ਅਮਰੀਕਾ ਦੇ 75 ਸਾਬਕਾ ਡਿਪਲੋਮੈਟ ਆਏ ਹਿਲੇਰੀ ਦੇ ਸਮਰਥਨ ‘ਚ
ਵਾਸ਼ਿੰਗਟਨ, 24 ਸਤੰਬਰ (ਪੰਜਾਬ ਮੇਲ)- ਅਮਰੀਕਾ ਦੇ 75 ਸਾਬਕਾ ਡਿਪਲੋਮੈਟਾਂ ਨੇ ਸਾਬਕਾ ਵਿਦੇਸ਼ ਮੰਤਰੀ ਅਤੇ ਰਾਸ਼ਟਰਪਤੀ ਅਹੁਦੇ ਦੀ ਡੈਮੋਕਰੇਟਿਕ ਉਮੀਦਵਾਰ ਹਿਲੇਰੀ ਕਲਿੰਟਨ ਦਾ ਸਮਰਥਨ ਕੀਤਾ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਦੇ ਵਿਰੋਧੀ ਡੋਨਾਲਡ ਟਰੰਪ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਬਣਨ ਦੇ ਯੋਗ ਨਹੀਂ ਹਨ। ਇਨ੍ਹਾਂ ਡਿਪਲੋਮੈਟਾਂ ਨੇ ਕਿਹਾ ਕਿ 70 ਸਾਲਾ ਟੀਵੀ ਸਟਾਰ ਅਮਰੀਕਾ ਦੇ ਸਾਹਮਣੇ ਮੌਜੂਦ ਗੁੰਝਲਦਾਰ ਚੁਣੌਤੀਆਂ ਬਾਰੇ ਅਣਜਾਣ ਹਨ ਅਤੇ ਉਨ੍ਹਾਂ ਨੇ ਇਸ ਸਬੰਧੀ ਸਿੱਖਿਆ ਲੈਣ ਲਈ ਕੋਈ ਰੂਚੀ ਨਹੀਂ ਦਿਖਾਈ ਹੈ।
ਉਨ੍ਹਾਂ ਨੇ ਕਿਹਾ ਕਿ ਟਰੰਪ ਰਾਸ਼ਟਰਪਤੀ ਅਤੇ ਕਮਾਂਡਰ-ਇਨ-ਚੀਫ਼ ਬਣਨ ਦੇ ਲਾਇਕ ਨਹੀਂ ਹਨ। ਡਿਪਲੋਮੈਟਾਂ ਨੇ ਕਿਹਾ ਕਿ ਸਾਡੇ ਦੇਸ਼ ਦੇ ਸਾਹਮਣੇ ਰੂਸ ਤੋਂ ਚੀਨ ਤੱਕ ਆਈਐਸਆਈਐਸ ਵੱਲੋਂ ਪ੍ਰਮਾਣੂ ਪ੍ਰਸਾਰ ਅਤੇ ਨਸ਼ੀਲੇ ਪਦਾਰਥਾਂ ਤੱਕ ਦੇ ਕਾਰਨ ਜੋ ਚੁਣੌਤੀਆਂ ਮੌਜੂਦ ਹਨ, ਉਨ੍ਹਾਂ ਦੀ ਪੇਚੀਦਗੀ ਬਾਰੇ ਟਰੰਪ ਅਣਜਾਣ ਹਨ। ਪਰ ਉਨ੍ਹਾਂ ਨੇ ਇਸ ਸਬੰਧੀ ਸਿੱਖਿਆ ਲੈਣ ਲਈ ਕੋਈ ਰੂਚੀ ਵੀ ਨਹੀਂ ਦਿਖਾਈ ਹੈ।
ਇਨ੍ਹਾਂ ਲੋਕਾਂ ਵਿੱਚੋਂ ਕਈ ਲੋਕ ਅਮਰੀਕਾ ਦੇ ਡਿਪਲੋਮੈਟ ਦੇ ਰੂਪ ਵਿੱਚ ਭਾਰਤ ‘ਚ : ਥਾਮਸ ਪਿਕਰਿੰਗ, ਨੈਨਸੀ ਪਾਵੇਲ, ਅਫਗਾਨਿਸਤਾਨ ਅਤੇ ਪਾਕਿਸਤਾਨ ਵਿੱਚ : ਵੈਂਡੀ ਚੈਂਬਰਲਿਨ, ਰੇਆਨ ਕਾਰਕਰ, ਜੇਮਸ ਬੀ ਕਨਿੰਘਮ, ਨਿਕੋਲਸ ਪਲੈਟ, ਥਾਮਸ ਬੀਰਾਬਰਟਸਨ ਤਾਇਨਾਤ ਰਹਿ ਚੁੱਕੇ ਹਨ। ਹਿਲੇਰੀ ਦੇ ਸਮਰਥਨ ਵਿੱਚ ਪੱਤਰ ‘ਤੇ ਦਸਤਖ਼ਤ ਕਰਨ ਵਾਲਿਆਂ ਵਿੱਚ ਦੱਖਣੀ ਤੇ ਮੱਧ ਏਸ਼ੀਆ ਦੇ ਸਾਬਕਾ ਸਹਾਇਕ ਸਕੱਤਰ ਰਾਬਰਟ ਬਲੇਕ ਵੀ ਸਨ। ਉਹ ਹਾਲ ਤੱਕ ਇੰਡੋਨੇਸ਼ੀਆ ਵਿੱਚ ਅਮਰੀਕਾ ਦੇ ਰਾਜਦੂਤ ਸਨ।