ਪੱਤਰਕਾਰਾਂ ਤੇ ਹਮਲਾ ਕਰਵਾਉਣ ਦੇ ਮਾਮਲੇ ‘ਚ ‘ਆਪ’ ਦੇ ਭਗਵੰਤ ਮਾਨ ਖ਼ਿਲਾਫ਼ ਮੁਕੱਦਮਾ ਦਰਜ਼
ਫ਼ਤਿਹਗੜ੍ਹ ਸਾਹਿਬ, 3 ਸਤੰਬਰ (ਪੰਜਾਬ ਮੇਲ)- ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਲੋਕਸਭਾ ਮੈਂਬਰ ਭਗਵੰਤ ਮਾਨ ਦੇ ਖ਼ਿਲਾਫ਼ ਜ਼ਿਲਾ ਫ਼ਤਿਹਗੜ੍ਹ ਸਾਹਿਬ ਦੇ ਹਲਕਾ ਬੱਸੀ ਪਠਾਨਾ ਵਿੱਚ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਮਾਨ ਖ਼ਿਲਾਫ਼ ਭੜਕਾਊ ਭਾਸ਼ਣ ਦੇ ਕੇ ਆਪਣੀ ਪਾਰਟੀ ਦੇ ਵਰਕਰਾਂ ਤੋਂ ਪੱਤਰਕਾਰਾਂ ਤੇ ਹਮਲਾ ਕਰਵਾਉਣ ਕਾਰਨ ਪੱਤਰਕਾਰਾਂ ਵਿੱਚ ਰੋਸ ਸੀ।
ਇਸ ਤੋਂ ਗੁੱਸੇ ਵਿੱਚ ਆਏ ਪੱਤਰਕਾਰਾਂ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਇੱਕ ਲਿਖਿਤ ਸ਼ਿਕਾਇਤ ਦੇ ਕੇ ਮਾਮਲਾ ਦਰਜ਼ ਕਰਨ ਦੀ ਮੰਗ ਕੀਤੀ ਸੀ। ਜਿਸ ਤੋਂ ਬਾਅਦ ਮਾਨ ਖ਼ਿਲਾਫ਼ ਐਫ.ਆਈ.ਆਰ. ਦਰਜ਼ ਕਰ ਲਈ ਗਈ ਹੈ।ਮਾਨ ਖਿਲਾਫ਼ 11 ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ। ਪੁਲਿਸ ਨੇ ਇਹ ਮੁਕੱਦਮਾ ਧਾਰਾ 109,153,323,341,352,355,356,427,504,500,149 ਧਾਰਾਵਾਂ ਦੇ ਤਹਿਤ ਦਰਜ਼ ਕੀਤਾ ਹੈ। ਕਾਬਲੇਗੌਰ ਹੈ ਕਿ ਵੀਰਵਾਰ ਨੂੰ ਭਗਵੰਤ ਮਾਨ ਰੈਲੀ ਦੌਰਾਨ ਮੀਡੀਆ ਉੱਤੇ ਭੜਕ ਪਏ ਸਨ। ਹਲਕਾ ਬੱਸੀ ਪਠਾਣਾ ਵਿੱਚ ਆਮ ਆਦਮੀ ਪਾਰਟੀ ਦੀ ਰੈਲੀ ਦੌਰਾਨ ਭਗਵੰਤ ਮਾਨ ਨਾ ਸਿਰਫ਼ ਮੀਡੀਆ ਉੱਤੇ ਭੜਕੇ ਸਗੋਂ ਉਨ੍ਹਾਂ ਰੈਲੀ ਦੀ ਕਵਰੇਜ ਲਈ ਪਹੁੰਚੇ ਪੱਤਰਕਾਰਾਂ ਨਾਲ ਬਦਸਲੂਕੀ ਵੀ ਕੀਤੀ। ਭਗਵੰਤ ਮਾਨ ਨੇ ਭਰਵੀਂ ਰੈਲੀ ਵਿੱਚ ਪੱਤਰਕਾਰਾਂ ਉੱਤੇ ਮਜ਼ਾਕੀਆ ਟਿੱਪਣੀਆਂ ਵੀ ਕੀਤੀਆਂ। ਇੱਥੇ ਬੱਸ ਨਹੀਂ ਭਗਵੰਤ ਮਾਨ ਦੀਆ ਟਿੱਪਣੀਆਂ ਤੋਂ ਭੜਕੇ ਹੋਏ ਲੋਕਾਂ ਨੇ ਮੀਡੀਆ ਨਾਲ ਬਦਸਲੂਕੀ ਵੀ ਕੀਤੀ। ਇਸ ਤੋਂ ਬਾਅਦ ਫ਼ਤਿਹਗੜ੍ਹ ਦੇ ਸਾਰੇ ਪੱਤਰਕਾਰਾਂ ਆਮ ਆਦਮੀ ਪਾਰਟੀ ਦੀਆਂ ਰੈਲੀਆਂ ਦਾ ਬਾਈਕਾਟ ਕਰਨ ਦਾ ਐਲਾਨ ਵੀ ਕਰ ਦਿੱਤਾ।