ਪਾਕਿਸਤਾਨ ‘ਚ ਇਕ ਤੋਂ ਬਾਅਦ ਇਕ ਅੱਤਵਾਦੀ ਹਮਲੇ, 17 ਮੌਤਾਂ 52 ਜ਼ਖ਼ਮੀ
ਪੇਸ਼ਾਵਰ, 2 ਸਤੰਬਰ (ਪੰਜਾਬ ਮੇਲ)- : ਪਾਕਿਸਤਾਨ ਦੇ ਸ਼ਹਿਰ ਪੇਸ਼ਾਵਰ ਵਿਚ ਸਵੇਰੇ ਸਵੇਰੇ ਹਮਲੇ ਤੋਂ ਬਾਅਦ ਹੁਣ ਮਰਦਾਨ ਵਿਚ ਕੋਰਟ ਦੇ ਬਾਹਰ ਅੱਤਵਾਦੀ ਹਮਲਾ ਹੋਇਆ ਹੈ। ਮਰਦਾਨ ਵਿਚ ਕੋਰਟ ਦੇ ਬਾਹਰ ਦੋ ਧਮਾਕੇ ਹੋਏ ਹਨ। ਇਹ ਆਤਮਘਾਤੀ ਹਮਲਾ ਸੀ ਅਤੇ ਇਨ੍ਹਾਂ ਹਮਲਿਆਂ ਵਿਚ 17 ਲੋਕ ਮਾਰੇ ਗਏ ਹਨ, ਜਦ ਕਿ 52 ਜ਼ਖਮੀ ਹੋ ਗਏ ਹਨ। ਇਸ ਤੋਂ ਪਹਿਲਾਂ ਸਵੇਰੇ ਪੇਸ਼ਾਵਰ ਦੀ ਕ੍ਰਿਸ਼ਚਨ ਕਾਲੋਨੀ ਵਿਚ ਹੋਏ ਅੱਤਵਾਦੀ ਹਮਲੇ ਵਿਚ ਸਾਰੇ ਚਾਰ ਹਮਲਾਵਰਾਂ ਨੂੰ ਮਾਰ ਦਿੱਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਜਵਾਬੀ ਕਾਰਵਾਈ ਵਿਚ ਸਾਰੇ ਅੱਤਵਾਦੀ ਮਾਰ ਦਿੱਤੇ ਹਨ। ਪਾਕਿਸਤਾਨੀ ਮੀਡਆ ਦੇ ਮੁਤਾਬਕ ਸਾਰੇ ਹਮਲਾਵਰਾਂ ਨੇ ਸੁਸਾਇਡ ਜੈਕੇਟ ਪਾਈ ਹੋਈ ਸੀ। ਆਈਐਸਪੀਆਰ ਨੇ ਦੱਸਿਆ ਕਿ ਹਮਲਾਵਰ ਹਥਿਆਰ ਅਤੇ ਗੋਲਾ ਬਾਰੂਦ ਨਾਲ ਲੈਸ ਸੀ ਅਤੇ ਸਵੇਰੇ 6 ਵਜੇ ਹੀ ਕ੍ਰਿਸ਼ਚਨ ਕਾਲੋਨੀ ਵਿਚ ਫਾਇਰਿੰਗ ਕਰਦੇ ਦਾਖ਼ਲ ਹੋਏ ਹਮਲਾਵਰਾਂ ਨੇ ਸਭ ਤੋਂ ਪਹਿਲਾਂ ਸੁਰੱÎਖਿਆ ਬਲਾਂ ਨੂੰ ਨਿਸ਼ਾਨਾ ਬਣਾਇਆ। ਹਮਲੇ ਦੇ ਤੁਰੰਤ ਬਾਅਦ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਅਤੇ ਫਾਇਰਿੰਗ ਵਿਚ ਹਮਲਾਵਰਾਂ ਨੂੰ ਮਾਰ ਦਿੱਤਾ। ਕਾਲੋਨੀ ਦੇ ਘਰਾਂ ਦੀ ਤਲਾਸ਼ੀ ਅਤੇ ਇਲਾਕੇ ਦੀ ਹਵਾਈ ਨਿਗਰਾਨੀ ਵੀ ਕੀਤੀ ਜਾ ਰਹੀ ਹੈ। ਗੌਰਤਲਬ ਹੈ ਕਿ ਹਾਲ ਦੇ ਮਹੀਨਿਆਂ ਵਿਚ ਪੇਸ਼ਾਵਰ ਵਿਚ ਕਈ ਅੱਤਵਾਦੀ ਹਮਲੇ ਹੋਏ ਹਨ ਜਿਨ੍ਹਾਂ ਵਿਚ ਅੱਤਵਾਦੀਆਂ ਨੇ ਆਮ ਨਾਗਰਿਕਾਂ ਦੇ ਨਾਲ ਨਾਲ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਇਆ ਹੈ।