਂ, ਬਰੈੱਡ ਦੇ ਨਾਲ ਮੱਖਣ ਦੀ ਕੀ ਲੋੜ ਹੈ? ਤੇਰੀਆਂ ਗੱਲ੍ਹਾਂ ਵੀ ਸੇਬ ਵਰਗੀਆਂ ਹਨ। ਤੂੰ ਕਸ਼ਮੀਰ ਦੀ ਹੋਵੇਂਗੀ। ਤੇਰੀਆਂ ਗੱਲ੍ਹਾਂ ਉਥੋਂ ਦੇ ਸੇਬ-ਟਮਾਟਰ ਵਰਗੀਆਂ ਹਨ।’
ਇਹ ਸਭ ਬਕਵਾਸ ਸੁਣ ਕੇ ਨਰਸ ਵੀ ਹੈਰਾਨ ਰਹਿ ਗਈ। ਆਸਾ ਰਾਮ ਇਥੇ ਹੀ ਨਹੀਂ ਰੁਕਿਆ ਤੇ ਉਸ ਨੇ ਡਾਕਟਰਾਂ ਨੂੰ ਕਿਹਾ, ‘ਮੈਂ 80 ਸਾਲ ਦਾ ਹੋ ਗਿਆ ਹਾਂ। ਬੁਢਾਪਾ ਆ ਗਿਆ ਹੈ। ਡਾਕਟਰ ਸਾਹਿਬ ਮੇਰਾ ਇਲਾਜ ਕਰ ਦਿਓ, ਇੰਨੀਆਂ ਜਾਂਚਾਂ ਕਰ ਲਈਆਂ, ਹੁਣ ਤਾਂ ਮੈਨੂੰ ਪਹਿਲਾਂ ਵਾਂਗ ਜਾਵਨ ਕਰ ਦਿਓ।’
ਏਮਜ਼ ਵਿੱਚ ਆਸਾ ਰਾਮ ਦੀ ਜਾਂਚ ਕਰਾਉਣ ਲਈ ਗਏ ਅਧਿਕਾਰੀਆਂ ਨੇ ਦੱਸਿਆ ਕਿ ਆਸਾ ਰਾਮ ਵਾਰ-ਵਾਰ ਉਨ੍ਹਾਂ ਨੂੰ ਵੀਡੀਓਗ੍ਰਾਫੀ ਤੋਂ ਵੀ ਰੋਕ ਰਹੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਤੁਸੀਂ ਵੀਡੀਓ ਬਣਾ ਕੇ ਮੈਨੂੰ ਟਾਰਚਰ ਕਰ ਰਹੇ ਹੋ। ਵਰਨਣ ਯੋਗ ਹੈ ਕਿ ਆਸਾ ਰਾਮ ਨੂੰ ਜੈੱਟ ਏਅਰਵੇਜ਼ ਦੇ ਜਹਾਜ਼ ਉੱਤੇ ਬੀਤੇ ਦਿਨ ਦਿੱਲੀ ਤੋਂ ਜੋਧਪੁਰ ਲਿਆਂਦਾ ਗਿਆ ਸੀ। ਇਸ ਦੌਰਾਨ ਜਹਾਜ਼ ਵਿੱਚ ਆਸਾ ਰਾਮ ਦੇ ਨੇੜੇ ਜਾਣ ਲਈ ਹੰਗਾਮਾ ਕਰਦੇ 20 ਯਾਤਰੀਆਂ ਨੂੰ ਪੁਲਸ ਨੇ ਹਿਰਾਸਤ ਵਿੱਚ ਲਿਆ ਸੀ, ਜਿਨ੍ਹਾਂ ਨੂੰ ਜੋਧਪੁਰ ਪਹੁੰਚ ਕੇ ਦੂਰ ਲਿਜਾ ਕੇ ਛੱਡ ਦਿੱਤਾ ਗਿਆ ਸੀ।