ਕੈਟੇਗਰੀ

ਤੁਹਾਡੀ ਰਾਇ



ਸੁਖਜੀਤ ਸਿੰਘ ਕਪੂਰਥਲਾ
< ‘ਚੜ੍ਹਦੀ ਕਲਾ` >
< ‘ਚੜ੍ਹਦੀ ਕਲਾ` >
Page Visitors: 2659

< ‘ਚੜ੍ਹਦੀ ਕਲਾ` >
(ਸੁਖਜੀਤ ਸਿੰਘ ਕਪੂਰਥਲਾ)
ਸਾਡੀ ਅਰਦਾਸ ਦੇ ਅੰਤ ਵਿੱਚ ‘ਨਾਨਕ ਨਾਮ ਚੜ੍ਹਦੀ ਗਲਾ, ਤੇਰੇ ਭਾਣੇ ਸਰਬੱਤ ਦਾ ਭਲਾ` ਸ਼ਬਦ ਆਉਂਦੇ ਹਨ। ਚੜ੍ਹਦੀ ਕਲਾ ਤੋਂ ਕੀ ਭਾਵ ਹੈ, ਚੜ੍ਹਦੀ ਕਲਾ ਵਿੱਚ ਕਿਵੇਂ ਰਿਹਾ ਜਾ ਸਕਦਾ ਹੈ, ਆਉ ਇਸ ਤੇ ਵਿਚਾਰ ਕਰੀਏ।
ਵਿਰੋਧੀ ਹਾਲਤ ਵਿੱਚ ਵੀ ਆਪਣੇ ਹੌਂਸਲੇ ਬੁਲੰਦ ਰੱਖਣ ਨੂੰ ਚੜ੍ਹਦੀ ਕਲਾ ਵਿੱਚ ਰਹਿਣਾ ਕਹਿੰਦੇ ਹਨ। ਵਿਰੋਧੀ ਹਾਲਤ ਜਾਂ ਬਿਖੜੇ ਹਾਲਤ ਵਿੱਚ ਜਿੱਤ ਪ੍ਰਤੀ ਆਸ਼ਾਵਾਦੀ ਰਹਿਣਾ ਅਤੇ ਸੰਘਰਸ਼ਸ਼ੀਲ ਰਹਿਣਾ ਚੜ੍ਹਦੀ ਕਲਾ ਵਿੱਚ ਰਹਿਣ ਵਾਲੇ ਮਨੁੱਖਾਂ ਦੀਆਂ ਨਿਸ਼ਾਨੀਆਂ ਹਨ। ਚੜ੍ਹਦੀ ਕਲਾ ਵਿੱਚ ਰਹਿਣ ਲਈ ਇੱਕ ਪ੍ਰਭੂ ਵਿੱਚ ਵਿਸ਼ਵਾਸ ਰੱਖਣਾ ਅਤੇ ਇਹ ਵਿਸ਼ਵਾਸ ਕਿ ਪ੍ਰਭੂ ਸਾਡਾ ਮਿੱਤਰ ਹੈ ਅਤੇ ਜੀਵਨ ਦੇ ਹਰ ਖੇਤਰ ਵਿੱਚ ਸਾਡਾ ਸਹਾਈ ਹੈ, ਆਦਿ ਵਿਸ਼ਵਾਸ ਰੱਖਣਾ ਬਹੁਤ ਜਰੂਰੀ ਹੈ। ਇਸੇ ਵਿਸ਼ਵਾਸ ਕਾਰਣ ਹੀ ਸਿੱਖਾਂ ਨੇ ਬਹੁਤ ਥੋੜੀ ਗਿਣਤੀ ਵਿੱਚ ਹੋਣ ਦੇ ਬਾਵਜੂਦ ਸ਼ਕਤੀਸ਼ਾਲੀ ਮੁਗਲ ਹਕੂਮਤ ਨਾਲ ਟਕਰ ਲਈ ਅਤੇ ਉਸ ਜਾਲਮ ਹਕੂਮਤ ਦਾ ਭੋਗ ਪਾਉਣ ਮਗਰੋਂ ਆਪਣਾ ਰਾਜ ਕਾਇਮ ਕਰ ਲਿਆ।
ਦਸਮ ਪਾਤਸ਼ਾਹ ਦੇ ਸਮੇਂ ਹੀ ਸਿੱਖਾਂ ਦੀ ਮੁਗਲ ਹਕੂਮਤ ਨਾਲ ਟੱਕਰ ਆਰੰਭ ਹੋ ਗਈ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਬਹੁਤ ਥੋੜੀ ਸਿੱਖ ਫ਼ੌਜ ਦੇ ਹੁੰਦਿਆਂ ਹੋਇਆਂ ਵੀ ਚੜ੍ਹਦੀ ਕਲਾ ਵਿੱਚ ਰਹਿੰਦੇ ਹੋਏ ਸ਼ਕਤੀ ਸ਼ਾਲੀ ਹਕੂਮਤ ਨਾਲ ਟੱਕਰ ਲਈ ਅਤੇ ਸਰਹੰਦ ਦੀ ਇਟ ਨਾਲ ਇਟ ਵਜਾ ਦਿੱਤੀ ਅਤੇ ਗੁਰਦਾਸ ਨੰਗਲ ਦੀ ਗੜੀ ਵਿਚੋਂ 700 ਸਿੰਘਾਂ ਸਮੇਤ ਪਕੜੇ ਜਾਣ ਤੇ ਵੀ ਸਾਹਮਣੇ ਮੌਤ ਵੇਖਦੇ ਹੋਏ ਵੀ ਬਾਬਾ ਬੰਦਾ ਸਿੰਘ ਤੇ 700 ਸਾਥੀਆਂ ਨੇ ਜੋ ਅਸਹਿ ਕਸ਼ਟ ਸਹਾਰਦੇ ਹੋਏ ਸ਼ਹੀਦੀ ਜਾਮ ਪੀਤਾ, ਉਹ ਚੜ੍ਹਦੀ ਕਲਾ ਦੀ ਇੱਕ ਮਿਸਾਲ ਹੈ।
ਬਾਬਾ ਬੰਦਾ ਸਿੰਘ ਦੀ ਸ਼ਹੀਦੀ ਦੇ ਮਗਰੋਂ ਸਮੇਂ ਦੇ ਹਾਕਮਾਂ ਨੇ ਸਿਖਾਂ ਨੂੰ ਖਤਮ ਕਰਨ ਲਈ ਪੂਰਾ ਜ਼ੋਰ ਲਾ ਦਿਤਾ। ਚੁਣ-ਚੁਣ ਕੇ ਸਿਖਾਂ ਨੂੰ ਸ਼ਹੀਦ ਕੀਤਾ ਗਿਆ। ਉਨ੍ਹਾਂ ਪਿੱਛੇ ਗਸ਼ਤੀ ਫ਼ੌਜਾਂ ਲਾਈਆਂ ਗਈਆਂ ਜੋ ਉਹਨਾਂ ਦਾ ਸ਼ਿਕਾਰ ਕਰਦੀਆਂ। ਪਰ ਸਿਖਾਂ ਨੇ ਈਨ ਨਾ ਮੰਨੀ ਸਗੋਂ 1739 ਈ. ਵਿੱਚ ਕੇਵਲ ਦੋ ਸਿੰਘਾਂ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਨੇ ਨੂਰਦੀਨ ਦੀ ਸਰਾਂ ਤੇ ਖਾਲਸਾ ਰਾਜ ਕਾਇਮ ਕਰ ਕੇ ਦਿਖਾ ਦਿਤਾ।
ਇਸ 40 ਸਾਲ ਦੇ ਸਮੇਂ ਵਿੱਚ ਤਸੀਹੇ ਦੇ ਕੇ ਸ਼ਹੀਦ ਕਰਨ ਦਾ ਕੋਈ ਐਸਾ ਤਰੀਕਾ ਨਹੀ ਸੀ, ਜੋ ਸਮੇਂ ਦੀ ਸਰਕਾਰ ਨੇ ਨਾ ਵਰਤਿਆ ਹੋਵੇ। ਸਿਖਾਂ ਦੇ ਸਰੀਰਾਂ ਦੇ ਬੰਦ-ਬੰਦ ਕਟੇ ਗਏ, ਚਰਖੜੀਆਂ ਤੇ ਚਾੜ ਕੇ ਸ਼ਹੀਦ ਕੀਤੇ ਗਏ, ਪਾਣੀ ਵਿੱਚ ਆਲੂਆਂ ਦੀ ਤਰਾਂ ਉਬਾਲੇ ਗਏ। ਫਾਂਸੀ ਚਾੜੇ ਗਏ, ਜੀਊਂਦਿਆਂ ਨੂੰ ਜਮੀਨ ਵਿੱਚ ਦਬ ਕੇ ਸ਼ਹੀਦ ਕੀਤਾ ਗਿਆ। ਮਾਂ ਲਈ ਬੱਚੇ ਆਪਣੀ ਜਾਨ ਤੋਂ ਵੀ ਵਧ ਪਿਆਰੇ ਹੁੰਦੇ ਹਨ, ਪਰ ਇਸ ਸਖਤੀ ਦੇ ਦੌਰ ਵਿੱਚ ਸਿੰਘਣੀਆਂ ਦੇ ਬੱਚਿਆਂ ਨੂੰ ਹਵਾ ਵਿੱਚ ਉਛਾਲ ਕੇ ਨੇਜਿਆਂ ਵਿੱਚ ਪਰੋ ਦਿਤਾ ਗਿਆ, ਬੱਚਿਆਂ ਦੇ ਟੋਟੇ ਕਰਕੇ ਮਾਤਾਵਾਂ ਦੇ ਗਲਾਂ ਵਿੱਚ ਹਾਰ ਪਾ ਦਿਤੇ ਗਏ।
  ਇੱਕ ਮੁਸਲਿਮ ਇਤਿਹਾਸਕਾਰ ਜੋ ਉਸ ਸਮੇਂ ਉਥੇ ਹਾਜ਼ਰ ਸੀ ਉਹ ਲਿਖਦਾ ਹੈ ਕਿ ਜਦੋਂ ਸ਼ਾਮ ਦਾ ਵਕਤ ਹੋਇਆ ਤਾਂ ਰਹਿਰਾਸ ਦੇ ਪਾਠ ਮਗਰੋਂ ਜਦੋਂ ਸਿੱਖ ਬੀਬੀਆਂ ਅਰਦਾਸ ਕਰਨ ਲਗੀਆਂ ਤਾਂ ਮੇਰੇ ਮਨ ਵਿੱਚ ਖਿਆਲ ਸੀ ਕਿ ਅਜ ਇਹ ਬੀਬੀਆਂ ਜ਼ਰੂਰ ਹੀ ਅਰਦਾਸ ਵਿੱਚ ਆਪਣੇ ਗੁਰੂ-ਪ੍ਰਮਾਤਮਾ ਨੂੰ ਉਲਾਹਮਾ ਦੇਣਗੀਆਂ ਕਿ ਤੇਰੀ ਸਿੱਖੀ ਕਮਾਉਂਦੇ ਹੋਏ ਸਾਨੂੰ ਆਪਣੇ ਪਿਆਰੇ ਬੱਚਿਆਂ ਨੂੰ ਵੀ ਕੁਰਬਾਨ ਕਰਨਾ ਪੈ ਗਿਆ ਹੈ ਅਤੇ ਸਾਨੂੰ ਇਹ ਦਿਨ ਵੀ ਦੇਖਣੇ ਨਸੀਬ ਹੋਏ ਹਨ। ਪਰ ਇਤਿਹਾਸਕਾਰ ਲਿਖਦਾ ਹੈ ਕਿ ਮੈਂ ਇਹ ਸੁਣ ਕੇ ਹੈਰਾਨ ਰਹਿ ਗਿਆ ਜਦੋਂ ਉਹਨਾਂ ਸਿੱਖ ਬੀਬੀਆਂ ਨੇ ਅਰਦਾਸ ਕੀਤੀ “ਹੇ ਸੱਚੇ ਪਾਤਸ਼ਾਹ! ਚਾਰ ਪਹਿਰ ਦਿਨ ਤੇਰੇ ਭਾਣੇ ਵਿੱਚ ਸੁਖ ਨਾਲ ਬਤੀਤ ਹੋਇਆ ਹੈ, ਰਾਤ ਆਈ ਹੈ, ਆਪਣੇ ਭਾਣੇ ਵਿੱਚ ਸੁਖ ਨਾਲ ਬਤੀਤ ਕਰਨ ਦਾ ਬਲ ਬਖ਼ਸ਼ਣਾ। “ ਇਸ ਤੋਂ ਵਧ ਕੇ ਚੜ੍ਹਦੀ ਕਲਾ ਦੀ ਕੀ ਹੋਰ ਮਿਸਾਲ ਹੋ ਸਕਦੀ ਹੈ।
   ਇਸੇ ਸਮੇਂ ਹੀ ਸਿੱਖਾਂ ਦੇ ਸਿਰਾਂ ਦੇ ਮੁਲ ਰੱਖ ਦਿੱਤੇ ਗਏ। ਜਿਥੇ ਵੀ ਸਿੱਖ ਮਿਲੇ ਉਥੇ ਹੀ ਉਸਨੂੰ ਕਤਲ ਕਰਨ ਦੇ ਸ਼ਾਹੀ ਫੁਰਮਾਨ ਜਾਰੀ ਕੀਤੇ ਗਏ। ਸਿੱਖਾਂ ਦਾ ਜਾਨਵਰਾਂ ਦੀ ਤਰਾਂ ਸ਼ਿਕਾਰ ਕੀਤਾ ਜਾਣ ਲੱਗਾ। ਅਜਿਹੇ ਸਮੇਂ ਹੀ ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ ਨੇ ਮੱਸੇ ਰੰਘੜ ਨੂੰ ਸੋਧ ਕੇ ਦੁਨੀਆਂ ਨੂੰ ਦੱਸ ਦਿਤਾ ਕਿ ਸਿੱਖ ਕਿਵੇਂ ਆਪਣੀ ਜਾਨ ਤੇ ਖੇਡ ਕੇ ਵੀ ਆਪਣੇ ਗੁਰਧਾਮਾਂ ਦੀ ਬੇਅਦਬੀ ਦਾ ਬਦਲਾ ਲੈ ਸਕਦੇ ਹਨ ਅਜਿਹੇ ਅਨੇਕਾਂ ਤਸੀਹਿਆਂ ਨੂੰ ਸਹਿੰਦੇ ਹੋਏ ਵੀ ਸਿੱਖ ਚੜ੍ਹਦੀ ਕਲਾ ਵਿੱਚ ਰਹੇ। ਕੋਈ ਵੀ ਤਾਕਤ ਉਹਨਾਂ ਨੂੰ ਆਪਣੇ ਸਿੱਖੀ ਸਿਧਾਂਤਾ ਤੋਂ ਪਰੇ ਨਾ ਲਿਜਾ ਸਕੀ।
  ਅਜਿਹੇ ਸੰਕਟਾਂ ਚੋ ਨਿਕਲ ਕੇ “ਕੋਈ ਕਿਸੇ ਕੋ ਰਾਜ ਨ ਦੇਹ ਹੈਂ, ਜੋ ਲੇ ਹੈਂ ਨਿਜ ਬਲ ਸੇ ਲੇ ਹੈਂ” ਦੇ ਸਿਧਾਂਤ ਤੇ ਚਲਦੇ ਹੋਏ, ਸਿੱਖਾਂ ਨੇ ਪਹਿਲਾਂ ਮਿਸਲਾਂ ਦੇ ਰੂਪ ਵਿੱਚ ਅਤੇ ਫਿਰ ਮਹਾਰਾਜਾ ਰਣਜੀਤ ਸਿੰਘ ਦੀ ਸਰਦਾਰੀ ਹੇਠ ਆਪਣਾ ਰਾਜ ਕਾਇਮ ਕੀਤਾ। ਮਹਾਰਾਜਾ ਰਣਜੀਤ ਸਿੰਘ ਵੇਲੇ ਮੁਲਤਾਨ ਦੀ ਜੰਗ ਵਿੱਚ ਤੋਪ ਦਾ ਪਹੀਆ ਟੁੱਟਣ ਤੇ ਜਿਵੇ ਸਿੱਖਾਂ ਵਲੋਂ ਇੱਕ ਦੂਜੇ ਤੋਂ ਅੱਗੇ ਤੋਂ ਅੱਗੇ ਵਧ ਕੇ ਪਹੀਏ ਦੀ ਥਾਂ ਮੋਢਾ ਦੇ ਕੇ ਸ਼ਹੀਦੀਆਂ ਪ੍ਰਾਪਤ ਕਰਕੇ ਚੜ੍ਹਦੀ ਕਲਾ ਦਾ ਸਬੂਤ ਦਿਤਾ, ਉਸਦੀ ਮਿਸਾਲ ਦੁਨੀਆਂ ਦੇ ਇਤਿਹਾਸ ਵਿੱਚ ਮਿਲਣੀ ਮੁਸ਼ਕਲ ਹੈ।
  ਸਿੱਖ ਰਾਜ ਦੇ ਖਾਤਮੇ ਮਗਰੋਂ ਅੰਗਰੇਜਾਂ ਸਮੇਂ ਗੁਰਦੁਆਰਾ ਸੁਧਾਰ ਲਹਿਰ ਅਤੇ ਅਜਾਦੀ ਦੀ ਲੜਾਈ ਵਿੱਚ ਸਿੱਖਾਂ ਦਾ ਯੋਗਦਾਨ ਆਪਣੀ ਮਿਸਾਲ ਆਪ ਹੈ। ਮੋਰਚਾ ਗੰਗਸਰ ਜੈਤੋ, ਮੋਰਚਾ ਗੁਰੂ ਕਾ ਬਾਗ, ਸਾਕਾ ਨਨਕਾਣਾ ਸਾਹਿਬ, ਸਾਕਾ ਪੰਜਾ ਸਾਹਿਬ ਆਦਿ ਅਨੇਕਾਂ ਘਟਨਾਵਾਂ ਵਿੱਚ ਸਿੱਖਾਂ ਨੇ ਚੜ੍ਹਦੀ ਕਲਾ ਦਾ ਸਬੂਤ ਦਿਤਾ। 21 ਫਰਵਰੀ 1924 ਨੂੰ ਜੈਤੋ ਦੇ ਮੋਰਚੇ ਦੇ ਪਹਿਲੇ ਸ਼ਹੀਦੀ ਜਥੇ ਉਪਰ ਅੰਗਰੇਜ ਸਰਕਾਰ ਵਲੋਂ ਗੋਲੀ ਚਲਾਈ ਗਈ। ਇਸ ਜਥੇ ਦੇ 100 ਸਿੰਘ ਸ਼ਹੀਦ ਹੋ ਗਏ। ਇਸ ਸ਼ਹੀਦੀ ਜਥੇ ਵਿੱਚ ਇੱਕ ਬੀਬੀ ਪ੍ਰਸਿੰਨੀ ਕੌਰ ਨੇ ਆਪਣੀ ਗੋਦੀ ਵਿੱਚ ਬੱਚਾ ਚੁਕਿਆ ਹੋਇਆ ਸੀ, ਜਦੋਂ ਗੋਲੀ ਚੱਲੀ ਤਾਂ ਬੱਚਾ ਗੋਲੀ ਲੱਗਣ ਨਾਲ ਸ਼ਹੀਦ ਹੋ ਗਿਆ। ਬੀਬੀ ਨੇ ਸ਼ਹੀਦ ਬੱਚੇ ਨੂੰ ਉਥੇ ਹੀ ਸ਼ਹੀਦ ਹੋਏ ਸਿੰਘਾਂ ਕੋਲ ਜਮੀਨ ਤੇ ਧਰ ਦਿੱਤਾ ਅਤੇ ਆਪ ਜਥੇ ਨਾਲ ਅੱਗੇ ਨੂੰ ਚਲ ਪਈ। ਕੀ ਦੁਨੀਆਂ ਦੇ ਇਤਿਹਾਸ ਅੰਦਰ ਐਸੀ ਚੜਦੀ ਕਲਾ ਦੀ ਕੋਈ ਹੋਰ ਮਿਸਾਲ ਮਿਲ ਸਕਦੀ ਹੈ।
   ਅਜ ਦੇ ਆਜਾਦ ਭਾਰਤ ਵਿੱਚ ਸੰਨ 1984 ਵਿੱਚ ਜਿਵੇਂ ਸਿੱਖਾਂ ਦੀ ਕਤਲੇਆਮ ਹੋਈ ਅਜੇ ਤਕ ਜਾਰੀ ਹੈ। ਜੇਕਰ ਸਿੱਖ ਕੌਮ ਦੀ ਜਗ੍ਹਾ ਕੋਈ ਹੋਰ ਕੌਮ ਹੁੰਦੀ ਤਾਂ ਸ਼ਾਇਦ ਹਮੇਸ਼ਾਂ ਲਈ ਖਤਮ ਹੋ ਜਾਂਦੀ। ਪਰ ਸਿੱਖਾਂ ਦੇ ਹੌਂਸਲੇ ਅਜ ਵੀ ਬੁਲੰਦ ਹਨ ਅਤੇ ਸਿੱਖ ਚੜ੍ਹਦੀ ਕਲਾ ਵਿੱਚ ਹਨ। ਆਪਣਾ ਗੌਰਵਸ਼ਾਲੀ ਇਤਿਹਾਸ ਦੁਹਰਾ ਰਹੇ ਹਨ।
  ਇਹ ਸਭ ਕੁੱਝ ਗੁਰੂ ਉਪਦੇਸ਼ਾਂ ਭਾਵ ਗੁਰਬਾਣੀ ਨੂੰ ਮੰਨਣ ਕਾਰਣ ਹੀ ਸੰਭਵ ਹੋ ਸਕਿਆ ਹੈ। ਆਉ ਅਸੀਂ ਵੀ ਪੁਰਾਤਨ ਇਤਿਹਾਸ ਅਤੇ ਸ਼ਾਨਦਾਰ ਵਿਰਸੇ ਨੂੰ ਸਾਹਮਣੇ ਰੱਖਦੇ ਹੋਏ ਗੁਰੂ ਪਾਤਸ਼ਾਹ ਅੱਗੇ ਅਰਦਾਸ ਕਰੀਏ ਕਿ ਗੁਰੂ ਪਾਤਸ਼ਾਹ ਸਾਨੂੰ ਸਮਰੱਥਾ ਬਖ਼ਸ਼ਣ, ਬਲ ਬਖ਼ਸ਼ਣ ਕਿ ਅਸੀਂ ਵੀ ਚੜ੍ਹਦੀ ਕਲਾ ਵਿੱਚ ਰਹਿੰਦੇ ਹੋਏ ਆਪਣਾ ਜੀਵਨ ਗੁਰਬਾਣੀ ਫੁਰਮਾਨ:-
ਜਉ ਤਉ ਪ੍ਰੇਮ ਖੇਲਣ ਕਾ ਚਾਉ ਸਿਰਿ ਧਰਿ ਤਲੀ ਗਲੀ ਮੇਰੀ ਆਉ।।
ਇਤੁ ਮਾਰਗਿ ਪੈਰ ਧਰੀਜੈ ਸਿਰਿ ਦੀਜੈ ਕਾਨੁ ਨ ਕੀਜੈ।।

 ਅਨੁਸਾਰ ਸਫਲ ਕਰ ਸਕੀਏ-
=========
-ਸੁਖਜੀਤ ਸਿੰਘ, ਕਪੂਰਥਲਾ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.