ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
1984 ਦੀ ਪੀੜਤ ਨੂੰ ਭਘੌੜਾ ਕਰਾਰ ਦੇਣ ਦਾ ਮਾਮਲਾ ਆਇਆ ਸਾਮ੍ਹਣੇ
1984 ਦੀ ਪੀੜਤ ਨੂੰ ਭਘੌੜਾ ਕਰਾਰ ਦੇਣ ਦਾ ਮਾਮਲਾ ਆਇਆ ਸਾਮ੍ਹਣੇ
Page Visitors: 2416

1984 ਦੀ ਪੀੜਤ ਨੂੰ ਭਘੌੜਾ ਕਰਾਰ ਦੇਣ ਦਾ ਮਾਮਲਾ ਆਇਆ ਸਾਮ੍ਹਣੇ
ਸਰਕਾਰੀ ਨੌਕਰੀ ਕਰਦੀ ਪੀੜਤ ਬੀਬੀ ਜਸਬੀਰ ਕੌਰ 'ਤੇ ਦਿੱਲੀ ਪੁਲਿਸ ਨੇ ਲਾਇਆ ਦੋਸ਼
By : ਬਾਬੂਸ਼ਾਹੀ ਬਿਊਰੋ
First Published : Friday, Sep 16, 2016 01:39 AM
ਨਵੀਂ ਦਿੱਲੀ,15 ਸਤੰਬਰ, 2016 : 1984 ਦੇ ਸਿੱਖ ਕਤਲੇਆਮ ਦੀ ਪੀੜਤ ਬੀਬੀ ਜਸਬੀਰ ਕੌਰ ਨਾਲ ਦਿੱਲੀ ਪੁਲਿਸ ਵੱਲੋਂ ਮਾੜਾ ਵਿਵਹਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ 1984 'ਚ ਬੀਬੀ ਜਸਬੀਰ ਕੌਰ ਦੇ ਪਰਿਵਾਰ ਦੇ 11 ਮੈਂਬਰਾਂ ਦੀ ਕਤਲੇਆਮ ਦੌਰਾਨ ਹੱਤਿਆ ਹੋਈ ਸੀ। ਜਿਸ ਤੋਂ ਬਾਅਦ ਮੇਹਰਬਾਨੀ ਦੇ ਆਧਾਰ 'ਤੇ ਉਨ੍ਹਾਂ ਨੂੰ ਦਿੱਲੀ ਨਗਰ ਨਿਗਮ ਵਿਚ ਚੌਥੀ ਸ਼੍ਰੇਣੀ ਦੇ ਕਰਮਚਾਰੀ ਦੇ ਤੌਰ ਤੇ ਨੌਕਰੀ ਪ੍ਰਾਪਤ ਹੋਈ ਸੀ।
ਪਰ 2005 ਵਿਚ ਨਾਨਾਵਤੀ ਕਮਿਸ਼ਨ ਦੇ ਬਾਹਰ ਬਿਨਾਂ ਮਨਜੂਰੀ ਦੇ ਹੋਏ ਧਰਨਾ ਪ੍ਰਦਰਸ਼ਨ ਨੂੰ ਆਧਾਰ ਬਣਾ ਕੇ ਦਿੱਲੀ ਪੁਲਿਸ ਨੇ ਐਫ.ਆਈ.ਆਰ. ਨੰਬਰ 219/05 ਵਿਚ ਕਈ ਧਾਰਾਵਾਂ ਤਹਿਤ ਬੀਬੀ ਜਸਬੀਰ ਕੌਰ ਨੂੰ ਆਰੋਪੀ ਬਣਾ ਦਿੱਤਾ।
15 ਜੁਲਾਈ 2013 ਨੂੰ ਦਿੱਲੀ ਪੁਲਿਸ ਦੀ ਸਿਫ਼ਾਰਿਸ ਤੇ ਪਟਿਆਲਾ ਹਾਊਸ ਕੋਰਟ ਨੇ ਬੀਬੀ ਜਸਬੀਰ ਕੌਰ ਨੂੰ ਘੋਸ਼ਿਤ ਅਪਰਾਧੀ (ਪੀ.ਓ.) ਦੱਸਦੇ ਹੋਏ ਭਗੋੜਾ ਵੀ ਕਰਾਰ ਦੇ ਦਿੱਤਾ। ਦਿੱਲੀ ਪੁਲਿਸ ਦੇ ਹਵਲਦਾਰ ਕ੍ਰਿਸ਼ਨ ਕੁਮਾਰ ਨੇ ਕੱਲ ਤਿਲਕ ਵਿਹਾਰ ਵਿਖੇ ਰਹਿੰਦੀ ਬੀਬੀ ਜਸਬੀਰ ਕੌਰ ਨੂੰ ਫੋਨ ਕਰਕੇ ਸੰਸਦ ਮਾਰਗ ਥਾਣੇ ਆਉਣ ਦੀ ਗੱਲ ਕਹੀ। ਜਿਸ ਤੋਂ ਬਾਅਦ ਥਾਣੇ ਪੁੱਜਣ ਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
   ਇਸ ਬਾਰੇ ਜਾਣਕਾਰੀ ਮਿਲਣ ਤੇ ਵਕੀਲਾਂ ਨਾਲ ਥਾਣੇ ਪੁੱਜੇ  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਨੂੰਨੀ ਵਿਭਾਗ ਦੇ ਕੋ-ਚੇਅਰਮੈਨ ਜਸਵਿੰਦਰ ਸਿੰਘ ਜੌਲੀ ਨੇ ਪੁਲਿਸ ਦੀ ਕਾਰਵਾਈ ਨੂੰ ਗਲਤ ਕਰਾਰ ਦਿੱਤਾ। ਬੀਬੀ ਜਸਬੀਰ ਕੌਰ ਵੱਲੋਂ ਕੋਰਟ ਵਿਚ ਪੇਸ਼ ਹੋਏ ਕਮੇਟੀ ਦੇ ਵਕੀਲ ਗੁਰਬਖਸ਼ ਸਿੰਘ ਅਤੇ ਜੌਲੀ ਨੇ ਦਿੱਲੀ ਪੁਲਿਸ ਦੀ ਕਾਰਗੁਜਾਰੀ ਨੂੰ ਸਵਾਲਾਂ ਦੇ ਘੇਰੇ ਵਿਚ ਲਿਆ। ਉਨ੍ਹਾਂ ਕਿਹਾ ਕਿ 2005 ਤੋਂ ਅੱਜ ਤਕ ਆਰੋਪੀ ਨੂੰ ਕੋਈ ਸੰਮਨ ਪੁਲਿਸ ਵੱਲੋਂ ਨਹੀਂ ਦਿੱਤਾ ਗਿਆ। ਪਿੱਛਲੇ 30 ਸਾਲਾਂ ਤੋਂ ਸਰਕਾਰੀ ਨੌਕਰੀ ਕਰ ਰਹੀ ਬੀਬੀ ਜਸਬੀਰ ਕੌਰ ਭਗੋੜਾ ਕਿਵੇਂ ਹੋ ਸਕਦੀ ਹੈ? 58 ਸਾਲ ਦੀ ਬੁਜੂਰਗ ਬੀਬੀ ਨੂੰ ਬਿਨਾਂ ਕਿਸੇ ਦੋਸ਼ 'ਤੇ ਨਿਆਇਕ ਹਿਰਾਸਤ ਵਿਚ ਭੇਜਣਾ ਉਸਦੀ ਨੌਕਰੀ ਅਤੇ ਸੇਵਾ ਮੁਕਤੀ ਤੋਂ ਬਾਅਦ ਮਿਲਣ ਵਾਲੇ ਫਾਇਦੇ ਤੋਂ ਵਾਂਝੇ ਕਰਨ ਦੇ ਬਰਾਬਰ ਹੋਵੇਗਾ।
ਜੱਜ ਸੁਮੀਤ ਅਨੰਦ ਨੇ ਬਚਾਵ ਪੱਖ ਦੀਆਂ ਦਲੀਲਾਂ ਨੂੰ ਸੁਣਨ ਉਪਰੰਤ ਕੱਲ ਸ਼ਾਮ ਨੂੰ ਤਿੰਨ ਦਿਨ ਦੀ ਅੰਤ੍ਰਿਮ ਜਮਾਨਤ ਆਰੋਪੀ ਨੂੰ ਦਿੰਦੇ ਹੋਏ ਦਿੱਲੀ ਪੁਲਿਸ ਦੇ ਅਧਿਕਾਰੀਆਂ ਨੂੰ ਕਰੜੀ ਫਟਕਾਰ ਵੀ ਲਗਾਈ। ਜੌਲੀ ਨੇ ਇਸ ਸਾਰੇ ਘਟਨਾਕ੍ਰੰਮ ਨੂੰ ਦਿੱਲੀ ਪੁਲਿਸ ਦੀ ਲਾਪਰਵਾਹੀ ਨਾਲ ਜੋੜਦੇ ਹੋਏ ਜਾਣਕਾਰੀ ਦਿਤੀ ਕਿ ਜੱਜ ਸਾਹਿਬ ਵੱਲੋਂ ਬੀਬੀ ਜਸਬੀਰ ਕੌਰ ਦੀ ਪੱਕੀ ਜਮਾਨਤ ਵੀ ਅੱਜ ਮਨਜੂਰ ਕਰ ਲਈ ਗਈ ਹੈ।
   ਜੌਲੀ ਨੇ ਦੋਸ਼ ਲਗਾਇਆ ਹੈ ਕਿ ਇੱਕ ਪਾਸੇ 1984 ਦੇ ਕਾਤਿਲ ਖੁਲ੍ਹੇਆਮ ਘੁੰਮ ਰਹੇ ਹਨ ਤੇ ਦੂਜੇ ਪਾਸੇ ਪੀੜਿਤਾਂ ਨੂੰ ਇਨਸਾਫ਼ ਦੇਣ ਦੀ ਬਜਾਏ ਆਰੋਪੀ ਬਣਾ ਕੇ ਜੇਲਾਂ ਵਿਚ ਭੇਜਣ ਦੀ ਸਾਜਿਸ਼ ਕੀਤੀ ਜਾ ਰਹੀ ਹੈ। ਬੀਬੀ ਜਸਬੀਰ ਕੌਰ ਨੇ ਚੁਨਿੰਦਾ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਿੱਲੀ ਕਮੇਟੀ ਵੱਲੋਂ ਇਸ ਮਸਲੇ ਤੇ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕਰਦੇ ਹੋਏ ਖੁੱਦ ਨੂੰ ਬੇਕਸੂਰ ਵੀ ਦੱਸਿਆ।
  ਜੌਲੀ ਨੇ ਹੈਰਾਨੀ ਪ੍ਰਗਟਾਈ ਕਿ ਦਿੱਲੀ ਪੁਲਿਸ ਕਿਸ ਤਰੀਕੇ ਨਾਲ ਘਰ ਬੈਠੇ ਹੀ ਕਿਸੇ ਨੂੰ ਭਗੋੜਾ ਘੋਸ਼ਿਤ ਕਰਨ ਤੋਂ ਬਾਅਦ ਖੁੱਦ ਥਾਣੇ ਬੁਲਾ ਕੇ ਗ੍ਰਿਫ਼ਤਾਰੀ ਦਿਖਾ ਦਿੰਦੀ ਹੈ। ਬੀਬੀ ਜਸਬੀਰ ਕੌਰ ਦੀ ਜਮਾਨਤ ਸਾਬਕਾ ਦਿੱਲੀ ਕਮੇਟੀ ਮੈਂਬਰ ਆਤਮਾ ਸਿੰਘ ਲੁਬਾਣਾ ਵੱਲੋਂਂ ਦਿੱਤੀ ਗਈ ਹੈ।
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.